ਭਾਰਤੀ ਜਵਾਨਾਂ ਵੱਲੋਂ ਗੋਲੀਬਾਰੀ ਕਰਕੇ ਪਾਕਿਸਤਾਨੀ ਡਰੋਨ ਵਾਪਸ ਭੇਜਿਆ

ਜੰਮੂ, 12 ਫਰਵਰੀ (ਸ.ਬ.) ਫੌਜ ਦੇ ਜਵਾਨਾਂ ਨੇ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਨੇੜੇ ਇਕ ਪਾਕਿਸਤਾਨੀ ਡਰੋਨ ਤੇ ਗੋਲੀਬਾਰੀ ਕੀਤੀ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਡਰੋਨ ਬੀਤੀ ਦੇਰ ਰਾਤ ਭਾਰਤੀ ਖੇਤਰ ਵਿਚ ਕੁਝ ਦੇਰ ਮੰਡਰਾਉਣ ਮਗਰੋਂ ਪਾਕਿਸਤਾਨ ਵੱਲ ਪਰਤ ਗਿਆ।

ਅਧਿਕਾਰੀਆਂ ਨੇ ਕਿਹਾ ਕਿ ਮੇਂਢਰ ਦੇ ਮਨਕੋਟ ਇਲਾਕੇ ਵਿਚ ਦੁਸ਼ਮਣ ਦੇ ਡਰੋਨ ਦੀ ਗਤੀਵਿਧੀ ਵੇਖੀ ਗਈ, ਜਿਸ ਤੋਂ ਬਾਅਦ ਕੰਟਰੋਲ ਰੇਖਾ ਤੇ ਤਾਇਨਾਤ ਫੌਜੀਆਂ ਨੇ ਉਸ ਨੂੰ ਡਿਗਾਉਣ ਲਈ ਉਸ ਤੇ 3 ਗੋਲੀਆਂ ਚਲਾਈਆਂ। ਅਧਿਕਾਰੀਆਂ ਮੁਤਾਬਕ ਭਾਰਤੀ ਫ਼ੌਜੀਆਂ ਦੀ ਗੋਲੀਬਾਰੀ ਮਗਰੋਂ ਡਰੋਨ ਪਾਕਿਸਤਾਨ ਵੱਲ ਪਰਤ ਗਿਆ।

ਇਲਾਕੇ ਵਿੱਚ ਤਲਾਸ਼ੀ ਮੁਹਿੰਮ ਜਾਰੀ ਹੈ। ਜੰਮੂ-ਕਸ਼ਮੀਰ ਪੁਲੀਸ ਨੇ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ, ਹਥਿਆਰਾਂ ਅਤੇ ਵਿਸਫੋਟਕ ਸਮੱਗਰੀ ਨੂੰ ਡਿਗਾਉਣ ਲਈ ਭੇਜੇ ਜਾਣ ਵਾਲੇ ਡਰੋਨ ਬਾਰੇ ਸੂਚਨਾ ਦੇਣ ਵਾਲਿਆਂ ਨੂੰ 3 ਲੱਖ ਰੁਪਏ ਦੀ ਨਕਦੀ ਇਨਾਮ ਦੇਣ ਦਾ ਹਾਲ ਹੀ ਵਿਚ ਐਲਾਨ ਕੀਤਾ ਹੈ।