ਕੈਨੇਡਾ ਵਿੱਚ 3 ਬੱਚਿਆਂ ਸਮੇਤ 2 ਔਰਤਾਂ ਦਾ ਕਤਲ, ਸ਼ੱਕੀ ਗ੍ਰਿਫ਼ਤਾਰ

ਵਿੰਨੀਪੈਗ, 12 ਫਰਵਰੀ (ਸ.ਬ.) ਕੈਨੇਡਾ ਵਿਚ ਤਿੰਨ ਬੱਚਿਆਂ ਨੂੰ ਅੱਗ ਲਾ ਕੇ ਸਾੜਨ ਅਤੇ ਦੋ ਔਰਤਾਂ ਨੂੰ ਕਤਲ ਕਰ ਦਿੱਤਾ ਗਿਆ। ਮੈਨੀਟੋਬਾ ਪੁਲਸ ਨੇ ਇਸ ਮਾਮਲੇ ਵਿਚ 29 ਸਾਲ ਦੇ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮਰਨ ਵਾਲਿਆਂ ਵਿਚੋਂ ਕਿਸੇ ਦੀ ਪਛਾਣ ਜਨਤਕ ਨਹੀਂ ਕੀਤੀ ਗਈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਸਪੈਕਟਰ ਟਿਮ ਆਰਸਨੋ ਨੇ ਦੱਸਿਆ ਕਿ ਇਸ ਤ੍ਰਾਸਦੀ ਨਾਲ ਸਬੰਧਤ ਕਈ ਸਵਾਲਾਂ ਦੇ ਜਵਾਬ ਤਲਾਸ਼ ਕਰਨੇ ਹਾਲੇ ਬਾਕੀ ਹਨ।

ਜਾਂਚਕਰਤਾਵਾਂ ਦੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ ਅਤੇ ਤਿੰਨੋਂ ਵਾਰਦਾਤਾਂ ਦੇ ਕਾਰਨ ਪਤਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪੁਲੀਸ ਦਾ ਮੰਨਣਾ ਹੈ ਕਿ ਸ਼ੱਕੀ ਸਭਨਾਂ ਨੂੰ ਜਾਣਦਾ ਸੀ। ਪੁਲੀਸ ਵੱਲੋਂ ਅੱਜ ਇਕ ਹੋਰ ਪ੍ਰੈਸ ਕਾਨਫਰੰਸ ਦੌਰਾਨ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

ਤਿੰਨ ਬੱਚੇ ਇਕ ਸੜਦੀ ਹੋਈ ਕਾਰ ਵਿਚ ਸਨ ਅਤੇ ਪੁਲੀਸ ਦੇ ਪੁੱਜਣ ਤੋਂ ਉਥੋਂ ਲੰਘ ਰਹੇ ਇਕ ਸ਼ਖਸ ਨੂੰ ਉਨ੍ਹਾਂ ਨੂੰ ਬਾਹਰ ਕੱਢ ਕੇ ਬਚਾਉਣ ਦਾ ਯਤਨ ਕੀਤਾ ਪਰ ਸਫਲ ਨਾ ਹੋ ਸਕਿਆ। ਉਸ ਨੇ ਦੱਸਿਆ ਕਿ ਉਹ ਆਪਣੀ ਧੀ ਨਾਲ ਕਿਤੇ ਜਾ ਰਿਹਾ ਸੀ ਜਦੋਂ ਹਾਈਵੇਅ ਦੇ ਇਕ ਪਾਸੇ ਗੱਡੀ ਖੜ੍ਹੀ ਨਜ਼ਰ ਆਈ। ਉਸ ਵੇਲੇ ਗੱਡੀ ਨੂੰ ਅੱਗ ਨਹੀਂ ਸੀ ਲੱਗੀ ਹੋਈ ਪਰ ਜਦੋਂ ਉਹ ਪਰਤਿਆ ਤਾਂ ਅੱਗ ਦੀਆਂ ਲਾਟਾਂ ਉਠ ਰਹੀਆਂ ਸਨ।