ਵਧਦੀ ਗਰਮੀ ਦੇ ਮੱਦੇਨਜ਼ਰ ਪੇਂਡੂ ਡਿਸਪੈਂਸਰੀਆਂ ਖੋਲ੍ਹੇ ‘ਆਪ’ ਸਰਕਾਰ : ਜੈਵੀਰ ਸ਼ੇਰਗਿੱਲ

ਚੰਡੀਗੜ੍ਹ, 25 ਮਈ (ਸ.ਬ.) ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੇਂਡੂ ਪੰਜਾਬ ਦੇ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਤੋਂ ਵਾਂਝਾ ਕਰਕੇ ਉਨ੍ਹਾਂ ਦੀਆਂ ਜਾਨਾਂ ਨਾਲ ਖੇਡ ਰਹੀ ਹੈ। ਇੱਥੇ ਜਾਰੀ ਇੱਕ ਬਿਆਨ ਵਿੱਚ ਸ਼ੇਰਗਿੱਲ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਪੇਂਡੂ ਡਿਸਪੈਂਸਰੀਆਂ ਨੂੰ ਬੰਦ ਕਰਨ ਕਰਕੇ ਪੰਜਾਬ ਦੇ ਹਜ਼ਾਰਾਂ ਪਿੰਡਾਂ ਵਿੱਚ ਵਸਦੇ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਨਹੀਂ ਮਿਲ ਰਹੀਆਂ ਅਤੇ ਇਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਹਨਾਂ ਕਿਹਾ ਕਿ ਗਰਮੀ ਬਹੁਤ ਜਿਆਦਾ ਵੱਧ ਗਈ ਹੈ ਜਿਸ ਕਾਰਨ ਪੇਂਡੂ ਡਿਸਪੈਂਸਰੀਆਂ ਨੂੰ ਮੁੜ ਖੋਲ੍ਹਣਾ ਸਮੇਂ ਦੀ ਮੁੱਖ ਲੋੜ ਹੈ, ਜਿਨ੍ਹਾਂ ਨੂੰ ‘ਆਪ’ ਸਰਕਾਰ ਬਿਜਲੀ ਦੀ ਰਫ਼ਤਾਰ ਵਾਂਗ ਬੰਦ ਕਰ ਰਹੀ ਹੈ। ਉਹਨਾਂ ਕਿਹਾ ਕਿ ਨਾ ਸਿਰਫ਼ ਪੇਂਡੂ ਡਿਸਪੈਂਸਰੀਆਂ ਨੂੰ ਚਾਲੂ ਕੀਤਾ ਜਾਣਾ ਚਾਹੀਦਾ ਹੈ, ਸਗੋਂ ‘ਆਪ’ ਸਰਕਾਰ ਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇੱਕ ਰੂਰਲ ਮੈਡੀਕਲ ਅਫ਼ਸਰ (ਆਰ.ਐਮ. ਓ.), ਨਰਸਿੰਗ, ਫਾਰਮਾਸਿਸਟ ਅਤੇ ਚੌਥਾ ਦਰਜਾ ਸਟਾਫ਼ ਤੋਂ ਇਲਾਵਾ, ਇਨ੍ਹਾਂ ਡਿਸਪੈਂਸਰੀਆਂ ਵਿੱਚ ਲੋੜੀਂਦਾ ਸਾਮਾਨ ਅਤੇ ਸਾਰੀਆਂ ਲੋੜੀਂਦੀਆਂ ਦਵਾਈਆਂ ਦਾ ਸਟਾਕ ਉਪਲਬਧ ਕਰਵਾਇਆ ਜਾਵੇ।