ਮੁੱਖ ਸੜਕ ਦੇ ਕਿਨਾਰੇ ਕਬਜਾ ਕਰਕੇ ਧੜ੍ਹਲੇ ਨਾਲ ਚਲਾਇਆ ਜਾ ਰਿਹਾ ਹੈ ਹੋਟਲ

ਸੜਕ ਤੇ ਹੀ ਲੱਗੇ ਹਨ ਟੇਬਲ, ਗ੍ਰਾਹਕਾਂ ਨੂੰ ਖਵਾਇਆ ਜਾਂਦਾ ਹੈ ਖਾਣਾ

ਐਸ ਏ ਐਸ ਨਗਰ, 13 ਫਰਵਰੀ (ਸ.ਬ.) ਨਗਰ ਨਿਗਮ ਵਲੋਂ ਸ਼ਹਿਰ ਵਿੱਚ ਹੁੰਦੇ ਨਾਜਾਇਜ ਕਬਜਿਆਂ ਦੇ ਖਿਲਾਫ ਲਗਾਤਾਰ ਕਾਰਵਾਈ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰੰਤੂ ਸ਼ਹਿਰ ਵਿੱਚ ਥਾਂ ਥਾਂ ਤੇ ਹੁੰਦੇ ਨਾਜਾਇਜ ਕਬਜੇ ਆਪਣੀ ਕਹਾਣੀ ਖੁਦ ਬਿਆਨ ਕਰਦੇ ਹਨ। ਇਸ ਦੌਰਾਨ ਸ਼ਹਿਰ ਵਿੱਚ ਰੇਹੜੀਆਂ ਫੜੀਆਂ ਦੇ ਕਬਜੇ ਤਾਂ ਆਮ ਹਨ ਹੀ, ਇਹਨਾਂ ਨਾਜਾਇਜ ਕਬਜਾਕਾਰਾਂ ਵਲੋਂ ਮੁੱਖ ਸੜਕਾਂ ਦੇ ਕਿਨਾਰੇ ਦੀ ਫੁੱਟਪਾਥ ਦੀ ਥਾਂ ਤੇ ਢਾਂਚੇ ਬਣਾ ਕੇ ਪੱਕੇ ਕਬਜੇ ਕਰ ਲਏ ਗਏ ਹਨ ਅਤੇ ਬਾਕਾਇਦਾ ਬੋਰਡ ਲਗਾ ਕੇ ਦੁਕਾਨਾਂ ਚਲਾਈਆਂ ਜਾ ਰਹੀਆਂ ਹਨ।

ਸਥਾਨਕ ਫੇਜ਼ 11 ਵਿੱਚ ਸ਼ੋਰੂਮਾਂ ਦੇ ਸਾਮ੍ਹਣੇ ਵਾਲੀ ਸੜਕ ਤੇ ਫੇਜ਼ 11 ਦੇ ਮੰਦਰ ਤੋਂ ਪਹਿਲਾਂ ਮੁੱਖ ਸੜਕ ਦੇ ਕਿਨਾਰੇ ਬਣੇ ਫੁਟਪਾਥ ਦੀ ਹਾਲਤ ਅਜਿਹੀ ਹੀ ਹੈ ਜਿੱਥੇ ਇੱਕ ਦੁਕਾਨਦਾਰ ਵਲੋਂ ਸੜਕ ਦੇ ਕਿਨਾਰੇ ਬਣੇ ਫੁਟਪਾਥ ਦੀ ਥਾਂ ਤੇ ਪੂਰੀ ਦੁਕਾਨ ਸਜਾ ਲਈ ਹੈ ਅਤੇ ਬਾਕਾਇਦਾ ਬੋਰਡ ਲਗਾ ਕੇ ਆਪਣਾ ਸਾਮਾਨ ਵੇਚਿਆ ਜਾ ਰਿਹਾ ਹੈ। ਇਸ ਦੁਕਾਨਦਾਰ ਵਲੋਂ ਮੁੱਖ ਸੜਕ ਦੇ ਕਿਨਾਰੇ ਤਾਂ ਕਬਜਾ ਕੀਤਾ ਹੀ ਹੈ ਇਸ ਵਲੋਂ ਮੁੱਖ ਸੜਕ ਤੇ ਹੀ ਆਪਣੇ ਟੇਬਲ ਵੀ ਲਗਾ ਦਿੱਤੇ ਗਏ ਹਨ ਜਿੱਥੇ ਰਾਤ ਵੇਲੇ ਗ੍ਰਾਹਕਾਂ ਨੂੰ ਖਾਣਾ ਖਵਾਇਆ ਜਾਂਦਾ ਹੈ ਅਤੇ ਉਸਨੂੰ ਰੋਕਣ ਵਾਲਾ ਕੋਈ ਨਹੀਂ ਹੈ।

ਇਸ ਸੰਬੰਧੀ ਸਾਬਕਾ ਕੌਂਸਲਰ ਸz. ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਨਗਰ ਨਿਗਮ ਦੇ ਮੇਅਰ ਅਤੇ ਅਧਿਕਾਰੀਆਂ ਨੂੰ ਮੁੱਖ ਸੜਕ ਦੇ ਕਿਨਾਰੇ ਤੇ ਹੋਇਆ ਇਹ ਨਾਜਾਇਜ ਕਬਜਾ ਨਜਰ ਨਹੀਂ ਆਉਂਦਾ ਜਾਂ ਫਿਰ ਇਹਨਾਂ ਸਾਰਿਆਂ ਨੇ ਜਾਣ ਬੁੱਝ ਕੇ ਆਪਣੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਨਗਰ ਨਿਗਮ ਦੀ ਮਿਲੀਭੁਗਤ ਨਾਲ ਥਾਂ ਥਾਂ ਤੇ ਕਬਜੇ ਹੋਏ ਹਨ ਅਤੇ ਇਹਨਾਂ ਦੀ ਆੜ ਵਿੱਚ ਭ੍ਰਿਸ਼ਟਾਚਾਰ ਦਾ ਲੰਬਾ ਚੌੜਾ ਕਾਰੋਬਾਰ ਚਲਦਾ ਹੈ। ਉਹਨਾਂ ਕਿਹਾ ਕਿ ਮੁੱਖ ਸੜਕ ਦੇ ਕਿਨਾਰੇ ਮੰਦਰ ਦੇ ਨਾਲ ਲੱਗਦੀ ਥਾਂ ਤੇ ਕੀਤਾ ਗਿਆ ਇਹ ਨਾਜਾਇਜ ਕਬਜਾ ਤੁਰੰਤ ਖਤਮ ਕਰਵਾਇਆ ਜਾਣਾ ਚਾਹੀਦਾ ਹੈ ਅਤੇ ਇਸ ਸੰਬੰਧੀ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਇਸ ਸੰਬੰਧੀ ਸੰਪਰਕ ਕਰਨ ਤੇ ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਇਸ ਦੁਕਾਨਦਾਰ ਦਾ ਮਾਮਲਾ ਅਦਾਲਤ ਵਿੱਚ ਹੈ ਜਿਸ ਕਾਰਨ ਨਗਰ ਨਿਗਮ ਵਲੋਂ ਇਸਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਸਕਦੀ।

ਨਗਰ ਨਿਗਮ ਦੇ ਮੇਅਰ ਸz. ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਇਹ ਕਬਜਾ ਇੱਥੇ ਕਈ ਸਾਲ ਪਹਿਲਾਂ ਤੋਂ ਹੈ ਅਤੇ ਮਾਣਯੋਗ ਅਦਾਲਤ ਵਿੱਚ ਮਾਮਲਾ ਪੈਂਡਿੰਗ ਹੋਣ ਕਾਰਨ ਇਹ ਕਬਜਾ ਚਲ ਰਿਹਾ ਹੈ। ਉਹਨਾਂ ਕਿਹਾ ਕਿ ਨਗਰ ਨਿਗਮ ਵਲੋਂ ਇਸ ਮਾਮਲੇ ਦੀ ਪੈਰਵੀ ਕੀਤੀ ਜਾ ਰਹੀ ਹੈ ਅਤੇ ਇਸਦਾ ਫੈਸਲਾ ਛੇਤੀ ਹੋਣ ਵਾਲਾ ਹੈ ਅਤੇ ਅਦਾਲਤ ਦਾ ਫੈਸਲਾ ਹੋਣ ਤੇ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇਗੀ।