ਭਾਸ਼ਾ ਵਿਭਾਗ, ਮੁਹਾਲੀ ਵੱਲੋਂ ‘ਟੈਬੂ’ ਕਹਾਣੀ ਸੰਗ੍ਰਹਿ ਤੇ ਵਿਚਾਰ ਚਰਚਾ ਆਯੋਜਿਤ

ਐਸ ਏ ਐਸ ਨਗਰ, 13 ਫਰਵਰੀ (ਸ.ਬ.) ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਹੜੇ ਵਿੱਚ ਸੁਰਿੰਦਰ ਨੀਰ ਦਾ ਕਹਾਣੀ ਸੰਗ੍ਰਹਿ ‘ਟੈਬੂ’ ਤੇ ਵਿਚਾਰ ਚਰਚਾ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਡਾ. ਧਨਵੰਤ ਕੌਰ (ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਵੱਲੋਂ ਕੀਤੀ ਗਈ ਜਦੋਂਕਿ ਡਾ. ਯੋਗਰਾਜ (ਚੇਅਰਮੈਨ, ਪੰਜਾਬੀ ਅਧਿਐਨ ਸਕੂਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਅਤੇ ਸਵਰਨਜੀਤ ਸਵੀ (ਸਾਹਿਤ ਅਕਾਦਮੀ ਪੁਰਸਕਾਰ ਜੇਤੂ) ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ।

ਵਿਚਾਰ ਚਰਚਾ ਦੀ ਸ਼ੁਰੂਆਤ ਵਿਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਕਹਿੰਦਿਆਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੁਹਾਲੀ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ।

ਡਾ. ਮੀਨਾਕਸ਼ੀ ਰਾਠੌਰ ਵੱਲੋਂ ‘ਟੈਬੂ: ਨਾਰੀਵਾਦੀ ਦ੍ਰਿਸ਼ਟੀਕੋਣ’ ਵਿਸ਼ੇ ਤੇ ਪਰਚਾ ਪੜ੍ਹਦਿਆਂ ਕਿਹਾ ਗਿਆ ਕਿ ਇਹ ਕਹਾਣੀ ਸੰਗ੍ਰਹਿ ਜੀਵਨ ਯਥਾਰਥ ਦੇ ਅਸਤਿਤਵੀ ਸੰਕਟ, ਔਰਤ-ਮਰਦ ਸਬੰਧਾਂ ਦੇ ਵਿਗੜਦੇ ਸਮੀਕਰਨ, ਰਾਜਨੀਤੀ, ਖਪਤ ਸਭਿਆਚਾਰ, ਕਸ਼ਮੀਰ ਦੀ ਧਰਤੀ ਦਾ ਬਿਰਤਾਂਤ ਆਦਿ ਵਿਸ਼ਿਆਂ ਦੀ ਪੇਸ਼ਕਾਰੀ ਬੜੇ ਚਿਹਨਾਤਮਕ ਢੰਗ ਨਾਲ ਕਰਦਾ ਹੈ। ਡਾ. ਜਸਵਿੰਦਰ ਕੌਰ ਬਿੰਦਰਾ ਨੇ ‘ਟੈਬੂ: ਸਮਾਜਿਕ ਸਰੋਕਾਰਾਂ ਦੀ ਤਰਜ਼ਮਾਨੀ’ ਵਿਸ਼ੇ ਤੇ ਪਰਚਾ ਪੜ੍ਹਦਿਆਂ ਕਿਹਾ ਕਿ ਸੁਰਿੰਦਰ ਨੀਰ ਸਮਾਜਿਕ ਸਰੋਕਾਰਾਂ ਅਤੇ ਮਸਲਿਆਂ ਪ੍ਰਤੀ ਗੰਭੀਰ ਪਹੁੰਚ ਰੱਖਦੀ ਹੈ।

ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਧਨਵੰਤ ਕੌਰ ਨੇ ਕਿਹਾ ਕਿ ਸੁਰਿੰਦਰ ਨੀਰ ਨੇ ਹਥਲੀਆਂ ਕਹਾਣੀਆਂ ਦੀ ਰਚਨਾ ਪਰੰਪਰਕ ਨਾਰੀਵਾਦੀ ਦ੍ਰਿਸ਼ਟੀਕੋਣ ਤੋਂ ਨਹੀਂ ਕੀਤੀ ਸਗੋਂ ਉਹ ਨਾਰੀ ਦੀ ਜੈਵਿਕਤਾ, ਨੈਤਿਕਤਾ ਅਤੇ ਸਮਾਜਿਕਤਾ ਨੂੰ ਇਕ ਨਿਵੇਕਲੇ ਦ੍ਰਿਸ਼ਟੀਕੋਣ ਤੋਂ ਸਿਰਜਦੀ ਹੈ। ਡਾ. ਯੋਗਰਾਜ ਨੇ ਕਿਹਾ ਕਿ ਸੁਰਿੰਦਰ ਨੀਰ ਨੇ ਇਨ੍ਹਾਂ ਕਹਾਣੀਆਂ ਅੰਦਰ ਬੜਾ ਸਹਿਜ ਭਰਪੂਰ ਬਿਰਤਾਂਤ ਸਿਰਜਿਆ ਹੈ। ਸਵਰਨਜੀਤ ਸਵੀ ਨੇ ਕਿਹਾ ਕਿ ਨੀਰ ਉਹ ਲੇਖਿਕਾ ਹੈ ਜਿਸ ਕੋਲ ਆਪਣੇ ਖਿੱਤੇ ਦਾ ਭੂਗੋਲਿਕ, ਭਾਸ਼ਾਈ, ਸਮਾਜਿਕ ਅਤੇ ਸਭਿਆਚਾਰਕ ਅਨੁਭਵ ਹੈ।

ਇਸ ਮੌਕੇ ਅਮਰਜੀਤ ਗਰੇਵਾਲ, ਡਾ. ਜਸਵਿੰਦਰ ਸਿੰਘ, ਕਹਾਣੀਕਾਰ ਬਲਵਿੰਦਰ ਗਰੇਵਾਲ ਅਤੇ ਡਾ. ਬਲਜੀਤ ਸਿੰਘ ਰੈਨਾ ਨੇ ਵੀ ਸੰਬੋਧਨ ਕੀਤਾ। ਇਹਨਾਂ ਤੋਂ ਇਲਾਵਾ ਉੱਘੇ ਕਵੀ ਜਸਵੰਤ ਸਿੰਘ ਜ਼ਫ਼ਰ, ਪ੍ਰੋ. ਲਾਭ ਸਿੰਘ ਖੀਵਾ, ਡਾ. ਸੁਨੀਤਾ ਰਾਣੀ, ਡਾ. ਅਜੀਤ ਕੰਵਲ ਸਿੰਘ ਹਮਦਰਦ, ਗੁਰਪ੍ਰੀਤ ਸਿੰਘ ਨਿਆਮੀਆਂ, ਧਿਆਨ ਸਿੰਘ ਕਾਹਲੋਂ, ਪਰਮਜੀਤ ਮਾਨ, ਸੰਜੀਵਨ ਸਿੰਘ, ਗੁਰਚਰਨ ਸਿੰਘ, ਮਨਜੀਤ ਪਾਲ ਸਿੰਘ, ਦਿਲਬਾਗ ਸਿੰਘ, ਪਰਮਿੰਦਰ ਸਿੰਘ ਮਦਾਨ, ਜਸਵੀਰ ਸਿੰਘ ਗੜਾਂਗ, ਬਲਵਿੰਦਰ ਸਿੰਘ ਢਿੱਲੋਂ, ਬਲਜੀਤ ਕੌਰ, ਸਰਦਾਰਾ ਸਿੰਘ ਚੀਮਾ, ਜਪਨੀਤ ਕੌਰ ਅਤੇ ਮਨਜੀਤ ਸਿੰਘ ਵੱਲੋਂ ਵੀ ਸ਼ਿਰਕਤ ਕੀਤੀ ਗਈ। ਅਖੀਰ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਦਰਸ਼ਨ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੁਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।