ਜਿਹੜੀ ਸਰਕਾਰ ਚਾਈਨਾ ਡੋਰ ਤੇ ਕਾਬੂ ਨਹੀਂ ਪਾ ਸਕਦੀ ਉਹ ਨਸ਼ਿਆਂ ਤੇ ਕਿਵੇਂ ਕਾਬੂ ਪਾਵੇਗੀ : ਕੁਲਜੀਤ ਸਿੰਘ ਬੇਦੀ

ਐਸ.ਏ.ਐਸ ਨਗਰ, 24 ਜਨਵਰੀ (ਸ.ਬ.) ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਜਿਹੜੀ ਪੰਜਾਬ ਸਰਕਾਰ ਚਾਈਨਾ ਡੋਰ ਉੱਤੇ ਕਾਬੂ ਕਰਨ ਵਿੱਚ ਸਫ਼ਲ ਨਹੀਂ ਹੋ ਪਾ ਰਹੀ ਹੈ ਉਹ ਪੰਜਾਬ ਭਰ ਵਿਚ ਫੈਲੇ ਨਸ਼ਿਆਂ ਤੇ ਕੀ ਕਾਬੂ ਪਾਵੇਗੀ।

ਇੱਥੇ ਜਾਰੀ ਬਿਆਨ ਵਿੱਚ ਸz. ਬੇਦੀ ਨੇ ਕਿਹਾ ਕਿ ਪੰਜਾਬ ਵਿੱਚ ਰੋਜ਼ਾਨਾ ਚਾਈਨਾ ਡੋਰ ਦੇ ਕਾਰਨ ਕਈ ਲੋਕ ਗੰਭੀਰ ਜ਼ਖਮੀ ਹੁੰਦੇ ਹਨ ਅਤੇ ਇਸ ਕਾਰਨ ਕਈ ਮੌਤਾਂ ਵੀ ਹੋ ਚੁੱਕੀਆਂ ਹਨ ਪਰ ਪੰਜਾਬ ਸਰਕਾਰ ਚਾਈਨਾ ਡੋਰ ਤੇ ਪਾਬੰਦੀ ਲਾਉਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਚਾਈਨਾ ਡੋਰ ਵੇਚਣ ਵਾਲਿਆਂ ਦੇ ਖ਼ਿਲਾਫ਼ ਇਰਾਦਾ ਕਤਲ ਅਤੇ ਕਤਲ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ ਤਾਂ ਹੀ ਇਸ ਦੀ ਵਿਕਰੀ ਉਤੇ ਕੋਈ ਪਾਬੰਦੀ ਲੱਗ ਸਕੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਗਲੀ ਗਲੀ ਵਿਚ ਨਸ਼ਿਆਂ ਦਾ ਕਾਰੋਬਾਰ ਫੈਲਿਆ ਹੋਇਆ ਹੈ। ਨੌਜਵਾਨ ਇਸ ਦਾ ਸ਼ਿਕਾਰ ਹੋ ਰਹੇ ਹਨ ਅਤੇ ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਚੁੱਕੇ ਹਨ। ਕਈ ਘਰਾਂ ਵਿੱਚ ਤਾਂ ਸਾਰੇ ਮਰਦ ਨਸ਼ੇ ਦੇ ਗੁਲਾਮ ਹੋ ਕੇ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚੋਂ ਨਸ਼ਿਆਂ ਦਾ ਖਾਤਮਾ ਕਰਨ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਨਸ਼ਿਆਂ ਦੇ ਸੌਦਾਗਰਾਂ ਨੂੰ ਕਾਬੂ ਕਰਨ ਵਿੱਚ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ।

ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਗੰਭੀਰਤਾ ਨਾਲ ਇਹਨਾਂ ਦੋਹਾਂ ਮਸਲਿਆਂ ਤੋਂ ਨਿਪਟਣ ਲਈ ਨਹੀਂ ਕਰਦੀ ਕਾਇਨਾ ਸਮੱਸਿਆਵਾਂ ਨੇ ਹੋਰ ਵੀ ਵਿਕ੍ਰਾਲ ਰੂਪ ਧਾਰਨ ਕਰ ਲੈਣਾ ਹੈ ਜਿਸ ਤੋਂ ਪਾਰ ਪਾਉਣਾ ਸਰਕਾਰ ਲਈ ਅਸੰਭਵ ਹੋ ਜਾਵੇਗਾ ਇਸ ਕਰਕੇ ਸਰਕਾਰ ਇਸ ਪਾਸੇ ਫੌਰੀ ਤੌਰ ਤੇ ਧਿਆਨ ਦੇਵੇ।