ਪੰਜਾਬ ਪੁਲੀਸ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਨਕੋਦਰ ਨੇੜਿਉਂ ਕੀਤਾ ਗ੍ਰਿਫ਼ਤਾਰ, ਪਹਿਲਾਂ ਛੇ ਸਾਥੀਆਂ ਨੂੰ ਕੀਤਾ ਗਿਆ ਸੀ ਕਾਬੂ ਪੰਜਾਬ ਵਿੱਚ ਹਾਈ ਅਲਰਟ, ਇੰਟਰਨੈਟ ਅਤੇ ਐਸ ਐਮ ਐਸ ਸੇਵਾਵਾਂ ਤੇ ਰੋਕ

ਜਲੰਧਰ, 18 ਮਾਰਚ (ਸ.ਬ.) ਪੰਜਾਬ ਪੁਲੀਸ ਵਲੋਂ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਨਕੋਦਰ ਨੇੜਿਉਂ ਗ੍ਰਿਫਤਾਰ ਕਰ ਲਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਵਲੋਂ ਅਮ੍ਰਿਤਪਾਲ ਸਿੰਘ ਨੂੰ ਮਹਿਤਪੁਰ ਤੋਂ ਕਾਬੂ ਕੀਤਾ ਗਿਆ ਹੈ। ਇੱਥੇ ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਅੱਜ ਸਵੇਰੇ ਪੁਲੀਸ ਵਲੋਂ ਅੰਮ੍ਰਿਤਪਾਲ ਸਿੰਘ ਦੇ ਛੇ ਸਾਥੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਵਲੋਂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਲਈ ਵੱਡੀ ਤਿਆਰੀ ਕੀਤੀ ਗਈ ਸੀ। ਇਸ ਦੌਰਾਨ ਜਲੰਧਰ ਜਿਲ੍ਹੇ ਦੇ ਸ਼ਾਹਕੋਟ ਵੱਲ ਜਾ ਰਹੇ ਅੰਮ੍ਰਿਤਪਾਲ ਸਿੰਘ ਦੇ ਕਾਫਲੇ ਨੂੰ ਪੁਲੀਸ ਵਲੋਂ ਰੋਕ ਲਿਆ ਗਿਆ ਸੀ ਅਤੇ ਗੱਡੀਆਂ ਨੂੰ ਰੁਕਵਾਇਆ ਗਿਆ ਸੀ। ਇਸ ਦੌਰਾਨ ਪੁਲੀਸ ਨੇ ਅੰਮ੍ਰਿਤਪਾਲ ਸਿੰਘ ਦੇ ਛੇ ਸਾਥੀਆਂ ਨੂੰ ਹਿਰਾਸਤ ਵਿਚ ਲੈ ਲਿਆ, ਜਦੋਂਕਿ ਅੰਮ੍ਰਿਤਪਾਲ ਸਿੰਘ ਦੀ ਗੱਡੀ ਅੱਗੇ ਨਿਕਲ ਗਈ ਸੀ।

ਇਸ ਉਪਰੰਤ ਪੁਲੀਸ ਵਲੋਂ ਸਾਰੇ ਪਾਸੇ ਨਾਕੇਬੰਦੀ ਕਰ ਦਿੱਤੀ ਗਈ ਅਤੇ ਅੰਮ੍ਰਿਤਪਾਲ ਸਿੰਘ ਦੀ ਗੱਡੀ ਦਾ ਪਿੱਛਾ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਲੰਮੀ ਮੁਸ਼ੱਕਤ ਤੋਂ ਬਾਅਦ ਪੁਲੀਸ ਵਲੋਂ ਨਕੋਦਰ ਨੇੜੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਅੰਮ੍ਰਿਤਪਾਲ ਸਿੰਘ ਤੇ ਕਾਰਵਾਈ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਸੂਬੇ ਦਾ ਮਾਹੌਲ ਖਰਾਬ ਹੋਣ ਤੋਂ ਬਚਾਉਣ ਅਤੇ ਅਫਵਾਹਾਂ ਤੇ ਰੋਕ ਲਗਾਊਣ ਲਈ ਇੰਟਰਨੈਟ ਸੇਵਾਵਾਂ ਤੇ ਰੋਕ ਲਗਾ ਦਿੱਤੀ ਗਈ ਹੈ। ਇੰਟਰਨੈਟ ਅਤੇ ਐਸ. ਐਮ. ਐਸ. ਸੇਵਾਵਾਂ ਤੇ ਭਲਕੇ ਦੁਪਹਿਰ 12 ਵਜੇ ਤਕ ਰੋਕ ਲਗਾਈ ਗਈ ਹੈ।

ਅਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਪੁਲੀਸ ਵਲੋਂ ਸੂਬੇ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਪੁਲੀਸ ਫੋਰਸ ਵਲੋਂ ਵੱਖ ਵੱਖ ਥਾਵਾਂ ਤੇ ਨਾਕੇਬੰਦੀ ਕਰਕੇ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ।