ਸਰਬੱਤ ਦਾ ਭਲਾ ਟਰੱਸਟ ਵੱਲੋਂ ਲੋੜਵੰਦ ਵਿਦਿਆਰਥੀਆਂ ਨੂੰ ਕੀਤੇ ਚੈੱਕ ਤਕਸੀਮ

ਐਸ.ਏ.ਐਸ ਨਗਰ, 24 ਜਨਵਰੀ (ਸ.ਬ.) ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਡਾ. ਐਸ. ਪੀ. ਸਿੰਘ ਓਬਰਾਏ ਦੀ ਯੋਗ ਅਗਵਾਈ ਹੇਠ ਵਿਧਵਾਵਾਂ/ਦਿਵਿਯਾਂਗਾਂ ਲਈ ਚਲਾਈਆਂ ਜਾ ਰਹੀਆਂ ਪੈਨਸ਼ਨ ਸਕੀਮਾਂ ਅਤੇ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਦੇਣ ਦੀ ਲੜੀ ਤਹਿਤ ਲੋੜਵੰਦ ਅਤੇ ਮਿਹਨਤੀ ਵਿਦਿਆਰਥੀਆਂ ਨੂੰ ਉਹਨਾਂ ਦੀ ਪੜ੍ਹਾਈ ਪੂਰੀ ਕਰਨ ਦੇ ਲਈ ਚੈਕ ਤਕਸੀਮ ਕੀਤੇ।

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਜਿਲ੍ਹਾ ਮੁਹਾਲੀ ਇਕਾਈ ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ ਨੇ ਦੱਸਿਆ ਕਿ ਟਰੱਸਟ ਨੇ ਚੰਡੀਗੜ੍ਹ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੂੰ 46500 ਰੁਪਏ ਦੀ ਵਿੱਤੀ ਸਹਾਇਤਾ ਮਨਜ਼ੂਰ ਕੀਤੀ ਹੈ। ਉਹਨਾਂ ਦੱਸਿਆ ਕਿ ਸਰਕਾਰੀ ਕਾਲਜ ਸੈਕਟਰ-42 ਦੀ ਗੁਰਜੀਤ ਕੌਰ ਲਈ 8500, ਐਸ ਜੀ ਜੀ ਐਸ ਕਾਲਜ ਸੈਕਟਰ-26 ਦੇ ਤੁਸ਼ਾਰ ਕੁਮਾਰ ਨੂੰ 7000, ਇਸੇ ਕਾਲਜ ਦੇ ਹਰਸਿਮਰਤ ਸਿੰਘ ਨੂੰ 6000 ਅਤੇ ਮੇਹੁਲ ਲਈ 9000 ਰੁਪਏ, ਸਰਕਾਰੀ ਕਾਲਜ ਸੈਕਟਰ-46 ਦੇ ਪਵਾਸ ਜੈਨ ਲਈ 8000 ਰੁਪਏ, ਜੀ. ਜੀ.ਐਸ ਕਾਲਜ ਦੀ ਰੰਜਨਾ ਨੂੰ 8000 ਰੁਪਏ, ਮੰਜੂਰ ਕੀਤੇ ਗਏ ਹਨ।

ਇਸ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਕੌਰ, ਵਾਇਸ ਪ੍ਰਿੰਸੀਪਲ ਕੁਲਵਿੰਦਰ ਸਿੰਘ ਵੱਲੋਂ ਲੋੜਵੰਦ ਵਿਦਿਆਰਥੀਆਂ ਨੂੰ ਚੈਕ ਸੌਂਪੇ ਗਏ। ਇਸਦੇ ਨਾਲ ਹੀ ਰਾਸ਼ਟਰੀ ਲੜਕੀਆਂ ਦਿਵਸ ਮਨਾਉਣ ਲਈ ਤਿੰਨ ਵਿਦਿਆਰਥਣਾਂ ਨੂੰ ਵਜ਼ੀਫੇ ਵੀ ਦਿੱਤੇ ਗਏ। ਇਸ ਮੌਕੇ ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਤਜਿੰਦਰ ਸਿੰਘ ਬਰਾੜ, ਮੱਖਣ ਸਿੰਘ, ਗੁਰਪਰਤਾਪ ਸਿੰਘ ਅਨਮੋਲ ਵੀ ਹਾਜਰ ਸਨ।