ਰਿਸ਼ਵਤ ਲੈਂਦਿਆਂ ਕਾਬੂ ਕੀਤੇ ਗਏ ਭਾਜਪਾ ਵਿਧਾਇਕ ਦੇ ਪੁੱਤਰ ਦੇ ਘਰ ਤੋਂ 6 ਕਰੋੜ ਰੁਪਏ ਬਰਾਮਦ

ਬੰਗਲੌਰ, 3 ਮਾਰਚ (ਸ.ਬ.) ਬੀਤੇ ਕੱਲ ਭਾਜਪਾ ਵਿਧਾਇਕ ਮਦਾਲ ਵਿਰੂਪਕਸ਼ੱਪਾ ਦੇ ਪੁੱਤਰ ਪ੍ਰਸ਼ਾਂਤ ਕੁਮਾਰ ਨੂੰ ਇੱਕ ਠੇਕੇਦਾਰ ਤੋਂ 40 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਫੜੇ ਜਾਣ ਤੋਂ ਇਕ ਦਿਨ ਬਾਅਦ ਉਸਦੇ ਘਰ ਤੋਂ ਛੇ ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ।

ਲੋਕਾਯੁਕਤ ਸੂਤਰਾਂ ਅਨੁਸਾਰ ਬੰਗਲੌਰ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਮੁੱਖ ਲੇਖਾ ਅਧਿਕਾਰੀ ਪ੍ਰਸ਼ਾਂਤ ਨੂੰ ਕਰਨਾਟਕ ਸੋਪ ਐਂਡ ਡਿਟਰਜੈਂਟ ਲਿਮਟਿਡ (ਕੇ ਐਸ ਡੀ ਐਲ) ਦੇ ਦਫ਼ਤਰ ਵਿੱਚ ਠੇਕੇਦਾਰ ਤੋਂ 40 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ। ਲੋਕਾਯੁਕਤ ਸੂਤਰਾਂ ਨੇ ਦੱਸਿਆ ਕਿ ਵਿਧਾਇਕ ਵਿਰੂਪਕਸ਼ੱਪਾ ਕੇ ਐਸ ਡੀ ਐਲ ਦਾ ਚੇਅਰਮੈਨ ਹੈ ਅਤੇ ਪ੍ਰਸ਼ਾਂਤ ਕਥਿਤ ਤੌਰ ਤੇ ਆਪਣੇ ਪਿਤਾ ਦੀ ਤਰਫੋਂ ਰਿਸ਼ਵਤ ਦੀ ਪਹਿਲੀ ਕਿਸ਼ਤ ਲੈ ਰਿਹਾ ਸੀ। ਲੋਕਾਯੁਕਤ ਅਧਿਕਾਰੀਆਂ ਨੇ ਪ੍ਰਸ਼ਾਂਤ ਦੇ ਫੜੇ ਜਾਣ ਤੋਂ ਤੁਰੰਤ ਬਾਅਦ ਉਸ ਦੇ ਘਰ ਛਾਪਾ ਮਾਰਿਆ ਜਿਸਤੋਂ ਬਾਅਦ ਉਸਦੇ ਘਰ ਤੋਂ ਛੇ ਕਰੋੜ ਰੁਪਏ ਬਰਾਮਦ ਹੋਏ।