ਮੁਹਾਲੀ ਪੁਲੀਸ ਵਲੋਂ ਵੱਖ ਵੱਖ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਕਾਬੂ ਕਾਰ ਖੋਹਣ ਵਾਲੇ ਦੋ ਵਿਅਕਤੀ, ਨਾਜਾਇਜ਼ ਅਸਲਾ ਸਪਲਾਇਰ 7 ਪਿਸਤੌਲਾਂ ਸਮੇਤ ਅਤੇ ਲਾਈਸੈਂਸੀ ਪਿਸਟਲ ਖੋਹਣ ਵਾਲੇ 5 ਵਿਅਕਤੀ 3 ਪਿਸਤੌਲਾਂ ਸਮੇਤ ਕਾਬੂ ਕੀਤੇ

ਐਸ ਏ ਐਸ ਨਗਰ, 6 ਮਈ (ਸ.ਬ.) ਮੁਹਾਲੀ ਪੁਲੀਸ ਨੇ ਤਿੰਨ ਵੱਖ ਵੱਖ ਮਾਮਲਿਆਂ ਵਿੱਚ 8 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜੇ ਤੋਂ 10 ਪਿਸਤੌਲਾਂ ਅਤੇ ਇੱਕ ਖੋਹੀ ਹੋਈ ਸਵਿਫਟ ਕਾਰ ਬਰਾਮਦ ਕੀਤੀ ਹੈ।

ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ ਐਸ ਪੀ ਮੁਹਾਲੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਪਹਿਲੇ ਮਾਮਲੇ ਵਿੱਚ ਪੁਲੀਸ ਵਲੋਂ ਦੋ ਵਿਅਕਤੀਆਂ ਦਵਿੰਦਰ ਸਿੰਘ ਵਾਸੀ ਪਿੰਡ ਸ਼ਰੀਹਾਂਵਾਲਾ ਬਰਾੜ, ਜਿਲ੍ਹਾ ਫਿਰੋਜ਼ਪੁਰ ਅਤੇ ਪਰਮਿੰਦਰ ਸਿੰਘ ਨੰਨੂ ਵਾਸੀ ਵਾਰਡ ਨੰਬਰ 3, ਸਰਹਿੰਦ, ਜਿਲ੍ਹਾ ਫਤਹਿਗੜ੍ਹ ਸਾਹਿਬ ਨੂੰ ਬੀਤੀ 3 ਮਈ ਨੂੰ ਲਾਂਡਰਾ ਬਨੂੜ ਰੋਡ ਤੇ ਐਮ ਆਰ ਨੇੜੇ ਖੋਹੀ ਇੱਕ ਸਵਿਫਟ ਕਾਰ ਸਮੇਤ ਕਾਬੂ ਕੀਤਾ ਹੈ। ਐਸ ਐਸ ਪੀ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੇ ਸੈਕਟਰ 89 ਦੇ ਵਸਨੀਕ ਮੇਘਰਾਜ ਤੋਂ ਇਹ ਕਾਰ ਉਦੋਂ ਖੋਹੀ ਸੀ ਜਦੋਂ ਉਹ ਕਾਰ ਰੋਕ ਕੇ ਪਿਸ਼ਾਬ ਕਰਨ ਲਈ ਉਤਰਿਆ ਸੀ ਅਤੇ ਇਹਨਾਂ ਵਿਅਕਤੀਆਂ ਨੇ ਉਸਤੇ ਤਲਵਾਰ ਨਾਲ ਹਮਲਾ ਕਰਕੇ ਉਸਦਾ ਪਰਸ, ਮੋਬਾਈਲ ਅਤੇ ਕਾਰ ਖੋਹ ਲਈ ਸੀ ਅਤੇ ਮੌਕੇ ਤੋਂ ਫਰਾਰ ਹੋ ਗਏ ਸੀ।

ਉਹਨਾਂ ਕਿ ਇਸ ਦੌਰਾਨ ਪੁਲੀਸ ਵਲੋਂ ਨਾਜਇਜ਼ ਅਸਲਾ ਸਪਲਾਇਰ ਨੂੰ 7 ਪਿਸਟਲਾਂ ਅਤੇ 12 ਜਿੰਦਾ ਕਾਰਤੂਸਾਂ ਸਮੇਤ ਕਾਬੂ ਕੀਤਾ ਹੈ। ਉਹਨਾਂ ਦੱਸਿਆ ਕਿ ਬੀਤੇ ਦਿਨ ਸੀ ਆਈ ਏ ਸਟਾਫ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਭਾਰੀ ਮਾਤਰਾ ਵਿੱਚ ਨਜਾਇਜ ਹਥਿਆਰਾਂ ਦੀ ਸਪਲਾਈ ਕਰਨ ਲਈ ਜਿਲ੍ਹਾ ਮੁਹਾਲੀ ਦੇ ਏਰੀਆ ਵਿੱਚ ਆ ਰਿਹਾ ਹੈ ਜਿਸਤੇ ਸੀ.ਆਈ.ਏ ਸਟਾਫ ਮੁਹਾਲੀ ਦੀ ਟੀਮ ਵੱਲੋਂ ਛਾਪੇ ਮਾਰੀ ਕਰਕੇ ਖਰੜ ਦੇ ਭੂਰੂ ਚੌਂਕ ਨੇੜਿਉਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕਬਜੇ ਵਿੱਚੋਂ 7 ਪਿਸਟਲ (.32 ਬੋਰ) ਅਤੇ 12 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਵਿਅਕਤੀ ਦੇ ਖਿਲਾਫ ਅਸਲਾ ਐਕਟ ਦੀ ਧਾਰਾ 25-54-59 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਮੁਢਲੀ ਤਫਤੀਸ਼ ਦੌਰਾਨ ਇਸ ਵਿਅਕਤੀ ਨੇ ਆਪਣਾ ਨਾਮ ਰਿੰਕੂ ਉਰਫ ਚੇਲਾ ਵਾਸੀ ਮਨਮੋਹਣ ਨਗਰ, ਅੰਬਾਲਾ ਸਿਟੀ, ਹਰਿਆਣਾ ਦੱਸਿਆ ਹੈ। ਉਹਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਰਿੰਕੂ ਉਰਫ ਚੇਲਾ ਨੇ ਦੱਸਿਆ ਕਿ ਇਹ ਸਾਰੇ ਪਿਸਟਲ ਉਸ ਨੇ ਗੈਂਗਸਟਰ ਸੰਪਤ ਮਹਿਰਾ ਅਤੇ ਗੈਂਗਸਟਰ ਕਾਲੇ ਪੇਗੋਵਾਲ ਦੀ ਗੈਂਗ ਨੂੰ ਸਪਲਾਈ ਕਰਨੇ ਸਨ।

ਉਹਨਾਂ ਦੱਸਿਆ ਕਿ ਤੀਜੇ ਮਾਮਲੇ ਵਿੱਚ ਪੁਲੀਸ ਵਲੋਂ ਕੁੱਟ ਮਾਰ ਕਰਕੇ ਲਾਈਸੈਂਸੀ ਪਿਸਟਲ ਖੋਹ ਕਰਨ ਵਾਲੇ 5 ਵਿਅਕਤੀਆਂ ਨੂੰ 3 ਪਿਸਟਲਾਂ ਸਮੇਤ ਕਾਬੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ 24-25 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਭੁਪਿੰਦਰ ਸਿੰਘ ਉਰਫ ਪਟਵਾਰੀ ਨਾਮ ਦੇ ਵਿਅਕਤੀ ਨੂੰ ਘੇਰ ਕੇ ਉਸ ਨਾਲ ਕੁੱਟ ਮਾਰ ਕੀਤੀ ਸੀ ਅਤੇ ਉਸ ਦੀ ਕਾਰ ਦੀ ਭੰਨ ਤੋੜ ਕਰਕੇ ਉਸਦਾ ਲਾਈਸੈਂਸੀ ਲੋਡਿਡ ਪਿਸਟਲ ਖੋਹ ਕੇ ਮੋਕਾ ਤੋਂ ਭੱਜ ਗਏ ਸਨ। ਇਸ ਸੰਬੰਧੀ ਥਾਣਾਂ ਸਦਰ ਖਰੜ ਵਿਖੇ ਆਈ ਪੀ ਸੀ ਦੀ ਧਾਰਾ 379, 323, 506, 148, 149 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਉਹਨਾਂ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਸੀ ਸੀ ਟੀ ਵੀ ਫੁਟੇਜ, ਤਕਨੀਕੀ ਅਤੇ ਵਿਗਿਆਨਿਕ ਢੰਗਾਂ ਨਾਲ ਟਰੇਸ ਕਰਕੇ ਮੁੱਖ ਦੋਸ਼ੀ ਸਾਹਿਲ ਬੇਰੀ ਵਾਸੀ ਪਿੰਡ ਕਾਨੁਆਣਾ, ਜਿਲ੍ਹਾ ਸਿਰਸਾ ਸਮੇਤ ਆਸ਼ੂਤੋਸ਼ ਕੁਮਾਰ ਵਾਸੀ ਪਲਵਲ, ਹਰਿਆਣਾ ਹਾਲ ਵਾਸੀ ਹੋਸਟਲ ਚੰਡੀਗੜ ਯੂਨੀਵਰਸਿਟੀ ਘੜੂੰਆ, ਕਪਿਲ ਅੱਤਰੀ ਵਾਸੀ ਪਿੰਡ ਸੋਹਾਣਾ ਜ਼ਿਲ੍ਹਾ ਫਰੀਦਾਬਾਦ, ਹਰਿਆਣਾ ਹਾਲ ਵਾਸੀ ਗੁਰੂ ਹੋਮਜ਼ ਅਮਾਇਰਾ ਸਿਟੀ ਖਰੜ, ਅਜੈ ਕੁਮਾਰ ਵਾਸੀ ਦਿਲਸ਼ਾਦ ਗਾਰਡਨ ਸ਼ਾਹਦਰਾ ਦਿੱਲੀ ਅਤੇ ਆਰਿਆ ਬਸੰਤ ਵਾਸੀ ਪਿੰਡ ਧੁੰਦਲਾ ਜ਼ਿਲ੍ਹਾ ਚੰਬਾ ਹਿਮਾਚਲ ਪ੍ਰਦੇਸ਼ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਖੋਹ ਕੀਤਾ ਪਿਸਟਲ (.32 ਬੋਰ ਸਮੇਤ 2 ਕਾਰਤੂਸ) ਅਤੇ 2 ਪਿਸਟਲ (.32 ਬੋਰ ਦੇਸੀ ਸਮੇਤ 5 ਰੋਂਦ) ਅਤੇ ਇੱਕ ਹੋਂਡਾ ਸਿਟੀ ਕਾਰ ਬਰਾਮਦ ਕੀਤੇ ਹਨ।