ਦਿੱਲੀ ਦਾ ਲਾਲ ਕਿਲ੍ਹਾ ਬੰਦ, ਦਿੱਲੀ-ਨੋਇਡਾ ਵਿਚਾਲੇ ਜਾਮ ਵਿੱਚ ਫਸੇ ਕਈ ਵਾਹਨ

ਨਵੀਂ ਦਿੱਲੀ, 13 ਫਰਵਰੀ (ਸ.ਬ.) ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਲੀ ਵਿਚ ਦਾਖ਼ਲ ਹੋਣ ਤੋਂ ਰੋਕਣ ਲਈ ਸਰਹੱਦਾਂ ਤੇ ਚੁੱਕੇ ਗਏ ਕਦਮਾਂ ਕਾਰਨ ਅੱਜ ਸਵੇਰੇ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ ਵਿਚ ਵਾਹਨ ਚਾਲਕਾਂ ਨੂੰ ਭਾਰੀ ਟਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ। ਸਰਹੱਦ ਤੇ ਆਵਾਜਾਈ ਹੌਲੀ ਰਫ਼ਤਾਰ ਨਾਲ ਚਲੀ, ਕਿਉਂਕਿ ਪੁਲੀਸ ਨੇ ਰਾਸ਼ਟਰੀ ਰਾਜਧਾਨੀ ਵਿਚ ਕਿਸਾਨਾਂ ਦੇ ਮਾਰਚ ਦੇ ਮੱਦੇਨਜ਼ਰ ਸਿੰਘੂ, ਟਿੱਕਰੀ ਅਤੇ ਗਾਜ਼ੀਪੁਰ ਸਰਹੱਦਾਂ ਤੇ ਕਈ ਪੱਧਰ ਦੇ ਬੈਰੀਕੇਡ ਲਗਾਏ ਸਨ। ਯਾਤਰੀਆਂ ਨੂੰ ਟਰੈਫਿਕ ਜਾਮ ਨਾਲ ਜੂਝਣਾ ਪਿਆ ਅਤੇ ਕਿਸਾਨਾਂ ਦੇ ਦਾਖ਼ਲੇ ਨੂੰ ਰੋਕਣ ਲਈ ਦਿੱਲੀ ਨੂੰ ਕਿਲ੍ਹੇ ਵਿੱਚ ਤਬਦੀਲ ਕਰ ਦਿੱਤਾ ਗਿਆ। ਦਿੱਲੀ ਪੁਲੀਸ ਨੇ ਸੁਰੱਖਿਆ ਕਾਰਨਾਂ ਕਰ ਕੇ ਲਾਲ ਕਿਲ੍ਹਾ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਲਾਲ ਕਿਲ੍ਹੇ ਦੇ ਮੇਨ ਗੇਟ ਤੇ ਕਈ ਲੇਅਰ ਦੀ ਬੈਰੀਕੇਡਿੰਗ ਕੀਤੀ ਗਈ ਹੈ, ਗੇਟ ਤੇ ਬੱਸ, ਟਰੱਕ ਖੜ੍ਹੀ ਕਰ ਦਿੱਤੀ ਗਈ, ਜਿਸ ਨਾਲ ਕੋਈ ਗੱਡੀ ਅੰਦਰ ਆਸਾਨੀ ਨਾਲ ਦਾਖ਼ਲ ਨਾ ਹੋ ਸਕੇ। ਅੱਜ ਸਵੇਰੇ 7 ਵਜੇ ਤੋਂ ਹੀ ਗਾਜ਼ੀਪੁਰ, ਸਿੰਘੂ ਅਤੇ ਟਿੱਕਰੀ ਸਰਹੱਦ ਤੇ ਵਾਹਨ ਬਹੁਤ ਹੌਲੀ ਰਫ਼ਤਾਰ ਨਾਲ ਚਲਦੇ ਨਜ਼ਰ ਆਏ।

ਘੱਟੋ-ਘੱਟ ਇਕ ਘੰਟੇ ਤੱਕ ਜਾਮ ਵਿੱਚ ਫਸੀ ਰਹੀ ਜੂਲੀ ਲਾਰੈਂਸ ਨੇ ਕਿਹਾ ਕਿ ਮੈਨੂੰ ਅੱਜ ਹੋਣ ਵਾਲੇ ਕਿਸਾਨਾਂ ਦੇ ਮਾਰਚ ਬਾਰੇ ਪਤਾ ਸੀ ਅਤੇ ਮੈਂ ਗੁਰੂਗ੍ਰਾਮ ਦੇ ਸੈਟਕਰ 29 ਸਥਿਤ ਆਪਣੇ ਘਰ ਤੋਂ ਇਕ ਘੰਟੇ ਪਹਿਲੇ ਦਫ਼ਤਰ ਲਈ ਨਿਕਲੀ ਸੀ। ਆਵਾਜਾਈ ਦੀ ਸਥਿਤੀ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਜਲਦੀ ਨਿਕਲਣ ਦੇ ਬਾਵਜੂਦ ਮੈਂ ਮੱਧ ਦਿੱਲੀ ਵਿੱਚ ਆਪਣੇ ਦਫ਼ਤਰ ਵਿੱਚ ਕੁਝ ਘੰਟੇ ਦੇਰੀ ਨਾਲ ਪਹੁੰਚ ਸਕਾਂਗੀ। ਇਹ ਦੇਖਦੇ ਹੋਏ ਕੰਮਕਾਜੀ ਘੰਟਿਆਂ ਦੌਰਾਨ ਹਰ ਦਿਨ ਦਿੱਲੀ ਅਤੇ ਗੁਰੂਗ੍ਰਾਮ ਵਿਚਾਲੇ 2 ਲੱਖ ਤੋਂ ਵੱਧ ਲੋਕ ਯਾਤਰਾ ਕਰਦੇ ਹਨ, ਇਕ ਆਵਾਜਾਈ ਪੁਲੀਸ ਅਧਿਕਾਰੀ ਨੇ ਲੋਕਾਂ ਨੂੰ ਮੈਟਰੋ ਸੇਵਾਵਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਗਾਜ਼ੀਪੁਰ ਬਾਰਡਰ ਤੇ ਨੋਇਡਾ ਅਤੇ ਦਿੱਲੀ ਨੂੰ ਜੋੜਨ ਵਾਲੇ ਮੁੱਖ ਹਿੱਸੇ ਦੇ ਅੱਧੇ ਹਿੱਸੇ ਤੇ ਬੈਰੀਕੇਡ ਲੱਗੇ ਹੋਣ ਕਾਰਨ ਇਕ ਸਮੇਂ ਵਿੱਚ ਸਿਰਫ਼ 2 ਵਾਹਨ ਹੀ ਲੰਘ ਪਾ ਰਹੇ ਸਨ। ਗਾਜ਼ੀਪੁਰ ਬਾਰਡਰ ਕੋਲ ਪੁਲੀਸ ਨੇ ਲਿੰਕ ਸੜਕਾਂ ਨੂੰ ਬੰਦ ਕਰ ਦਿੱਤਾ ਸੀ ਅਤੇ ਵਾਹਨ ਇਕ ਲਾਈਨ ਵਿੱਚ ਚੱਲ ਰਹੇ ਸਨ। ਇਕ ਹੋਰ ਯਾਤਰੀ ਕ੍ਰਿਤਿਕਾ ਸ਼ਰਮਾ ਨੇ ਕਿਹਾ ਕਿ ਉਹ ਸਵੇਰੇ 6 ਵਜੇ ਆਪਣੇ ਦਫ਼ਤਰ ਲਈ ਨਿਕਲੀ ਸੀ ਪਰ 9 ਵਜੇ ਤੱਕ ਵੀ ਜਾਮ ਵਿੱਚ ਫਸੀ ਰਹੀ। ਸਿੰਘੂ ਅਤੇ ਟਿਕਰੀ ਬਾਰਡਰ ਤੇ ਵੀ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ।