ਕਤਰ ਨੇ ਰਿਹਾਅ ਕੀਤੇ 8 ਭਾਰਤੀ ਜਲ ਸੈਨਿਕ

ਨਵੀਂ ਦਿੱਲੀ, 12 ਫਰਵਰੀ (ਸ.ਬ.) ਕਤਰ ਦੀ ਇਕ ਜੇਲ੍ਹ ਵਿਚ ਬੰਦ ਭਾਰਤੀ ਜਲ ਸੈਨਾ ਦੇ 8 ਸਾਬਕਾ ਅਧਿਕਾਰੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਿਚੋਂ 7 ਭਾਰਤ ਪਰਤ ਆਏ ਹਨ। ਇਹ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਭਾਰਤ ਇਸ ਫੈਸਲੇ ਦਾ ਸਵਾਗਤ ਕਰਦਾ ਹੈ। ਇਹ ਜਾਸੂਸੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਭਾਰਤ ਦੀ ਬੇਨਤੀ ਤੇ ਕਤਰ ਦੇ ਅਮੀਰ ਵੱਲੋਂ ਪਹਿਲਾਂ ਹੀ ਉਨ੍ਹਾਂ ਦੀ ਸਜ਼ਾ ਘਟਾ ਦਿੱਤੀ ਗਈ ਸੀ ਅਤੇ ਉਮਰ ਕੈਦ ਵਿੱਚ ਬਦਲ ਦਿੱਤਾ ਗਿਆ ਸੀ। ਹੁਣ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।

ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਭਾਰਤ ਸਰਕਾਰ ਕਤਰ ਵਿੱਚ ਹਿਰਾਸਤ ਵਿਚ ਲਏ ਗਏ ਦਹਰਾ ਗਲੋਬਲ ਕੰਪਨੀ ਲਈ ਕੰਮ ਕਰਨ ਵਾਲੇ 8 ਭਾਰਤੀ ਨਾਗਰਿਕਾਂ ਦੀ ਰਿਹਾਈ ਦਾ ਸੁਆਗਤ ਕਰਦੀ ਹੈ। ਮੰਤਰਾਲਾ ਨੇ ਕਿਹਾ ਕਿ ਰਿਹਾਅ ਕੀਤੇ ਗਏ 8 ਭਾਰਤੀਆਂ ਵਿੱਚੋਂ 7 ਭਾਰਤ ਪਰਤ ਆਏ ਹਨ।

ਅਸੀਂ ਇਨ੍ਹਾਂ ਨਾਗਰਿਕਾਂ ਨੂੰ ਰਿਹਾਅ ਕਰਨ ਅਤੇ ਉਨ੍ਹਾਂ ਦੀ ਘਰ ਵਾਪਸੀ ਲਈ ਕਤਰ ਦੇ ਫੈਸਲੇ ਦੀ ਸ਼ਲਾਘਾ ਕਰਦੇ ਹਾਂ। ਭਾਰਤ ਪਰਤਣ ਵਾਲੇ ਸਾਬਕਾ ਜਲ ਸੈਨਾ ਦੇ ਅਧਿਕਾਰੀਆਂ ਵਿੱਚੋਂ ਇੱਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਖ਼ਲ ਤੋਂ ਬਿਨਾਂ ਉਨ੍ਹਾਂ ਦੀ ਰਿਹਾਈ ਸੰਭਵ ਨਹੀਂ ਸੀ। ਦਿੱਲੀ ਹਵਾਈ ਅੱਡੇ ਤੇ ਉਤਰਨ ਤੋਂ ਬਾਅਦ ਉਨ੍ਹਾਂ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਏ। ਸਾਰੇ ਸਾਬਕਾ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਕਤਰ ਦੇ ਅਮੀਰ ਦਾ ਵੀ ਧੰਨਵਾਦ ਕੀਤਾ।

ਜ਼ਿਕਰਯੋਗ ਹੈ ਕਿ ਜਲ ਸੈਨਾ ਦੇ ਸਾਬਕਾ ਅਧਿਕਾਰੀਆਂ ਨੂੰ ਕਤਰ ਦੀ ਅਦਾਲਤ ਨੇ 26 ਅਕਤੂਬਰ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਖਾੜੀ ਦੇਸ਼ ਦੀ ਅਪੀਲੀ ਅਦਾਲਤ ਨੇ 28 ਦਸੰਬਰ ਨੂੰ ਮੌਤ ਦੀ ਸਜ਼ਾ ਨੂੰ ਘਟਾ ਦਿੱਤਾ ਸੀ ਅਤੇ ਸਾਬਕਾ ਜਲ ਸੈਨਾ ਕਰਮਚਾਰੀਆਂ ਨੂੰ ਵੱਖ-ਵੱਖ ਸਜ਼ਾਵਾਂ ਸੁਣਾਈਆਂ ਸਨ। ਨਿੱਜੀ ਕੰਪਨੀ ਅਲ ਦਹਰਾ ਨਾਲ ਕੰਮ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਅਗਸਤ 2022 ਵਿੱਚ ਜਾਸੂਸੀ ਦੇ ਇੱਕ ਕਥਿਤ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਨਾ ਤਾਂ ਕਤਰ ਦੇ ਅਧਿਕਾਰੀਆਂ ਅਤੇ ਨਾ ਹੀ ਭਾਰਤ ਨੇ ਭਾਰਤੀ ਨਾਗਰਿਕਾਂ ਤੇ ਲੱਗੇ ਦੋਸ਼ਾਂ ਨੂੰ ਜਨਤਕ ਕੀਤਾ ਹੈ।