ਪੁਲੀਸ ਵਲੋਂ ਇੱਕ ਹਫਤੇ ਵਿੱਚ 5 ਕਿਲੋ ਹੈਰੋਇਨ, 4.90 ਕਿਲੋ ਅਫੀਮ, 7.89 ਲੱਖ ਰੁਪਏ ਦੀ ਡਰੱਗ ਮਨੀ ਸਮੇਤ 241 ਨਸ਼ਾ ਤਸਕਰ ਕਾਬੂ ਚਾਈਨਾ ਡੋਰ ਖਿਲਾਫ਼ ਕਾਰਵਾਈ ਦੌਰਾਨ ਪੁਲਿਸ ਵੱਲੋਂ ਚਾਈਨਾ ਡੋਰ ਦੇ 11364 ਬੰਡਲ ਬਰਾਮਦ, 1 ਮਹੀਨੇ ਵਿੱਚ 255 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ, 23 ਜਨਵਰੀ (ਸ.ਬ.) ਪੰਜਾਬ ਪੁਲੀਸ ਨੇ ਪਿਛਲੇ ਹਫ਼ਤੇ ਸੂਬੇ ਭਰ ਵਿੱਚ ਐਨ. ਡੀ. ਪੀ. ਐਸ. ਐਕਟ ਤਹਿਤ 173 ਐਫ ਆਈ ਆਰਜ਼ ਦਰਜ ਕਰਕੇ, 241 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹਨਾਂ ਵਿੱਚ 18 ਵਪਾਰਕ ਮਾਮਲੇ ਵੀ ਸ਼ਾਮਿਲ ਹਨ। ਇੰਸਪੈਕਟਰ ਜਨਰਲ ਆਫ਼ ਪੁਲੀਸ (ਹੈਡਕੁਆਰਟਰ) ਸੁਖਚੈਨ ਸਿੰਘ ਗਿੱਲ ਨੇ ਅੱਜ ਇੱਥੇ ਆਪਣੀ ਹਫ਼ਤਾਵਾਰੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲੀਸ ਨੇ ਦੋਸ਼ੀਆਂ ਕੋਲੋਂ 5 ਕਿਲੋ ਹੈਰੋਇਨ, 4.90 ਕਿਲੋ ਅਫੀਮ, 5.92 ਕੁਇੰਟਲ ਭੁੱਕੀ ਅਤੇ 1.95 ਲੱਖ ਫਾਰਮਾ ਓਪੀਓਡਜ਼ ਦੀਆਂ ਗੋਲੀਆਂ/ ਕੈਪਸੂਲ/ਟੀਕੇ/ਸ਼ੀਸ਼ੀਆਂ ਤੋਂ ਇਲਾਵਾ 7.89 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।

ਉਹਨਾਂ ਦੱਸਿਆ ਕਿ 5 ਜੁਲਾਈ, 2022 ਨੂੰ ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਚਲਾਈ ਵਿਸ਼ੇਸ਼ ਮੁਹਿੰਮ ਦੇ ਚਲਦਿਆਂ ਪਿਛਲੇ ਹਫ਼ਤੇ ਦੌਰਾਨ ਐਨ ਡੀ ਪੀ ਐਸ ਕੇਸਾਂ ਵਿੱਚ 13 ਹੋਰ ਭਗੌੜੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਨਾਲ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 636 ਹੋ ਗਈ ਹੈ ।

ਆਈ ਜੀ ਪੀ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਚਾਈਨਾ ਡੋਰ ਵੇਚਣ ਵਾਲਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਆਰੰਭੀ ਹੈ ਅਤੇ 234 ਐਫ ਆਈ ਆਰਜ਼ ਦਰਜ ਕਰਕੇ ਚੀਨੀ ਡੋਰ ਦੇ 11364 ਬੰਡਲ ਬਰਾਮਦ ਕੀਤੇ ਗਏ ਹਨ। ਇਸ ਡੋਰ ਨੂੰ ਵੇਚਣ ਵਿੱਚ ਸ਼ਾਮਲ 255 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।