ਫੇਜ਼ 11 ਵਿੱਚ ਸੇਵਾ ਕੇਂਦਰ ਖੋਲ੍ਹੇ ਸਰਕਾਰ : ਕੁਲਵੰਤ ਸਿੰਘ ਕਲੇਰ

ਪ੍ਰਸ਼ਾਸ਼ਕੀ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਮੰਤਰੀ ਨੂੰ ਪੱਤਰ ਲਿਖਿਆ

ਐਸ ਏ ਐਸ ਨਗਰ, 13 ਫਰਵਰੀ (ਸ.ਬ.) ਨਗਰ ਨਿਗਮ ਦੇ ਕੌਂਸਲਰ ਕੁਲਵੰਤ ਸਿੰਘ ਕਲੇਰ ਨੇ ਪ੍ਰਸ਼ਾਸ਼ਕੀ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਮੰਤਰੀ ਸ੍ਰੀ ਅਮਨ ਅਰੋੜਾ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਫੇਜ਼ 11 ਦੇ ਵਸਨੀਕਾਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਇੱਥੇ ਸੇਵਾ ਕੇਂਦਰ ਖੋਲ੍ਹਿਆ ਜਾਵੇ।

ਆਪਣੇ ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਫੇਜ਼-11 (ਸੈਕਟਰ-65) ਦੀ ਆਬਾਦੀ ਲਗਭਗ 70,000/ ਦੇ ਕਰੀਬ ਹੈ ਅਤੇ ਇਸਦੇ ਨਾਲ 10 ਦੇ ਕਰੀਬ ਪਿੰਡ ਵੀ ਲੱਗਦੇ ਹਨ। ਉਹਨਾਂ ਲਿਖਿਆ ਹੈ ਕਿ 2016 ਵਿੱਚ ਸਰਕਾਰ ਵਲੋਂ ਇੱਥੇ ਸਿਵਲ ਡਿਸਪੈਸਰੀ (ਹੁਣ ਆਮ ਆਦਮੀ ਕਲੀਨਿਕ) ਵਿੱਚ ਇਕ ਸੇਵਾ ਕੇਂਦਰ ਖੋਲਿਆ ਗਿਆ ਸੀ ਅਤੇ ਇਸ ਵਾਸਤੇ ਵੱਖਰੀ ਇਮਾਰਤ ਬਣਾਈ ਗਈ ਸੀ। ਉਹਨਾਂ ਲਿਖਿਆ ਹੈ ਕਿ ਇਹ ਕੇਂਦਰ ਵਸਨੀਕਾਂ ਨੂੰ ਬਹੁਤ ਵਧੀਆ ਸਹੂਲਤਾਂ ਦੇ ਰਿਹਾ ਸੀ ਪਰੰਤੂ ਬਾਅਦ ਵਿੱਚ ਇਸਨੂੰ ਬੰਦ ਕਰ ਦਿੱਤਾ ਗਿਆ।

ਉਹਨਾਂ ਲਿਖਿਆ ਹੈ ਕਿ ਸੇਵਾ ਕੇਂਦਰ ਨਾ ਹੋਣ ਕਾਰਨ ਹੁਣ ਫੇਜ਼-11ਅਤੇ ਲਾਗਲੇ ਪਿੰਡਾਂ ਦੇ ਵਸਨੀਕਾਂ ਨੂੰ ਆਪਣੇ ਜਰੂਰੀ ਕੰਮਾਂ ਲਈ ਦੂਰ ਦੇ ਸੇਵਾ ਕੇਂਦਰਾਂ ਵਿੱਚ ਜਾਣਾ ਪੈਂਦਾ ਹੈ। ਇਸ ਦੌਰਾਨ ਬਜ਼ੁਰਗਾਂ ਨੂੰ ਬਹੁਤ ਮੁਸ਼ਕਿਲ ਆਉਂਦੀ ਹੈ ਅਤੇ ਕੰਮਕਾਜੀ ਲੋਕਾਂ ਨੂੰ ਬੇਵਜਾ ਛੁੱਟੀ ਲੈਣੀ ਪੈਂਦੀ ਹੈ। ਉਹਨਾਂ ਮੰਗ ਕੀਤੀ ਹੈ ਕਿ ਇਸ ਸੇਵਾ ਕੇਂਦਰ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇ।