ਪਿੰਡ ਭਾਗੋਮਾਜਰਾ ਦੇ ਕਬਰਿਸਥਾਨ ਨੂੰ ਲੀਜ਼ ਤੇ ਦਿੱਤੇ ਜਾਣ ਦੇ ਮਾਮਲੇ ਵਿੱਚ ਪ੍ਰਸ਼ਾਸ਼ਨ ਵਲੋਂ ਗਠਿਤ ਕਮੇਟੀ ਦੀ ਮੀਟਿੰਗ ਆਯੋਜਿਤ
ਐਸ ਏ ਐਸ ਨਗਰ, 25 ਮਈ (ਸ.ਬ.) ਨੇੜਲੇ ਪਿੰਡ ਭਾਗੋਮਾਜਰਾ (ਸੈਕਟਰ 109) ਦੇ ਕਬਰਿਸਥਾਨ ਨੂੰ ਲੈ ਕੇ ਮੁਹਾਲੀ ਪ੍ਰਸ਼ਾਸਨ ਵਲੋਂ ਗਠਿਤ ਜਾਂਚ ਕਮੇਟੀ ਦੀ ਮੀਟਿੰਗ ਐਸ ਡੀ ਐਮ ਮੁਹਾਲੀ ਸ੍ਰੀਮਤੀ ਸਰਬਜੀਤ ਕੌਰ ਦੀ ਪ੍ਰਧਾਨਗੀ ਹੇਠ ਐਸਡੀਐਮ ਦਫ਼ਤਰ ਮੁਹਾਲੀ ਵਿਖੇ ਹੋਈ ਜਿਸ ਵਿੱਚ ਜਾਂਚ ਕਮੇਟੀ ਦੇ ਮੈਂਬਰ ਡੀ ਐਸ ਪੀ ਸਿਟੀ 2 ਹਰਸਿਮਰਨ ਸਿੰਘ ਬੱਲ, ਪੰਜਾਬ ਵਕਫ ਬੋਰਡ ਰਾਜਪੁਰਾ ਦੇ ਈ ਓ ਅਹਿਸਾਨ ਚੌਹਾਨ, ਡਾ. ਅਨਵਰ ਹੂਸੈਨ, ਸਾਬਕਾ ਮੈਂਬਰ ਮੁਸਲਿਮ ਵਿਕਾਸ ਬੋਰਡ ਅਤੇ ਕਬਰ ਬਚਾਉ ਫਰੰਟ ਮੁਹਾਲੀ ਦੇ ਪ੍ਰਧਾਨ ਸਦੀਕ ਮਲਿਕ ਤੋਂ ਇਲਾਵਾ ਮੁਸਲਿਮ ਭਾਈਚਾਰੇ ਦੇ ਆਗੂ ਅਬਦੁਲ ਗਫਾਰ ਪ੍ਰਧਾਨ ਇੰਤਜਾਮੀਆਂ ਕਮੇਟੀ ਭਾਗੋਮਾਜਰਾ, ਦਿਲਬਰ ਖਾਨ ਕੁਰੜੀ ਅਤੇ ਅਜਮੀਲ ਭਾਦਸੋਂ ਵੀ ਹਾਜਿਰ ਹੋਏ।
ਮੀਟਿੰਗ ਦੌਰਾਨ ਐਸ ਡੀ ਐਮ ਸਰਬਜੀਤ ਕੌਰ ਵਲੋਂ ਸਾਰਿਆਂ ਦਾ ਪੱਖ ਸੁਣਦੇ ਹੋਏ ਪੰਜਾਬ ਵਕਫ਼ ਬੋਰਡ ਦੇ ਅਫਸਰਾਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਉਹ ਬੋਰਡ ਵਲੋਂ ਕੀਤੀ ਜਾ ਰਹੀ ਕਾਰਵਾਈ ਬਾਰੇ ਲਿਖਤੀ ਰੂਪ ਨਾਲ ਜਾਣੂ ਕਰਵਾਉਣ।
ਇਸ ਮੌਕੇ ਡਾ.ਅਨਵਰ ਹੁਸੈਨ ਨੇ ਐਸ ਡੀ ਐਮ ਸਰਬਜੀਤ ਕੌਰ ਨੂੰ ਦੱਸਿਆ ਕਿ ਉਹਨਾਂ ਦੀ ਜਾਣਕਾਰੀ ਵਿੱਚ ਇਹ ਗੱਲ ਆਈ ਹੈ ਕਿ ਇਸ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਲੋਂ ਵਕਫ਼ ਬੋਰਡ ਪੰਜਾਬ ਦੇ ਪ੍ਰਸ਼ਾਸ਼ਕ ਨਾਲ ਗੱਲ ਕੀਤੀ ਹੈ ਅਤੇ ਮਲੇਰਕੋਟਲਾ ਤੋਂ ਵਿਧਾਇਕ ਡਾ.ਜਮੀਲ-ਉਰ-ਰਹਿਮਾਨ ਦੀ ਸਪੈਸ਼ਲ ਡਿਊਟੀ ਲਗਾ ਕੇ ਮਸਲੇ ਨੂੰ ਫੌਰੀ ਤੌਰ ਤੇ ਹੱਲ ਕਰਨ ਲਈ ਕਿਹਾ ਗਿਆ ਹੈ। ਉਹਨਾਂ ਐਸ ਡੀ ਐਮ ਨੂੰ ਦੱਸਿਆ ਕਿ ਇਸਤੋਂ ਬਾਅਦ ਬੀਤੀ 19 ਮਈ ਨੂੰ ਵਕਫ਼ ਬੋਰਡ ਪੰਜਾਬ ਦੇ ਪ੍ਰਸ਼ਾਸ਼ਕ ਏ ਡੀ ਜੀ ਪੀ ਮੁਹੰਮਦ ਫਿਆਜ਼ ਫਰੂਕੀ ਅਤੇ ਮਲੇਰਕੋਟਲਾ ਤੋਂ ਐਮ ਐਲ ਏ ਵਲੋਂ ਮੁਸਲਿਮ ਭਾਈਚਾਰੇ ਦੇ ਕੁਝ ਮੋਹਤਬਰ ਵਿਅਕਤੀਆਂ ਨਾਲ ਚੰਡੀਗੜ੍ਹ ਵਕਫ ਬੋਰਡ ਪੰਜਾਬ ਦੇ ਦਫਤਰ ਵਿਖੇ ਮੀਟਿੰਗ ਵੀ ਕੀਤੀ ਗਈ ਸੀ ਜਿਸ ਵਿੱਚ ਭਾਈਚਾਰੇ ਦੇ ਲੋਕਾਂ ਨੂੰ ਵਿਸ਼ਵਾਸ ਦੁਆਇਆ ਗਿਆ ਹੈ ਕਿ ਵਕਫ ਬੋਰਡ ਲੀਜ਼ ਕੈਂਸਲ ਕਰਨ ਤਿਆਰ ਹੋ ਗਿਆ ਹੈ ਅਤੇ ਇਸ ਦੀ ਜਾਣਕਾਰੀ ਛੇਤੀ ਹੀ ਦੇ ਦਿੱਤੀ ਜਾਵੇਗੀ।