ਕਿਸ਼ਤਵਾੜ ਵਿਚ ਦੋ ਵਾਹਨਾਂ ਦੀ ਟੱਕਰ ਵਿਚ 6 ਵਿਕਅਤੀਆਂ ਦੀ ਮੌਤ, ਦਰਜਨ ਤੋਂ ਵੱਧ ਜ਼ਖ਼ਮੀ
ਕਿਸ਼ਤਵਾੜ, 24 ਮਈ (ਸ.ਬ.) ਕਿਸ਼ਤਵਾੜ ਇਲਾਕੇ ਵਿਚ ਅੱਜ ਸਵੇਰੇ ਦੋ ਵਾਹਨਾਂ ਵਿਚਾਲੇ ਹੋਈ ਟੱਕਰ ਵਿਚ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ 12 ਤੋਂ ਵੱਧ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਹਾਦਸੇ ਦੀ ਪੁਸ਼ਟੀ ਕਰਦਿਆਂ ਜ਼ਿਲ੍ਹੇ ਦੇ ਐਸ ਐਸ ਪੀ ਖਲੀਲ ਪੋਸਵਾਲ ਨੇ ਕਿਹਾ ਕਿ ਛੇ ਵਿਅਕਤੀਆਂ ਦੇ ਮਾਰੇ ਜਾਣ ਦੀ ਸੂਚਨਾ ਹੈ ਜਦੋਂਕਿ ਕਰੀਬ ਇਕ ਦਰਜਨ ਲੋਕ ਜ਼ਖ਼ਮੀ ਹੋਏ ਹਨ। ਜਿਸ ਇਲਾਕੇ ਵਿਚ ਇਹ ਹਾਦਸਾ ਹੋਇਆ ਹੈ, ਉਹ ਜ਼ਿਲ੍ਹਾ ਹੈਡਕੁਆਰਟਰ ਤੋਂ ਬਹੁਤ ਦੂਰ ਹੈ। ਰਾਹਤ ਕਰਮਚਾਰੀਆਂ ਦੀ ਟੀਮ ਮੌਕੇ ਤੇ ਪਹੁੰਚ ਗਈ ਹੈ ਅਤੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਮ੍ਰਿਤਕਾਂ ਦੀ ਤੁਰੰਤ ਪਛਾਣ ਨਹੀਂ ਹੋ ਸਕੀ ਹੈ ਪਰ ਇਹ ਸਾਰੇ ਮਜ਼ਦੂਰ ਅਤੇ ਸਥਾਨਕ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਪ੍ਰਾਪਤ ਜਾਣਕਾਰੀ ਮੁਤਾਬਿਕ ਇਹ ਹਾਦਸਾ ਦੱਛਨ ਨੇੜੇ ਡਾਂਗਡੁਰੂ ਵਿਖੇ ਵਾਪਰਿਆ। ਡਾਂਗਡੁਰੂ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਤਹਿਤ ਉਸਾਰੀ ਦਾ ਕੰਮ ਚੱਲ ਰਿਹਾ ਸੀ। ਮਜ਼ਦੂਰਾਂ ਦਾ ਇਕ ਸਮੂਹ ਟਰੱਕ ਵਿੱਚ ਬੈਠ ਕੇ ਆਪਣੇ ਕੰਮ ਵਾਲੀ ਥਾਂ ਵੱਲ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਇੱਕ ਮੋੜ ਤੇ ਸਾਹਮਣੇ ਤੋਂ ਕਾਰ ਆ ਗਈ ਅਤੇ ਦੋਵੇਂ ਵਾਹਨ ਆਪਸ ਵਿਚ ਟਕਰਾ ਗਏ।