ਅਮਰੀਕਾ ਵਿੱਚ ਤੂਫ਼ਾਨ ਨੇ ਮਚਾਈ ਤਬਾਹੀ, 3 ਵਿਅਕਤੀਆਂ ਦੀ ਮੌਤ, 50 ਤੋਂ ਵਧੇਰੇ ਜ਼ਖ਼ਮੀ

ਲਿਟਲ ਰਾਕ, 1 ਅਪ੍ਰੈਲ (ਸ.ਬ.) ਅਮਰੀਕਾ ਵਿੱਚ ਅਰਕਨਸਾਸ ਦੇ ਲਿਟਲ ਰੌਕ ਸ਼ਹਿਰ ਵਿੱਚ ਬੀਤੇ ਦਿਨ ਆਏ ਤੂਫ਼ਾਨ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ 50 ਤੋਂ ਵਧੇਰੇ ਵਿਅਕਤੀ ਜ਼ਖ਼ਮੀ ਹੋ ਗਏ। ਇਸ ਤੂਫ਼ਾਨ ਕਾਰਨ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਦੌਰਾਨ ਵਾਹਨ ਪਲਟ ਗਏ ਅਤੇ ਦਰੱਖ਼ਤ ਵੀ ਡਿੱਗ ਗਏ।

ਤੂਫ਼ਾਨ ਨੇ ਸਭ ਤੋਂ ਪਹਿਲਾਂ ਸ਼ਹਿਰ ਦੇ ਪੱਛਮੀ ਹਿੱਸੇ ਅਤੇ ਇਸਦੇ ਆਲੇ-ਦੁਆਲੇ ਤਬਾਹੀ ਮਚਾਈ ਅਤੇ ਇੱਕ ਛੋਟੇ ਸ਼ਾਪਿੰਗ ਸੈਂਟਰ ਨੂੰ ਨੁਕਸਾਨ ਪਹੁੰਚਾਇਆ। ਇਸ ਤੋਂ ਬਾਅਦ ਤੂਫ਼ਾਨ ਅਰਕਾਸਾਂਸ ਨਦੀ ਨੂੰ ਪਾਰ ਕਰਕੇ ਉੱਤਰੀ ਲਿਟਲ ਰੌਕ ਅਤੇ ਆਸ-ਪਾਸ ਦੇ ਸ਼ਹਿਰਾਂ ਵਿੱਚ ਪਹੁੰਚ ਗਿਆ, ਜਿੱਥੇ ਇਸਨੇ ਘਰਾਂ, ਕਾਰੋਬਾਰਾਂ ਅਤੇ ਵਾਹਨਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ।

ਪ੍ਰਾਪਤ ਜਾਣਕਾਰੀ ਅਨੁਸਾਰ ਅਰਕਨਸਾਸ ਵਿੱਚ ਲਗਭਗ 70,000 ਅਤੇ ਓਕਲਾਹੋਮਾ ਵਿੱਚ 32,000 ਘਰਾਂ ਵਿਚ ਬਿਜਲੀ ਸਪਲਾਈ ਠੱਪ ਹੋ ਗਈ ਹੈ। ਇਸ ਦੌਰਾਨ ਅਰਕਾਸਾਂਸ ਰਾਜ ਦੇ ਵਿਨੇ ਵਿਚ ਇਕ ਹੋਰ ਤੂਫ਼ਾਨ ਆਉਣ ਦੀ ਖਬਰ ਹੈ। ਅਧਿਕਾਰੀਆਂ ਮੁਤਾਬਕ ਇਸ ਤੂਫਾਨ ਨੇ ਵੀ ਵਿਆਪਕ ਤਬਾਹੀ ਮਚਾਈ ਹੈ। ਤੂਫਾਨ ਕਾਰਨ ਕਈ ਘਰ ਢਹਿ ਗਏ ਅਤੇ ਦਰੱਖਤ ਡਿੱਗ ਗਏ।

ਇਸ ਦੌਰਾਨ, ਯੂ.ਐੱਸ. ਨੈਸ਼ਨਲ ਵੈਦਰ ਸਰਵਿਸ ਨੇ ਅਰਕਾਸਾਂਸ ਦੀ ਰਾਜਧਾਨੀ ਲਿਟਲ ਰੌਕ ਅਤੇ ਆਸ ਪਾਸ ਦੇ ਖੇਤਰਾਂ ਲਈ ਤੂਫ਼ਾਨ ਸਬੰਧੀ ਐਮਰਜੈਂਸੀ ਸਥਿਤੀ ਦਾ ਐਲਾਨ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ‘ਵਿਨਾਸ਼ਕਾਰੀ ਤੂਫਾਨ’ ਤੋਂ 350,000 ਲੋਕਾਂ ਨੂੰ ਖ਼ਤਰਾ ਹੈ।

ਇਸ ਤੋਂ ਇੱਕ ਹਫ਼ਤਾ ਪਹਿਲਾਂ ਮਿਸੀਸਿਪੀ ਵਿੱਚ ਤੂਫ਼ਾਨ ਨੇ ਤਬਾਹੀ ਮਚਾਈ ਸੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਰਾਹਤ ਕਾਰਜਾਂ ਲਈ ਫੈਡਰਲ ਸਰਕਾਰ ਵਲੋਂ ਮਦਦ ਦੇਣ ਦਾ ਭਰੋਸਾ ਦਿੱਤਾ ਸੀ।