ਕਿਸਾਨਾਂ ਦੇ ਦਿੱਲੀ ਮਾਰਚ ਨੂੰ ਲੈ ਕੇ ਪੰਜਾਬ ਹਰਿਆਣਾ ਬਾਰਡਰ ਤੇ ਜੰਗ ਵਰਗੇ ਹਾਲਾਤ

ਇੰਟਰਨੈਟ ਬੰਦ, ਹੱਦਾਂ ਪੂਰੀ ਤਰ੍ਹਾਂ ਸੀਲ, ਦਿੱਲੀ ਵਿੱਚ ਧਾਰਾ 144 ਲਾਗੂ, ਟਰੈਕਟਰਾਂ ਦੇ ਦਾਖਲੇ ਤੇ ਪਾਬੰਦੀ

ਨਵੀਂ ਦਿੱਲੀ, 12 ਫਰਵਰੀ (ਸ.ਬ.) ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਕੇਂਦਰ ਸਰਕਾਰ ਨਾਲ ਜੁੜੀਆਂ ਕਿਸਾਨੀ ਮੰਗਾਂ ਤੇ ਹੋਰਨਾਂ ਮਸਲਿਆਂ ਦੇ ਹੱਲ ਲਈ 13 ਫਰਵਰੀ ਨੂੰ ਦਿੱਲੀ ਚਲੋਂ ਮਾਰਚ ਦੇ ਸੰਬੰਧ ਵਿੱਚ ਜਿੱਥੇ ਪੰਜਾਬ ਹਰਿਆਣਾ ਦੇ ਬਾਰਡਰ ਸ਼ੰਭੂ ਬੈਰੀਅਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਵੱਡੇ ਬੈਰੀਕੇਡ ਲਗਾ ਕੇ ਭਾਰੀ ਪੁਲੀਸ ਫੋਰਸ ਤੈਨਾਤ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਦਿੱਲੀ ਵਿਚ ਧਾਰਾ 144 ਲਾਗੂ ਕਰਕੇ ਰਾਸ਼ਟਰੀ ਰਾਜਧਾਨੀ ਵਿਚ ਟਰੈਕਟਰ ਟਰਾਲੀਆਂ ਲਿਆਉਣ, ਸੜਕ ਜਾਮ ਕਰਨ, ਲਾਊਡ ਸਪੀਕਰਾਂ ਦੀ ਵਰਤੋਂ ਕਰਨ ਉਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਹੁਕਮ 12 ਮਾਰਚ ਤਕ ਲਾਗੂ ਰਹਿਣਗੇ।

ਜਿਕਰਯੋਗ ਹੈ ਕਿ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀਆਂ ਜ਼ਿਆਦਾਤਰ ਕਿਸਾਨ ਜਥੇਬੰਦੀਆਂ ਨੇ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਗਾਰੰਟੀ ਦੇਣ ਲਈ ਕਾਨੂੰਨ ਬਣਾਉਣ ਸਮੇਤ ਆਪਣੀਆਂ ਮੰਗਾਂ ਮੰਨਵਾਉਣ ਲਈ ਕੇਂਦਰ ਤੇ ਦਬਾਅ ਬਣਾਉਣ ਲਈ 13 ਫਰਵਰੀ ਨੂੰ ‘ਦਿੱਲੀ ਚੱਲੋ ਮਾਰਚ’ ਦਾ ਸੱਦਾ ਦਿਤਾ ਹੈ, ਜਿਸ ਤਹਿਤ ਕਿਸਾਨਾਂ ਵਲੋਂ ਭਲਕੇ ਦਿੱਲੀ ਆ ਕੇ ਸੰਸਦ ਭਵਨ ਦੇ ਸਾਮ੍ਹਣੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਕਿਸਾਨਾਂ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਦਿੱਲੀ ਸਰਕਾਰ ਵਲੋਂ ਪੂਰੀ ਤਿਆਰੀ ਕੀਤੀ ਗਈ ਹੈ ਜਿਸਦੇ ਤਹਿਤ ਪੁਲੀਸ ਨੇ 5,000 ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਹਨ, ਜਦਕਿ ਸੜਕਾਂ ਨੂੰ ਰੋਕਣ ਲਈ ਕਰੇਨ ਅਤੇ ਹੋਰ ਭਾਰੀ ਵਾਹਨ ਤਾਇਨਾਤ ਕੀਤੇ ਗਏ ਹਨ। ਰਾਸ਼ਟਰੀ ਰਾਜਧਾਨੀ ਵਿੱਚ 13 ਫਰਵਰੀ ਨੂੰ ਕਿਸਾਨਾਂ ਦੇ ਪ੍ਰਸਤਾਵਿਤ ‘ਦਿੱਲੀ ਚੱਲੋ’ ਮਾਰਚ ਦੇ ਮੱਦੇਨਜ਼ਰ ਸਿੰਘੂ, ਗਾਜ਼ੀਪੁਰ ਅਤੇ ਟਿੱਕਰੀ ਬਾਰਡਰ ਤੇ ਸੁਰੱਖਿਆ ਸਖਤ ਕਰ ਦਿਤੀ ਗਈ ਹੈ ਅਤੇ ਆਵਾਜਾਈ ਤੇ ਪਾਬੰਦੀਆਂ ਲਗਾਈਆਂ ਗਈਆਂ ਹਨ।

ਦਿੱਲੀ ਪੁਲੀਸ ਕਮਿਸ਼ਨਰ ਸੰਜੇ ਅਰੋੜਾ ਵਲੋਂ ਜਾਰੀ ਹੁਕਮਾਂ ਅਨੁਸਾਰ ਕੌਮੀ ਰਾਜਧਾਨੀ ਵਿਚ ਟਰੈਕਟਰਾਂ ਦੇ ਦਾਖ਼ਲੇ ਤੇ ਪਾਬੰਦੀ ਹੈ ਅਤੇ ਨਾਲ ਹੀ ਬੰਦੂਕਾਂ ਅਤੇ ਜਲਣਸ਼ੀਲ ਸਮੱਗਰੀ ਦੇ ਨਾਲ-ਨਾਲ ਇੱਟਾਂ ਅਤੇ ਪੱਥਰ ਵਰਗੇ ਅਸਥਾਈ ਹਥਿਆਰਾਂ ਨੂੰ ਲੈ ਕੇ ਜਾਣ ਤੇ ਵੀ ਪਾਬੰਦੀ ਲਗਾਈ ਗਈ ਹੈ। ਦਿੱਲੀ ਪੁਲੀਸ ਦੇ ਹੁਕਮਾਂ ਅਨੁਸਾਰ ਪੈਟਰੋਲ ਅਤੇ ਸੋਡੇ ਦੀਆਂ ਬੋਤਲਾਂ ਇਕੱਠੀਆਂ ਕਰਨ ਤੇ ਵੀ ਮੁਕੰਮਲ ਪਾਬੰਦੀ ਹੈ। 12 ਫਰਵਰੀ ਤੋਂ 12 ਮਾਰਚ ਤਕ ਲਾਊਡ ਸਪੀਕਰਾਂ ਦੀ ਵਰਤੋਂ ਤੇ ਵੀ ਪਾਬੰਦੀ ਲਗਾਈ ਗਈ ਹੈ। ਧਾਰਾ 144 ਦੀ ਉਲੰਘਣਾ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੇ ਹੁਕਮ ਵੀ ਦਿਤੇ ਗਏ ਹਨ। ਇਸ ਦੌਰਾਨ ‘ਦਿੱਲੀ ਚੱਲੋ’ ਅੰਦੋਲਨ ਲਈ ਪੰਜਾਬ ਅਤੇ ਹਰਿਆਣਾ ਤੋਂ ਕਿਸਾਨ ਰਵਾਨਾ ਹੋਣ ਲੱਗੇ ਹਨ। ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ ਪੰਜਾਬ-ਹਰਿਆਣਾ ਅਤੇ ਦਿੱਲੀ ਵਿਚ ਅਲਰਟ ਐਲਾਨ ਦਿਤਾ ਗਿਆ ਹੈ। ਕਿਸਾਨਾਂ ਦੇ ਮਾਰਚ ਤੋਂ ਪਹਿਲਾਂ ਦਿੱਲੀ ਟ੍ਰੈਫਿਕ ਪੁਲੀਸ ਨੇ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ।

ਜਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ-ਮਜ਼ਦੂਰ ਮੋਰਚਾ ਵੱਲੋਂ ਕੇਂਦਰ ਸਰਕਾਰ ਨਾਲ ਜੁੜੀਆਂ ਕਿਸਾਨੀ ਮੰਗਾਂ ਤੇ ਹੋਰਨਾਂ ਮਸਲਿਆਂ ਦੇ ਹੱਲ ਲਈ 13 ਫਰਵਰੀ ਨੂੰ ‘ਦਿੱਲੀ ਚੱਲੋ’ ਪ੍ਰੋਗਰਾਮ ਦੇ ਮੱਦੇਨਜ਼ਰ ਹਰਿਆਣਾ ਪੁਲੀਸ ਨੇ ਪੰਜਾਬ ਨਾਲ ਲੱਗਦੀਆਂ ਸਾਰੀਆਂ ਹੱਦਾਂ ਪਹਿਲਾਂ ਹੀ ਸੀਲ ਕਰ ਦਿੱਤੀਆਂ ਹਨ। ਹਰਿਆਣਾ ਪੁਲੀਸ ਨੇ ਸ਼ੰਭੂ ਬੈਰੀਅਰ ਤੋਂ ਦਿੱਲੀ ਜਾਣ ਵਾਲੇ ਕੌਮੀ ਮਾਰਗ ਤੇ ਵੱਡੇ-ਵੱਡੇ ਪੱਥਰ ਲਗਾ ਕੇ ਅਤੇ ਸੜਕ ਤੇ ਕਿੱਲ ਵਿਛਾ ਕੇ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਹੈ, ਜਿਸ ਕਾਰਨ ਸਰਹੱਦ ਤੇ ਲੱਗਦੇ ਸ਼ਹਿਰਾਂ ਵਿਚ ਆਵਾਜਾਈ ਠੱਪ ਹੋ ਗਈ ਹੈ। ਪੰਜਾਬ ਦੀਆਂ ਸਰਹੱਦਾਂ ਤੇ ਵੱਡੀ ਗਿਣਤੀ ਵਿਚ ਪੈਰਾ ਮਿਲਟਰੀ ਫੋਰਸ ਤਾਇਨਾਤ ਕੀਤੀ ਗਈ ਹੈ।