ਯਮਨ ਵਿੱਚ ਵਿੱਤੀ ਸਹਾਇਤਾ ਵੰਡ ਪ੍ਰੋਗਰਾਮ ਵਿੱਚ ਭਗਦੜ ਮੱਚਣ ਕਾਰਨ 85 ਵਿਅਕਤੀਆਂ ਦੀ ਮੌਤ
ਸਨਾ, 20 ਅਪ੍ਰੈਲ (ਸ.ਬ.) ਯਮਨ ਦੀ ਰਾਜਧਾਨੀ ਸਨਾ ਵਿੱਚ ਵਿੱਤੀ ਸਹਾਇਤਾ ਵੰਡਣ ਲਈ ਆਯੋਜਿਤ ਇਕ ਸਮਾਗਮ ਵਿਚ ਬੀਤੀ ਦੇਰ ਰਾਤ ਮਚੀ ਭਗਦੜ ਵਿੱਚ ਘੱਟੋ-ਘੱਟ 85 ਵਿਅਕਤੀਆਂ ਦੀ ਮੌਤ ਹੋਣ ਦੀ ਖਬਰ ਹੈ। ਇਸ ਘਟਨਾ ਵਿੱਚ ਸੈਂਕੜੇ ਹੋਰ ਜ਼ਖ਼ਮੀ ਹੋ ਗਏ।
ਹੂਤੀ ਵੱਲੋਂ ਸੰਚਾਲਿਤ ਗ੍ਰਹਿ ਮੰਤਰਾਲਾ ਅਨੁਸਾਰ, ਓਲਡ ਸਿਟੀ ਵਿੱਚ ਵਪਾਰੀਆਂ ਵੱਲੋਂ ਆਯੋਜਿਤ ਇੱਕ ਸਮਾਗਮ ਵਿੱਚ ਸੈਂਕੜੇ ਗਰੀਬ ਲੋਕ ਇਕੱਠੇ ਹੋਏ ਸਨ ਅਤੇ ਉਦੋਂ ਅਚਾਨਕ ਉਥੇ ਭਗਦੜ ਮਚ ਗਈ। ਮੰਤਰਾਲਾ ਦੇ ਬੁਲਾਰੇ ਬ੍ਰਿਗੇਡੀਅਰ ਅਬਦੇਲ-ਖਾਲੀਕ ਅਲ-ਅਘਰੀ ਨੇ ਦੋਸ਼ ਲਾਇਆ ਕਿ ਪੈਸੇ ਵੰਡਣ ਦਾ ਸਮਾਗਮ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਕੀਤੇ ਬਿਨਾਂ ਆਯੋਜਿਤ ਕੀਤਾ ਗਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਖ਼ਮੀ ਹੋਏ ਲੋਕਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਇੱਕ ਸੀਨੀਅਰ ਸਿਹਤ ਅਧਿਕਾਰੀ ਅਨੁਸਾਰ ਇਸ ਹਾਦਸੇ ਵਿੱਚ 85 ਵਿਅਕਤੀਆਂ ਮਾਰੇ ਗਏ ਹਨ ਅਤੇ ਸੈਂਕੜੇ ਲੋਕ ਜ਼ਖ਼ਮੀ ਹਨ। ਹੂਤੀ ਵਿਦਰੋਹੀਆਂ ਨੇ ਤੁਰੰਤ ਉਸ ਸਕੂਲ ਨੂੰ ਘੇਰ ਲਿਆ, ਜਿੱਥੇ ਸਮਾਗਮ ਆਯੋਜਿਤ ਕੀਤਾ ਗਿਆ ਸੀ। ਹੂਤੀ ਵੱਲੋਂ ਸੰਚਾਲਿਤ ਗ੍ਰਹਿ ਮੰਤਰਾਲਾ ਅਨੁਸਾਰ, ਇਸ ਸਬੰਧ ਵਿੱਚ ਹੁਣ ਤੱਕ 2 ਪ੍ਰਬੰਧਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।