ਆਪ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਵਲੋਂ ਵਿਧਾਨ ਸਭਾ ਦੀ ਸਰਕਾਰੀ ਭਰੋਸਾ ਕਮੇਟੀ ਦੇ ਚੇਅਰਮੈਨ ਅਹੁਦੇ ਤੋਂ ਅਸਤੀਫਾ

ਚੰਡੀਗੜ੍ਹ, 25 ਜਨਵਰੀ (ਸ.ਬ.) ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ (ਉੱਤਰੀ) ਤੋਂ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਪੰਜਾਬ ਵਿਧਾਨ ਸਭਾ ਦੀ ਸਰਕਾਰੀ ਭਰੋਸਾ ਕਮੇਟੀ ਦੇ ਚੇਅਰਮੈਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਵਿਧਾਨ ਸਭਾ ਦਫ਼ਤਰ ਵਲੋਂ ਅਸਤੀਫ਼ਾ ਰਿਸੀਵ ਕਰ ਲਿਆ ਗਿਆ ਹੈ ਜਿਸਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਫੈਸਲਾ ਲਿਆ ਜਾਵੇਗਾ।

ਪ੍ਰਾਪਤ ਜਾਣਕਾਰੀ ਅਨੁਸਾਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਪੰਜਾਬ ਵਿਧਾਨ ਸਭਾ ਦੀ ਸਰਕਾਰੀ ਭਰੋਸਾ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਸੀ। ਇਸ ਕਮੇਟੀ ਦਾ ਕੰਮ ਸਰਕਾਰ ਵਲੋਂ ਵਿਧਾਨ ਸਭਾ ਸਦਨ ਵਿਚ ਦਿੱਤੇ ਜਾਣ ਵਾਲੇ ਵੱਖ-ਵੱਖ ਮੁੱਦਿਆਂ ਸਬੰਧੀ ਭਰੋਸਿਆਂ ਦੀ ਨਿਗਰਾਨੀ ਕਰਨਾ ਅਤੇ ਉਨ੍ਹਾਂ ਦੇ ਪੂਰਾ ਹੋਣ ਸਬੰਧੀ ਪਤਾ ਲਗਾਉਣਾ ਹੁੰਦਾ ਹੈ। ਕਮੇਟੀ ਵਲੋਂ ਸਬੰਧਿਤ ਵਿਭਾਗਾਂ ਨੂੰ ਸਦਨ ਵਿਚ ਦਿੱਤੇ ਗਏ ਭਰੋਸਿਆਂ ਬਾਰੇ ਸੂਚਨਾ ਭੇਜੀ ਜਾਂਦੀ ਹੈ ਅਤੇ ਸਬੰਧਿਤ ਵਿਭਾਗਾਂ ਨੂੰ ਤਿੰਨ ਮਹੀਨੇ ਦੇ ਅੰਦਰ ਕਮੇਟੀ ਨੂੰ ਆਪਣਾ ਜਵਾਬ ਭੇਜਣਾ ਹੁੰਦਾ ਹੈ ਜਿਸ ਵਿਚ ਉਕਤ ਭਰੋਸੇ ਦੇ ਲਾਗੂ ਕੀਤੇ ਜਾਣ ਸਬੰਧੀ ਸਥਿਤੀ ਦਾ ਜ਼ਿਕਰ ਕੀਤਾ ਜਾਂਦਾ ਹੈ। ਇਸ ਕਮੇਟੀ ਨੂੰ ਵਿਧਾਨ ਸਭਾ ਦੀਆਂ ਅਹਿਮ ਕਮੇਟੀਆਂ ਵਿਚ ਸ਼ੁਮਾਰ ਕੀਤਾ ਜਾਂਦਾ ਹੈ।

ਇਸ ਸੰਬੰਧੀ ਸੂਤਰਾਂ ਦੀ ਮੰਨੀਏ ਤਾਂ ਚੇਅਰਮੈਨ ਕੁੰਵਰ ਵਿਜੈ ਪ੍ਰਤਾਪ ਸਿੰਘ ਵਲੋਂ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਐਸ. ਆਈ. ਟੀ. ਜਾਂਚ ਸਬੰਧੀ ਪੰਜਾਬ ਦੇ ਡੀ. ਜੀ. ਪੀ. ਅਤੇ ਮੁੱਖ ਸਕੱਤਰ ਨੂੰ ਹਾਜ਼ਰ ਹੋ ਕੇ ਜ਼ੁਬਾਨੀ ਸਪੱਸ਼ਟੀਕਰਨ ਦੇਣ ਲਈ ਬੁਲਾਇਆ ਗਿਆ ਸੀ ਅਤੇ ਇਸ ਸਬੰਧ ਵਿਚ ਕਮੇਟੀ ਦੀ ਮੀਟਿੰਗ ਵੀ ਰੱਖੀ ਗਈ ਸੀ। ਇਸ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਪੰਜਾਬ ਵਿਧਾਨ ਸਭਾ ਦੀਆਂ ਸਾਰੀਆਂ ਕਮੇਟੀਆਂ ਦੇ ਚੇਅਰਪਰਸਨਾਂ ਦੀ ਇੱਕ ਮੀਟਿੰਗ ਸੱਦ ਲਈ, ਜਿਸ ਕਾਰਨ ਸਾਰੀਆਂ ਕਮੇਟੀਆਂ ਦੀ ਤੈਅ ਕੀਤੀਆਂ ਗਈਆਂ ਮੀਟਿੰਗਾਂ ਰੱਦ ਕਰਨਾ ਪਿਆ ਸੀ।