ਟ੍ਰੈਫਿਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ

ਐਸ ਏ ਐਸ ਨਗਰ, 13 ਫਰਵਰੀ (ਸ.ਬ.) ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏ ਐਸ ਆਈ ਜਨਕ ਰਾਜ ਵੱਲੋਂ 15 ਜਨਵਰੀ ਤੋਂ 14 ਫਰਵਰੀ ਤਕ ਚਲਾਏ ਜਾ ਰਹੇ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਦੇ ਸਬੰਧ ਵਿੱਚ ਏ ਐਸ ਆਈ ਜਸਵੀਰ ਸਿੰਘ ਅਤੇ ਟ੍ਰੈਫਿਕ ਪੁਲੀਸ ਲਾਲੜੂ ਨਾਲ ਮਿਲ ਕੇ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਲਾਲੜੂ ਅਤੇ ਅੱਤਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਧਿਆਪਕਾਂ, ਵਿਦਿਆਰਥੀਆਂ, ਫੀਮੇਲ ਅਟੈਂਡੈਂਟਸ ਅਤੇ ਬਸ ਡਰਾਇਵਰਾਂ ਨਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਅਤੇ ਸਾਇਕਲ ਰੈਲੀ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

ਸ੍ਰੀ ਜਨਕ ਰਾਜ ਨੇ ਦੱਸਿਆ ਕਿ ਇਸ ਮੌਕੇ ਧੁੰਦ ਦੇ ਦਿਨਾਂ ਨੂੰ ਮੁੱਖ ਰੱਖਦਿਆਂ ਧਿਆਨ ਨਾਲ ਡ੍ਰਾਈਵਿੰਗ ਕਰਨ ਬਾਰੇ ਜਾਗਰੂਕ ਕੀਤਾ ਗਿਆ ਅਤੇ ਕਿਸੇ ਅਣਪਛਾਤੇ ਵਾਹਨ ਨਾਲ ਐਕਸੀਡੈਂਟ ਹੋਣ ਤੇ ਸਲੇਸ਼ੀਅਨ ਫੰਡ ਮੁਆਵਜ਼ਾ ਲੈਣ ਸਬੰਧੀ ਜਾਣਕਾਰੀ ਦਿੱਤੀ ਗਈ। ਇਸਦੇ ਨਾਲ ਹੀ ਵਾਹਨਾਂ ਤੇ ਰਿਫਲੈਕਟਰ ਟੇਪ ਲਗਾਈ ਗਈ ਅਤੇ ਟਰੈਫਿਕ ਨਿਯਮਾਂ, ਲੇਨ ਡਰਾਇਵਿੰਗ, ਵਾਹਨਾਂ ਦੇ ਕਾਗਜ਼ਾਤ ਪੂਰੇ ਰੱਖਣ, ਪ੍ਰੈਸ਼ਰ ਹਾਰਨ ਦੀ ਵਰਤੋਂ ਨਾ ਕਰਨ, ਵਾਤਾਵਰਣ ਦੀ ਸੁਰੱਖਿਆ ਅਤੇ ਨਸ਼ਿਆ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਮੌਕੇ ਵਾਹਨਾਂ ਤੇ ਹਾਈ ਸਿਕਿਓਰਿਟੀ ਨੰਬਰ ਪਲੇਟਾਂ ਲਗਵਾਉਣ, ਦੋ ਪਹੀਆ ਵਾਹਨ ਤੇ ਹੈਲਮਟ ਪਾਉਣ, ਵਾਹਨਾਂ ਨੂੰ ਸੜਕ ਤੇ ਖੜਾ ਕਰਨ ਦੀ ਬਜਾਏ ਸਹੀ ਪਾਰਕਿੰਗ ਕਰਨ, ਖੱਬੇ-ਸੱਜੇ ਮੁੜਨ ਵੇਲੇ ਇੰਡੀਕੇਟਰ ਦੀ ਵਰਤੋ ਕਰਨ, ਲਾਲ ਬੱਤੀ ਦੀ ਉਲੰਘਣਾ ਨਾ ਕਰਨ, ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਕੇ ਕੋਈ ਵੀ ਵਾਹਨ ਨਾ ਚਲਾਉਣ, ਬੁਲਟ ਮੋਟਰਸਾਇਕਲ ਤੇ ਪਟਾਕੇ ਨਾ ਮਾਰਨ ਅਤੇ ਮੌਡੀਫਾਈ ਨਾ ਕਰਵਾਉਣ ਦੀ ਅਪੀਲ ਕੀਤੀ ਗਈ।