ਜ਼ਿਲ੍ਹਾ ਹਸਪਤਾਲ ਵਿਚ ਦੂਰਬੀਨ ਤੇ ਲੇਜ਼ਰ ਨਾਲ ਕੀਤੇ ਜਾ ਰਹੇ ਹਨ ਜਨਰਲ ਆਪਰੇਸ਼ਨ : ਡਾ. ਵਿਨੀਤ ਕੰਬੋਜ
ਐਸ ਏ ਐਸ ਨਗਰ, 25 ਮਈ (ਸ.ਬ.) ਜ਼ਿਲ੍ਹਾ ਹਸਪਤਾਲ ਮੁਹਾਲੀ ਦੇ ਜਨਰਲ ਅਤੇ ਲੈਪਰੋਸਕੋਪਿਕ ਸਰਜਨ ਡਾ. ਵਿਨੀਤ ਕੰਬੋਜ ਨੇ ਕਿਹਾ ਹੈ ਕਿ ਜ਼ਿਲ੍ਹਾ ਹਸਪਤਾਲ ਵਿੱਚ ਵੱਖ-ਵੱਖ ਬੀਮਾਰੀਆਂ ਦੇ ਜਨਰਲ ਆਪਰੇਸ਼ਨ ਸਫ਼ਲਤਾਪੂਰਵਕ ਤੇ ਤਸੱਲੀਬਖ਼ਸ਼ ਢੰਗ ਨਾਲ ਕੀਤੇ ਜਾ ਰਹੇ ਹਨ।
ਉਨ੍ਹਾਂ ਦਸਿਆ ਕਿ ਉਨ੍ਹਾਂ ਨੇ ਵਿਅਕਤੀਗਤ ਤੌਰ ਤੇ ਸਾਲ 2022-23 ਵਿਚ ਹਸਪਤਾਲ ਵਿਚ 500 ਤੋਂ ਵੱਧ ਸਫਲ ਲੈਪਰੋਸਕੋਪਿਕ ਆਪਰੇਸ਼ਨ ਕੀਤੇ ਹਨ। ਇਸ ਤੋਂ ਇਲਾਵਾ ਸਾਲ 2021-22 ਵਿਚ ਵੀ ਉਨ੍ਹਾਂ ਦੁਆਰਾ 500 ਤੋਂ ਵੱਧ ਲੈਪਰੋਸਕੋਪਿਕ ਆਪਰੇਸ਼ਨ ਕੀਤੇ ਜਾ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹਾ ਹਸਪਤਾਲ ਵਿਚ ਵੱਖ-ਵੱਖ ਬੀਮਾਰੀਆਂ ਜਿਵੇਂ ਹਰਨੀਆਂ, ਪਥਰੀਆਂ, ਗਦੂਦਾਂ, ਬਵਾਸੀਰ ਆਦਿ ਦੇ ਆਪਰੇਸ਼ਨ ਕਰ ਰਹੇ ਹਨ। ਇਹ ਸਾਰੇ ਆਪਰੇਸ਼ਨ ਦੂਰਬੀਨ ਨਾਲ ਕੀਤੇ ਜਾਂਦੇ ਹਨ ਅਤੇ ਬਵਾਸੀਰ ਦਾ ਆਪਰੇਸ਼ਨ ਲੇਜ਼ਰ ਨਾਲ ਕੀਤਾ ਜਾਂਦਾ ਹੈ। ਉਨ੍ਹਾਂ ਦਸਿਆ ਕਿ ਇਸ ਸਮੇਂ ਦੌਰਾਨ ਕਈ ਮੁਸ਼ਕਲ ਕੇਸਾਂ ਨੂੰ ਵੀ ਹੱਲ ਕਰਦਿਆਂ ਮਰੀਜ਼ਾਂ ਨੂੰ ਬੀਮਾਰੀਆਂ ਤੋਂ ਨਿਜਾਤ ਦਿਵਾਈ ਗਈ ਹੈ।
ਉਹਨਾਂ ਦੱਸਿਆ ਕਿ ਸਿਵਲ ਸਰਜਨ ਡਾ. ਰੁਪਿੰਦਰ ਗਿੱਲ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਐਚ.ਐਸ.ਚੀਮਾ ਦੀ ਅਗਵਾਈ ਹੇਠ ਮਰੀਜ਼ਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਵਾਸਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।