ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਸਿੱਖਿਆ ਮੰਤਰੀ ਦੀ ਅਰਥੀ ਫੂਕੀ, ਸਰਕਾਰ ਖਿਲਾਫ ਨਾਹਰੇਬਾਜ਼ੀ ਕੀਤੀ

ਐਸ ਏ ਐਸ ਨਗਰ, 25 ਮਈ (ਸ.ਬ.) ਪੰਜਾਬ ਦੇ ਸਿੱਖਿਆ ਮੰਤਰੀ ਵਲੋਂ ਬੀਤੇ ਦਿਨ ਜਥੇਬੰਦੀ ਦੇ ਆਗੂਆਂ ਨਾਲ ਮੀਟਿੰਗ ਦੌਰਾਨ ਕਥਿਤ ਤੌਰ ਤੇ ਦੁਰਵਿਹਾਰ ਕਰਨ ਦੇ ਮਾਮਲੇ ਨੂੰ ਲੈ ਕੇ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਵੱਲੋਂ ਆਪਣੇ ਰੋਹ ਦਾ ਪ੍ਰਗਟਾਵਾ ਕਰਦਿਆਂ ਫੇਜ਼-8 ਵਿੱਚ ਸਿਖਿਆ ਬੋਰਡ ਨੇੜੇ ਦੀਆਂ ਲਾਈਟਾਂ ਨੇੜੇ ਪੰਜਾਬ ਸਰਕਾਰ ਦੀ ਅਰਥੀ ਸਾੜ ਕੇ ਮੁਜਾਹਰਾ ਕੀਤਾ ਗਿਆ ਅਤੇ ਸਰਕਾਰ ਦੇ ਖਿਲਾਫ ਨਾਹਰੇਬਾਜ਼ੀ ਕੀਤੀ ਗਈ।

ਇਸ ਮੌਕੇ ਆਗੂਆਂ ਨੇ ਕਿਹਾ ਕਿ ਬੀਤੇ ਕੱਲ ਸਿੱਖਿਆ ਮੰਤਰੀ ਵਲੋਂ ਜਥੇਬੰਦੀ ਨੂੰ ਲਿਖਤੀ ਰੂਪ ਵਿੱਚ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ ਜਿਸ ਦੀ ਅਗਵਾਈ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਾਥੀ ਸਤੀਸ਼ ਰਾਣਾ ਕਰ ਰਹੇ ਸਨ। ਆਗੂਆਂ ਨੇ ਕਿਹਾ ਕਿ ਮੰਤਰੀ ਵਲੋਂ ਸਾਥੀ ਸਤੀਸ਼ ਰਾਣਾ ਨੂੰ ਮੀਟਿੰਗ ਵਿਚੋਂ ਬਾਹਰ ਚਲੇ ਜਾਣ ਲਈ ਕਿਹਾ ਗਿਆ ਜਿਸ ਤੇ ਸਾਰੇ ਵਫਦ ਵਲੋਂ ਮੀਟਿੰਗ ਦਾ ਬਾਈਕਾਟ ਕਰਕੇ ਪ੍ਰੋਟੈਸਟ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਮੌਕੇ ਪੁਲੀਸ ਥਾਣਾ ਸੈਕਟਰ 3 ਦੀ ਪੁਲੀਸ ਵਲੋਂ ਮੁਲਾਜ਼ਮ ਆਗੂ ਸਤੀਸ਼ ਰਾਣਾ ਨੂੰ ਥਾਣੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਜਿਸ ਦਾ ਪਤਾ ਲੱਗਣ ਤੇ ਸਾਰੇ ਪੰਜਾਬ ਵਿੱਚੋਂ ਆਗੂ ਸਾਥੀ ਪਹੁੰਚਣੇ ਸ਼ੁਰੂ ਹੋ ਗਏ ਜਿਸਤੋਂ ਬਾਅਦ ਲੋਕਾਂ ਦੇ ਰੋਹ ਨੂੰ ਦੇਖਦਿਆਂ ਪੁਲੀਸ ਵੱਲੋਂ ਸਾਥੀ ਰਾਣਾ ਨੂੰ ਬਿਨਾਂ ਸ਼ਰਤ ਰਿਹਾ ਕਰ ਦਿੱਤਾ ਗਿਆ।

ਆਗੂਆਂ ਨੇ ਕਿਹਾ ਕਿ ਇਸ ਘਟਨਾ ਦੇ ਰੋਸ ਵਜੋਂ ਅੱਜ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਇਕੱਤਰ ਹੋ ਕੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਮੰਨਣ ਦੀ ਥਾਂ ਤਸ਼ੱਦਦ ਦੇ ਰਾਹ ਤੇ ਚੱਲ ਰਹੀ ਹੈ ਜਿਸ ਦਾ ਮੁਕਾਬਲਾ ਲੋਕਾਂ ਦੀ ਸ਼ਕਤੀ ਨਾਲ ਕੀਤਾ ਜਾਵੇਗਾ।

ਇਸ ਮੌਕੇ ਜੰਗਲਾਤ ਵਿਭਾਗ ਦੇ ਆਗੂ ਸੁੱਲਖਣ ਸਿੰਘ ਸਿਸਵਾ, ਅਮਨਦੀਪ ਸਿੰਘ ਪ੍ਰਧਾਨ ਛੱਤ ਬੀੜ ਚਿੱੜੀਆ ਘਰ, ਸਰੇਸ਼ ਕੁਮਾਰ ਪ੍ਰਧਾਨ, ਸਿਵੇਦਰ ਕੁਮਾਰ ਜਨ ਸਕੱਤਰ ਬਾਗਬਾਨੀ, ਸੁਰਜੀਤ ਸਿੰਘ, ਅਜਮੇਰ ਸਿੰਘ ਲੌਗੀਆ, ਤੇਜਿੰਦਰ ਸਿੰਘ ਬਾਬਾ, ਗੁਰਵਿੰਦਰ ਸਿੰਘ ਚੰਡੀਗੜ੍ਹ, ਹਰਨੇਕ ਸਿੰਘ ਮਾਝੀ, ਕੁਲਵਿੰਦਰ ਕੌਰ, ਐਨ ਡੀ ਤਿਵਾੜੀ, ਸੱਜਣ ਸਿੰਘ ਬੈਂਸ ਅਤੇ ਪ ਸ ਸ ਫ ਦੇ ਜਿਲਾ ਪ੍ਰਧਾਨ ਕਰਮਾਪੁਰੀ ਨੇ ਵੀ ਸੰਬੋਧਨ ਕੀਤਾ।