Editorial
ਠੱਗੀ ਦੇ ਆਧੁਨਿਕ ਤਰੀਕਿਆਂ ਤੋਂ ਬਚਣ ਲਈ ਲੋਕਾਂ ਦਾ ਚੇਤੰਨ ਹੋਣਾ ਜਰੂਰੀ
ਅੱਜਕੱਲ ਦੇ ਆਧੁਨਿਕ ਤਕਨੀਕ ਦੇ ਇਸ ਯੁਗ ਵਿੱਚ ਪੂਰੀ ਦੁਨੀਆ ਹੀ ਜਿਵੇਂ ਛੋਟੀ ਜਿਹੀ ਹੋ ਕੇ ਇੱਕ ਕੰਪਿਊਟਰ ਵਿੱਚ ਹੀ ਸਮਾ ਗਈ ਹੈ ਅਤੇ ਇੰਟਰਨੈਟ ਨੇ ਪੂਰੀ ਦੁਨੀਆ ਨੂੰ ਇੱਕ ਦੂਜੇ ਨਾਲ ਜੋੜ ਦਿੱਤਾ ਹੈ। ਇੰਟਰਨੈਟ ਅਤੇ ਸੋਸ਼ਲ ਮੀਡੀਆ ਦੇ ਇਸ ਦੌਰ ਵਿੱਚ ਜਿੱਥੇ ਦੁਨੀਆ ਭਰ ਵਿੱਚ ਕਿਸੇ ਵੀ ਕੋਨੇ ਵਿੱਚ ਵਾਪਰਨ ਵਾਲੀ ਕੋਈ ਵੀ ਛੋਟੀ ਵੱਡੀ ਘਟਨਾ ਮਿੰਟਾਂ ਸਕਿੰਟਾਂ ਵਿੱਚ ਹਰ ਪਾਸੇ ਵਿੱਚ ਫੈਲ ਜਾਂਦੀ ਹੈ ਉੱਥੇ ਇਸ ਨਾਲ ਲੋਕ ਜਦੋਂ ਚਾਹੁੰਣ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਰਹਿੰਦੇ ਕਿਸੇ ਵਿਅਕਤੀ ਨਾਲ ਸੰਪਰਕ ਕਾਇਮ ਕਰਨ ਦੇ ਸਮਰਥ ਹੋ ਗਏ ਹਨ। ਇੰਟਰਨੈਟ ਦੀ ਇਸ ਸੁਵਿਧਾ ਰਾਂਹੀ ਜਿੱਥੇ ਵੱਡੇ ਫਾਇਦੇ ਹਾਸਿਲ ਹੋ ਰਹੇ ਹਨ ਉੱਥੇ ਇਸਦਾ ਨੁਕਸਾਨ ਵੀ ਹੈ ਅਤੇ ਇੰਟਰਨੈਟ ਦੀ ਵਰਤੋਂ ਕਰਕੇ ਆਮ ਲੋਕਾਂ ਨਾਲ ਠੱਗੀਆਂ ਦੀਆਂ ਵਾਰਦਾਤਾਂ ਵੀ ਬਹੁਤ ਜਿਆਦਾ ਵੱਧ ਗਈਆਂ ਹਨ।
ਆਮ ਲੋਕਾਂ ਨੂੰ ਠੱਗਣ ਵਾਲੇ ਸ਼ਾਤਿਰ ਠੱਗਾਂ ਨੇ ਇਸਦੇ ਸਹਾਰੇ ਆਮ ਲੋਕਾਂ ਨੂੰ ਲੁੱਟਣ ਦੇ ਨਵੇਂ ਨਵੇਂ ਤਰੀਕੇ ਲੱਭ ਲਏ ਹਨ ਅਤੇ ਆਏ ਦਿਨ ਅਜਿਹਾ ਕੋਈ ਨਾ ਕੋਈ ਮਾਮਲਾ ਸਾਮ੍ਹਣੇ ਆ ਜਾਂਦਾ ਹੈ ਜਿਸਦੇ ਸਹਾਰੇ ਸ਼ਾਤਿਰ ਠੱਗ ਭੋਲੇ ਭਾਲੇ ਲੋਕਾਂ ਨੂੰ ਬੇਵਕੂਫ ਬਣਾ ਕੇ ਉਹਨਾਂ ਦੀ ਕਮਾਈ ਹੜੱਪ ਲੈਂਦੇ ਹਨ। ਇਹ ਠੱਗ ਇੰਨੇ ਸ਼ਾਤਿਰ ਹਨ ਕਿ ਉਹ ਆਪਣੇ ਸ਼ਿਕਾਰ ਨੂੰ ਇਹ ਅਹਿਸਾਸ ਤਕ ਨਹੀਂ ਹੋਣ ਦਿੰਦੇ ਕਿ ਉਸ ਨੂੰ ਠੱਗਿਆ ਜਾ ਚੁੱਕਿਆ ਹੈ ਬਲਕਿ ਉਹ ਆਪਣੀ ਹੀ ਧੁਨ ਵਿੱਚ ਮਗਨ ਹੋਇਆ ਰਹਿੰਦਾ ਹੈ। ਬਾਅਦ ਵਿੱਚ ਜਦੋਂ ਅਸਲੀਅਤ ਪੂਰੀ ਤਰ੍ਹਾਂ ਉੁਸਦੇ ਸਾਮ੍ਹਣੇ ਆਉਂਦੀ ਹੈ ਉਦੋਂ ਉਸ ਕੋਲ ਪਛਤਾਉਣ ਤੋਂ ਬਿਨਾ ਕੋਈ ਰਾਹ ਨਹੀਂ ਬਚਦਾ।
ਇਹ ਠੱਗ ਕਿਸੇ ਨੂੰ ਆਪਣਾ ਸ਼ਿਕਾਰ ਬਣਾਉਣ ਤੋਂ ਪਹਿਲਾਂ ਉਸਨੂੰ ਵੱਡਾ ਲਾਲਚ ਦੇ ਕੇ ਆਪਣੇ ਜਾਲ ਵਿੱਚ ਫਸਾਉਂਦੇ ਹਨ ਅਤੇ ਆਪਣੇ ਸ਼ਿਕਾਰ ਨੂੰ ਸੰਪਰਕ ਕਰਕੇ ਦੱਸਦੇ ਹਨ ਕਿ ਉਸਦੇ ਨਾਮ ਤੇ ਲੱਖਾਂ ਨਹੀਂ ਬਲਕਿ ਕਰੋੜਾਂ ਰੁਪਏ ਦੀ ਲਾਟਰੀ ਨਿਕਲੀ ਹੈ। ਲਾਟਰੀ ਦੀ ਇਸ ਰਕਮ ਦੀ ਅਦਾਇਗੀ ਦਾ ਲਾਲਚ ਦੇ ਕੇ ਉਹਨਾਂ ਵਲੋਂ ਆਪਣੇ ਸ਼ਿਕਾਰ ਦੀ ਕਿਸ਼ਤਾਂ ਵਿੱਚ ਲੁੱਟ ਸ਼ੁਰੂ ਕਰ ਦਿੱਤੀ ਜਾਂਦੀ ਹੈ। ਲੁੱਟ ਦੀ ਸ਼ੁਰੂਆਤ ਲਾਟਰੀ ਦੀ ਰਕਮ ਦੀ ਅਦਾਇਗੀ ਲਈ ਲੋੜੀਂਦੀ ਕਾਗਜੀ ਕਾਰਵਾਈ ਦੇ ਨਾਮ ਤੇ ਠੱਗਾਂ ਦੇ ਬੈਂਕ ਖਾਤੇ ਵਿੱਚ ਥੋੜ੍ਹੀ ਜਿਹੀ ਰਕਮ ਜਮ੍ਹਾਂ ਕਰਵਾਉਣ ਦੀ ਮੰਗ ਨਾਲ ਹੁੰਦੀ ਹੈ ਅਤੇ ਇਹ ਉਦੋਂ ਤਕ ਜਾਰੀ ਰਹਿੰਦੀ ਹੈ ਜਦੋਂ ਤਕ ਉਹਨਾਂ ਦਾ ਸ਼ਿਕਾਰ ਉਹਨਾਂ ਨੂੰ ਪੈਸੇ ਦਿੰਦਾ ਰਹਿੰਦਾ ਹੈ।
ਇਹਨਾਂ ਠੱਗਾਂ ਦੇ ਝਾਂਸੇ ਵਿੱਚ ਆ ਕੇ ਲੁੱਟ ਦਾ ਸ਼ਿਕਾਰ ਹੋਣ ਵਾਲੇ ਲੋਕ ਇਹ ਤਕ ਨਹੀਂ ਸੋਚਦੇ ਕਿ ਜਦੋਂ ਉਹਨਾਂ ਨੇ ਲਾਟਰੀ ਦੀ ਕੋਈ ਟਿਕਟ ਖਰੀਦੀ ਹੀ ਨਹੀਂ ਤਾਂ ਫਿਰ ਉਹਨਾਂ ਦਾ ਇਨਾਮ ਕਿਵੇਂ ਨਿਕਲ ਸਕਦਾ ਹੈ ਅਤੇ ਲਾਲਚ ਵਿੱਚ ਫਸਣ ਵਾਲੇ ਅਜਿਹੇ ਲੋਕਾਂ ਦੀ ਲੁੱਟ ਦਾ ਇਹ ਸਿਲਸਿਲਾ ਚਲਦਾ ਰਹਿੰਦਾ ਹੈ। ਲੋਕਾਂ ਨੂੰ ਗੁਮਰਾਹ ਕਰਕੇ ਉਹਨਾਂ ਨਾਲ ਠੱਗੀ ਮਾਰਨ ਦੀਆਂ ਅਜਿਹੀਆਂ ਕਹਾਣੀਆਂ ਸਮੇਂ ਸਮੇਂ ਤੇ ਸਾਮ੍ਹਣੇ ਆਉਂਦੀਆਂ ਰਹਿੰਦੀਆਂ ਹਨ ਪਰੰਤੂ ਇਸਦੇ ਬਾਵਜੂਦ ਲੋਕ ਇਹਨਾਂ ਦੇ ਚੱਕਰ ਵਿੱਚ ਫਸ ਹੀ ਜਾਂਦੇ ਹਨ। ਇਹ ਠੱਗ ਇੰਨੇ ਸ਼ਾਤਿਰ ਹਨ ਕਿ ਉਹਨਾਂ ਵਲੋਂ ਹਮੇਸ਼ਾ ਕਿਸੇ ਵੱਡੇ ਸਰਕਾਰੀ ਅਦਾਰੇ ਜਾਂ ਕਿਸੇ ਵੱਡੀ ਕੰਪਨੀ ਦੇ ਨਾਮ ਤੇ ਠੱਗੀ ਦੀ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਹੈ।
ਇਸ ਸੰਬੰਧੀ ਭਾਰਤੀ ਰਿਜਰਵ ਬੈਂਕ ਵਲੋਂ ਸਮੇਂ ਸਮੇਂ ਤੇ ਲੋਕਾਂ ਨੂੰ ਇਹ ਚਿਤਾਵਨੀ ਵੀ ਜਾਰੀ ਕੀਤੀ ਜਾਂਦੀ ਹੈ ਕਿ ਉਹ ਅਜਿਹੇ ਕਿਸੇ ਝਾਂਸੇ ਵਿੱਚ ਨਾ ਆਉਣ ਪਰੰਤੂ ਠੱਗੀ ਦੀਆਂ ਇਹ ਵਾਰਦਾਤਾਂ ਲਗਾਤਾਰ ਜਾਰੀ ਰਹਿੰਦੀਆਂ ਹਨ। ਆਮ ਲੋਕਾਂ ਨਾਲ ਕੀਤੀ ਜਾਂਦੀ ਠੱਗੀ ਦੀ ਇਹ ਕਾਰਵਾਈ ਸਿਰਫ ਸਾਡੇ ਦੇਸ਼ ਜਾਂ ਸੂਬੇ ਵਿੱਚ ਹੀ ਨਹੀਂ ਹੁੰਦੀ ਬਲਕਿ ਵਿਦੇਸ਼ਾਂ ਵਿਚ ਵੀ ਇਸ ਤਰ੍ਹਾਂ ਦੀਆਂ ਠੱਗੀਆਂ ਆਮ ਹਨ ਅਤੇ ਲੋਕਾਂ ਨੂੰ ਮੂਰਖ ਬਣਾ ਕੇ ਉਹਨਾਂ ਨਾਲ ਠੱਗੀ ਮਾਰਨ ਵਾਲੇ ਹਰ ਸਮਾਜ ਵਿੱਚ ਮੌਜੂਦ ਹਨ। ਇਹਨਾਂ ਸ਼ਾਤਿਰ ਠੱਗਾਂ ਵਲੋਂ ਆਮ ਲੋਕਾਂ ਨੂੰ ਫੋਨ ਤੇ ਗੱਲਾਂ ਵਿੱਚ ਫਸਾ ਕੇ ਉਹਨਾਂ ਦੇ ਕ੍ਰੈਡਿਟ ਕਾਰਡ ਅਤੇ ਬੈਂਕ ਖਾਤੇ ਦੀ ਗੁਪਤ ਜਾਣਕਾਰੀ ਹਾਸਿਲ ਕਰਨ ਤੋਂ ਬਾਅਦ ਇੰਟਰਨੈਟ ਰਾਂਹੀ ਉਹਨਾਂ ਦੇ ਬੈਂਕ ਖਾਤਿਆਂ ਦੀ ਪੂਰੀ ਰਕਮ ਕਿਸੇ ਹੋਰ ਖਾਤੇ ਵਿੱਚ ਤਬਦੀਲ ਕਰਨ ਦੀਆਂ ਵਾਰਦਾਤਾਂ ਵੀ ਸਮੇਂ ਸਮੇਂ ਤੇ ਸਾਮ੍ਹਣੇ ਆਉਂਦੀਆਂ ਰਹਿੰਦੀਆਂ ਹਨ।
ਇਸਤੋਂ ਇਲਾਵਾ ਇੰਟਰਨੈਟ ਤੇ ਵੱਖ ਵੱਖ ਤਰ੍ਹਾਂ ਦਾ ਸਾਮਾਨ ਵੇਚਣ ਦੇ ਨਾਮ ਤੇ ਲੋਕਾਂ ਨੂੰ ਠੱਗਣ ਵਾਲੀਆਂ ਅਜਿਹੀਆਂ ਕਈ ਵੈਬਸਾਈਟਾਂ ਵੀ ਮੌਜੂਦ ਹਨ ਜਿਹਨਾਂ ਵਲੋਂ ਲੋਕਾਂ ਨੂੰ ਵਧੀਆ ਕੁਆਲਟੀ ਦਾ ਬ੍ਰਾਂਡਿਡ ਸਾਮਾਨ ਸਸਤੀ ਕੀਮਤ ਤੇ ਦੇਣ ਦਾ ਲਾਲਚ ਦੇ ਕੇ ਉਹਨਾਂ ਨੂੰ ਨਕਲੀ ਅਤੇ ਘਟੀਆ ਸਾਮਾਨ ਵੇਚ ਦਿੱਤਾ ਜਾਂਦਾ ਹੈ ਅਤੇ ਆਮ ਗ੍ਰਾਹਕ ਇਹਨਾਂ ਵੈਬਸਾਈਟਾਂ ਤੇ ਮਿਲਣ ਵਾਲੇ ਸਾਮਾਨ ਦੀ ਸਸਤੀ ਕੀਮਤ ਦੇ ਲਾਲਚ ਵਿੱਚ ਲੁੱਟ ਦਾ ਸ਼ਿਕਾਰ ਹੋ ਜਾਂਦੇ ਹਨ।
ਲਗਾਤਾਰ ਵੱਧਦੀਆਂ ਆਨਲਾਈਨ ਠੱਗੀ ਦੀਆਂ ਇਹਨਾਂ ਵਾਰਦਾਤਾਂ ਤੋਂ ਬਚਣ ਲਈ ਜਰੂਰੀ ਹੈ ਕਿ ਲੋਕ ਖੁਦ ਵੀ ਜਾਗਰੂਕ ਰਹਿਣ ਅਤੇ ਅਜਿਹੀ ਕਿਸੇ ਵੀ ਘਟਨਾ ਪ੍ਰਤੀ ਚੌਕਸ ਰਹਿੰਦਿਆਂ ਕਿਸੇ ਦੇ ਝਾਂਸੇ ਵਿੱਚ ਨਾ ਆਉਣ। ਇਸਦੇ ਨਾਲ ਨਾਲ ਲੋਕਾਂ ਨੂੰ ਚਾਹੀਦਾ ਹੈ ਕਿ ਜੇਕਰ ਕੋਈ ਉਹਨਾਂ ਨਾਲ ਠੱਗੀ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਬਾਰੇ ਪੁਲੀਸ ਨੂੰ ਪੂਰੀ ਜਾਣਕਾਰੀ ਮੁਹਈਆ ਕਰਵਾਉਣ। ਇਸ ਤਰ੍ਹਾਂ ਦੀਆਂ ਠੱਗੀ ਦੀਆਂ ਵਾਰਦਾਤਾਂ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਲੋਕ ਪੂਰੀ ਤਰ੍ਹਾਂ ਚੇਤੰਨ ਰਹਿਣ ਅਤੇ ਕਿਸੇ ਝਾਂਸੇ ਵਿੱਚ ਨਾ ਆਉਣ ਤਾਂ ਜੋ ਕੋਈ ਉਹਨਾਂ ਨੂੰ ਬੇਵਕੂਫ ਬਣਾ ਕੇ ਉਹਨਾਂ ਦੀ ਮਿਹਨਤ ਦੀ ਕਮਾਈ ਨਾ ਲੁੱਟ ਸਕੇ।
Editorial
ਫੋਕੇ ਦਾਅਵਿਆਂ ਅਤੇ ਇਸ਼ਤਿਹਰਬਾਜੀ ਨਾਲ ਹਲ ਨਹੀਂ ਹੁੰਦੇ ਲੋਕਾਂ ਦੇ ਮਸਲੇ
ਪੰਜਾਬ ਦੀ ਸੱਤਾ ਤੇ ਕਾਬਜ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਾਰਜਕਾਲ ਖਤਮ ਹੋਣ ਜਾ ਰਿਹਾ ਹੈ ਅਤੇ ਪੌਣੇ ਪੰਜ ਸਾਲ ਪਹਿਲਾਂ ਸੂਬੇ ਦੀ ਸੱਤਾ ਸੰਭਾਲਣ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਪੰਜਾਬ ਦੇ ਸਾਰੇ ਮੰਤਰੀਆਂ ਅਤੇ ਸੱਤਾਧਾਰੀ ਪਾਰਟੀ ਦੇ ਆਗੂਆਂ ਵਲੋਂ ਭਾਵੇਂ ਪੰਜਾਬ ਦੇ ਲੋਕਾਂ ਨੂੰ ਸਾਫ ਸੁਥਰਾ ਅਤੇ ਪਾਰਦਰਸ਼ੀ ਪ੍ਰਸ਼ਾਸ਼ਨ ਮੁਹਈਆ ਕਰਵਾਉਣ ਦੇ ਲੰਬੇ ਚੌੜੇ ਦਾਅਵੇ ਕੀਤੇ ਜਾਂਦੇ ਰਹੇ ਹਨ, ਪਰੰਤੂ ਸੂਬੇ ਦੇ ਵਸਨੀਕ ਸਰਕਾਰ ਦੀ ਹੁਣ ਤਕ ਦੀ ਕਾਰਗੁਜਾਰੀ ਤੋਂ ਕਾਫੀ ਹੱਦ ਤਕ ਅਸੰਤੁਸ਼ਟ ਦਿਖਦੇ ਹਨ ਅਤੇ ਆਮ ਲੋਕਾਂ ਨੂੰ ਸਰਕਾਰ ਦੇ ਕੰਮ ਕਰਨ ਦੇ ਤਰੀਕੇ ਵਿੱਚ ਕੋਈ ਬਦਲਾਅ ਨਜਰ ਨਹੀਂ ਆਉਂਦਾ। ਇਹ ਗੱਲ ਹੋਰ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਆਪਣੇ ਇਸ ਪੂਰੇ ਕਾਰਜਕਾਲ ਦੌਰਾਨ ਪੰਜਾਬ ਭਰ ਵਿੱਚ ਮੁੱਖ ਮੰਤਰੀ ਦੀਆਂ ਫੋਟੋਆਂ ਵਾਲੇ ਵੱਡੇ ਹੋਰਡਿੰਗ ਲਗਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਾਅਵਿਆਂ ਦੇ ਸੋਹਲੇ ਜਰੂਰ ਗਾਏ ਜਾਂਦੇ ਰਹੇ ਹਨ। ਪਰੰਤੂ ਇਸ ਸੰਬੰਧੀ ਆਮ ਲੋਕਾਂ ਦੀ ਮੰਨੀਏ ਤਾਂ ਉਹਨਾਂ ਨੂੰ ਸਰਕਾਰ ਦੇ ਇਹ ਤਮਾਮ ਐਲਾਨ ਪੂਰੀ ਤਰ੍ਹਾਂ ਖੋਖਲੇ ਲੱਗਦੇ ਹਨ ਅਤੇ ਵਿਰੋਧੀ ਪਾਰਟੀਆਂ ਵਲੋਂ ਤਾਂ ਪਹਿਲਾਂ ਹੀ ਇਸ ਸਰਕਾਰ ਨੂੰ ਐਲਾਨਵੰਤ ਸਰਕਾਰ ਦਾ ਦਰਜਾ ਦਿੱਤਾ ਜਾ ਚੁੱਕਿਆ ਰਿਹਾ ਹੈ।
ਇੰਨਾ ਜਰੂਰ ਹੈ ਕਿ ਆਪਣੇ ਇਸ ਪੂਰੇ ਕਾਰਜਕਾਲ ਦੌਰਾਨ ਪੰਜਾਬ ਸਰਕਾਰ ਵਲੋਂ ਵੱਡੇ ਪੱਧਰ ਤੇ ਇਸ਼ਤਿਹਾਰਬਾਜੀ ਜਰੂਰ ਕੀਤੀ ਜਾਂਦੀ ਰਹੀ ਹੈ ਅਤੇ ਅਤੇ ਸਰਕਾਰ ਦਾ ਲੋਕ ਸੰਪਰਕ ਵਿਭਾਗ ਇਸੇ ਕੰਮ ਵਿੱਚ ਰੁੱਝਿਆ ਰਿਹਾ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਦਾ ਤਾਂ ਇਹ ਹਾਲ ਹੈ ਕਿ ਉਹਨਾਂ ਵਲੋਂ ਆਪਣੇ ਘਰਾਂ ਅਤੇ ਦਫਤਰਾਂ ਦੇ ਬਾਹਰ ਵੀ ਮੁੱਖ ਮੰਤਰੀ ਦੀ ਫੋਟੋ ਵਾਲੇ ਵੱਡੇ ਵੱਡੇ ਬੋਰਡ ਲਗਾ ਕੇ ਰੱਖੇ ਗਏ ਹਨ। ਇਸ ਸੰਬੰਧੀ ਵਿਰੋਧੀ ਪਾਰਟੀਆਂ ਦੇ ਆਗੂ ਦੋਸ਼ ਲਗਾਉਂਦੇ ਹਨ ਸੱਤਾਧਾਰੀ ਆਗੂਆਂ ਨੂੰ ਆਮ ਲੋਕਾਂ ਦੇ ਮਸਲੇ ਨਜਰ ਨਹੀਂ ਆਉਂਦੇ ਬਲਕਿ ਉਹ ਤਾਂ ਸਿਰਫ ਵੱਡੇ ਵੱਡੇ ਬੋਰਡ ਅਤੇ ਬੈਨਰ ਲਗਾਉਣ ਵਿਚ ਹੀ ਰੁੱਝੇ ਹੋਏ ਹਨ, ਜਿਹਨਾਂ ਵਿੱਚ ਉਹ ਮੁੱਖ ਮੰਤਰੀ ਦੇ ਵੱਡੇ ਚਿਹਰੇ ਦੇ ਨਾਲ ਆਪਣੀਆਂ ਫੋਟੋਆਂ ਵੀ ਛਾਪ ਲੈਂਦੇ ਹਨ।
ਹਾਲਾਂਕਿ ਸਰਕਾਰਾਂ ਵਲੋਂ ਮੁੱਖ ਮੰਤਰੀ ਦੀ ਫੋਟੋ ਨਾਲ ਪ੍ਰਚਾਰ ਕਰਨ ਦਾ ਇਹ ਰੁਝਾਨ ਬਹੁਤ ਪੁਰਾਣਾ ਅਤੇ ਹਾਲਾਂਕਿ ਪਿਛਲੀਆਂ ਸਰਕਾਰਾਂ ਵੇਲੇ ਵੀ ਇਸੇ ਤਰ੍ਹਾਂ ਮੁੱਖ ਮੰਤਰੀ ਦੀਆਂ ਫੋਟੋਆਂ ਵਾਲੇ ਬੋਰਡ ਅਤੇ ਇਸ਼ਤਿਹਾਰ ਲੱਗਦੇ ਸੀ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸੱਤਾ ਤੇ ਕਾਬਜ ਸਾਰੀਆਂ ਹੀ ਪਾਰਟੀਆਂ ਵਲੋਂ ਸਰਕਾਰੀ ਪੈਸੇ ਦੇ ਜੋਰ ਤੇ ਆਪਣਾ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ ਪਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਬਦਲਾਅ ਦੇ ਨਾਹਰੇ ਅਤੇ ਲੋਕਾਂ ਦੇ ਮਸਲੇ ਹਲ ਕਰਨ ਦੇ ਵਾਇਦਿਆਂ ਨਾਲ ਸੱਤਾ ਵਿੱਚ ਆਈ ਸੀ ਅਤੇ ਲੋਕਾਂ ਨੇ ਉਸਦੇ ਦਾਅਵਿਆਂ ਅਤੇ ਵਾਇਦਿਆਂ ਤੇ ਭਰੋਸਾ ਕਰਕੇ ਹੀ ਉਸਨੂੰ ਸੱਤਾ ਸੰਭਾਲੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਵਗੰਤ ਸਿੰਘ ਮਾਨ, ਜਿਹੜੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਰਕਾਰ ਵਲੋਂ ਇਸ ਤਰੀਕੇ ਨਾਲ ਕੀਤੇ ਜਾਂਦੇ ਮੁੱਖ ਮੰਤਰੀ ਦੀਆਂ ਫੋਟੋਆਂ ਰਾਂਹੀ ਕੀਤੇ ਜਾਣ ਵਾਲੇ ਪ੍ਰਚਾਰ ਨੂੰ ਆਮ ਲੋਕਾਂ ਤੋਂ ਇਕੱਠੇ ਕੀਤੇ ਜਾਂਦੇ ਟੈਕਸਾਂ ਦੇ ਪੈਸੇ ਦੀ ਬਰਬਾਦੀ ਕਿਹਾ ਕਰਦੇ ਸੀ, ਇਸ਼ਤਿਹਾਰਬਾਜੀ ਦੀ ਇਸ ਹੋੜ ਵਿੱਚ ਹੋਰਨਾਂ ਪਾਰਟੀਆਂ ਨੂੰ ਬਹੁਤ ਪਿੱਛੇ ਛੱਡ ਗਏ ਹਨ।
ਆਮ ਲੋਕ ਅਕਸਰ ਸਵਾਲ ਕਰਦੇ ਹਨ ਕਿ ਬਦਲਾਅ ਦਾ ਨਾਹਰਾ ਦੇਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੇ ਮਸਲੇ ਹਲ ਕਰਨ ਲਈ ਕੰਮ ਕਰਨ ਦੀ ਥਾਂ ਪਿਛਲੀਆਂ ਸਰਕਾਰਾਂ ਵਾਂਗ ਪ੍ਰਚਾਰ ਦੇ ਰਾਹ ਕਿਉਂ ਪੈ ਗਈ ਹੈ। ਸੂਬੇ ਵਿੱਚ ਦਿਨੋਂ ਦਿਨ ਵੱਧ ਰਹੀ ਮਹਿੰਗਾਈ, ਬੇਰੁਜਗਾਰੀ, ਲਗਾਤਾਰ ਮਹਿੰਗੀ ਹੁੰਦੀ ਸਿਖਿਆ ਅਤੇ ਮਹਿੰਗਾ ਇਲਾਜ ਪੰਜਾਬੀਆਂ ਦੇ ਮੁੱਖ ਮਸਲੇ ਹਨ ਪਰ ਪਿਛਲੀਆਂ ਸਰਕਾਰਾਂ ਵਾਂਗ ਮੌਜੂਦਾ ਸਰਕਾਰ ਵੀ ਇਹਨਾਂ ਮਸਲਿਆਂ ਨੂੰ ਹੱਲ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਸਰਕਾਰ ਵਲੋਂ ਭਾਵੇਂ ਥਾਂ ਥਾਂ ਤੇ ਵੱਡੇ ਬੈਨਰ ਅਤੇ ਹੋਰਡਿੰਗ ਲਗਾ ਕੇ ਵੱਡੇ ਵੱਡੇ ਐਲਾਨ (ਅਤੇ ਦਾਅਵੇ) ਕੀਤੇ ਜਾ ਰਹੇ ਹਨ, ਪਰੰਤੂ ਅਸਲੀਅਤ ਇਹੀ ਹੈ ਕਿ ਆਮ ਲੋਕਾਂ ਦੇ ਉਪਰੋਕਤ ਵੱਡੇ ਮਸਲੇ ਉਸੇ ਤਰ੍ਹਾਂ ਲਮਕ ਰਹੇ ਹਨ।
ਮੌਜੂਦਾ ਸਰਕਾਰ ਦੀ ਕਾਰਗੁਜਾਰੀ ਵਿੱਚ ਇੰਨਾ ਫਰਕ ਜਰੂਰ ਹੈ ਕਿ ਇਸਨੇ ਆਪਣੇ ਦਾਅਵਿਆਂ ਵਿੱਚ ਇਹ ਸਾਰੇ ਮਸਲੇ ਹਲ ਕਰ ਦਿੱਤੇ ਹਨ ਜਦੋਂਕਿ ਅਸਲੀਅਤ ਇਹ ਹੈ ਕਿ ਸਰਕਾਰ ਦੇ ਇਹ ਤਮਾਮ ਦਾਅਵੇ ਹਵਾ ਹਵਾਈ ਹੀ ਹਨ ਅਤੇ ਲੋਕਾਂ ਨੂੰ ਆਪਣੇ ਮਸਲਿਆਂ ਦੇ ਹਲ ਲਈ ਸੜਕਾਂ ਤੇ ਆ ਕੇ ਪ੍ਰਦਰਸ਼ਨ ਕਰਨੇ ਪੈ ਰਹੇ ਹਨ। ਜੇਕਰ ਸੱਤਾਧਾਰੀ ਆਗੂ ਇਹ ਸਮਝਦੇ ਹਨ ਕਿ ਉਹ ਆਪਣੇ ਇਹਨਾਂ ਫੋਕੇ ਦਾਅਵਿਆਂ ਅਤੇ ਝੂਠੇ ਐਲਾਨਾਂ ਦਾ ਪ੍ਰਚਾਰ ਕਰਕੇ ਜਨਤਾ ਨੂੰ ਗੁੰਮਰਾਹ ਕਰ ਸਕਦੇ ਹਨ ਤਾਂ ਇਹ ਉਹਨਾਂ ਦੀ ਗਲਤਫਹਿਮੀ ਹੈ ਅਤੇ ਅਜਿਹੇ ਦਾਅਵਿਆਂ ਨਾਲ ਉਹ ਆਮ ਜਨਤਾ ਨੂੰ ਧੋਖਾ ਨਹੀਂ ਦੇ ਸਕਦੇ। ਅਜਿਹੇ ਵੱਡੇ ਬੋਰਡਾਂ ਅਤੇ ਬੈਨਰਾਂ ਤੇ ਆਪਣੀ ਫੋਟੋ ਲਗਾ ਕੇ ਮੁੱਖ ਮੰਤਰੀ ਖੁਦ ਨੂੰ ਤਾਂ ਖੁਸ਼ ਕਰ ਸਕਦੇ ਹਨ ਪਰੰਤੂ ਜਨਤਾ ਉਹਨਾਂ ਦੇ ਕੰਮ ਤੋਂ ਕਿੰਨੀ ਕੁ ਸਤੁਸ਼ਟ ਹੈ ਇਸਦਾ ਪਤਾ ਆਉਣ ਵਾਲੀਆਂ ਚੋਣਾਂ ਦੌਰਾਨ ਉਹਨਾਂ ਦੀ ਪਾਰਟੀ ਨੂੰ ਮਿਲੀਆਂ ਸੀਟਾਂ ਨਾਲ ਜਾਹਿਰ ਹੋ ਜਾਣਾ ਹੈ।
Editorial
ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਵੱਡਾ ਮੁੱਦਾ ਬਣ ਸਕਦਾ ਹੈ ਅਮਨ ਕਾਨੂੰਨ ਦਾ ਮਸਲਾ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੀ ਅਮਨ ਕਾਨੂੰਨ ਦੀ ਗੰਭੀਰ ਹੋ ਰਹੀ ਸਥਿਤੀ ਦਾ ਮੁੱਦਾ ਉਠਾਇਆ ਹੈ। ਰਾਜਪਾਲ ਕਟਾਰੀਆ ਨੇ ਕਿਹਾ ਹੈ ਕਿ ਪੰਜਾਬ ਵਿੱਚ ਵਧ ਰਿਹਾ ਗੰਨ ਕਲਚਰ ਚਿੰਤਾ ਦਾ ਵਿਸ਼ਾ ਹੈ। ਰਾਜਪਾਲ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਵਿੱਚ ਪਟਾਕਿਆਂ ਵਾਂਗ ਹੀ ਗੋਲੀਆਂ ਚੱਲ ਰਹੀਆਂ ਹਨ। ਪੰਜਾਬ ਵਿੱਚ ਗੈਂਗਸਟਰਵਾਦ, ਨਸ਼ਿਆਂ ਅਤੇ ਨੌਜਵਾਨਾਂ ਵਿੱਚ ਹਥਿਆਰਾਂ ਪ੍ਰਤੀ ਵਧ ਰਹੀ ਖਿੱਚ ਨੇ ਸੂਬੇ ਦੇ ਭਵਿੱਖ ਬਾਰੇ ਚਿੰਤਾਵਾਂ ਵਧਾਈਆਂ ਹਨ।
ਪੰਜਾਬ ਦੇ ਰਾਜਪਾਲ ਵੱਲੋਂ ਗੰਨ ਕਲਚਰ ਪ੍ਰਤੀ ਕੀਤੀ ਗਈ ਵੱਡੀ ਟਿੱਪਣੀ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ। ਪੰਜਾਬ ਵਿੱਚ ਕੁਝ ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹੋਣ ਦੀ ਸੰਭਾਵਨਾ ਹੈ। ਇਹਨਾਂ ਚੋਣਾਂ ਸਬੰਧੀ ਚੋਣ ਕਮਿਸ਼ਨ ਤੋਂ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਦਿਨੋਂ ਦਿਨ ਵੱਖ ਵੱਖ ਕਾਰਨਾਂ ਕਰਕੇ ਪੰਜਾਬ ਦੀ ਸਿਆਸਤ ਵਿੱਚ ਉਬਾਲ ਆ ਰਿਹਾ ਹੈ। ਹਰ ਸਿਆਸੀ ਪਾਰਟੀ ਇਹ ਚੋਣਾਂ ਜਿੱਤਣ ਲਈ ਪੱਬਾਂ ਭਾਰ ਹੋ ਗਈ ਹੈ। ਹਰ ਸਿਆਸੀ ਪਾਰਟੀ ਵੱਲੋਂ ਹੀ ਚੋਣਾਂ ਜਿੱਤਣ ਅਤੇ ਪੰਜਾਬੀਆਂ ਦਾ ਭਰੋਸਾ ਹਾਸਲ ਕਰਨ ਲਈ ਅਨੇਕਾਂ ਮੁੱਦੇ ਉਠਾਏ ਜਾ ਰਹੇ ਹਨ।
ਇੱਕ ਪਾਸੇ ਪੰਜਾਬ ਵਿੱਚ ਕੁਝ ਸਿਆਸੀ ਪਾਰਟੀਆਂ ਵੱਲੋਂ ਨਸ਼ੇ ਦਾ ਮੁੱਦਾ ਉਠਾਇਆ ਜਾ ਰਿਹਾ ਹੈ। ਦੂਜੇ ਪਾਸੇ ਪੰਜਾਬ ਦੇ ਰਾਜਪਾਲ ਵੱਲੋਂ ਗੰਨ ਕਲਚਰ ਸਬੰਧੀ ਕੀਤੀ ਗਈ ਵੱਡੀ ਟਿੱਪਣੀ ਤੋਂ ਬਾਅਦ ਪੰਜਾਬ ਦੀ ਅਮਨ ਕਾਨੂੰਨ ਦੀ ਮੌਜੂਦਾ ਸਥਿਤੀ ਅਤੇ ਗੰਨ ਕਲਚਰ ਨੂੰ ਵੀ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਡਾ ਮੁੱਦਾ ਬਣਾਏ ਜਾਣ ਦੇ ਆਸਾਰ ਬਣ ਗਏ ਹਨ। ਆਮ ਲੋਕ ਉਸ ਸਮੇਂ ਹੈਰਾਨ ਹੋ ਜਾਂਦੇ ਹਨ ਜਦੋਂ ਅਨੇਕਾਂ ਸੁਰੱਖਿਆ ਗਾਰਡਾਂ ਵਿੱਚ ਘਿਰੇ ਕਿਸੇ ਸਿਆਸੀ ਆਗੂ ਵੱਲੋਂ ਆਮ ਲੋਕਾਂ ਨੂੰ ਗੰਨ ਕਲਚਰ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਜਾਂਦਾ ਹੈ ਅਤੇ ਪੰਜਾਬ ਵਿੱਚ ਫੈਲ ਰਹੇ ਗੰਨ ਕਲਚਰ ਨੂੰ ਘਟਾਉਣ ਲਈ ਆਮ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਜਾਂਦੀ ਹੈ।
ਆਮ ਲੋਕ ਉਸ ਸਮੇਂ ਇਹ ਵੀ ਸੋਚਦੇ ਹਨ ਕਿ ਅਜਿਹੇ ਸਿਆਸੀ ਆਗੂਆਂ ਦੇ ਆਲੇ ਦੁਆਲੇ ਹਰ ਸਮੇਂ ਹਥਿਆਰਬੰਦ ਸੁਰੱਖਿਆ ਮੁਲਾਜਮ ਰਹਿੰਦੇ ਹਨ ਤਾਂ ਫਿਰ ਉਹ ਆਮ ਲੋਕਾਂ ਨੂੰ ਹਥਿਆਰਾਂ ਤੋਂ ਦੂਰ ਰਹਿਣ ਦਾ ਸੁਨੇਹਾ ਕਿਸ ਆਧਾਰ ਤੇ ਦੇ ਰਹੇ ਹਨ। ਅਸਲ ਵਿੱਚ ਆਮ ਲੋਕ ਸਿਆਸੀ ਆਗੂਆਂ ਨੂੰ ਮਿਲੇ ਸੁਰੱਖਿਆ ਮੁਲਾਜਮਾਂ ਨੂੰ ਵੇਖ ਕੇ ਕਾਫੀ ਪ੍ਰਭਾਵਿਤ ਹੁੰਦੇ ਹਨ ਅਤੇ ਉਹਨਾਂ ਵਿੱਚ ਵੀ ਸਿਆਸੀ ਆਗੂਆਂ ਵਾਂਗ ਆਪਣੇ ਨਾਲ ਹਥਿਆਰਬੰਦ ਬਾਡੀਗਾਰਡ ਰੱਖਣ ਦੀ ਲਾਲਸਾ ਪੈਦਾ ਹੋ ਜਾਂਦੀ ਹੈ। ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਕਈ ਅਜਿਹੇ ਸਿਆਸੀ ਆਗੂਆਂ ਦੀਆਂ ਵੀ ਖ਼ਬਰਾਂ ਆਈਆਂ ਜਿਹਨਾਂ ਨੇ ਸਰਕਾਰੀ ਸੁਰੱਖਿਆ ਛਤਰੀ ਲੈਣ ਲਈ ਆਪਣੇ ਉਪਰ ਖੁਦ ਹੀ ਆਪਣੇ ਬੰਦਿਆਂ ਤੋਂ ਨਕਲੀ ਹਮਲੇ ਕਰਵਾਏ ਸਨ।
ਪੰਜਾਬੀ ਨੌਜਵਾਨਾਂ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਹਥਿਆਰ ਬਹੁਤ ਪਸੰਦ ਹਨ। ਪੰਜਾਬ ਵਿੱਚ ਕਈ ਦਹਾਕਿਆਂ ਤੱਕ ਅਨੇਕਾਂ ਹਥਿਆਰਬੰਦ ਲਹਿਰਾਂ ਚੱਲੀਆਂ, ਜਿਹਨਾਂ ਨੂੰ ਭਾਵੇਂ ਪੁਲੀਸ ਸ਼ਕਤੀ ਨਾਲ ਦਬਾ ਦਿੱਤਾ ਗਿਆ ਹੈ ਪਰ ਇਹਨਾਂ ਲਹਿਰਾਂ ਵਿੱਚ ਵੱਡੀ ਗਿਣਤੀ ਨੌਜਵਾਨ ਸਿਰਫ਼ ਹਥਿਆਰਾਂ ਦੇ ਮੋਹ ਕਾਰਨ ਹੀ ਸ਼ਾਮਲ ਹੋਏ ਸਨ। ਪੰਜਾਬ ਵਿੱਚ ਹਥਿਆਰਾਂ ਦਾ ਲਾਇਸੈਂਸ ਲੈਣਾ ਬਹੁਤ ਔਖਾ ਹੈ ਪਰ ਹਥਿਆਰਾਂ ਦੇ ਇੱਕ ਲਾਇਸੈਂਸ ਤੇ ਕੋਈ ਵੀ ਵਿਅਕਤੀ ਦੋ ਹਥਿਆਰ ਰੱਖ ਸਕਦਾ ਹੈ। ਇਹੋ ਕਾਰਨ ਹੈ ਕਿ ਪੰਜਾਬ ਦੇ ਕਈ ਵਿਅਕਤੀਆਂ ਕੋਲ ਦੋ ਦੋ ਹਥਿਆਰ ਹੁੰਦੇ ਹਨ। ਖ਼ਬਰਾਂ ਤਾਂ ਇਹ ਵੀ ਆ ਰਹੀਆਂ ਹਨ ਕਿ ਪੰਜਾਬ ਵਿੱਚ ਅਨੇਕਾਂ ਲੋਕਾਂ ਕੋਲ ਗ਼ੈਰ ਕਾਨੂੰਨੀ ਹਥਿਆਰ ਵੀ ਹਨ, ਜਿਸ ਕਾਰਨ ਪੰਜਾਬ ਵਿੱਚ ਹਥਿਆਰਾਂ ਦੀ ਗਿਣਤੀ ਕਿੰਨੀ ਹੈ, ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਕਿਉਂਕਿ ਗ਼ੈਰ ਕਾਨੂੰਨੀ ਹਥਿਆਰ ਕਿਸੇ ਗਿਣਤੀ ਵਿੱਚ ਨਹੀਂ ਆਉਂਦੇ।
ਪੰਜਾਬ ਵਿੱਚ ਜਿਸ ਤਰੀਕੇ ਨਾਲ ਗੰਨ ਕਲਚਰ ਵਧ ਰਿਹਾ ਹੈ, ਉਹ ਚਿੰਤਾ ਦਾ ਵਿਸ਼ਾ ਹੈ ਅਤੇ ਇਹ ਮੁੱਦਾ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੱਡਾ ਮੁੱਦਾ ਬਣਨ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
ਬਿਊਰੋ
Editorial
ਸਖ਼ਤ ਮਿਹਨਤ ਅਤੇ ਇਮਾਨਦਾਰੀ ਨਾਲ ਪੂਰੇ ਹੁੰਦੇ ਹਨ ਸੁਨਹਿਰੀ ਸੁਪਨੇ
ਜਦੋਂ ਅਸੀਂ ਮਹਾਨ ਅਤੇ ਵਿਸ਼ਵ ਜੇਤੂ ਵਿਅਕਤੀਆਂ ਦੀਆਂ ਸਵੈ -ਜੀਵਨੀਆਂ ਪੜ੍ਹਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਇਹਨਾਂ ਨੇ ਵਿਸ਼ਵ ਜੇਤੂ ਬਣਨ ਦਾ ਸੁਪਨਾ ਆਪਣੇ ਬਚਪਣ ਵਿੱਚ ਹੀ ਵੇਖਿਆ ਸੀ। ਪ੍ਰਸਿੱਧ ਖਿਡਾਰੀਆਂ ਵੱਲੋਂ ਵੀ ਬਚਪਣ ਵਿੱਚ ਆਪਣੇ ਨਿੱਕੇ ਨਿੱਕੇ ਕੋਮਲ ਹੱਥਾਂ ਵਿੱਚ ਟੈਨਿਸ, ਬੈਡਮਿੰਟਨ ਦਾ ਰੈਕਟ, ਕ੍ਰਿਕਟ ਦਾ ਬੈਟ ਅਤੇ ਹਾਕੀ ਫੜਕੇ ਲਿਆ ਗਿਆ ਵਿਸ਼ਵ ਜੇਤੂ ਬਣਨ ਦਾ ਸੁਪਨਾ ਪੂਰੀ ਦੁਨੀਆ ਨੇ ਇੱਕ ਦਿਨ ਪੂਰਾ ਹੁੰਦਾ ਜਰੂਰ ਵੇਖਿਆ ਹੁੰਦਾ ਹੈ।
ਇਹਨਾਂ ਸੁਪਨਿਆਂ ਨੂੰ ਸੱਚ ਵਿੱਚ ਤਬਦੀਲ ਕਰਨ ਲਈ ਚੰਗੇ ਮਾਰਗ ਦਰਸ਼ਨ ਦੀ ਲੋੜ ਹੁੰਦੀ ਹੈ ਅਤੇ ਜੇਕਰ ਜ਼ਿੰਦਗੀ ਦੀ ਡੋਰ ਬਚਪਣ ਵਿੱਚ ਹੀ ਸਹੀ ਹੱਥਾਂ ਵਿੱਚ ਚਲੀ ਜਾਵੇ ਤਾਂ ਹਰ ਬੱਚੇ ਦੀ ਜ਼ਿੰਦਗੀ ਬਣ ਜਾਂਦੀ ਹੈ। ਜ਼ਿੰਦਗੀ ਦੀ ਡੋਰ ਫੜਨ ਵਾਲੇ ਵਿਅਕਤੀ ਨੂੰ ਵੀ ਇਹ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ ਕਿ ਉਸਨੇ ਬੱਚੇ ਦੀ ਜ਼ਿੰਦਗੀ ਰੂਪੀ ਡੋਰ ਨੂੰ ਕਦੋਂ ਢਿੱਲ ਦੇਣੀ ਹੈ ਅਤੇ ਕਦੋਂ ਖਿੱਚਣੀ ਹੈ। ਇਸ ਡੋਰ ਵਿੱਚ ਲਚਕੀਲਾਪਣ ਹੋਣਾ ਜ਼ਰੂਰੀ ਹੁੰਦਾ ਹੈ। ਵਧੇਰੇ ਢਿੱਲੀ ਡੋਰ ਵੀ ਕਿਸੇ ਕੰਮ ਦੀ ਨਹੀਂ ਹੁੰਦੀ ਅਤੇ ਖਿੱਚ ਮਾਰਨ ਨਾਲ ਡੋਰ ਦੇ ਟੁੱਟਣ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ।
ਇਸੇ ਲਈ ਕਿਹਾ ਜਾਂਦਾ ਹੈ ਕਿ ਬੱਚਿਆਂ ਉੱਪਰ ਪੜਾਈ ਦਾ ਓਨਾ ਕੁ ਭਾਰ ਪਾਓ, ਜਿੰਨਾ ਕੁ ਉਹ ਸਹਿਜੇ ਹੀ ਚੁੱਕ ਸਕਣ। ਜਿਹੜੇ ਬੱਚੇ ਬਚਪਣ ਅਤੇ ਅੱਲ੍ਹੜ ਉਮਰ ਵਿੱਚ ਸਖ਼ਤ ਮਿਹਨਤ ਕਰ ਲੈਂਦੇ ਹਨ, ਉਹ ਜ਼ਿੰਦਗੀ ਭਰ ਚੰਗਾ ਜੀਵਨ ਬਤੀਤ ਕਰਦੇ ਹਨ। ਦੂਜੇ ਪਾਸੇ ਜਿਹੜੇ ਬੱਚੇ ਬਚਪਣ ਵਿੱਚ ਆਪਣੀ ਜ਼ਿੰਦਗੀ ਪ੍ਰਤੀ ਅਵੇਸਲੇ ਰਹਿੰਦੇ ਹਨ ਉਹ ਜ਼ਿੰਦਗੀ ਦੇ ਰਾਹ ਵਿੱਚ ਵਿਖਰ ਜਾਂਦੇ ਹਨ। ਕਈ ਬੱਚੇ ਬਚਪਣ ਵਿੱਚ ਹੀ ਬਿਖੜੇ ਪੈਂਡਿਆਂ ਦੇ ਰਾਹੀ ਬਣ ਜਾਂਦੇ ਹਨ। ਕੋਈ ਬੱਚਾ ਬਚਪਣ ਵਿੱਚ ਪੁਲਾੜ ਵਿਗਿਆਨੀ ਬਣਨ ਦਾ ਸੁਪਨਾ ਲੈਂਦਾ ਹੈ। ਕੋਈ ਬੱਚਾ ਬਚਪਣ ਵਿੱਚ ਹੀ ਕੈਨੇਡਾ, ਅਮਰੀਕਾ ਅਤੇ ਆਸਟ੍ਰੇਲੀਆ ਜਾਣ ਦਾ ਸੁਪਨਾ ਲੈਂਦਾ ਹੈ। ਵੱਡੀ ਗਿਣਤੀ ਬੱਚੇ ਵੱਡੇ ਹੋ ਕੇ ਕੁਝ ਵੱਡਾ ਕਰਨ ਦਾ ਸੁਪਨਾ ਜ਼ਰੂਰ ਵੇਖਦੇ ਹਨ, ਲੋੜ ਤਾਂ ਇਹਨਾਂ ਸੁਪਨਿਆਂ ਨੂੰ ਪੂੁਰਾ ਕਰਨ ਲਈ ਉਚਿੱਤ ਮਾਹੌਲ ਦੇਣ ਦੀ ਹੈ।
ਸੁਪਨਿਆਂ ਦੀ ਉਡਾਣ ਮਨੁੱਖ ਨੂੰ ਉਸ ਉਚਾਈ ਤੇ ਪਹੁੰਚਣ ਲਈ ਦਿਨ-ਰਾਤ ਪ੍ਰੇਰਿਤ ਕਰਦੀ ਹੈ ਜਿਸਨੂੰ ਉਹ ਪ੍ਰਾਪਤ ਕਰਨਾ ਚਾਹੁੰਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰੁਕਾਵਟਾਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਵਾਰ-ਵਾਰ ਕਰਨਾ ਪੈਂਦਾ ਹੈ ਪਰ ਅਸਲ ਵਿੱਚ ਜਿੱਤ ਦਾ ਤਾਜ ਵੀ ਉਸ ਦੇ ਸਿਰ ਹੀ ਸਜਦਾ ਹੈ ਜੋ ਮੁਸ਼ਕਿਲਾਂ ਤੋਂ ਘਬਰਾਉਂਦਾ ਨਹੀਂ ਬਲਕਿ ਅਸਫਲਤਾ ਨੂੰ ਆਪਣੀ ਸਕਾਰਾਤਮਕ ਸੋਚ ਸਦਕਾ ਇੱਕ ਹੋਰ ਮੌਕੇ ਦੀ ਭਾਲ ਦੇ ਰੂਪ ਵਿੱਚ ਹੀ ਦੇਖਦਾ ਹੈ। ਕਹਿੰਦੇ ਹਨ ਇੱਕ ਵਾਰ ਕਿਸੇ ਨੇ ਥਾਮਸ ਐਡੀਸਨ ਨੂੰ ਪੁੱਛਿਆ ਕਿ ਉਸ ਨੂੰ ਨਿਰਾਸ਼ਾ ਨਹੀਂ ਹੋਈ ਕਿਉਂਕਿ ਉਹ 10,000 ਵਾਰ ਅਸਫਲ ਰਹਿਣ ਤੋਂ ਬਾਅਦ ਬਲਬ ਬਣਾ ਸਕਿਆ ਤਾਂ ਉਸ ਨੇ ਜਵਾਬ ਦਿੱਤਾ ਕਿ ਨਹੀਂ ਬਲਕਿ ਮੈਨੂੰ ਇਹ ਪਤਾ ਲੱਗਿਆ ਕਿ 10,000 ਤਰੀਕੇ ਅਜਿਹੇ ਹਨ ਜਿਨ੍ਹਾਂ ਨਾਲ ਇਹ ਨਹੀਂ ਬਣ ਸਕਦਾ। ਉਹਨਾਂ ਦਾ ਆਤਮ-ਵਿਸ਼ਵਾਸ ਅਤੇ ਸਕਾਰਾਤਮਕ ਸੋਚ ਹੀ ਉਹਨਾਂ ਨੂੰ ਸਫਲ ਬਣਾ ਸਕੀ।
ਜੇ ਕੋਈ ਮਨੁੱਖ ਨਿਰਾਸ਼ਾ ਦੇ ਹਨੇਰੇ ਵਿੱਚ ਡੁੱਬ ਜਾਵੇ ਤਾਂ ਉਹ ਕਦੇ ਵੀ ਸਫਲਤਾ ਦਾ ਸੁਆਦ ਨਹੀਂ ਲੈ ਸਕੇਗਾ। ਹਰ ਹਨੇਰੀ ਰਾਤ ਤੋਂ ਬਾਅਦ ਦਿਨ ਦਾ ਉਜਾਲਾ ਵੀ ਆਉਂਦਾ ਹੈ। ਇਸ ਲਈ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਮਿਲੀ ਅਸਫ਼ਲਤਾ ਤੋਂ ਘਬਰਾਉਣਾ ਨਹੀਂ ਚਾਹੀਦਾ ਬਲਕਿ ਪਹਿਲਾਂ ਨਾਲੋਂ ਵੀ ਵਧੇਰੇ ਮਿਹਨਤ ਕਰਨੀ ਚਾਹੀਦੀ ਹੈ।
ਬਿਊਰੋ
-
International2 months agoਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ ਕਾਰਨ 9 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
International4 weeks agoਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
-
International1 month agoਖੱਡ ਵਿੱਚ ਡਿੱਗੀ ਸਕੂਲ ਬੱਸ, ਵਿਦਿਆਰਥੀਆਂ ਸਮੇਤ 5 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਮਿਲਟਰੀ ਬੇਸ ਤੇ ਅੱਗ ਲੱਗਣ ਕਾਰਨ 4 ਫ਼ੌਜੀ ਜਵਾਨ ਸ਼ਹੀਦ, 39 ਜ਼ਖਮੀ
-
International1 month agoਸਕੂਲ ਦੀ ਛੱਤ ਡਿੱਗਣ ਕਾਰਨ 28 ਵਿਦਿਆਰਥੀਆਂ ਅਤੇ 1 ਅਧਿਆਪਕਾ ਦੀ ਮੌਤ, ਕਈ ਜ਼ਖ਼ਮੀ
-
Chandigarh1 month ago
ਪਰਵਿੰਦਰ ਝੋਟਾ ਕਤਲ ਮਾਮਲੇ ਵਿੱਚ ਹੋਈ ਪਹਿਲੀ ਗ੍ਰਿਫਤਾਰੀ
