ਵਿਧਾਇਕ ਕੁਲਵੰਤ ਸਿੰਘ ਨੇ 42 ਪਰਿਵਾਰਾਂ ਨੂੰ ਕਰੀਬ 63 ਲੱਖ ਦੀ ਗ੍ਰਾਂਟ ਦੇ ਮਨਜ਼ੂਰੀ ਪੱਤਰ ਵੰਡੇ 1500 ਦੇ ਕਰੀਬ ਹੋਰ ਕੱਚੇ ਮਕਾਨ ਪੱਕੇ ਕੀਤੇ ਜਾਣਗੇ : ਕੁਲਵੰਤ ਸਿੰਘ

ਐਸ.ਏ.ਐਸ ਨਗਰ, 24 ਮਈ (ਸ.ਬ.) ਹਲਕਾ ਵਿਧਾਇਕ ਸ੍ਰੀ ਕੁਲਵੰਤ ਸਿੰਘ ਨੇ ਕਿਹਾ ਹੈ ਕਿ ਸੂਬਾ ਸਰਕਾਰ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਲੜੀਵਾਰ ਪੂਰਾ ਕਰ ਰਹੀ ਹੈ। ਅੱਜ ਇੱਥੇ ਕੱਚੇ ਮਕਾਨਾਂ ਨੂੰ ਪੱਕੇ ਕਰਨ ਲਈ ਲੋੜਵੰਦ 42 ਪਰਿਵਾਰਾਂ ਨੂੰ ਕਰੀਬ 63 ਲੱਖ ਦੀ ਗ੍ਰਾਂਟ ਦੇ ਮਨਜ਼ੂਰੀ (ਸੈਂਕਸ਼ਨ) ਪੱਤਰ ਵੰਡਣ ਮੌਕੇ ਉਨ੍ਹਾਂ ਕਿਹਾ ਕਿ ਭਵਿੱਖ ਦੌਰਾਨ ਜ਼ਿਲ੍ਹੇ ਵਿੱਚ 1500 ਦੇ ਕਰੀਬ ਹੋਰ ਕੱਚੇ ਘਰ ਪੱਕੇ ਕੀਤੇ ਜਾਣਗੇ ਅਤੇ ਲੋੜ ਅਨੁਸਾਰ ਮੁਰੰਮਤ ਵੀ ਕਰਵਾਈ ਜਾਵੇਗੀ ।

ਸ. ਕੁਲਵੰਤ ਸਿੰਘ ਨੇ ਕਿਹਾ ਅੱਜ ਲੋਕਾਂ ਨਾਲ ਕੀਤਾ ਹੋਇਆ ਇੱਕ ਹੋਰ ਵਾਅਦਾ ਪੂਰਾ ਕਰਦਿਆ ਲੋੜਵੰਦ ਪਰਿਵਾਰਾਂ ਨੂੰ ਘਰ ਬਣਾਉਣ ਵਾਸਤੇ ਗ੍ਰਾਂਟ ਦੇ ਮਨਜ਼ੂਰੀ (ਸੈਂਕਸ਼ਨ) ਪੱਤਰ ਵੰਡੇ ਗਏ ਹਨ ਅਤੇ ਸਰਕਾਰ ਵੱਲੋਂ ਇਨ੍ਹਾਂ ਪਰਿਵਾਰਾਂ ਦੇ ਘਰ ਉਸਾਰੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ 30 ਦੇ ਕਰੀਬ ਕੱਚੇ ਘਰ ਉਨ੍ਹਾਂ ਵੱਲੋਂ ਨਿੱਜੀ ਤੌਰ ਤੇ ਪੱਕੇ ਕਰਵਾ ਕੇ ਦਿੱਤੇ ਗਏ ਹਨ। ਇਸ ਮੌਕੇ ਉਨ੍ਹਾਂ ਹਲਕੇ ਵਿੱਚ ਵਸਦੇ ਉਨ੍ਹਾਂ ਪਰਿਵਾਰਾਂ (ਜਿਨ੍ਹਾਂ ਕੋਲ ਆਪਣੇ ਘਰ ਨਹੀਂ ਹਨ) ਨੂੰ ਪੰਜ-ਪੰਜ ਮਰਲੇ ਦੇ ਪਲਾਟ ਦੇਣ ਦਾ ਵੀ ਭਰੋਸਾ ਦਿੱਤਾ।

ਸ੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ । ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰ ਰਹੀ ਹੈ । ਇਸ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਈ ਵੀ ਐਸ ਘਰ ਬਣਾਏ ਜਾ ਰਹੇ ਹਨ ਜਿਨ੍ਹਾਂ ਵਿੱਚੋ 5000 ਮਕਾਨ ਜ਼ਿਲ੍ਹਾ ਐਸ. ਏ. ਐਸ ਨਗਰ ਵਿੱਚ ਬਣਾਏ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ 1000 ਘਰ ਲਗਭਗ ਤਿਆਰ ਹੋ ਚੁੱਕੇ ਹਨ। ਇਸ ਮੌਕੇ ਐਸ. ਡੀ. ਐਮ ਮੁਹਾਲੀ ਸ੍ਰੀਮਤੀ ਸਰਬਜੀਤ ਕੌਰ ਤੋਂ ਇਲਾਵਾ ਹਲਕੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਲਾਭਪਾਤਰੀ ਹਾਜ਼ਰ ਸਨ।