ਮਨੁੱਖੀ ਸਮੱਗਲਿੰਗ ਕਰਨ ਵਾਲੇ ਟਰੈਵਲ ਅਤੇ ਇੰਮੀਗ੍ਰੇਸ਼ਨ ਏਜੰਟਾਂ ਉੱਤੇ ਸ਼ਿਕੰਜਾ ਕੱਸਣ ਦੀ ਲੋੜ : ਕੁਲਦੀਪ ਸਿੰਘ ਧਾਲੀਵਾਲ ਕਿਸਾਨੀ ਅੰਦੋਲਨ ਦੌਰਾਨ ਹਿੱਸਾ ਲੈਣ ਵਾਲੇ ਪ੍ਰਵਾਸੀ ਪੰਜਾਬੀਆਂ ਨੂੰ ਭਾਰਤ ਸਰਕਾਰ ਤੰਗ ਨਾ ਕਰੇ

ਚੰਡੀਗੜ੍ਹ, 24 ਮਈ (ਸ.ਬ.) ਪੰਜਾਬ ਦੇ ਪਰਵਾਸੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਜਿਨ੍ਹਾਂ ਪਰਵਾਸੀ ਪੰਜਾਬੀਆਂ ਨੇ ਕਿਸਾਨੀ ਅੰਦੋਲਨ ਦੌਰਾਨ ਹਿੱਸਾ ਲਿਆ ਸੀ ਉਨ੍ਹਾਂ ਨੂੰ ਕੇਂਦਰ ਸਰਕਾਰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰੇ। ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਅਤੇ ਪੰਜਾਬ ਦੇ ਐਨ ਆਰ ਆਈ ਵਿਭਾਗ ਵਲੋਂ ਸਾਂਝੇ ਤੌਰ ਉੱਤੇ ਕਰਵਾਏ ਗਏ ਵਿਦੇਸ਼ ਸੰਪਰਕ ਪ੍ਰੋਗਰਾਮ ਦੌਰਾਨ ਬੋਲਦਿਆਂ ਧਾਲੀਵਾਲ ਨੇ ਕਿਹਾ ਕਿ ਜਿਹੜੇ ਪਰਵਾਸੀ ਪੰਜਾਬੀਆਂ ਨੇ ਕਿਸਾਨੀ ਅੰਦੋਲਨ ਦੌਰਾਨ ਕੇਂਦਰ ਸਰਕਾਰ ਦੇ ਖੇਤੀ ਮਾਰੂ ਕਾਨੂੰਨਾਂ ਵਿਰੁੱਧ ਹਿੱਸਾ ਲਿਆ ਸੀ ਉਨ੍ਹਾਂ ਨੂੰ ਭਾਰਤ ਵਿਚ ਆਉਣ ਤੋਂ ਰੋਕੇ ਜਾਣ ਅਤੇ ਹੋਰ ਕਈ ਤਰੀਕਿਆਂ ਨਾਲ ਤੰਗ ਕੀਤਾ ਜਾ ਰਿਹਾ ਹੈ ਅਤੇ ਕਈਆਂ ਨੂੰ ਕਾਲੀ ਸੂਚੀ ਵਿਚ ਸ਼ਾਮਿਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਵਰਤਾਰਾ ਤੁਰੰਤ ਬੰਦ ਹੋਣਾ ਚਾਹੀਦਾ ਹੈ। ਪਰਵਾਸੀ ਪੰਜਾਬੀਆਂ ਪ੍ਰਤੀ ਅਜਿਹੇ ਵਤੀਰੇ ਕਰ ਕੇ ਵਿਦੇਸ਼ਾਂ ਵਿਚ ਭਾਰਤ ਸਰਕਾਰ ਪ੍ਰਤੀ ਨਾਕਰਾਤਮਕ ਸੁਨੇਹਾ ਜਾ ਰਿਹਾ ਹੈ, ਜਿਸ ਨੂੰ ਰੋਕਿਆ ਜਾਣਾ ਚਾਹੀਦਾ ਹੈ।

ਧਾਲੀਵਾਲ ਨੇ ਇਕ ਹੋਰ ਗੰਭੀਰ ਮੁੱਦਾ ਚੁੱਕਦਿਆਂ ਕਿਹਾ ਕਿ ਵਿਦੇਸ਼ਾਂ ਵਿਚ ਰਾਜਨੀਤਕ ਸ਼ਰਨ ਲੈਣ ਵਾਲਿਆਂ ਲਈ ਵੀ ਭਾਰਤ ਸਰਕਾਰ ਨੂੰ ਕੋਈ ਠੋਸ ਨੀਤੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਅਜਿਹੇ ਵਿਅਕਤੀ ਵਿਦੇਸ਼ਾਂ ਵਿਚ ਪੱਕੇ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਜਨਮ ਭੂਮੀ ਤੇ ਪਰਤਣ ਵਿਚ ਬਹੁਤ ਮੁਸ਼ਕਿਲ ਆਉਂਦੀ ਹੈ। ਉਨ੍ਹਾ ਕਿਹਾ ਕਿ ਰਾਜਨੀਤਕ ਸ਼ਰਨ ਲੈਣ ਵੇਲੇ ਸਬੰਧਿਤ ਵਿਅਕਤੀ ਦੇ ਹਾਲਾਤ ਭਾਵੇਂ ਕਿਹੋ ਜਿਹੇ ਵੀ ਰਹੇ ਹੋਣ ਪਰ ਵਿਦੇਸ਼ ਵਿਚ ਪੱਕੇ ਹੋਣ ਤੋਂ ਬਾਅਦ ਉਹ ਆਪਣੇ ਦੇਸ਼ ਆ ਸਕਦਾ ਹੈ ਜਾਂ ਨਹੀਂ, ਇਸ ਮਸਲੇ ਨੂੰ ਹੱਲ ਕਰਨ ਲਈ ਭਾਰਤ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ।

ਧਾਲੀਵਾਲ ਨੇ ਇਸ ਮੌਕੇ ਵਿਦੇਸ਼ੀ ਨਾਗਰਿਕਾਂ ਖਾਸ ਤੌਰ ਉੱਤੇ ਪਰਵਾਸੀ ਪੰਜਾਬੀਆਂ ਨੂੰ ਪੰਜਾਬ ਵਿੱਚ ਖੇਤੀਬਾੜੀ ਲਈ ਜ਼ਮੀਨ ਖਰੀਦਣ ਦੀ ਇਜਾਜ਼ਤ ਦੇਣ ਦੀ ਵੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਪਰਵਾਸੀ ਕਮਰਸ਼ੀਅਲ ਜ਼ਮੀਨ ਤਾਂ ਖਰੀਦ ਸਕਦੇ ਹਨ ਪਰ ਖੇਤੀ ਲਈ ਜ਼ਮੀਨ ਖਰੀਦਣ ਦੀ ਉਨ੍ਹਾਂ ਨੂੰ ਇਜਾਜ਼ਤ ਨਹੀਂ ਹੈ ਅਤੇ ਇਸ ਬਾਬਤ ਵੀ ਕੋਈ ਠੋਸ ਹੱਲ ਕੱਢਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਜਿਹੜੇ ਟਰੈਵਲ ਜਾਂ ਇਮੀਗ੍ਰੇਸ਼ਨ ਏਜੰਟ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਮਨੁੱਖੀ ਸਮੱਗਲਿੰਗ ਕਰਦੇ ਹਨ, ਅਜਿਹੇ ਲੋਕਾਂ ਵਿਰੁੱਧ ਸ਼ਿਕੰਜਾ ਕੱਸਣ ਦੀ ਬਹੁਤ ਜਿਆਦਾ ਲੋੜ ਹੈ। ਪੰਜਾਬ ਵਿੱਚ ਥਾਂ ਥਾਂ ਖੁੱਲ੍ਹੀਆਂ ਆਈਲੈਟਸ ਦੀਆਂ ਦੁਕਾਨਾਂ, ਜਿਨ੍ਹਾਂ ਵਿੱਚੋਂ ਜ਼ਿਆਦਾ ਵਿਦਿਆਰਥੀਆਂ ਦੀ ਅੰਨ੍ਹੀ ਆਰਥਿਕ ਲੁੱਟ ਕਰ ਰਹੀਆਂ ਹਨ, ਬਾਰੇ ਬੋਲਦਿਆਂ ਧਾਲੀਵਾਲ ਨੇ ਸੁਝਾਅ ਦਿੱਤਾ ਕਿ ਆਈਲੈਟਸ ਵਰਗੇ ਕੋਰਸ ਨੂੰ ਸਾਡੇ ਸਿੱਖਿਆ ਸਿਸਟਮ ਨਾਲ ਜੋੜਨਾ ਚਾਹੀਦਾ ਹੈ। ਇਸ ਨਾਲ ਜਿੱਥੇ ਨੌਜਵਾਨਾਂ ਦੀ ਅੰਗਰੇਜ਼ੀ ਭਾਸ਼ਾ ਉੱਤੇ ਪਕੜ ਮਜ਼ਬੂਤ ਹੋਵੇਗੀ ਉੱਥੇ ਹੀ ਉਹ ਆਰਥਿਕ ਲੁੱਟ ਤੋਂ ਵੀ ਬਚ ਜਾਣਗੇ।

ਧਾਲੀਵਾਲ ਨੇ ਪਰਵਾਸੀ ਭਾਰਤੀਆਂ ਲਈ ਸਪੈਸ਼ਲ ਅਦਾਲਤਾਂ ਦੀ ਲੋੜ ਤੇ ਵੀ ਜ਼ੋਰ ਦਿੱਤਾ ਜੋ ਉਨ੍ਹਾਂ ਦੇ ਮਸਲੇ ਸਮਾਂਬੱਧ ਤਰੀਕੇ ਨਾਲ ਨਿਪਟਾ ਸਕਣ।

ਇਸ ਮੌਕੇ ਭਾਰਤ ਸਰਕਾਰ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਸਕੱਤਰ ਡਾ. ਔਸਫ ਸਈਅਦ, ਪੰਜਾਬ ਦੇ ਐਨ ਆਰ ਆਈ ਵਿਭਾਗ ਦੇ ਪ੍ਰਮੁੱਖ ਸਕੱਤਰ ਦਲੀਪ ਕੁਮਾਰ, ਸਕੱਤਰ ਕੰਵਲ ਪ੍ਰੀਤ ਬਰਾੜ ਤੋਂ ਇਲਾਵਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਅਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਹਾਜ਼ਿਰ ਸਨ।