Connect with us

Editorial

ਕੀ ਸੜਕ ਹਾਦਸਿਆਂ ਦੀ ਰਫਤਾਰ ਨੂੰ ਵੀ ਲੱਗ ਸਕਣਗੀਆਂ ਬਰੇਕਾਂ?

Published

on

 

 

ਪੰਜਾਬ ਵਿੱਚ ਜਿਸ ਤਰੀਕੇ ਨਾਲ ਵਾਹਨਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਉਸੇ ਤਰ੍ਹਾਂ ਸੜਕ ਹਾਦਸਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ। ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਏ ਜਾਣ ਲਈ ਯਤਨ ਵੀ ਕੀਤੇ ਜਾਂਦੇ ਹਨ ਪਰ ਇਸ ਦੇ ਬਾਵਜੂੁਦ ਸੜਕ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਹੈ।

ਜਿਆਦਾਤਰ ਹਾਦਸੇ ਵਾਹਨ ਚਾਲਕਾਂ ਦੀ ਅਣਗਹਿਲੀ ਅਤੇ ਤੇਜ ਰਫਤਾਰ ਨਾਲ ਹੁੰਦੇ ਹਨ। ਇਸ ਤੋਂ ਇਲਾਵਾ ਰਾਤ ਸਮੇਂ ਬਿਨਾਂ ਰਿਫਲੈਕਟਰ ਦੇ ਚਲਦੀਆਂ ਟ੍ਰੈਕਟਰ ਟਰਾਲੀਆਂ ਵੀ ਵੱਡੇ ਹਾਦਸਿਆਂ ਦਾ ਕਾਰਨ ਬਣਦੀਆਂ ਹਨ। ਅਕਸਰ ਇਹ ਟਰਾਲੀਆ ਓਵਰਲੋਡ ਹੁੰਦੀਆਂ ਹਨ ਅਤੇ ਇਹਨਾਂ ਦੇ ਪਿਛਲੇ ਪਾਸੇ ਲਾਈਟਾਂ ਅਤੇ ਰਿਫਲੈਕਟਰ ਨਾ ਹੋਣ ਕਾਰਨ ਰਾਤ ਸਮੇਂ ਇਹ ਟ੍ਰੈਕਟਰ ਟਰਾਲੀਆਂ ਹੋਰਨਾਂ ਵਾਹਨ ਚਾਲਕਾਂ ਨੂੰ ਦਿਖਾਈ ਨਹੀਂ ਦਿੰਦੀਆਂ, ਜਿਸ ਕਾਰਨ ਹੋਰ ਵਾਹਨ ਇਹਨਾਂ ਟਰਾਲੀਆਂ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ ਜਿਸ ਕਾਰਨ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ। ਇਸ ਤਰ੍ਹਾਂ ਦੇ ਹਾਦਸੇ ਅਕਸਰ ਵਾਪਰਦੇ ਰਹਿੰਦੇ ਹਨ। ਇਸ ਦੇ ਬਾਵਜੂਦ ਬਿਨਾਂ ਰਿਫਲੈਕਟਰ ਚਲਦੀਆਂ ਟ੍ਰੈਕਟਰ ਟਰਾਲੀਆਂ ਵਿਰੁਧ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ।

ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਇੱਕ ਹੀ ਸਕੂਟਰ, ਮੋਟਰ ਸਾਈਕਲ ਜਾਂ ਸਾਈਕਲ ਉਤੇ ਕੁਝ ਲੋਕ ਸਾਰੇ ਟੱਬਰ ਨੂੰ ਸਫ਼ਰ ਕਰਵਾਉਣਾ ਆਪਣਾ ਹੱਕ ਸਮਝਦੇ ਹਨ। ਆਟੋ ਰਿਕਸ਼ਾ ਤਿੰਨ ਸਵਾਰੀਆਂ ਲਈ ਬਣਾਇਆ ਹੁੰਦਾ ਹੈ ਪਰ ਜਦੋਂ ਤਕ 10 ਸਵਾਰੀਆਂ ਬੈਠ ਨਾ ਜਾਣ, ਚਾਲਕ ਦੀ ਤਸੱਲੀ ਨਹੀਂ ਹੁੰਦੀ। ਸਕੂਲੀ ਬੱਚਿਆਂ ਨੂੰ ਲਿਆ ਰਹੇ ਟੈਂਪੂ ਤੇ ਆਟੋ ਰਿਕਸ਼ਾ ਵੀ ਓਵਰ ਲੋਡ ਹੁੰਦੇ ਹਨ ਅਤੇ ਇਹਨਾਂ ਦੀ ਤੇਜ ਰਫਤਾਰ ਕਾਰਨ ਅਕਸਰ ਹਾਦਸੇ ਵਾਪਰਦੇ ਹਨ। ਸਕੂਲ ਬੱਸਾਂ ਬਾਰੇ ਅਤੇ ਸਕੂਲੀ ਬੱਚਿਆਂ ਵਾਲੇ ਆਟੋਆਂ ਅਤੇ ਹੋਰ ਵਾਹਨਾਂ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਇਹ ਬਹੁਤ ਤੇਜ ਰਫਤਾਰ ਨਾਲ ਚਲਾਏ ਜਾਂਦੇ ਹਨ। ਜਦੋਂ ਇਹਨਾਂ ਵਾਹਨਾਂ ਦੇ ਡਰਾਇਵਰਾਂ ਨੂੰ ਤੇਜ ਰਫਤਾਰ ਚਲਾਉਣ ਬਾਰੇ ਪੁਛਿਆ ਜਾਂਦਾ ਹੈ ਤਾਂ ਇਹਨਾਂ ਦਾ ਜਵਾਬ ਹੁੰਦਾ ਹੈ ਕਿ ਇਹਨਾਂ ਨੇ ਬੱਚਿਆਂ ਨੂੰ ਸਮੇਂ ਸਿਰ ਸਕੂਲ ਪਹੁੰਚਾਉਣਾ ਹੁੰਦਾ ਹੈ। ਇਹਨਾਂ ਨੂੰ ਇਹ ਕੌਣ ਸਮਝਾਵੇ ਕਿ ਸਮੇਂ ਸਿਰ ਸਕੂਲ ਪਹੁੰਚਣ ਲਈ ਸਮੇਂ ਸਿਰ ਤੁਰ ਪੈਣਾ ਅਕਲਮੰਦੀ ਹੁੰਦੀ ਹੈ ਪਰ ਇਹ ਕਿਸੇ ਦੀ ਪਰਵਾਹ ਨਹੀਂ ਕਰਦੇ। ਸਕੂਲਾਂ ਦੀ ਛੁੱਟੀ ਸਮੇਂ ਤਾਂ ਸਕੂਲ ਪਹੁੰਚਣ ਦੀ ਜਲਦੀ ਵੀ ਨਹੀਂ ਹੁੰਦੀ ਅਤੇ ਬੱਚਿਆਂ ਨੇ ਆਰਾਮ ਨਾਲ ਘਰ ਜਾਣਾ ਹੁੰਦਾ ਹੈ ਪਰ ਉਸ ਸਮੇਂ ਵੀ ਸਕੂਲ ਬੱਸਾਂ ਅਤੇ ਸਕੂਲੀ ਬੱਚਿਆਂ ਵਾਲੇ ਆਟੋ ਬਹੁਤ ਤੇਜ ਰਫਤਾਰ ਨਾਲ ਚੱਲਦੇ ਹਨ।

ਇਹੀ ਹਾਲ ਹੋਰਨਾਂ ਵਾਹਨਾਂ ਦਾ ਹੈ। ਵੱਡੀ ਗਿਣਤੀ ਵਾਹਨ ਚਾਲਕ ਤੇਜ ਰਫਤਾਰ ਨਾਲ ਵਾਹਨ ਚਲਾਉਣ ਨੂੰ ਆਪਣੀ ਸ਼ਾਨ ਸਮਝਦੇ ਹਨ ਜਦੋਂ ਕਿ ਉਹਨਾਂ ਨੂੰ ਕਿਸੇ ਪਾਸੇ ਪਹੁੰਚਣ ਲਈ ਸਮੇਂ ਦੀ ਘਾਟ ਵੀ ਨਹੀਂ ਹੁੰਦੀ। ਸਿਰਫ ਫੌਕੀ ਸ਼ਾਨ ਲਈ ਤੇਜ ਰਫਤਾਰ ਨਾਲ ਚਲਾਏ ਜਾਂਦੇ ਵਾਹਨ ਅਕਸਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਕਈ ਲੋਕਾਂ ਨੇ ਮੋਟਰਸਾਈਕਲਾਂ ਨਾਲ ਰੇਹੜੀਆਂ ਵੀ ਜੋੜੀਆਂ ਹੋਈਆਂ ਹਨ ਜਿਹਨਾਂ ਦੇ ਚਾਲਕ ਇਹਨਾਂ ਨੂੰ ਤੇਜ ਰਫਤਾਰ ਨਾਲ ਚਲਾ ਕੇ ਆਪਣੀ ਅਤੇ ਹੋਰਨਾਂ ਲੋਕਾਂ ਦੀ ਜ਼ਿੰਦਗੀ ਖਤਰੇ ਵਿੱਚ ਪਾਉਂਦੇ ਹਨ। ਇਸ ਤੋਂ ਇਲਾਵਾ ਤੂੜੀ ਦੇ ਓਵਰਲੋਡ ਟਰੱਕ ਵੀ ਹਾਦਸਿਆਂ ਨੂੰ ਸੱਦਾ ਦਿੰਦੇ ਹਨ।

ਇਸ ਸਮੇਂ ਪੰਜਾਬ ਵਿੱਚ ਬਰਸਾਤ ਦਾ ਮੌਸਮ ਹੈ ਅਤੇ ਸੜਕਾਂ ਤੇ ਅਕਸਰ ਪਾਣੀ ਵੀ ਖੜਾ ਹੁੰਦਾ ਹੈ ਜਾਂ ਸੜਕਾਂ ਬਰਸਾਤ ਕਾਰਨ ਗਿੱਲੀਆਂ ਹੁੰਦੀਆਂ ਹਨ, ਜਿਸ ਕਾਰਨ ਵਾਹਨਾਂ ਦੇ ਸਲਿਪ ਹੋਣ ਦਾ ਖਤਰਾ ਹੁੰਦਾ ਹੈ, ਜਿਸ ਕਾਰਨ ਸੜਕ ਹਾਦਸਿਆਂ ਦਾ ਖਤਰਾ ਹੋਰ ਵੀ ਵੱਧ ਜਾਂਦਾ ਹੈ। ਜਿਸ ਤਰੀਕੇ ਨਾਲ ਸੜਕ ਹਾਦਸਿਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਉਹ ਚਿੰਤਾ ਦਾ ਵਿਸ਼ਾ ਹੈ।

ਬਿਊਰੋ

Continue Reading

Editorial

ਨੌਜਵਾਨਾਂ ਦੇ ਪਤਨ ਦਾ ਕਾਰਨ ਬਣ ਰਹੀ ਹੈ ਉਹਨਾਂ ਵਿੱਚ ਲਗਾਤਾਰ ਵੱਧਦੀ ਅਸਹਿਨਸ਼ੀਲਤਾ

Published

on

By

 

ਭਾਰਤੀ ਨੌਜਵਾਨਾਂ ਵਿਚ ਅਸ਼ਹਿਨਸ਼ੀਲਤਾ ਲਗਾਤਾਰ ਵੱਧ ਰਹੀ ਹੈ ਅਤੇ ਅਜਿਹਾ ਆਮ ਵੇਖਣ ਵਿੱਚ ਆਉਂਦਾ ਹੈ ਕਿ ਸਾਡੇ ਨੌਜਵਾਨ ਨਾ ਸਿਰਫ ਮਾੜੀ ਜਿਹੀ ਗੱਲ ਤੇ ਭੜਕ ਜਾਂਦੇ ਹਨ ਬਲਕਿ ਹਿੰਸਕ ਹੋ ਕੇ ਇੱਕ ਦੂਜੇ ਤੇ ਕਿਰਚਾਂ, ਰਾਡਾਂ, ਕਿਰਪਾਨਾਂ ਆਦਿ ਨਾਲ ਹਮਲਾ ਕਰਨ ਲੱਗ ਜਾਂਦੇ ਹਨ। ਇਹਨਾਂ ਨੌਜਵਾਨਾਂ ਵਲੋਂ ਕਿਸੇ ਮਾੜੀ ਜਿਹੀ ਗੱਲ ਤੇ ਤੈਸ਼ ਵਿੱਚ ਆ ਕੇ ਕੀਤਾ ਜਾਣ ਵਾਲਾ ਇਹ ਹਿੰਸਕ ਟਕਰਾਅ ਕਈ ਵਾਰ ਮਨੁੱਖੀ ਜਾਨਾਂ ਦੇ ਘਾਣ ਦਾ ਵੀ ਕਾਰਨ ਬਣਦਾ ਹੈ ਅਤੇ ਨੌਜਵਾਨਾਂ ਵਿੱਚ ਲਗਾਤਾਰ ਵੱਧਦੀ ਅਸਹਿਣਸ਼ੀਲਤਾ ਦਾ ਹੀ ਨਤੀਜਾ ਹੈ ਕਿ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਦੇ ਵੱਖ ਵੱਖ ਗਰੁੱਪਾਂ ਵਿੱਚ ਅਕਸਰ ਲੜਾਈ ਝਗੜੇ ਹੁੰਦੇ ਰਹਿੰਦੇ ਹਨ ਜਿਹੜੇ ਹਿੰਸਕ ਰੂਪ ਧਾਰ ਲੈਂਦੇ ਹਨ।

ਇਸ ਸਾਰੇ ਕੁੱਝ ਲਈ ਨੌਜਵਾਨਾਂ ਵਿੱਚ ਲਗਾਤਾਰ ਵੱਧ ਹੁੰਦੀ ਅਸ਼ਹਿਨਸ਼ੀਲਤਾ ਨੂੰ ਹੀ ਜਿੰਮੇਵਾਰ ਮੰਨਿਆ ਜਾ ਸਕਦਾ ਹੈ ਅਤੇ ਨੌਜਵਾਨਾਂ ਵਿਚਲੀ ਇਹ ਅਸਹਿਣਸ਼ੀਲਤਾ ਹਰ ਪਾਸੇ ਨਜਰ ਆਉਂਦੀ ਹੈ। ਕਿਸੇ ਵੀ ਮਾਮੂਲੀ ਗੱਲ ਤੇ ਤੈਸ਼ ਵਿੱਚ ਆਉਣ ਵਾਲੇ ਸਾਡੇ ਨੌਜਵਾਨ ਗੁੱਸੇ ਦੌਰਾਨ ਇੱਕ ਦੂਜੇ ਦੀ ਜਾਨ ਤਕ ਲੈਣ ਲਈ ਤਿਆਰ ਹੋ ਜਾਂਦੇ ਹਨ। ਇਹਨਾਂ ਨੌਜਵਾਨਾਂ ਵਿੱਚ ਹੋਣ ਵਾਲੇ ਇਹ ਝਗੜੇ ਬਹੁਤ ਲੰਬੇ ਚਲਦੇ ਹਨ ਜਿਸ ਦੌਰਾਨ ਇਹਨਾਂ ਵਿਚਾਲੇ ਹਿੰਸਕ ਟਕਰਾਓ ਹੁੰਦੇ ਹਨ ਅਤੇ ਇੱਕ ਦੂਜੇ ਤੋਂ ਬਦਲਾ ਲੈਣ ਵਿੱਚ ਹੀ ਇਹਨਾਂ ਨੌਜਵਾਨਾਂ ਦੇ ਕਈ ਕਈ ਸਾਲ ਲੰਘ ਜਾਂਦੇ ਹਨ।

ਸਾਡੇ ਨੌਜਵਾਨਾਂ ਵਿੱਚ ਲਗਾਤਾਰ ਵੱਧਦੀ ਇਹ ਅਸਹਿਣਸ਼ੀਲਤਾ ਇਹਨਾਂ ਨੌਜਵਾਨਾਂ ਵਲੋਂ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਅਤੇ ਹੋਰਨਾਂ ਜਨਤਕ ਥਾਵਾਂ ਤੇ ਇਕੱਠੇ ਹੋ ਕੇ ਕੀਤੀ ਜਾਂਦੀ ਹੁਲੱੜਬਾਜੀ ਅਤੇ ਹੁੜਦੰਗ ਦੇ ਰੂਪ ਵਿੱਚ ਵੀ ਦੇਖਣ ਨੂੰ ਮਿਲਦੀ ਹੈ ਜਿਸ ਦੌਰਾਨ ਇਹ ਨੌਜਵਾਨ ਛੋਟੀ ਛੋਟੀ ਗੱਲ ਤੇ ਲੜਣ ਲਈ ਤਿਆਰ ਦਿਖਦੇ ਹਨ ਅਤੇ ਇਹਨਾਂ ਦੀਆਂ ਹਰਕਤਾਂ ਆਮ ਲੋਕਾਂ ਵਿੱਚ ਦਹਿਸ਼ਤ ਦਾ ਪਸਾਰ ਕਰਦੀਆਂ ਹਨ। ਆਪਣੀ ਇਸ ਹੁਲੱੜਬਾਜੀ ਦੌਰਾਨ ਇਹ ਨੌਜਵਾਨ ਅਕਸਰ ਆਪਸ ਵਿੱਚ ਵੀ ਲੜ ਪੈਂਦੇ ਹਨ ਅਤੇ ਸਹਿਣਸ਼ੀਲਤਾ ਦੀ ਘਾਟ ਕਾਰਨ ਇਹਨਾਂ ਵਿਚਲੀ ਇਹ ਲੜਾਈ ਅਕਸਰ ਖੂਨੀ ਹਿੰਸਾ ਦਾ ਰੂਪ ਧਾਰਨ ਕਰ ਲੈਂਦੀ ਹੈ।

ਇਹਨਾਂ ਨੌਜਵਾਨਾਂ ਵਿਚੋਂ ਵੱਡੀ ਗਿਣਤੀ ਨੌਜਵਾਨ ਨਸ਼ੇੜੀ ਵੀ ਹੁੰਦੇ ਹਨ, ਜੋ ਕਿ ਅਕਸਰ ਹਨੇਰਾ ਹੋਣ ਤੇ ਅੰਡੇ, ਮੀਟ, ਚਿਕਨ, ਪਕੌੜੇ, ਮੱਛੀ ਆਦਿ ਵੇਚਣ ਵਾਲੀਆਂ ਰੇਹੜੀਆਂ ਤੇ ਖੜ ਕੇ ਸ਼ਰਾਬ ਦੀ ਗਲਾਸੀ ਖੜਕਾਉਂਦੇ ਹਨ ਅਤੇ ਇਹਨਾਂ ਕਾਰਨ ਮਾਰਕੀਟਾਂ ਵਿੱਚ ਆਉਣ ਵਾਲੇ ਲੋਕਾਂ ਦਾ ਲਾਂਘਾ ਤਕ ਔਖਾ ਹੋ ਜਾਂਦਾ ਹੈ। ਜੇਕਰ ਇਹਨਾਂ ਨੌਜਵਾਨਾਂ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਇਹ ਸਾਮ੍ਹਣੇ ਵਾਲੇ ਨਾਲ ਲੜਦੇ ਹਨ ਅਤੇ ਇਹਨਾਂ ਕਾਰਨ ਸ਼ਹਿਰ ਦਾ ਮਾਹੌਲ ਵੀ ਖਰਾਬ ਹੁੰਦਾ ਹੈ। ਇੱਕ ਵੱਡੀ ਸਮੱਸਿਆ ਇਹ ਵੀ ਹੈ ਕਿ ਸਾਡੇ ਵੱਡੀ ਗਿਣਤੀ ਨੌਜਵਾਨ ਨਸ਼ਿਆਂ ਦੇ ਆਦੀ ਬਣ ਚੁੱਕੇ ਹਨ ਅਤੇ ਹਰ ਵੇਲੇ ਨਸ਼ੇ ਦੀ ਲੋਰ ਵਿੱਚ ਆਏ ਇਹ ਨੌਜਵਾਨ ਕਿਸੇ ਵੀ ਵੱਡੇ ਛੋਟੇ ਦਾ ਲਿਹਾਜ ਨਹੀਂ ਕਰਦੇ।

ਸਾਡੇ ਨੌਜਵਾਨਾਂ ਵਿੱਚ ਲਗਾਤਾਰ ਵੱਧਦੀ ਅਸਹਿਣਸ਼ੀਲਤਾ ਦਾ ਇੱਕ ਕਾਰਨ ਨੌਜਵਾਨਾਂ ਨੂੰ ਨੈਤਿਕ ਸਿਖਿਆ ਦਾ ਨਾ ਮਿਲਣਾ ਅਤੇ ਹਰ ਚੀਜ ਨੂੰ ਛੇਤੀ ਹਾਸਿਲ ਕਰਨ ਦੀ ਤਾਂਘ ਵੀ ਹੈ ਅਤੇ ਉਹ ਸਬਰ ਰੱਖ ਕੇ ਮਿਹਨਤ ਕਰਨ ਦੀ ਥਾਂ ਤੁਰੰਤ ਸਭ ਕੱਝ ਹਾਸਿਲ ਕਰਨ ਲਈ ਕਾਹਲੇ ਪੈ ਜਾਂਦੇ ਹਨ। ਨੌਜਵਾਨਾਂ ਵਿਚ ਸਬਰ ਸੰਤੋਖ ਦੀ ਬਹੁਤ ਘਾਟ ਹੈ, ਉਹ ਨਾ ਸਿਰਫ ਇਕਦਮ ਅਮੀਰ ਬਣਨਾ ਚਾਹੁੰਦੇ ਹਨ ਬਲਕਿ ਸਾਰਾ ਕੁੱਝ ਹਾਸਿਲ ਵੀ ਕਰਨਾ ਚਾਹੁੰਦੇ ਹਨ ਅਤੇ ਆਪਣੇ ਅੰਦਰ ਸ਼ਹਿਨਸ਼ੀਲਤਾ ਦੀ ਘਾਟ ਕਾਰਨ ਉਹ ਕਿਸੇ ਵੀ ਹੱਦ ਤਕ ਜਾਣ ਲਈ ਤਿਆਰ ਹੋ ਜਾਂਦੇ ਹਨ। ਇਸ ਸਾਰੇ ਕੁੱਝ ਵਾਸਤੇ ਸਾਡੇ ਸਿਆਸੀ ਆਗੂ ਵੀ ਜਿੰਮੇਵਾਰ ਹਨ ਜਿਹਨਾਂ ਵਲੋਂ ਚੋਣਾਂ ਦੌਰਾਨ ਨੌਜਵਾਨਾਂ ਨੂੰ ਭੜਕਾ ਕੇ ਉਹਨਾਂ ਤੋਂ ਆਪਣੇ ਵਿਰੋਧੀਆਂ ਦੇ ਬੈਨਰ, ਪੋਸਟਰ ਪਾੜਨ ਅਤੇ ਵਿਰੋਧੀ ਵਰਕਰਾਂ ਨਾਲ ਮਾਰ ਕੁਟਾਈ ਕਰਨ ਵਰਗੇ ਕੰਮ ਲਏ ਜਾਂਦੇ ਹਨ। ਇਹਨਾਂ ਨੌਜਵਾਨਾਂ ਨੂੰ ਸਿਆਸੀ ਆਗੂਆਂ ਵਲੋਂ ਦਿੱਤੀ ਜਾਂਦੀ ਸ਼ਹਿ ਵੀ ਉਹਨਾਂ ਨੂੰ ਪਤਨ ਦੇ ਰਾਹ ਵੱਲ ਲੈ ਕੇ ਜਾਂਦੀ ਹੈ ਜਿਸਤੋਂ ਉਹਨਾਂ ਨੂੰ ਬਚਾਇਆ ਜਾਣਾ ਜਰੂਰੀ ਹੈ।

ਸਾਡੇ ਨੌਜਵਾਨ ਸਾਡਾ ਆਉਣ ਵਾਲਾ ਭਵਿੱਖ ਹਨ ਅਤੇ ਉਹਨਾਂ ਵਿੱਚ ਹਰ ਗੱਲ ਨੂੰ ਸੋਚ ਸਮਝ ਕੇ ਅਤੇ ਫਿਰ ਉਸੇ ਅਨੁਸਾਰ ਕੋਈ ਫੈਸਲਾ ਕਰਨ ਦੀ ਸਮਝ ਦੇ ਨਾਲ ਨਾਲ ਸਬਰ ਹੋਣਾ ਵੀ ਜਰੂਰੀ ਹੈ ਵਰਨਾ ਨੌਜਵਾਨਾਂ ਵਿੱਚ ਲਗਾਤਾਰ ਵੱਧਦੀ ਅਸਹਿਣਸ਼ੀਲਤਾ ਇੱਕ ਦਿਨ ਪੂਰੇ ਸਮਾਜ ਨੂੰ ਹੀ ਲੈ ਡੁੱਬੇਗੀ ਇਸ ਲਈ ਨੌਜਵਾਨਾਂ ਨੂੰ ਸਹੀ ਸੇਧ ਦੇਣ ਦੀ ਲੋੜ ਹੈ ਅਤੇ ਇਸ ਵਾਸਤੇ ਸਾਰਿਆਂ ਨੂੰ ਆਪਣੀ ਬਣਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ।

Continue Reading

Editorial

ਠੱਗਾਂ ਵਲੋਂ ਇੰਟਰਨੈਟ ਤੇ ਨਕਲੀ ਅਤੇ ਘਟੀਆ ਸਾਮਾਨ ਵੇਚਣ ਦੀ ਕਾਰਵਾਈ ਤੇ ਸਖਤੀ ਨਾਲ ਕਾਬੂ ਕਰੇ ਸਰਕਾਰ

Published

on

By

 

ਅੱਜਕੱਲ ਆਨ ਲਾਈਨ ਸ਼ਾਪਿੰਗ ਦਾ ਜਮਾਨਾ ਹੈ ਅਤੇ ਲੋਕਾਂ ਵਿੱਚ ਆਪਣੀ ਲੋੜ ਦੇ ਹਰ ਛੋਟੇ ਵੱਡੇ ਸਾਮਾਨ ਦੀ ਆਨ ਲਾਈਨ ਖਰੀਦਦਾਰੀ ਦਾ ਰੁਝਾਨ ਕਾਫੀ ਜਿਆਦਾ ਵੱਧ ਗਿਆ ਹੈ। ਇਸ ਦੌਰਾਨ ਜਿੱਥੇ ਇੰਟਰਨੈਟ ਤੇ ਹਰ ਤਰ੍ਹਾਂ ਦਾ ਸਾਮਾਨ ਵੇਚਣ ਵਾਲੀਆਂ ਕਈ ਵੈਬਸਾਈਟਾਂ ਹੋਂਦ ਵਿੱਚ ਆ ਗਈਆਂ ਹਨ, ਉੱਥੇ ਅਜਿਹੇ ਵਿਅਕਤੀ ਵੀ ਸਰਗਰਮ ਹੋ ਗਏ ਹਨ ਜਿਹੜੇ ਲੋਕਾਂ ਵਲੋਂ ਕੀਤੀ ਜਾਂਦੀ ਆਨਲਾਈਨ ਖਰੀਦਦਾਰੀ ਦੌਰਾਨ ਉਹਨਾਂ ਨੂੰ ਘਟੀਆ ਕੁਆਲਟੀ ਜਾਂ ਨਕਲੀ ਮਾਲ ਦੀ ਸਪਲਾਈ ਕਰਕੇ ਉਹਨਾਂ ਨਾਲ ਠੱਗੀਆਂ ਮਾਰਦੇ ਹਨ। ਇਸ ਸੰਬੰਧੀ ਵੱਖ ਵੱਖ ਵਸਤੂਆਂ ਦੀ ਆਨਲਾਈਨ ਖਰੀਦਦਾਰੀ ਕਰਨ ਵਾਲੇ ਲੋਕ ਅਕਸਰ ਸਾਮਾਨ ਦੀ ਘਟੀਆ ਕੁਆਲਟੀ ਦੀ ਸ਼ਿਕਾਇਤ ਕਰਦੇ ਵੀ ਦਿਖ ਜਾਂਦੇ ਹਨ ਅਤੇ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਲਗਾਤਾਰ ਵੱਧ ਰਹੀਆਂ ਹਨ।

ਆਨਲਾਈਨ ਸਾਮਾਨ ਵੇਚਣ ਵਾਲੀਆਂ ਵੈਬਸਾਈਟਾਂ ਵਲੋਂ ਬ੍ਰਾਂਡਿਡ ਸਾਮਾਨ ਦੇ ਨਾਮ ਤੇ ਗ੍ਰਾਹਕਾਂ ਨੂੰ ਨਕਲੀ ਸਾਮਾਨ ਵੇਚ ਕੇ ਠੱਗਣ ਦ ਮਾਮਲੇ ਵੀ ਅਕਸਰ ਸਾਮ੍ਹਣੇ ਆਉਂਦੇ ਹਨ। ਅਜਿਹੀਆਂ ਤਮਾਮ ਵੈਬਸਾਈਟਾ ਵਲੋਂ ਭਾਵੇਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਉਹਨਾਂ ਵਲੋਂ ਆਪਣੇ ਗ੍ਰਾਹਕਾਂ ਨੂੰ ਜਿਹੜਾ ਸਾਮਾਨ ਵੇਚਿਆ ਜਾਂਦਾ ਹੈ ਉਹ ਬ੍ਰਾਂਡਿਡ ਕੰਪਨੀਆਂ ਵਲੋਂ ਤਿਆਰ ਕੀਤਾ ਗਿਆ ਅਸਲੀ ਸਾਮਾਨ ਹੀ ਹੁੰਦਾ ਹੈ ਅਤੇ ਆਮ ਲੋਕ ਵੈਬਸਾਈਟ ਤੇ ਇਸ ਸਾਮਾਨ ਦੀਆਂ ਤਸਵੀਰਾਂ ਵੇਖ ਕੇ ਇਹ ਸਾਮਾਨ ਖਰੀਦਣ ਲਈ ਆਰਡਰ ਵੀ ਕਰਦੇ ਹਨ ਪਰੰਤੂ ਬਾਅਦ ਵਿੱਚ ਇਹਨਾਂ ਕੰਪਨੀਆਂ ਵਲੋਂ ਲੋਕਾਂ ਦੇ ਘਰਾਂ ਵਿੱਚ ਨਕਲੀ ਸਾਮਾਨ ਭੇਜ ਦਿੱਤਾ ਜਾਂਦਾ ਹੈ।

ਆਨਲਾਈਨ ਸਾਮਾਨ ਵੇਚਣ ਵਾਲੀਆਂ ਇਹਨਾਂ ਵੈਬਸਾਈਟਾਂ ਵਲੋਂ ਆਮ ਲੋਕਾਂ ਨੂੰ ਅਸਲੀ ਦੇ ਨਾਮ ਤੇ ਨਕਲੀ ਸਾਮਾਨ ਵੇਚਣ ਦੀ ਇਹ ਕਾਰਵਾਈ ਨਵੀਂ ਨਹੀਂ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਅਜਿਹਾ ਹੁੰਦਾ ਆ ਰਿਹਾ ਹੈ। ਹੋਰ ਤਾਂ ਹੋਰ ਕਈ ਨਾਮੀ ਈ ਕਾਮਰਸ ਕੰਪਨੀਆਂ ਤਕ ਵਲੋਂ ਆਮ ਲੋਕਾਂ ਨੂੰ ਅਜਿਹਾ ਨਕਲੀ ਸਾਮਾਨ ਸਪਲਾਈ ਕਰ ਦਿੱਤਾ ਜਾਂਦਾ ਹੈ ਅਤੇ ਬਾਅਦ ਵਿੱਚ ਸਾਮਾਨ ਖਰੀਦਣ ਵਾਲੇ ਵਿਅਕਤੀ ਨੂੰ ਪਰੇਸ਼ਾਨ ਹੋਣਾ ਪੈਂਦਾ ਹੈ। ਇਸਦਾ ਮੁੱਖ ਕਾਰਨ ਇਹ ਹੈ ਕਿ ਇਹਨਾਂ ਈ ਕਾਮਰਸ ਕੰਪਨੀਆਂ ਦੇ ਪਲੇਟਫਾਰਮ ਤੇ ਅੱਗੇ ਕਈ ਹੋਰ ਛੋਟੇ ਵੱਡੇ ਦੁਕਾਨਦਾਰ ਆਪੋ ਆਪਣਾ ਸਾਮਾਨ ਵੇਚਦੇ ਹਨ ਜਿਹਨਾਂ ਤੋਂ ਇਹ ਈ ਕਾਮਰਸ ਕੰਪਨੀਆਂ ਕਮਿਸ਼ਨ ਲੈਂਦੀਆਂ ਹਨ। ਹਾਲਾਂਕਿ ਇਹ ਈ ਕਾਮਰਸ ਕੰਪਨੀਆਂ ਆਪਣੇ ਗ੍ਰਾਹਕਾਂ ਨੂੰ ਸਾਮਾਨ ਵਾਪਸ ਮੋੜਣ ਦੀ ਸੁਵਿਧਾ ਦਿੰਦੀਆਂ ਹਨ ਪਰੰਤੂ ਇਸਦੇ ਬਾਵਜੂਦ ਗ੍ਰਾਹਕਾਂ ਨੂੰ ਪਰੇਸ਼ਾਨ ਤਾਂ ਹੋਣਾ ਹੀ ਪੈਂਦਾ ਹੈ।

ਵੱਡੀਆਂ ਕੰਪਨੀਆਂ ਦੇ ਸਾਮਾਨ ਦੇ ਨਾਮ ਤੇ ਆਮ ਲੋਕਾਂ ਨੂੰ ਇਸ ਤਰੀਕੇ ਨਾਲ ਨਕਲੀ ਸਾਮਾਨ ਵੇਚਣ ਦੀ ਇਹ ਕਾਰਵਾਈ ਉਹਨਾਂ ਨਾਲ ਸਿੱਧੀ ਠੱਗੀ ਹੈ ਪਰੰਤੂ ਇਸ ਤਰੀਕੇ ਨਾਲ ਖਪਤਕਾਰਾਂ ਦੀ ਹੁੰਦੀ ਲੁੱਟ ਤੇ ਕਾਬੂ ਕਰਨ ਲਈ ਸਰਕਾਰ ਵਲੋਂ ਕੋਈ ਸਖਤ ਨਿਯਮ ਨਾ ਬਣਾਏ ਜਾਣ ਕਾਰਨ ਠੱਗੀ ਦੀ ਇਹ ਕਾਰਵਾਈ ਲਗਾਤਾਰ ਚਲ ਰਹੀ ਹੈ। ਅਜਿਹਾ ਵੀ ਨਹੀਂ ਹੈ ਕਿ ਆਨਲਾਈਨ ਵਿਕਰੀ ਦੇ ਨਾਮ ਤੇ ਠੱਗੀ ਦੀ ਇਹ ਕਾਰਵਾਈ ਸਿਰਫ ਭਾਰਤ ਵਿੱਚ ਹੀ ਹੁੰਦੀ ਹੈ, ਬਲਕਿ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਵਿੱਚ ਅਜਿਹਾ ਆਮ ਹੁੰਦਾ ਹੈ ਪਰੰਤੂ ਵਿਸ਼ਵ ਦੇ ਜਿਆਦਾਤਰ ਵਿਕਸਿਤ ਮੁਲਕਾਂ ਵਿੱਚ ਨਕਲੀ ਸਾਮਾਨ ਵੇਚਣ ਵਾਲੀਆਂ ਆਨਲਾਈਨ ਕੰਪਨੀਆਂ ਵਲੋਂ ਆਮ ਖਪਤਕਾਰਾਂ ਦੀ ਲੁੱਟ ਤੇ ਰੋਕ ਲਗਾਉਣ ਲਈ ਸਖਤ ਕਾਨੂੰਨ ਲਾਗੂ ਹਨ ਅਤੇ ਕਿਸੇ ਵੀ ਕੰਪਨੀ ਵਲੋਂ ਗ੍ਰਾਹਕਾਂ ਨੂੰ ਵੇਚੇ ਗਏ ਸਾਮਾਨ ਦੇ ਖਰਾਬ ਨਿਕਲਣ ਜਾਂ ਉਸ ਵਿੱਚ ਕੋਈ ਨੁਕਸ ਸਾਮ੍ਹਣੇ ਆਉਣ ਤੇ ਕੰਪਨੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਂਦੀ ਹੈ। ਪਰੰਤੂ ਸਾਡੇ ਦੇਸ਼ ਵਿੱਚ ਅਜਿਹਾ ਕੁੱਝ ਵੀ ਨਹੀਂ ਹੈ ਅਤੇ ਇਹਨਾਂ ਆਨ ਲਾਈਨ ਕੰਪਨੀਆਂ ਵਲੋਂ ਆਮ ਲੋਕਾਂ ਦੀ ਧੜ੍ਹਲੇ ਨਾਲ ਲੁੱਟ ਕੀਤੀ ਜਾਂਦੀ ਹੈ। ਸਾਡੇ ਦੇਸ਼ ਵਿੱਚ ਤਾਂ ਇਹ ਹਾਲ ਹੈ ਕਿ ਝੂਠੇ ਦਾਅਵੇ ਕਰਕੇ ਆਪਣਾ ਮਾਲ ਵੇਚਣ ਵਾਲੀਆਂ ਆਨਲਾਈਨ ਕੰਪਨੀਆਂ ਗ੍ਰਾਹਕ ਨੂੰ ਘਟੀਆ ਸਾਮਾਨ ਵੇਚਣ ਤੋਂ ਬਾਅਦ ਉਸਦੀ ਗੱਲ ਤਕ ਸੁਣਨ ਲਈ ਤਿਆਰ ਨਹੀਂ ਹੁੰਦੀਆਂ ਅਤੇ ਖਪਤਕਾਰ ਖੱਜਲ-ਖੁਆਰ ਹੁੰਦੇ ਰਹਿੰਦੇ ਹਨ।

ਆਮ ਲੋਕਾਂ ਨਾਲ ਕੀਤੀ ਜਾਂਦੀ ਠੱਗੀ ਦੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਜਰੂਰੀ ਹੈ ਕਿ ਸਰਕਾਰ ਵਲੋਂ ਦੇਸ਼ ਵਿੱਚ ਵਿਕਣ ਵਾਲੇ ਵੱਖ ਵੱਖ ਤਰ੍ਹਾਂ ਦੇ ਸਾਮਾਨ ਦੀ ਕੁਆਲਟੀ ਦੇ ਮਿਆਰ ਤੈਅ ਕਰਕੇ ਅਜਿਹੇ ਸਾਮਾਨ ਦਾ ਉਤਪਾਦਨ ਜਾਂ ਮਾਰਕੀਟਿੰਗ ਕਰਨ ਵਾਲੀਆਂ ਕੰਪਨੀਆਂ ਨੂੰ ਇਸ ਗੱਲ ਲਈ ਪਾਬੰਦ ਕੀਤਾ ਜਾਵੇ ਕਿ ਜੇਕਰ ਕਿਸੇ ਕੰਪਨੀ ਵਲੋਂ ਤਿਆਰ ਕੀਤਾ ਗਿਆ ਸਾਮਾਨ ਘਟੀਆ ਪੱਧਰ ਦਾ ਨਿਕਲਦਾ ਹੈ ਤਾਂ ਕੰਪਨੀਆਂ ਨਾ ਸਿਰਫ ਮਾਰਕੀਟ ਵਿੱਚ ਵੇਚਿਆ ਗਿਆ ਆਪਣਾ ਪੂਰਾ ਸਾਮਾਨ ਵਾਪਿਸ ਲੈਣਗੀਆਂ ਬਲਕਿ ਖਪਤਕਾਰਾਂ ਨੂੰ ਹੋਣ ਵਾਲੇ ਨੁਕਸਾਨ ਦਾ ਹਰਜਾਨਾ ਵੀ ਅਦਾ ਕਰਨਗੀਆਂ। ਕੇਂਦਰ ਅਤੇ ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਦੇਸ਼ ਦੇ ਖਪਤਕਾਰਾਂ ਨੂੰ ਠੱਗੀ ਦੀ ਇਸ ਕਾਰਵਾਈ ਤੋਂ ਬਚਾਉਣ ਲਈ ਲੋੜੀਂਦੀ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਅਤੇ ਇਸ ਸੰਬੰਧੀ ਸਖਤ ਕਾਨੂੰਨ ਬਣਾ ਕੇ ਖਪਤਕਾਰਾਂ ਦੇ ਹਿੱਤਾ ਦੀ ਰਾਖੀ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਦੀ ਇਸ ਤਰੀਕੇ ਨਾਲ ਕੀਤੀ ਜਾਂਦੀ ਲੁੱਟ ਤੇ ਰੋਕ ਲੱਗੇ।

 

Continue Reading

Editorial

ਕੀ ਆਪਣੀ ਪੰਥਕ ਜ਼ਮੀਨ ਨੂੰ ਮੁੜ ਹਾਸਲ ਕਰਨ ਦਾ ਸੁਪਨਾ ਪੂਰਾ ਕਰ ਸਕੇਗਾ ਅਕਾਲੀ ਦਲ?

Published

on

By

 

ਪੰਜ ਸਿੰਘ ਸਾਹਿਬਾਨ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਪੂਰੀ ਕਰਨ ਤੋਂ ਬਾਅਦ ਅਕਾਲੀ ਦਲ ਬਾਦਲ ਅਤੇ ਉਸਦੇ ਆਗੂ ਸਿਆਸਤ ਵਿੱਚ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੇ ਹਨ। ਭਾਵੇਂ ਕਿ ਸੁਖਬੀਰ ਬਾਦਲ ਪਿਛਲੇ ਦਿਨਾਂ ਦੌਰਾਨ ਪਰਿਵਾਰਕ ਸਮਾਗਮਾਂ ਵਿੱਚ ਵੀ ਰੁਝੇ ਰਹੇ ਪਰ ਸਿਆਸਤ ਵੀ ਜਾਰੀ ਰਹੀ।

ਪਿਛਲੇ ਦਿਨਾਂ ਦੌਰਾਨ ਅਕਾਲੀ ਦਲ ਬਾਦਲ ਨਵੀਂ ਭਰਤੀ ਕਰਦਾ ਰਿਹਾ ਹੈ। ਕੁਝ ਅਕਾਲੀ ਆਗੂ ਦਾਅਵਾ ਕਰ ਰਹੇ ਹਨ ਕਿ ਅਕਾਲੀ ਦਲ ਵਿੱਚ ਕਰੀਬ 25 ਲੱਖ ਨਵੇਂ ਮੈਂਬਰਾਂ ਦੀ ਭਰਤੀ ਹੋ ਚੁੱਕੀ ਹੈ। ਜਿਸ ਕਾਰਨ ਅਕਾਲੀ ਦਲ ਦੇ ਸੀਨੀਅਰ ਆਗੂ ਕਾਫੀ ਉਤਸ਼ਾਹਿਤ ਹਨ। ਅਕਾਲੀ ਦਲ ਦੀ ਇਸ ਭਰਤੀ ਸਬੰਧੀ ਭਾਵੇਂ ਕੁਝ ਵਿਰੋਧੀ ਆਗੂ ਸਵਾਲ ਵੀ ਉਠਾਉਂਦੇ ਹਨ ਪਰ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਇਹ ਮਹਿਸੂਸ ਹੋਣ ਲੱਗ ਪਿਆ ਹੈ ਕਿ ਅਕਾਲੀ ਦਲ ਬਾਦਲ ਮੁੜ ਆਪਣੀ ਪੰਥਕ ਜ਼ਮੀਨ ਨੂੰ ਹਾਸਲ ਕਰਨ ਦੇ ਸੁਪਨੇ ਨੂੰ ਪੁੂਰਾ ਕਰਨ ਵੱਲ ਕਦਮ ਵਧਾ ਰਿਹਾ ਹੈ।

ਪੰਜਾਬ ਵਿੱਚ ਕੁਝ ਸਮਾਂ ਪਹਿਲਾਂ ਹੋਈਆਂ ਨਗਰ ਨਿਗਮ ਤੇ ਕੌਂਸਲ ਚੋਣਾਂ ਵਿੱਚ ਵੀ ਅਕਾਲੀ ਦਲ ਬਾਦਲ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਸੀ ਅਤੇ ਕੁੱਝ ਇਲਾਕਿਆਂ ਵਿੱਚ ਕੁੱਝ ਅਕਾਲੀ ਉਮੀਦਵਾਰ ਜੇਤੂ ਵੀ ਰਹੇ ਸਨ, ਜਿਸ ਤੋਂ ਪਤਾ ਚਲਦਾ ਹੈ ਕਿ ਹੁਣੇ ਪੰਜਾਬ ਵਿੱਚ ਬਾਦਲ ਅਕਾਲੀ ਦਲ ਦਾ ਪੂਰੀ ਤਰ੍ਹਾਂ ਸਫਾਇਆ ਨਹੀਂ ਹੋਇਆ ਬਲਕਿ ਕੁਝ ਇਲਾਕਿਆਂ ਵਿੱਚ ਅਕਾਲੀ ਦਲ ਬਾਦਲ ਦੀ ਹੋਂਦ ਅਜੇ ਮੌਜੂਦ ਹੈ।

ਬਾਦਲ ਅਕਾਲੀ ਦਲ ਦੇ ਆਗੂ ਆਪਣੀ ਗੁਆਚੀ ਹੋਈ ਪੰਥਕ ਜ਼ਮੀਨ ਨੂੰ ਮੁੜ ਹਾਸਲ ਕਰਨ ਦਾ ਸੁਪਨਾ ਲੈ ਰਹੇ ਹਨ ਪਰ ਗਿਆਨੀ ਹਰਪ੍ਰੀਤ ਸਿੰਘ ਨੂੰ ਤਖ਼ਤ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਲਾਂਭੇ ਕਰਨ ਦੇ ਫ਼ੈਸਲੇ ਅਤੇ ਸz. ਹਰਜਿੰਦਰ ਸਿੰਘ ਧਾਮੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫੇ ਨੇ ਸੁਖਬੀਰ ਬਾਦਲ ਦੀਆਂ ਵਿਰੋਧੀ ਪੰਥਕ ਜਥੇਬੰਦੀਆਂ ਨੂੰ ਇੱਕ ਹੋਰ ਮੁੱਦਾ ਫ਼ੜਾ ਦਿੱਤਾ ਹੈ। ਇਸ ਸੰਬੰਧੀ ਕੁੱਝ ਬੁੱਧੀਜੀਵੀ ਕਹਿੰਦੇ ਹਨ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਂਭੇ ਕਰਨ ਨਾਲ ਅਕਾਲੀ ਦਲ ਬਾਦਲ ਨੂੰ ਫਾਇਦੇ ਦੀ ਬਜਾਏ ਨੁਕਸਾਨ ਹੋ ਸਕਦਾ ਹੈ। ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਚਾਲੇ ਪਹਿਲਾਂ ਹੀ ਵਿਵਾਦ ਚਲਦਾ ਰਿਹਾ ਹੈ। ਹੁਣ ਸੁਖਬੀਰ ਬਾਦਲ ਵਿਰੋਧੀ ਪੰਥਕ ਧਿਰਾਂ ਕੋਲ ਵੱਡਾ ਮੁੱਦਾ ਆ ਗਿਆ ਹੈ, ਜਿਸ ਕਾਰਨ ਇਹਨਾਂ ਜਥੇਬੰਦੀਆਂ ਦੀ ਸੁਰ ਵੀ ਉੱਚੀ ਹੋ ਗਈ ਹੈ।

ਵੱਖ- ਵੱਖ ਪੰਥਕ ਵਿਦਵਾਨਾਂ ਦਾ ਕਹਿਣਾ ਹੈ ਕਿ ਪੰਜ ਸਿੰਘ ਸਾਹਿਬਾਨ ਵੱਲੋਂ ਲਗਾਈ ਤਨਖਾਹ ਪੂਰੀ ਕਰਨ ਕਰਕੇ ਅਕਾਲੀ ਆਗੂਆਂ ਕੋਲ ਖੁਸੀ ਹੋਈ ਪੰਥਕ ਜ਼ਮੀਨ ਮੁੜ ਹਾਸਲ ਕਰਨ ਦਾ ਮੌਕਾ ਬਣ ਰਿਹਾ ਸੀ ਪਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਪੈਦਾ ਹੋਏ ਵਿਵਾਦ ਕਾਰਨ ਅਕਾਲੀ ਦਲ ਬਾਦਲ ਦੇ ਆਗੂਆਂ ਦੇ ਹੱਥੋਂ ਇਹ ਮੌਕਾ ਨਿਕਲ ਗਿਆ ਹੈ। ਸੁਖਬੀਰ ਬਾਦਲ ਵਿਰੋਧੀ ਪੰਥਕ ਜਥੇਬੰਦੀਆਂ ਦੇ ਆਗੂ ਦਾਅਵਾ ਕਰ ਰਹੇ ਹਨ ਕਿ ਅਸਲ ਵਿੱਚ ਸੁਖਬੀਰ ਅਤੇ ਵਲਟੋਹਾ ਨਿਰਕੁੰਸ਼ ਆਗੂ ਹਨ, ਉਹ ਆਪਣੇ ਸਾਹਮਣੇ ਕਿਸੇ ਨੂੰ ਬੋਲਣ ਨਹੀਂ ਦੇਣਾ ਚਾਹੁੰਦੇ।

ਇਸ ਦੌਰਾਨ ਪੰਥਕ ਵਿਦਵਾਨ ਇਹ ਦਾਅਵਾ ਕਰ ਰਹੇ ਹਨ ਕਿ ਅਕਾਲੀ ਦਲ ਦੀਆਂ ਪੱਕੀਆਂ ਪੰਥਕ ਵੋਟਾਂ ਸ਼੍ਰੋਮਣੀ ਅਕਾਲੀ ਦਲ ਤੋਂ ਨਿਰਾਸ਼ ਨਹੀ ਹੋਈਆਂ ਬਲਕਿ ਉਹ ਬਾਦਲ ਦਲ ਦੇ ਆਗੂਆਂ ਦੀ ਕਾਰਗੁਜਾਰੀ ਤੋਂ ਨਿਰਾਸ਼ ਹੋ ਕੇ ਅਕਾਲੀ ਦਲ ਤੋਂ ਦੂਰ ਚਲੀਆਂ ਗਈਆਂ ਹਨ। ਇਹਨਾਂ ਵਿਦਵਾਨਾਂ ਅਨੁਸਾਰ ਜੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵਿੱਚ ਬਦਲਾਓ ਆ ਜਾਂਦਾ ਹੈ ਅਤੇ ਨਵੀਂ ਪੀੜੀ ਦੇ ਹੱਥ ਅਕਾਲੀ ਦਲ ਵਾਗਡੋਰ ਆ ਜਾਂਦੀ ਹੈ ਤਾਂ ਅਕਾਲੀ ਦਲ ਦੀਆਂ ਪੱਕੀਆਂ ਪੰਥਕ ਵੋਟਾਂ ਮੁੜ ਅਕਾਲੀ ਦਲ ਝੋਲੀ ਪੈ ਸਕਦੀਆਂ ਹਨ। ਇਹਨਾਂ ਵਿਦਵਾਨਾਂ ਅਨੁਸਾਰ ਵੱਡੀ ਗਿਣਤੀ ਪੰਥਕ ਵੋਟਾਂ ਅਤੇ ਆਮ ਅਕਾਲੀ ਵਰਕਰ ਸੁਖਬੀਰ ਬਾਦਲ ਦੀ ਪੰਜ ਤਾਰਾ ਕਾਰਗੁਜਾਰੀ ਤੋਂ ਸੰਤੁਸ਼ਟ ਨਹੀਂ ਹਨ। ਇਸ ਤੋਂ ਇਲਾਵਾ ਸੁਖਬੀਰ ਬਾਦਲ ਵਿੱਚ ਅਜੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਵਰਗੇ ਗੁਣ ਵੀ ਪੈਦਾ ਨਹੀਂ ਹੋਏ, ਜਿਸ ਕਾਰਨ ਆਮ ਸਿੱਖ ਬਾਦਲ ਦਲ ਤੋਂ ਦੂਰ ਹੁੰਦੇ ਜਾ ਰਹੇ ਹਨ।

ਅਕਾਲੀ ਦਲ ਦੇ ਸਮਰਥਕਾਂ ਨੂੰ ਹੁਣੇ ਵੀ ਯਾਦ ਹੈ ਕਿ ਕਿਸੇ ਸਮੇਂ ਅਕਾਲੀ ਦਲ ਇੰਨਾ ਮਜਬੂਤ ਹੁੰਦਾ ਸੀ ਕਿ ਅਕਾਲੀ ਦਲ ਦੇ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਆਵਾਜ਼ ਦਿੱਲੀ ਦੇ ਤਖਤ ਨੂੰ ਵੀ ਹਿਲਾ ਦਿੰਦੀ ਸੀ। ਉਸ ਸਮੇਂ ਕੇਂਦਰੀ ਮੰਤਰੀ ਵੀ ਅਕਸਰ ਅਕਾਲੀ ਦਲ ਦੇ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਬਿਆਨਾਂ ਦੀ ਹਮਾਇਤ ਕਰ ਦਿੰਦੇ ਸਨ।

ਪੰਜਾਬ ਦੀ ਰਾਜਨੀਤੀ ਵਿੱਚ ਅਕਾਲੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਤੇ ਕਿਸੇ ਸਮੇਂ ਇਹ ਇੰਨਾ ਪ੍ਰਭਾਵਸ਼ਾਲੀ ਸੀ ਕਿ ਦਿੱਲੀ ਦੀ ਕੇਂਦਰ ਸਰਕਾਰ ਵੀ ਅਕਾਲੀਆਂ ਨੂੰ ਨਾਰਾਜ਼ ਕਰ ਕੇ ਕੋਈ ਰਾਜਨੀਤਕ ਫ਼ੈਸਲਾ ਲੈਣ ਤੋਂ ਸੰਕੋਚ ਕਰਦੀ ਸੀ। ਅਕਾਲੀ ਆਗੂਆਂ ਦੀ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਦੇਸ਼ ਦੇ ਵੱਡੇ ਆਗੂਆਂ ਨਾਲ ਸਿੱਧੀ ਗੱਲਬਾਤ ਹੋਇਆ ਕਰਦੀ ਸੀ। ਜਦੋਂ ਅਕਾਲੀ ਆਗੂ ਕੋਈ ਬਿਆਨ ਦਿੰਦੇ ਸਨ ਤਾਂ ਕੋਈ ਨਾ ਕੋਈ ਕੇਂਦਰੀ ਆਗੂ ਜਾਂ ਮੰਤਰੀ ਉਨ੍ਹਾਂ ਦੀ ਹਮਾਇਤ ਕਰ ਦਿੰਦਾ ਸੀ ਜਿਸ ਨਾਲ ਅਕਾਲੀਆਂ ਦਾ ਕੇਂਦਰੀ ਸੱਤਾ ਵਿੱਚ ਪ੍ਰਭਾਵ ਦੇਖਣ ਨੂੰ ਮਿਲ ਜਾਂਦਾ ਸੀ।

ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਅਕਾਲੀ ਦਲ ਇਸ ਦੇਸ਼ ਦੀ ਸਿਆਸੀ ਮੁੱਖਧਾਰਾ ਨੂੰ ਪ੍ਰਭਾਵਿਤ ਕਰਨ ਦੇ ਸਮਰੱਥ ਸੀ। ਪਰ ਹੌਲੀ ਹੌਲੀ ਅਕਾਲੀ ਦਲ ਦੀ ਆਪਸੀ ਫੁੱਟ ਅਤੇ ਕਮਜੋਰ ਸਿਆਸਤ ਦੇ ਨਾਲ ਪਰਿਵਾਰਵਾਦ ਭਾਰੂ ਹੋ ਜਾਣ ਨਾਲ ਅਕਾਲੀ ਦਲ ਮੌਜੂਦਾ ਸਥਿਤੀ ਵਿੱਚ ਪਹੁੰਚ ਗਿਆ ਹੈ ਕਿ ਇਸ ਦੇ ਕੱਟੜ ਸਮਰਥਕ ਪੰਥਕ ਵੋਟਾਂ ਵੀ ਇਸ ਤੋਂ ਦੂਰ ਹੋ ਗਈਆਂ ਹਨ।

ਵਿਦਵਾਨਾਂ ਦਾ ਕਹਿਣਾ ਹੈ ਕਿ ਬਾਦਲ ਦਲ ਦੇ ਆਗੂਆਂ ਲਈ ਅਜੇ ਵੀ ਮੌਕਾ ਹੈ ਕਿ ਉਹ ਅਕਾਲੀ ਦਲ ਦੀ ਖੁਸੀ ਹੋਈ ਪੰਥਕ ਜ਼ਮੀਨ ਨੂੰ ਮੁੜ ਹਾਸਲ ਕਰ ਲੈਣ। ਪਰ ਇਸ ਲਈ ਅਕਾਲੀ ਆਗੂਆਂ ਨੂੰ ਆਪਣੀ ਕਾਰਗੁਜਾਰੀ ਵਿੱਚ ਵੀ ਸੁਧਾਰ ਲਿਆਉਣਾ ਪਵੇਗਾ ਅਤੇ ਅਕਾਲੀ ਦਲ ਦੀ ਵਾਗਡੋਰ ਕਿਸੇ ਨਿਰਪੱਖ ਆਗੂ ਦੇ ਹੱਥ ਸੌਂਪਣੀ ਪਵੇਗੀ। ਆਉਣ ਵਾਲੇ ਦਿਨਾਂ ਦੌਰਾਨ ਅਕਾਲੀ ਦਲ ਬਾਦਲ ਕਿੰਨਾ ਮਜਬੂਤ ਹੁੰਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਬਿਊਰੋ

 

Continue Reading

Latest News

Trending