ਕਫ ਸਿਰਪ ਕੰਪਨੀਆਂ ਕੇਂਦਰ ਦੀ ਕਾਰਵਾਈ ਸਰਕਾਰੀ ਲੈਬ ਵਿਚ ਟੈਸਟ ਤੋਂ ਬਾਅਦ ਹੀ ਹੋਵੇਗੀ ਬਰਾਮਦ

ਨਵੀਂ ਦਿੱਲੀ, 23 ਮਈ (ਸ.ਬ.) ਪਿਛਲੇ ਦਿਨੀਂ ਭਾਰਤੀ ਖੰਘ ਦੀ ਦਵਾਈ ਤੇ ਉੱਠੇ ਸਵਾਲਾਂ ਤੋਂ ਬਾਅਦ ਹੁਣ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਬਿਨਾਂ ਜਾਂਚ ਅਤੇ ਸਬੂਤ ਦੇ ਖੰਘ ਦੇ ਸਿਰਪ ਨੂੰ ਬਰਾਮਦ ਨਹੀਂ ਕੀਤਾ ਜਾ ਸਕਦਾ। ਇਸ ਸੰਬੰਧੀ ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ (ਡੀ ਜੀ ਐਫ ਟੀ) ਵਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਬਰਾਮਦ ਕੀਤੇ ਜਾਣ ਵਾਲੇ ਉਤਪਾਦ ਦੇ ਨਮੂਨੇ ਦੀ ਸਰਕਾਰੀ ਲੈਬ ਵਿੱਚ ਜਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ ਹੀ ਖੰਘ ਦੇ ਸਿਰਪ ਨੂੰ ਬਰਾਮਦ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਖੰਘ ਦੀ ਦਵਾਈ ਲਈ ਨਵੀਂ ਪ੍ਰਣਾਲੀ 1 ਜੂਨ ਤੋਂ ਲਾਗੂ ਹੋ ਜਾਵੇਗੀ।

ਜਿਕਰਯੋਗ ਹੈ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ (ਡਬਲਯੂ ਐਚ ਓ) ਨੇ ਪਿਛਲੇ ਸਾਲ ਭਾਰਤ ਵਿੱਚ ਖੰਘ ਅਤੇ ਜ਼ੁਕਾਮ ਲਈ ਵਰਤੀਆਂ ਜਾਂਦੀਆਂ ਪੀਣ ਵਾਲੀਆਂ ਚਾਰ ਦਵਾਈਆਂ ਬਾਰੇ ਇੱਕ ਅਲਰਟ ਜਾਰੀ ਕੀਤਾ ਸੀ। ਗਾਂਬੀਆ ਵਿਚ ਇਨ੍ਹਾਂ ਕਫ ਸੀਰਪ ਨੂੰ ਪੀਣ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਸੀ। ਡਬਲਯੂ ਐਚ ੳ ਨੇ ਕਿਹਾ ਸੀ ਕਿ ਇਹ ਕਿਡਨੀ ਨੂੰ ਭਾਰੀ ਨੁਕਸਾਨ ਪਹੁੰਚਾਉਂਦਾ ਹੈ। ਇਸ ਦੇ ਨਾਲ ਹੀ ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਨੇ ਇਨ੍ਹਾਂ ਕਫ਼ ਸੀਰਪਾਂ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਸੀ।