Mohali
ਵੱਖ ਵੱਖ ਅਦਾਰਿਆਂ, ਸੰਸਥਾਵਾਂ ਅਤੇ ਦੁਕਾਨਾਂ ਦੇ ਬੋਰਡ ਪੰਜਾਬੀ ਭਾਸ਼ਾ ਵਿੱਚ ਨਾ ਲਿਖਣ ਵਾਲਿਆਂ ਤੇ ਹੋਵੇਗੀ ਕਾਰਵਾਈ
ਐਸ ਏ ਐਸ ਨਗਰ, 28 ਜਨਵਰੀ (ਸ.ਬ.) ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਰਾਜ ਦੇ ਸਮੂਹ ਸਰਕਾਰੀ, ਅਰਧ ਸਰਕਾਰੀ ਦਫ਼ਤਰਾਂ, ਵਿਭਾਗਾਂ, ਅਦਾਰਿਆਂ, ਸੰਸਥਾਵਾਂ, ਵਿੱਦਿਅਕ ਅਦਾਰਿਆਂ, ਬੋਰਡਾਂ, ਨਿਗਮਾਂ, ਵਿੱਦਿਅਕ ਸੰਸਥਾਵਾਂ, ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ, ਪਬਲਿਕ ਅਤੇ ਪ੍ਰਾਈਵੇਟ ਦੁਕਾਨਾਂ ਅਤੇ ਵਪਾਰਕ ਅਦਾਰਿਆਂ, ਸੁਸਾਇਟੀ ਐਕਟ, ਫੈਕਟਰੀ ਐਕਟ ਤਹਿਤ ਰਜਿਸਟਰਡ ਵਪਾਰਕ ਅਦਾਰਿਆਂ ਆਦਿ ਦੇ ਨਾਮ ਅਤੇ ਸੜਕਾਂ ਦੇ ਨਾਮ, ਨਾਮ ਪੱਟੀਆਂ, ਮੀਲ ਪੱਥਰ, ਸਾਈਨ ਬੋਰਡ ਦੇ ਉਪਰਲੇ ਪਾਸੇ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿੱਚ ਲਿਖੇ ਜਾਣ ਸੰਬੰਧੀ ਜਾਰੀ ਕੀਤੇ ਗਏ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਸਰਕਾਰ ਵਲੋਂ ਕਾਰਵਾਈ ਕੀਤੀ ਜਾਵੇਗੀ।
ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਰਸ਼ਨ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੋਰਡ ਲਿਖਣ ਸਮੇਂ ਸਭ ਤੋਂ ਪਹਿਲਾਂ ਉੱਪਰਲੇ ਪਾਸੇ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿੱਚ ਲਿਖਿਆ ਜਾਣਾ ਹੈ। ਜੇਕਰ ਕਿਸੇ ਹੋਰ ਭਾਸ਼ਾ ਵਿੱਚ ਬੋਰਡ ਲਿਖਣਾ ਹੋਵੇ ਤਾਂ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਤੋਂ ਹੇਠਾਂ ਦੂਜੀ ਭਾਸ਼ਾ ਵਿੱਚ ਲਿਖਿਆ ਜਾਵੇਗਾ। ਇਨ੍ਹਾਂ ਹਦਾਇਤਾਂ ਅਨੁਸਾਰ ਅਰਧ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਵਾਂ, ਪ੍ਰਾਈਵੇਟ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਨੂੰ ਵੀ ਆਪੋ ਆਪਣੇ ਸਾਈਨ ਬੋਰਡ ਪੰਜਾਬੀ ਭਾਸ਼ਾ ਵਿਚ ਲਿਖੇ ਜਾਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਕਿਰਤ ਵਿਭਾਗ ਦੀ ਅਧਿਸੂਚਨਾ ਮਿਤੀ 24 ਮਾਰਚ 2023 ਦੇ ਨਿਯਮ 23 ਅਨੁਸਾਰ ਸਾਰੇ ਅਦਾਰਿਆਂ ਦੇ ਨਾਮ ਬੋਰਡ ਪੰਜਾਬੀ (ਗੁਰਮੁਖੀ ਲਿਪੀ) ਵਿੱਚ ਲਿਖੇ ਹੋਣਗੇ ਅਤੇ ਜਿੱਥੇ ਹੋਰ ਭਾਸ਼ਾਵਾਂ ਦੀ ਵਰਤੋਂ ਵੀ ਕੀਤੀ ਗਈ ਹੈ, ਉਹ ਭਾਸ਼ਾਵਾਂ ਪੰਜਾਬੀ ਭਾਸ਼ਾ ਤੋਂ ਬਾਅਦ ਹੋਣਗੀਆਂ। ਪੰਜਾਬੀ ਭਾਸ਼ਾ ਵਿੱਚ ਬੋਰਡ ਨੂੰ ਹੋਰ ਭਾਸ਼ਾਵਾਂ (ਜੇਕਰ ਹੋਣ) ਨਾਲੋਂ ਵਧੇਰੇ ਥਾਂ ਦੇ ਕੇ ਮੁੱਖ ਤੌਰ ਤੇ ਲਿਖਿਆ ਜਾਵੇਗਾ। ਉਹਨਾਂ ਕਿਹਾ ਕਿ ਇਨ੍ਹਾਂ ਹੁਕਮਾਂ ਦੀ ਪਾਲਣਾ ਨਾ ਕਰਨ ਤੇ ਐਕਟ ਵਿੱਚ ਦਰਜ ਉਪਬੰਧਾਂ ਅਨੁਸਾਰ ਜੁਰਮਾਨਾ ਲਗਾਉਣ ਸੰਬਧੀ ਕਾਰਵਾਈ ਕੀਤੀ ਜਾਵੇਗੀ।
Mohali
ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੀ ਮੁਹਾਲੀ ਇਕਾਈ ਨੇ ਫੂਕੀ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ

ਸਬ-ਕੈਬਨਿਟ ਕਮੇਟੀ ਦੀ ਮੀਟਿੰਗ ਵਿੱਚ ਕੋਈ ਸਿੱਟਾ ਨਾ ਨਿਕਲਣ ਤੇ ਸੰਘਰਸ਼ ਹੋਰ ਤੇਜ਼ ਕਰਨ ਦੀ ਚਿਤਾਵਨੀ
ਐਸ ਏ ਐਸ ਨਗਰ, 18 ਫਰਵਰੀ (ਸ.ਬ.) ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੀ ਮੁਹਾਲੀ ਇਕਾਈ ਵਲੋਂ ਛੁਟੀ ਦੇ ਸਮੇਂ ਤੋਂ ਬਾਅਦ ਮੈਰੀਟੋਰੀਅਸ ਸਕੂਲ ਦੇ ਗੇਟ ਅੱਗੇ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ ਗਈ। ਇਸ ਮੌਕੇ ਅਧਿਆਪਕਾਂ ਵਲੋਂ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਆਪਣਾ ਰੋਸ ਜਾਹਿਰ ਕੀਤਾ ਗਿਆ।
ਇਸ ਮੌਕੇ ਯੂਨੀਅਨ ਦੀ ਸੂਬਾ ਆਗੂ ਟੀਨਾ ਨੇ ਕਿਹਾ ਕਿ ਸਿੱਖਿਆ ਤੇ ਸਿਹਤ ਦੇ ਨਾਮ ਤੇ ਸੱਤਾ ਵਿੱਚ ਆਈ ਸਰਕਾਰ ਵੱਲੋਂ ਲਾਰਿਆਂ ਨਾਲ ਡੰਗ ਟਪਾਇਆ ਜਾ ਰਿਹਾ ਹੈ ਜਿਸਨੂੰ ਹੁਣ ਸਹਿਣ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਮੈਰੀਟੋਰੀਅਸ ਅਧਿਆਪਕਾਂ ਦੇ ਅਹਿਮ ਨਤੀਜਿਆਂ ਨੂੰ ਰੋਲਿਆ ਹੈ। ਉਹਨਾਂ ਕਿਹਾ ਕਿ ਮੈਰੀਟੋਰੀਅਸ ਟੀਚਰਾਂ ਦੀ ਮਿਹਨਤ ਸਦਕਾ 243 ਨੀਟ, 118 ਜੇ. ਈ. ਮੇਨ ਤੇ ਪੰਜਾਬ ਬੋਰਡ ਦੀ ਬਾਰ੍ਹਵੀਂ ਸ਼੍ਰੇਣੀ ਦੀ ਮੈਰਿਟ ਵਿੱਚੋਂ 86 ਮੈਰਿਟਾਂ ਆਈਆਂ ਸਨ, ਪਰ ਸਰਕਾਰ ਵੱਲੋਂ ਅਜੇ ਤੱਕ ਇਹਨਾਂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਨਹੀਂ ਕੀਤਾ ਜਾ ਰਿਹਾ ਅਤੇ ਇਹੀ ਕਿਹਾ ਜਾ ਰਿਹਾ ਹੈ ਕਿ ਕਾਰਵਾਈ ਚੱਲ ਰਹੀ ਹੈ। ਇਸ ਮੌਕੇ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਅਸ਼ਪ੍ਰੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਮੈਰੀਟੋਰੀਅਸ ਸਕੂਲਾਂ ਦੇ ਪ੍ਰੈਜ਼ੀਡੈਂਟ ਹਨ ਪਰੰਤੂ ਉਹਨਾਂ ਨੇ ਇਹਨਾਂ ਅਧਿਆਪਕਾਂ ਨਾਲ ਇੱਕ ਵੀ ਮੀਟਿੰਗ ਕਰਨੀ ਉੱਚਿਤ ਨਹੀਂ ਸਮਝੀ ਅਤੇ ਨਾ ਹੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਉਹਨਾਂ ਦੀ ਕੋਈ ਸਾਰ ਲਈ। ਉਹਨਾਂ ਕਿਹਾ ਕਿ ਹੁਣ ਸਾਡੇ ਸਬਰ ਦਾ ਪਿਆਲਾ ਟੁੱਟ ਚੁੱਕਿਆ ਹੈ ਜੇਕਰ ਸਰਕਾਰ ਹੁਣ ਵੀ ਮੈਰੀਟੋਰੀਅਸ ਅਧਿਆਪਕਾਂ ਦੀਆਂ ਮੰਗਾਂ ਹੱਲ ਨਾ ਕਰ ਪਾਈ ਤਾਂ ਸੰਘਰਸ਼ ਦੇ ਤਿੱਖੇ ਰਾਹ ਪਿਆ ਜਾਵੇਗਾ।
ਅਧਿਆਪਕਾਂ ਨੇ ਕਿਹਾ ਕਿ ਸਬ-ਕੈਬਨਿਟ ਕਮੇਟੀ ਦੀ ਮੀਟਿੰਗ ਅੱਗੇ ਦੀ ਅੱਗੇ ਪਾ ਦਿੱਤੀ ਜਾਂਦੀ ਹੈ ਅਤੇ ਜੇਕਰ ਹੁਣ ਮਿਥੇ ਸਮੇਂ ਤੇ ਮੀਟਿੰਗ ਵਿੱਚ ਕੋਈ ਸਾਰਥਕ ਸਿੱਟਾ ਨਹੀਂ ਨਿਕਲਦਾ ਤਾਂ ਉਹਨਾਂ ਨੂੰ ਮਜ਼ਬੂਰਨ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਾ ਪਵੇਗਾ ਅਤੇ ਸੰਘਰਸ਼ ਦੌਰਾਨ ਜੋ ਵੀ ਸਿੱਟੇ ਨਿਕਲਣਗੇ ਉਸ ਪ੍ਰਤੀ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ।
Mohali
ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨ ਨੇ ਪੁਲੀਸ ਨੂੰ ਦੱਸੀ ਏਜੰਟਾਂ ਵਲੋਂ ਡੌਂਕੀ ਰਾਹੀਂ ਅਮਰੀਕਾ ਭੇਜਣ ਦੀ ਕਹਾਣੀ
ਪੁਲੀਸ ਵਲੋਂ ਦੋ ਏਜੰਟਾ ਵਿਰੁਧ ਮਾਮਲਾ ਦਰਜ, ਮੁਲਜਮਾਂ ਦੀ ਗ੍ਰਿਫਤਾਰੀ ਲਈ ਪੁਲੀਸ ਪਹੁੰਚੀ ਹਰਿਆਣਾ
ਐਸ.ਏ.ਐਸ.ਨਗਰ, 18 ਫਰਵਰੀ (ਪਰਵਿੰਦਰ ਕੌਰ ਜੱਸੀ) ਅਮਰੀਕਾ ਤੋਂ ਡਿਪੋਰਟ ਹੋ ਕੇ ਮੁਹਾਲੀ ਪਹੁੰਚੇ ਨੌਜਵਾਨ ਤਰਨਵੀਰ ਸਿੰਘ ਵਾਸੀ ਪਿੰਡ ਖੇੜਾ (ਮਾਜਰੀ) ਜਿਲਾ ਮੁਹਾਲੀ ਵਲੋਂ ਪੁਲੀਸ ਨੂੰ ਸ਼ਿਕਾਇਤ ਦੇ ਕੇ ਹਰਿਆਣਾ ਦੇ ਦੋ ਏਜੰਟਾਂ ਨੇ ਡੌਂਕੀ ਲਗਾ ਕੇ ਉਸ ਨੂੰ ਅਮਰੀਕਾ ਭੇਜਣ ਬਾਰੇ ਪੂਰੀ ਕਹਾਣੀ ਦੱਸੀ ਹੈ ਕਿ ਕਿਵੇਂ ਹਰਿਆਣਾ ਦੇ ਦੋ ਏਜੰਟਾਂ ਨੇ ਡੌਂਕੀ ਲਗਾ ਕੇ ਉਸ ਨੂੰ ਅਮਰੀਕਾ ਭੇਜਿਆ ਅਤੇ ਉਹ ਫੜਿਆ ਗਿਆ। ਤਰਨਵੀਰ ਸਿੰਘ ਨੂੰ 16 ਫਰਵਰੀ 2025 ਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ।
ਤਰਨਵੀਰ ਅਨੁਸਾਰ ਉਸ ਨੂੰ ਟਰੈਵਲ ਏਜੰਟ ਗੁਰਜਿੰਦਰ ਸਿੰਘ ਅੰਟਾਲ ਅਤੇ ਮੁਕੁਲ (ਜੋ ਆਪਸ ਵਿਚ ਪਾਰਟਨਰ ਹਨ) ਨੇ ਗਲਤ ਢੰਗ ਨਾਲ ਅਮਰੀਕਾ ਭੇਜਿਆ ਸੀ। ਉਹ ਇਹਨਾਂ ਏਜੰਟਾਂ ਨੂੰ ਆਪਣੇ ਇੱਕ ਦੋਸਤ ਗੁਰਸ਼ਰਨ ਸਿੰਘ ਰਾਹੀਂ ਮਿਲਿਆ ਸੀ ਅਤੇ ਉਸ ਨੇ ਆਪਣਾ ਪਾਸਪੋਰਟ (10 ਜੁਲਾਈ 2024 ਨੂੰ) ਦੋਵਾਂ ਏਜੰਟਾਂ ਨੂੰ ਦਿੱਤਾ ਸੀ।
ਤਰਨਵੀਰ ਅਨੁਸਾਰ ਗੁਰਜਿੰਦਰ ਸਿੰਘ ਨੇ ਉਸ ਨੂੰ ਕਿਹਾ ਸੀ ਕਿ ਉਸ ਨੂੰ ਫਲਾਈਟ ਰਾਹੀਂ ਅਮਰੀਕਾ ਭੇਜਿਆ ਜਾਵੇਗਾ ਅਤੇ ਉਸ ਨੂੰ ਕੰਮ ਵੀ ਦਿਵਾਇਆ ਜਾਵੇਗਾ ਜਿਸਦੇ ਬਦਲੇ ਉਸ ਨੂੰ 45 ਲੱਖ ਰੁਪਏ ਦੇਣੇ ਪੈਣਗੇ। ਏਜੰਟ ਦੇ ਕਹਿਣ ਤੇ ਉਸ ਦੇ ਪਿਤਾ ਨੇ ਉਸ ਦੇ ਕੋਲੰਬੀਆ ਪਹੁੰਚਣ ਤੇ ਉਕਤ ਏਜੰਟਾਂ ਨੂੰ 18 ਲੱਖ ਰੁਪਏ ਦੇ ਦਿੱਤੇ। ਉਹ ਜਦੋਂ ਮੈਕਸਿਕੋ ਪਹੁੰਚਿਆ ਤਾਂ ਗੁਰਜਿੰਦਰ ਸਿੰਘ ਨੇ ਉਸ ਦੇ ਪਿਤਾ ਕੋਲੋਂ ਬਾਕੀ ਪੈਸੇ ਵੀ ਲੈ ਲਏ।
ਤਰਨਵੀਰ ਅਨੁਸਾਰ ਉਸ ਨੂੰ ਅਤੇ ਉਸ ਦੇ ਨਾਲ ਦੇ ਹੋਰਨਾਂ ਵਿਅਕਤੀਆਂ ਨੂੰ 4 ਮਹੀਨੇ ਕੋਲੰਬੀਆ ਰੁਕਣਾ ਪਿਆ। ਉਸ ਵਲੋਂ ਉਕਤ ਏਜੰਟਾਂ ਨੂੰ ਕਿਹਾ ਗਿਆ ਕਿ ਉਹ ਗਲਤ ਢੰਗ ਨਾਲ ਅਮਰੀਕਾ ਨਹੀਂ ਜਾਣਾ ਚਾਹੁੰਦਾ ਅਤੇ ਉਸ ਨੂੰ ਵਾਪਸ ਉਸ ਦੇ ਘਰ ਪੰਜਾਬ ਭੇਜ ਦਿੱਤਾ ਜਾਵੇ ਜਿਸਤੇ ਉਹਨਾਂ ਏਜੰਟਾਂ ਨੇ ਉਸ ਨੂੰ ਧਮਕਾਇਆ ਕਿ ਹੁਣ ਕੁਝ ਨਹੀਂ ਹੋ ਸਕਦਾ, ਉਸ ਨੂੰ ਅੱਗੇ ਜਾਣਾ ਹੀ ਪਵੇਗਾ। ਬਾਅਦ ਵਿੱਚ ਉਸ ਨੂੰ ਗਲਤ ਢੰਗ ਨਾਲ ਅਮਰੀਕਾ ਦਾ ਬਾਰਡਰ ਕਰਾਸ ਕਰਵਾਇਆ ਗਿਆ ਅਤੇ ਇਸ ਦੌਰਾਨ ਰਸਤੇ ਵਿੱਚ ਉਸ ਨੂੰ ਟਾਰਚਰ ਵੀ ਕੀਤਾ ਗਿਆ ਅਤੇ ਕਈ ਦਿਨ ਰੋਟੀ ਪਾਣੀ ਵੀ ਨਹੀਂ ਦਿੱਤਾ ਗਿਆ।
ਇਸ ਮਾਮਲੇ ਵਿੱਚ ਮਾਜਰੀ ਪੁਲੀਸ ਨੇ ਦੋਵਾਂ ਏਜੰਟਾਂ ਗੁਰਜਿੰਦਰ ਅੰਟਾਲ ਵਾਸੀ ਸਮਾਲਾਬਾਦ ਜਿਲਾ ਅੰਬਾਲਾ ਅਤੇ ਮੁਕੁਲ ਵਾਸੀ ਅੰਬਾਲਾ ਵਿਰੁਧ ਬੀ.ਐਨ.ਐਸ ਐਕਟ ਦੀ ਧਾਰਾ 143, 316(2), 318(4) ਅਤੇ ਇੰਮੀਗ੍ਰੇਸ਼ਨ ਐਕਟ ਦੀ ਧਾਰਾ 24 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲੀਸ ਦੋਵਾਂ ਮੁਲਜਮਾਂ ਦੀ ਗ੍ਰਿਫਤਾਰੀ ਲਈ ਅੰਬਾਲਾ ਵਿਖੇ ਪਹੁੰਚ ਗਈ ਹੈ ਅਤੇ ਉਕਤ ਮੁਲਜਮਾਂ ਦੇ ਵੱਖ ਵੱਖ ਟਿਕਾਣਿਆਂ ਤੇ ਛਾਪੇਮਾਰੀ ਕਰ ਰਹੀ ਹੈ।
Mohali
ਵਧੀਕ ਡਿਪਟੀ ਕਮਿਸ਼ਨਰ ਅਨਮੋਲ ਧਾਲੀਵਾਲ ਵੱਲੋਂ ਸ਼ਹਿਰੀ ਵਿਕਾਸ ਕਾਰਜਾਂ ਦੀ ਸਮੀਖਿਆ

ਅਧਿਕਾਰੀਆਂ ਨੂੰ ਸ਼ਹਿਰੀ ਖੇਤਰਾਂ ਵਿਚਲੇ ਵਿਕਾਸ ਕਾਰਜ ਜਲਦ ਨਿਪਟਾਉਣ ਦੇ ਨਿਰਦੇਸ਼, ਐੱਸ. ਟੀ. ਪੀ. ਪ੍ਰੋਜੈਕਟਾਂ ਦੀ ਪ੍ਰਗਤੀ ਦਾ ਵੀ ਲਿਆ ਜਾਇਜ਼ਾ
ਐਸ ਏ ਐਸ ਨਗਰ, 18 ਫਰਵਰੀ (ਸ.ਬ.) ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਦੇ ਸ਼ਹਿਰੀ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਲਈ ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਅਧਿਕਾਰੀਆਂ ਤੋਂ ਪਿਛਲੇ ਮਹੀਨੇ ਦੀ ਕਾਰਗੁਜਾਰੀ ਬਾਰੇ ਪ੍ਰਗਤੀ ਰਿਪੋਰਟ ਹਾਸਿਲ ਕੀਤੀ। ਮੀਟਿੰਗ ਦੌਰਾਨ ਉਹਨਾਂ ਵੱਖ-ਵੱਖ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਚਲ ਰਹੇ ਕੰਮਾਂ ਵਿਚ ਹੋਰ ਤੇਜ਼ੀ ਲਿਆਉਣ ਲਈ ਕਿਹਾ।
ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੀਆਂ ਨਗਰ ਕੌਸਲਾਂ ਦੇ ਕਾਰਜ ਸਾਧਕ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਕਿ ਆਪਣੇ ਆਪਣੇ ਖੇਤਰ ਵਿੱਚ ਸੀਵਰੇਜ ਨਿਕਾਸੀ ਵੱਲ ਖ਼ਾਸ ਧਿਆਨ ਦੇਣ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਜ਼ੀਰਕਪੁਰ ਵਿਖੇ ਵੀ. ਆਈ. ਪੀ. ਰੋਡ ਤੇ ਪ੍ਰਾਈਵੇਟ ਕਾਲੋਨੀਆਂ ਵੱਲੋਂ ਆਪਣੇ ਸੀਵਰੇਜ ਦੇ ਪਾਣੀ ਨੂੰ ਮੋਟਰਾਂ ਲਗਾ ਕੇ ਵੀ. ਆਈ. ਪੀ. ਰੋਡ ਦੇ ਸੀਵਰੇਜ ਵਿੱਚ ਪਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਾਲੋਨੀਆਂ ਵਿੱਚ ਮੁਨਾਦੀ ਕਰਾਕੇ ਜਾਂ ਕਾਲੋਨੀ ਵਾਸੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਹਦਾਇਤ ਕੀਤੀ ਜਾਵੇ ਕਿ ਉਨ੍ਹਾਂ ਵੱਲੋਂ ਸੀਵਰੇਜ ਵਿੱਚ ਪਾਣੀ ਪਾਉਣ ਦਾ ਕੰਮ ਰਾਤ 11 ਤੋਂ ਲੈ ਕੇ ਸਵੇਰੇ 6 ਵਜੇ ਤੱਕ ਕੀਤਾ ਜਾਵੇ, ਤਾਂ ਜੋ ਦਿਨ ਵੇਲੇ ਸੀਵਰੇਜ ਓਵਰ ਫਲੋਅ ਨਾ ਕਰੇ।
ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੇਕਰ ਉਨ੍ਹਾਂ ਦੇ ਵਿਭਾਗ ਵਿੱਚ ਹਾਈਕੋਰਟ ਵੱਲੋਂ ਕਿਸੇ ਕੋਰਟ ਕੇਸ ਤੇ ਕੋਈ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਤਾਂ ਸਬੰਧਤ ਵਿਭਾਗ ਵੱਲੋਂ ਉਸ ਅਨੁਸਾਰ ਕਾਰਵਾਈ ਕੀਤੀ ਗਈ ਹੈ ਜਾਂ ਨਹੀਂ, ਸਬੰਧੀ ਉਚੇਚੇ ਤੌਰ ਤੇ ਧਿਆਨ ਦਿੱਤਾ ਜਾਵੇ। ਕੋਰਟ ਕੇਸਾਂ ਦੇ ਜਵਾਬ-ਦਾਅਵੇ ਸਮਾਂ ਰਹਿੰਦੇ ਫਾਇਲ ਕੀਤੇ ਜਾਣ। ਏ.ਡੀ.ਸੀ. ਨੇ ਦੱਸਿਆ ਕਿ ਨਗਰ ਨਿਗਮ ਅਧੀਨ ਘਰ ਘਰ ਜਾ ਕੇ ਕੂੜਾ ਇਕੱਤਰ ਕਰਨ ਦਾ ਕਾਰਜ 100 ਫ਼ੀਸਦ ਹੈ ਤੇ ਗਿੱਲਾ ਤੇ ਸੁੱਕਾ ਕੂੜਾ ਵੱਖੋ ਵੱਖ ਕਰਨ ਦਾ ਕਾਰਜ ਕਰੀਬ 85 ਫ਼ੀਸਦ ਤੋਂ ਵੱਧ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਵੱਖ ਵੱਖ ਥਾਵਾਂ ਉੱਤੇ ਵੀ ਵੇਸਟ ਵੰਡਰ ਪਾਰਕ ਬਣਾਉਣ ਲਈ ਉਪਰਾਲੇ ਕੀਤੇ ਜਾਣ।
ਮੀਟਿੰਗ ਦੌਰਾਨ ਏ. ਡੀ. ਸੀ ਵਲੋਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਸ਼ਹਿਰ ਵਿੱਚ ਬਿਲਡਰਾਂ, ਕੰਪਨੀਆਂ, ਪ੍ਰਾਈਵੇਟ ਬੰਦਿਆਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਅਤੇ ਨਜ਼ਾਇਜ ਉਸਾਰੀਆਂ ਸਬੰਧੀ ਪੜਤਾਲ ਕਰਵਾ ਕੇ ਨਜ਼ਾਇਜ਼ ਕੀਤੇ ਗਏ ਕਬਜ਼ਿਆਂ ਨੂੰ ਛੁੜਵਾਇਆ ਜਾਵੇ ਅਤੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾਵੇ ਤਾਂ ਜੋ ਨਜਾਇਜ ਕਬਜਿਆਂ ਉੱਪਰ ਰੋਕ ਲਗਾਈ ਜਾ ਸਕੇ।
ਉਹਨਾਂ ਜ਼ਿਲ੍ਹੇ ਦੀਆਂ ਨਗਰ ਕੌਸਲਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਆਪਣੇ-ਆਪਣੇ ਖੇਤਰਾਂ ਵਿੱਚ ਬੇਸਹਾਰਾ/ਜ਼ਖਮੀ ਪਸ਼ੂਆਂ ਦੀ ਸਾਂਭ-ਸੰਭਾਲ ਲਈ ਇੱਕ-ਇੱਕ ਐਬੂਲੈਂਸ ਦਾ ਪ੍ਰਬੰਧ ਕਰਨ ਤਾਂ ਜੋ ਲੋੜ ਪੈਣ ਤੇ ਉਸ ਦੀ ਵਰਤੋਂ ਕੀਤੀ ਜਾ ਸਕੇ। ਕੁੱਤਿਆਂ ਦੇ ਕੱਟਣ ਦੇ ਵੱਧ ਰਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਉਹਨਾਂ ਸਥਾਨਕ ਸਰਕਾਰ ਸੰਸਥਾਵਾਂ ਦੇ ਅਧਿਕਾਰੀਆਂ ਨੂੰ ਕੁੱਤਿਆਂ ਦੇ ਕੱਟਣ ਦੇ ਖਤਰੇ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਲਈ ਤੁਰੰਤ ਢੁੱਕਵੀਂ ਕਾਰਵਾਈ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਕਾਰਜਸਾਧਕ ਅਧਿਕਾਰੀਆਂ ਨੂੰ ਕਿਹਾ ਕਿ ਅਵਾਰਾ ਪਸ਼ੂਆਂ ਨੂੰ ਕਾਬੂ ਕਰਨ ਲਈ ਟੀਮ ਦੀ ਟ੍ਰੇਨਿੰਗ ਕਰਵਾਈ ਜਾਵੇ ਤਾਂ ਜੋ ਅਵਾਰਾ ਪਸੂਆਂ ਨਾਲ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ।
ਮੀਟਿੰਗ ਵਿੱਚ ਐੱਸ. ਡੀ. ਐੱਮ. ਡੇਰਾਬਸੀ ਅਮਿਤ ਗੁਪਤਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
-
International1 month ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ
-
International2 months ago
ਲਾਸ ਵੇਗਾਸ ਦੇ ਟਰੰਪ ਹੋਟਲ ਦੇ ਬਾਹਰ ਧਮਾਕਾ, ਇੱਕ ਵਿਅਕਤੀ ਦੀ ਮੌਤ
-
International2 months ago
ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਟਰਾਲੇ ਅਤੇ ਬੱਸ ਦੀ ਟੱਕਰ ਦੌਰਾਨ 12 ਵਿਅਕਤੀਆਂ ਦੀ ਮੌਤ
-
Punjab2 months ago
ਲੁਧਿਆਣਾ-ਜਲੰਧਰ ਹਾਈਵੇਅ ਤੇ ਸੜਕ ਹਾਦਸੇ ਦੌਰਾਨ ਦੋ ਹਲਾਕ
-
International1 month ago
ਆਸਟਰੇਲੀਆ ਵਿੱਚ ਸੀਪਲੇਨ ਹਾਦਸਾਗ੍ਰਸਤ ਹੋਣ ਕਾਰਨ 3 ਸੈਲਾਨੀਆਂ ਦੀ ਮੌਤ, 3 ਜ਼ਖ਼ਮੀ
-
Mohali2 months ago
ਫੇਜ਼ 2 ਵਿਖੇ ਬਾਂਦਰਾਂ ਨੇ ਮਚਾਈ ਦਹਿਸ਼ਤ, ਜਿਲਾ ਪ੍ਰਸਾਸ਼ਨ ਕੋਲੋਂ ਮੱਦਦ ਦੀ ਗੁਹਾਰ
-
National2 months ago
ਸੰਤ ਚਿਨਮਯ ਪ੍ਰਭੂ ਦਾਸ ਦੀ ਜ਼ਮਾਨਤ ਪਟੀਸ਼ਨ ਦੂਜੀ ਵਾਰ ਖ਼ਾਰਜ
-
National2 months ago
ਬੱਸ ਅਤੇ ਟਰਾਲੇ ਦੀ ਟੱਕਰ ਕਾਰਨ 30 ਯਾਤਰੀ ਜ਼ਖਮੀ