ਕੈਨੇਡਾ ਵਿੱਚ ਗੁਰਪਤਵੰਤ ਪੰਨੂ ਦੇ ਸਾਥੀ ਇੰਦਰਜੀਤ ਸਿੰਘ ਗੋਸਲ ਦੇ ਘਰ ਫਾਇਰਿੰਗ

ਟੋਰਾਂਟੋ, 13 ਫਰਵਰੀ (ਸ.ਬ.) ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਖਾਲਿਸਤਾਨ ਪੱਖੀ ਆਗੂ ਗੁਰਪਤਵੰਤ ਸਿੰਘ ਪੰਨੂ, ਜੋ ਕਿ ਭਾਰਤ ਵਿੱਚ ਨਾਮਜ਼ਦ ਅੱਤਵਾਦੀ ਹੈ, ਨਾਲ ਸਬੰਧਤ ਇੱਕ ਸਿੱਖ ਵੱਖਵਾਦੀ ਦੇ ਘਰ ਗੋਲੀਬਾਰੀ ਹੋਈ।

ਬੀਤੇ ਦਿਨ ਬਰੈਂਪਟਨ ਵਿੱਚ ਖਾਲਿਸਤਾਨ ਸਮਰਥਕ ਇੰਦਰਜੀਤ ਸਿੰਘ ਗੋਸਲ ਦੇ ਘਰ ਦੀ ਖਿੜਕੀ ਵਿੱਚ ਗੋਲੀ ਦਾ ਸੁਰਾਖ ਮਿਲਿਆ। ਹਾਲਾਂਕਿ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਪੀਲ ਰੀਜਨਲ ਪੁਲੀਸ ਨੇ ਪੁਸ਼ਟੀ ਕੀਤੀ ਕਿ ਇਕ ਗੋਲੀ ਦਾ ਸੁਰਾਖ਼ ਪਾਇਆ ਗਿਆ ਹੈ।

ਪੀਲ ਰੀਜਨਲ ਪੁਲੀਸ ਦੇ ਕਾਂਸਟੇਬਲ ਟਾਈਲਰ ਬੈਲ-ਮੋਰੇਨਾ ਨੇ ਕਿਹਾ ਕਿ ਗੋਲੀਬਾਰੀ ਨੂੰ ਖਾਲਿਸਤਾਨ ਲਹਿਰ ਵਿੱਚ ਗੋਸਲ ਦੀ ਭੂਮਿਕਾ ਨਾਲ ਜੋੜਨਾ ਬਹੁਤ ਜਲਦਬਾਜ਼ੀ ਹੋਵੇਗੀ। ਗੋਸਲ ਨੇ ਹਾਲ ਹੀ ਵਿੱਚ ਐਲਾਨ ਕੀਤਾ ਸੀ ਕਿ 17 ਫਰਵਰੀ ਨੂੰ ਟੋਰਾਂਟੋ ਵਿੱਚ ਭਾਰਤੀ ਕੌਂਸਲੇਟ ਦੇ ਬਾਹਰ ਖਾਲਿਸਤਾਨ ਪੱਖੀ ਰੈਲੀ ਕੀਤੀ ਜਾਵੇਗੀ।

ਰਿਪੋਰਟ ਦੇ ਅਨੁਸਾਰ, ਗੋਸਲ ਪੰਨੂ ਦੇ ਨਾਲ ਮਿਲ ਕੇ ਕੰਮ ਕਰਦਾ ਹੈ, ਜੋ ਕਿ ਪਾਬੰਦੀਸ਼ੁਦਾ ਸਿੱਖਸ ਫਾਰ ਜਸਟਿਸ ਦਾ ਮੁੱਖ ਕਾਨੂੰਨੀ ਸਲਾਹਕਾਰ ਹੈ।