ਹਿੰਦੀ ਫਿਲਮ ਅਤੇ ਟੀ ਵੀ ਇੰਡਸਟ੍ਰੀ ਲਈ ਬੁਰੀਆਂ ਖਬਰਾਂ ਵਾਲਾ ਦਿਨ ਅਦਾਕਾਰ ਨਿਤੇਸ਼ ਪਾਂਡੇ ਅਤੇ ਅਦਾਕਾਰਾ ਵੈਭਵੀ ਉਪਾਧਿਆਏ ਦਾ ਦੇਹਾਂਤ

ਮੁੰਬਈ, 24 ਮਈ (ਸ.ਬ.) ਹਿੰਦੀ ਫਿਲਮ ਅਤੇ ਟੀ ਵੀ ਇੰਡਸਟ੍ਰੀ ਲਈ ਦੋ ਬੁਰੀਆਂ ਖਬਰਾਂ ਆਈਆਂ ਹਨ। ਟੀ ਵੀ ਦੇ ਕਈ ਮਸ਼ਹੂਰ ਸ਼ੋਅਜ਼ ਦਾ ਹਿੱਸਾ ਰਹੀ ਅਦਾਕਾਰਾ ਵੈਭਵੀ ਉਪਾਧਿਆਏ ਦਾ ਦੇਹਾਂਤ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 32 ਸਾਲਾ ਵੈਭਵੀ ਹਿਮਾਚਲ ਪ੍ਰਦੇਸ਼ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਵਿੱਚ ਉਸ ਦੀ ਜਾਨ ਚਲੀ ਗਈ। ਕਾਰ ਵਿਚ ਵੈਭਵੀ ਦੇ ਨਾਲ ਉਸ ਦਾ ਮੰਗੇਤਰ ਵੀ ਸੀ। ਜਿਸ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ।

ਵੈਭਵੀ ਲੰਬੇ ਸਮੇਂ ਤੋਂ ਟੀਵੀ ਇੰਡਸਟਰੀ ਦਾ ਹਿੱਸਾ ਸੀ ਅਤੇ ਹੁਣ ਤੱਕ ਕਈ ਮਸ਼ਹੂਰ ਸ਼ੋਅਜ਼ ਵਿਚ ਕੰਮ ਕਰ ਚੁੱਕੀ ਹੈ। ਇਨ੍ਹਾਂ ਵਿੱਚੋਂ ਸਭ ਤੋਂ ਮਸ਼ਹੂਰ ਕਾਮੇਡੀ ਸੀਰੀਅਲ ਸਾਰਾਭਾਈ ਵਰਸਿਜ਼ ਸਾਰਾਭਾਈ ਰਿਹਾ ਹੈ ਜਿਸ ਵਿਚ ਵੈਭਵੀ ਨੇ ਜੈਸਮੀਨ ਦੀ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਵੈਭਵੀ ‘ਸੀ ਆਈ ਡੀ’, ‘ਸਰੰਚਨਾ’, ‘ਅਦਾਲਤ’, ‘ਸਾਵਧਾਨ ਇੰਡੀਆ’, ‘ਪਲੀਜ਼ ਫਾਈਂਡ ਅਟੈਚਡ’, ‘ਡਿਲੀਵਰੀ ਗਰਲ’, ‘ਇਸ਼ਕ ਕਿਲਜ਼’ ਤੇ ‘ਲੈਫਟ ਰਾਈਟ ਲੈਫਟ ਵਰਗੇ ਹਿੱਟ ਸ਼ੋਅਜ਼ ਦਾ ਹਿੱਸਾ ਰਹਿ ਚੁੱਕੀ ਹੈ। ਉਨ੍ਹਾਂ ਦੀਪਿਕਾ ਪਾਦੁਕੋਣ ਸਟਾਰਰ ‘ਛਪਾਕ’ ਵਿਚ ਮੀਨਾਕਸ਼ੀ ਦਾ ਕਿਰਦਾਰ ਨਿਭਾਇਆ ਸੀ। ਇਸ ਦੇ ਨਾਲ ਹੀ ਅਭਿਨੇਤਰੀ ਨੇ ਰਾਜਕੁਮਾਰ ਰਾਓ ਤੇ ਪੱਤਰਲੇਖਾ ਨਾਲ ਫਿਲਮ ਸਿਟੀ ਲਾਈਟਸ ਵਿਚ ਵੀ ਕੰਮ ਕੀਤਾ।

ਇਸ ਦੌਰਾਨ ਹਿੰਦੀ ਫਿਲਮ ਤੇ ਟੀਵੀ ਕਲਾਕਾਰ ਨਿਤੇਸ਼ ਪਾਂਡੇ ਦੀ 51 ਸਾਲ ਵਿਚ ਦਿਲ ਦੇ ਦੌਰੇ ਕਾਰਨ ਮੌਤ ਹੋ ਗਈ ਹੈ। ਟੈਲੀਵਿਜ਼ਨ ਸ਼ੋਅ ‘ਅਨੁਪਮਾ’ ਵਿਚ ਧੀਰਜ ਕੁਮਾਰ ਦੀ ਭੂਮਿਕਾ ਨਿਭਾਉਣ ਵਾਲੇ ਅਭਿਨੇਤਾ ਨਿਤੇਸ਼ ਪਾਂਡੇ ਨੂੰ ਬੀਤੀ ਦੇਰ ਰਾਤ ਨਾਸਿਕ ਦੇ ਨੇੜੇ ਇਗਤਪੁਰੀ ਵਿੱਚ ਦਿਲ ਦਾ ਦੌਰਾ ਪਿਆ ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ।

ਨਿਤੇਸ਼ ਨੇ 1990 ਵਿੱਚ ਥੀਏਟਰ ਨਾਲ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ। 1995 ਵਿੱਚ ਉਨ੍ਹਾਂ ਨੇ ‘ਤੇਜਸ’ ਵਿੱਚ ਜਾਸੂਸ ਦੀ ਭੂਮਿਕਾ ਨਿਭਾਈ। ਉਹਨਾਂ ਮੰਜ਼ਿਲੇ ਅਪਨੀ ਅਪਨੀ, ‘ਅਸਤਿਤਵ…ਏਕ ਪ੍ਰੇਮ ਕਹਾਣੀ’, ‘ਸਾਇਆ’ ਅਤੇ ‘ਦੁਰਗੇਸ਼ ਨੰਦਿਨੀ’ ਵਰਗੇ ਸੀਰੀਅਲਾਂ ਵਿੱਚ ਕੰਮ ਕੀਤਾ। ਟੈਲੀਵਿਜ਼ਨ ਤੋਂ ਇਲਾਵਾ ਉਨ੍ਹਾਂ ਨੇ ਫਿਲਮਾਂ ਵਿਚ ਵੀ ਕੰਮ ਕੀਤਾ। ਨੈਸ਼ਨਲ ਅਵਾਰਡ ਜੇਤੂ ਫਿਲਮ ‘ਖੋਸਲਾ ਕਾ ਘੋਸਲਾ’ ਵਿਚ ਉਹਨਾਂ ਦੇ ਕੰਮ ਦੀ ਵਿਆਪਕ ਤਾਰੀਫ ਹੋਈ। ਉਨ੍ਹਾਂ ‘ਓਮ ਸ਼ਾਂਤੀ ਓਮ’ ਅਤੇ ‘ਬਧਾਈ ਦੋ’ ਵਿੱਚ ਵੀ ਕੰਮ ਕੀਤਾ।

ਉਹ ਉੱਤਰਾਖੰਡ ਦੇ ਅਲਮੋੜਾ ਦੇ ਸਨ ਤੇ ਉਨ੍ਹਾਂ ਦੇ ਪਰਿਵਾਰ ਵਿਚ ਅਭਿਨੇਤਰੀ-ਪਤਨੀ ਅਰਪਿਤਾ ਪਾਂਡੇ ਹਨ।