ਮੰਦਰ ਦੇ ਉਤਸਵ ਦੌਰਾਨ ਸ਼ਰਧਾਲੂਆਂ ਤੇ ਡਿੱਗੀ ਕਰੇਨ, 4 ਦੀ ਮੌਤ, 6 ਗੰਭੀਰ ਜ਼ਖ਼ਮੀ

ਚੇਨਈ, 23 ਜਨਵਰੀ (ਸ.ਬ.) ਰਾਨੀਪੇਟ ਜ਼ਿਲ੍ਹੇ ਦੇ ਅਰਕੋਣਮ ਵਿੱਚ ਬੀਤੀ ਦੇਰ ਰਾਤ ਇਕ ਮੰਦਰ ਦੇ ਉਤਸਵ ਦੌਰਾਨ ਅਚਾਨਕ ਕਰੇਨ ਡਿੱਗ ਗਈ। ਇਸ ਹਾਦਸੇ ਵਿੱਚ 4 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 6 ਵਿਅਕਤੀ ਗੰਭੀਰ ਜ਼ਖਮੀ ਹੋ ਗਏ।

ਜ਼ਿਕਰਯੋਗ ਹੈ ਕਿ ਮੰਡਿਆਮਨ ਮੰਦਿਰ ਵਿੱਚ ਹਰ ਸਾਲ ਪੋਂਗਲ ਤੋਂ ਬਾਅਦ ਮਾਈਲਰ ਤਿਉਹਾਰ ਰਵਾਇਤੀ ਤੌਰ ਤੇ ਮਣਾਇਆ ਜਾਂਦਾ ਹੈ। ਇਸ ਤਿਉਹਾਰ ਵਿਚ ਸ਼ਰਧਾਲੂ ਮੰਦਰ ਦੇ ਦੇਵੀ-ਦੇਵਤਿਆਂ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹਨ ਅਤੇ ਦੇਵੀ-ਦੇਵਤਿਆਂ ਨੂੰ ਕਰੇਨ ਤੇ ਟੰਗ ਕੇ ਮਾਲਾ ਚੜ੍ਹਾਉਂਦੇ ਹਨ।

ਪੁਲੀਸ ਨੇ ਦੱਸਿਆ ਕਿ ਮੰਦਰ ਦੇ ਚਾਰੇ ਪਾਸੇ ਚੱਕਰ ਲਗਾ ਰਹੇ ਪਿੰਡ ਵਾਸੀ ਮਾਲਾ ਲਗਾ ਕੇ ਪ੍ਰਾਰਥਨਾ ਕਰ ਰਹੇ ਸਨ ਜਿਸ ਦੌਰਾਨ ਕਰੇਨ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਈ ਤੇ ਸ਼ਰਧਾਲੂਆਂ ਤੇ ਜਾ ਡਿੱਗੀ। ਕਰੇਨ ਦੇ ਅਚਾਨਕ ਡਿਗਣ ਨਾਲ ਕਈ ਵਿਅਕਤੀ ਹੇਠਾਂ ਦੱਬ ਗਏ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਉਥੇ ਹੀ ਜ਼ਖਮੀ ਸੱਤ ਲੋਕਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ। ਇਨ੍ਹਾਂ ਵਿੱਚੋਂ ਇਕ ਦੀ ਅੱਜ ਸਵੇਰੇ ਮੌਤ ਹੋ ਗਈ।