ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਨੇ ਕਾਂਗਰਸ ਤੋਂ ਦਿੱਤਾ ਅਸਤੀਫਾ

ਮੁੰਬਈ, 12 ਫਰਵਰੀ (ਸ.ਬ.) ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਦਿੱਗਜ ਨੇਤਾ ਅਸ਼ੋਕ ਚਵਾਨ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਵਿਧਾਇਕ ਅਹੁਦਾ ਵੀ ਛੱਡ ਦਿੱਤਾ ਹੈ। ਅਸ਼ੋਕ ਚਵਾਨ ਨੇ ਵਿਧਾਨ ਸਭਾ ਸਪੀਕਰ ਰਾਹੁਲ ਨਾਰਵੇਕਰ ਨੂੰ ਅਸਤੀਫ਼ਾ ਸੌਂਪਿਆ। ਅਸ਼ੋਕ ਚਵਾਨ 13 ਵੱਡੇ ਨੇਤਾਵਾਂ ਨਾਲ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ। ਇਸ ਦੇ ਨਾਲ ਮਹਾਰਾਸ਼ਟਰ ਵਿੱਚ ਸਿਆਸੀ ਹੱਲਚੱਲ ਤੇਜ਼ ਹੋ ਗਈ ਹੈ।

ਚਵਾਨ ਦਸੰਬਰ 2008 ਤੋਂ ਨਵੰਬਰ 2010 ਤੱਕ ਮਹਾਰਾਸ਼ਟਰ ਦੇ ਮੁੱਖ ਮੰਤਰੀ ਰਹੇ ਹਨ। ਦਸੰਬਰ 2008 ਵਿੱਚ ਮੁੰਬਈ ਅੱਤਵਾਦੀ ਹਮਲੇ ਤੋਂ ਬਾਅਦ ਜਦੋਂ ਵਿਲਾਸਰਾਵ ਦੇਸ਼ਮੁਖ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਇਆ ਗਿਆ, ਉਦੋਂ ਚਵਾਨ ਨੇ ਅਹੁਦਾ ਸੰਭਾਲਿਆ। ਉਹ ਮਹਾਰਾਸ਼ਟਰ ਦੇ ਸੰਸਕ੍ਰਿਤੀ ਵਿਭਾਗ, ਉਦਯੋਗ ਵਰਗੀਆਂ ਜ਼ਿੰਮੇਵਾਰੀਆਂ ਵੀ ਸੰਭਾਲ ਚੁੱਕੇ ਹਨ।

ਅਸ਼ੋਕ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸ਼ੰਕਰ ਰਾਵ ਚਵਾਨ ਦੇ ਪੁੱਤਰ ਹਨ। ਮਹਾਰਾਸ਼ਟਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਪਿਤਾ ਅਤੇ ਪੁੱਤਰ ਦੋਹਾਂ ਨੇ ਮੁੱਖ ਮੰਤਰੀ ਨੇ ਅਹੁਦਾ ਸੰਭਾਲਿਆ। ਉਹ ਨਾਂਦੇੜ ਦੇ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ।