ਅੱਤਵਾਦੀ ਗੁੁਰਪਤਵੰਤ ਪੰਨੂ ਨੇ ਦਿੱਤੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੀ ਧਮਕੀ ਬਠਿੰਡਾ ਵਿੱਚ ਤਿਰੰਗਾ ਨਹੀਂ ਆਪਣੀ ਸਿਆਸੀ ਮੌਤ ਦਾ ਝੰਡਾ ਲਹਿਰਾਓਗੇ

ਬਠਿੰਡਾ, 24 ਜਨਵਰੀ (ਸ.ਬ.) 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਸ਼ਹਿਰ ਦੇ ਖੇਡ ਸਟੇਡੀਅਮ ਵਿੱਚ ਕੌਮੀ ਝੰਡਾ ਲਹਿਰਾਉਣ ਪੁੱਜ ਰਹੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਿੱਖ ਫਾਰ ਜਸਟਿਸ ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਸਿੱਧੀ ਧਮਕੀ ਦਿੱਤੀ ਹੈ। ਪੰਨੂ ਨੇ ਕਿਹਾ ਹੈ ਕਿ ਬਠਿੰਡਾ ਵਿੱਚ ਤੁਸੀਂ ਤਿਰੰਗਾ ਨਹੀਂ ਆਪਣੀ ਸਿਆਸੀ ਮੌਤ ਦਾ ਝੰਡਾ ਲਹਿਰਾਓਗੇ। ਪੰਨੂ ਨੇ ਬਠਿੰਡਾ ਦੀ ਐਨ ਐਫ ਐਲ ਕਾਲੋਨੀ, ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ, ਮਲੋਟ ਰੋਡ ਤੇ ਕਾਲੀ ਭੈਰਵ ਮੰਦਰਅਤੇ ਸੀ ਆਈ ਐਸ ਐਫ ਕੈਂਪ ਦੀ ਕੰਧ ਤੇ ਲਿਖੇ ਗਏ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਅਿਾਂ ਦੀ ਵੀ ਜਿੰਮੇਵਾਰੀ ਲਈ ਹੈ।

ਸੋਸ਼ਲ ਮੀਡੀਆ ਤੇ ਜਾਰੀ ਵੀਡੀਓ ਵਿੱਚ ਅੱਤਵਾਦੀ ਗੁਰਪਤਵੰਤ ਪੰਨੂ ਨੇ ਧਮਕੀ ਦਿੱਤੀ ਹੈ ਕਿ 26 ਜਨਵਰੀ ਨੂੰ ਜਿੱਥੇ ਭਗਵੰਤ ਮਾਨ ਨੇ ਤਿਰੰਗਾ ਲਹਿਰਾਉਣ ਬਠਿੰਡਾ ਪਹੁੰਚਣਾ ਹੈ, ਉੱਥੇ ਹਮਲਾ ਕੀਤਾ ਜਾਵੇਗਾ। ਪੰਨੂ ਨੇ ਕਿਹਾ ਕਿ ਆਰ ਪੀ ਜੀ ਰੱਖਿਆ ਹੋਇਆ ਹੈ ਤੇ ਰਾਕੇਟ ਵੀ ਚੱਲ ਸਕਦਾ ਸੀ।

ਪੰਨੂ ਨੇ ਮੁੱਖ ਮੰਤਰੀ ਤੇ ਪੁਲੀਸ ਪ੍ਰਸ਼ਾਸਨ ਨੂੰ ਸਿੱਧੀ ਧਮਕੀ ਦਿੱਤੀ ਹੈ ਕਿ ਜੇਕਰ ਅਸੀਂ ਨਾਅਰੇ ਲਿਖ ਸਕਦੇ ਹਾਂ ਤਾਂ ਰਾਕੇਟ ਵੀ ਚਲਾ ਸਕਦੇ ਹਾਂ। ਉਸ ਨੇ ਆਪਣੀ ਵੀਡੀਓ ਵਿੱਚ ਬਠਿੰਡਾ ਵਾਸੀਆਂ ਨੂੰ ਧਮਕੀ ਵੀ ਦਿੱਤੀ ਹੈ ਕਿ ਜੇਕਰ ਤੁਸੀਂ 26 ਜਨਵਰੀ ਨੂੰ ਖੇਡ ਸਟੇਡੀਅਮ ਵਿੱਚ ਨਾ ਆਓ ਜੇਕਰ ਆਏ ਤਾਂ ਤੁਸੀਂ ਵਿਚਕਾਰ ਪਿਸ ਜਾਓਗੇ। ਪੰਨੂ ਨੇ ਕਿਹਾ ਕਿ ਉਹ ਆਰਪੀਜੀ ਹਮਲਾ ਵੀ ਕਰ ਸਕਦਾ ਹੈ।

ਇਸ ਸਬੰਧੀ ਐਸ ਐਸ ਪੀ ਜੇ ਏਲੈਂਚੇਜਿਅਨ ਨੇ ਕਿਹਾ ਕਿ ਉਹ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ਜਿੱਥੇ ਕਿਤੇ ਨਾਅਰੇ ਲਿਖੇ ਹੋਏ ਮਿਲੇ ਹਨ, ਉੱਥੇ ਪੁਲੀਸ ਦੀਆਂ ਟੀਮਾਂ ਭੇਜ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਨਾਅਰੇ ਲਿਖਣ ਵਾਲੇ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਆਸ-ਪਾਸ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਹਨ, ਕਿਸੇ ਵੀ ਸ਼ਰਾਰਤੀ ਅਨਸਰ ਨੂੰ ਅਮਨ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।