Connect with us

Editorial

ਔਰਤ ਦਿਵਸ : ਇੱਕ ਦਿਨ ਦਾ ਰਸਮੀ ਸਨਮਾਨ ਜਾਂ ਰੋਜ਼ਾਨਾ ਦਾ ਫਰਜ਼?

Published

on

 

 

ਅੰਤਰਰਾਸ਼ਟਰੀ ਮਹਿਲਾ ਦਿਵਸ, ਇੱਕ ਅਜਿਹਾ ਦਿਹਾੜਾ ਜਿਸਨੂੰ ਅਸੀਂ ਔਰਤਾਂ ਨੂੰ ਸਨਮਾਨ ਦੇਣ ਲਈ ਮਨਾਉਂਦੇ ਹਾਂ। ਸੋਸ਼ਲ ਮੀਡੀਆ ਤੇ ਵਧਾਈਆਂ, ਤਸਵੀਰਾਂ ਅਤੇ ਔਰਤਾਂ ਦੀ ਤਾਰੀਫ਼ ਨਾਲ ਭਰੇ ਸੰਦੇਸ਼ਾਂ ਦੀ ਝੜੀ ਲੱਗ ਜਾਂਦੀ ਹੈ। ਹਰ ਕੋਈ ਔਰਤਾਂ ਦੀ ਤਾਕਤ, ਹਿੰਮਤ ਅਤੇ ਯੋਗਦਾਨ ਦੀ ਗੱਲ ਕਰਦਾ ਹੈ। ਇਹ ਦਿਨ ਔਰਤਾਂ ਲਈ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੁੰਦਾ, ਇੱਕ ਦਿਨ ਲਈ ਸਭ ਕੁਝ ਬਦਲਿਆ ਹੋਇਆ ਲੱਗਦਾ ਹੈ। ਪਰ ਕੀ ਇਹ ਸਿਰਫ਼ ਇੱਕ ਦਿਨ ਦਾ ਜਸ਼ਨ ਹੀ ਕਾਫ਼ੀ ਹੈ? ਕੀ ਸਿਰਫ਼ ਸ਼ੁਭਕਾਮਨਾਵਾਂ ਦੇਣ ਨਾਲ ਸਾਡਾ ਫ਼ਰਜ਼ ਪੂਰਾ ਹੋ ਜਾਂਦਾ ਹੈ?

ਅਸਲ ਸਵਾਲ ਇਹ ਹੈ ਕਿ ਕੀ ਅਸੀਂ ਸਿਰਫ਼ ਇੱਕ ਦਿਨ ਔਰਤਾਂ ਨੂੰ ਸਨਮਾਨ ਦੇ ਕੇ ਉਨ੍ਹਾਂ ਨਾਲ ਹੋ ਰਹੇ ਅਨਿਆਂ ਨੂੰ ਭੁੱਲ ਸਕਦੇ ਹਾਂ? ਕੀ ਇਹ ਕਾਫ਼ੀ ਹੈ ਜਦੋਂ ਔਰਤਾਂ ਨੂੰ ਹਰ ਰੋਜ਼ ਜਿਨਸੀ ਹਮਲੇ, ਹਿੰਸਾ, ਬੇਇੱਜ਼ਤੀ ਅਤੇ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਹੈ? ਅੱਜ ਵੀ ਔਰਤਾਂ ਨੂੰ ਘਰਾਂ ਵਿੱਚ, ਕੰਮ ਵਾਲੀਆਂ ਥਾਵਾਂ ਤੇ ਅਤੇ ਜਨਤਕ ਥਾਵਾਂ ਤੇ ਸੁਰੱਖਿਅਤ ਮਹਿਸੂਸ ਨਹੀਂ ਹੁੰਦਾ। ਉਹ ਅਜੇ ਵੀ ਲਿੰਗ ਭੇਦਭਾਵ, ਘਰੇਲੂ ਹਿੰਸਾ, ਬਰਾਬਰ ਮੌਕਿਆਂ ਦੀ ਘਾਟ ਅਤੇ ਸਮਾਜਿਕ ਰੂੜੀਵਾਦੀ ਸੋਚ ਦਾ ਸ਼ਿਕਾਰ ਹਨ।

ਅਸੀਂ ਔਰਤਾਂ ਨੂੰ ਦੇਵੀ ਮੰਨਦੇ ਹਾਂ, ਪਰ ਅਸਲ ਜ਼ਿੰਦਗੀ ਵਿੱਚ ਉਨ੍ਹਾਂ ਨੂੰ ਸਨਮਾਨ ਨਹੀਂ ਦਿੰਦੇ। ਅਸੀਂ ਉਨ੍ਹਾਂ ਨੂੰ ਘਰ ਦੀ ਚਾਰਦੀਵਾਰੀ ਵਿੱਚ ਕੈਦ ਕਰਕੇ ਰੱਖਣਾ ਚਾਹੁੰਦੇ ਹਾਂ, ਉਨ੍ਹਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਹਾਂ। ਸਾਨੂੰ ਇਹ ਸਮਝਣਾ ਹੋਵੇਗਾ ਕਿ ਔਰਤਾਂ ਨੂੰ ਸਿਰਫ਼ ਇੱਕ ਦਿਨ ਨਹੀਂ, ਬਲਕਿ ਹਰ ਰੋਜ਼ ਸਨਮਾਨ ਦੇਣ ਦੀ ਜ਼ਰੂਰਤ ਹੈ। ਸਾਨੂੰ ਉਨ੍ਹਾਂ ਨੂੰ ਬਰਾਬਰ ਦੇ ਮੌਕੇ ਦੇਣੇ ਚਾਹੀਦੇ ਹਨ, ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਆਵਾਜ਼ ਨੂੰ ਸੁਣਨਾ ਚਾਹੀਦਾ ਹੈ।

ਮਹਿਲਾ ਦਿਵਸ ਸਿਰਫ਼ ਇੱਕ ਦਿਨ ਦਾ ਜਸ਼ਨ ਨਹੀਂ, ਬਲਕਿ ਔਰਤਾਂ ਦੇ ਹੱਕਾਂ ਲਈ ਲੜਨ ਦਾ ਇੱਕ ਪ੍ਰਣ ਹੈ। ਇਹ ਇੱਕ ਅਜਿਹਾ ਦਿਨ ਹੈ ਜਦੋਂ ਸਾਨੂੰ ਆਪਣੇ ਸਮਾਜ ਵਿੱਚ ਔਰਤਾਂ ਦੀ ਸਥਿਤੀ ਤੇ ਵਿਚਾਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਬਿਹਤਰ ਭਵਿੱਖ ਦੇਣ ਲਈ ਕਦਮ ਚੁੱਕਣੇ ਚਾਹੀਦੇ ਹਨ। ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਔਰਤਾਂ ਨੂੰ ਸਿਰਫ਼ ਸ਼ੁਭਕਾਮਨਾਵਾਂ ਨਹੀਂ, ਬਲਕਿ ਬਰਾਬਰਤਾ, ਸੁਰੱਖਿਆ ਅਤੇ ਸਨਮਾਨ ਮਿਲੇ। ਸਾਨੂੰ ਆਪਣੇ ਸਮਾਜ ਵਿੱਚ ਅਜਿਹਾ ਮਾਹੌਲ ਬਣਾਉਣਾ ਚਾਹੀਦਾ ਹੈ ਜਿੱਥੇ ਔਰਤਾਂ ਬਿਨਾਂ ਕਿਸੇ ਡਰ ਤੋਂ ਆਪਣੀ ਜ਼ਿੰਦਗੀ ਜੀ ਸਕਣ, ਆਪਣੇ ਸੁਪਨੇ ਪੂਰੇ ਕਰ ਸਕਣ ਅਤੇ ਸਮਾਜ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਣ।

ਸਾਨੂੰ ਔਰਤਾਂ ਨੂੰ ਸਿੱਖਿਆ ਅਤੇ ਰੁਜ਼ਗਾਰ ਦੇ ਬਰਾਬਰ ਮੌਕੇ ਦੇਣੇ ਚਾਹੀਦੇ ਹਨ। ਸਾਨੂੰ ਉਨ੍ਹਾਂ ਨੂੰ ਘਰੇਲੂ ਹਿੰਸਾ ਅਤੇ ਜਿਨਸੀ ਸ਼ੋਸ਼ਣ ਤੋਂ ਬਚਾਉਣ ਲਈ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ। ਸਾਨੂੰ ਆਪਣੇ ਸਮਾਜ ਵਿੱਚ ਔਰਤਾਂ ਪ੍ਰਤੀ ਸੋਚ ਨੂੰ ਬਦਲਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸਤਿਕਾਰ ਦੇਣਾ ਸਿਖਾਉਣਾ ਚਾਹੀਦਾ ਹੈ।

ਆਓ, ਇਸ ਮਹਿਲਾ ਦਿਵਸ ਤੇ ਅਸੀਂ ਸਾਰੇ ਮਿਲ ਕੇ ਇਹ ਪ੍ਰਣ ਕਰੀਏ ਕਿ ਅਸੀਂ ਔਰਤਾਂ ਨੂੰ ਸਿਰਫ਼ ਇੱਕ ਦਿਨ ਨਹੀਂ, ਸਗੋਂ ਹਰ ਰੋਜ਼ ਸਨਮਾਨ ਦੇਵਾਂਗੇ। ਅਸੀਂ ਉਨ੍ਹਾਂ ਦੇ ਹੱਕਾਂ ਲਈ ਲੜਾਂਗੇ, ਉਨ੍ਹਾਂ ਨੂੰ ਸੁਰੱਖਿਅਤ ਅਤੇ ਬਿਹਤਰ ਭਵਿੱਖ ਦੇਵਾਂਗੇ ਅਤੇ ਸਮਾਜ ਵਿੱਚ ਬਰਾਬਰ ਦਾ ਦਰਜਾ ਦੇਵਾਂਗੇ। ਇਹ ਹੀ ਅਸਲ ਵਿੱਚ ਮਹਿਲਾ ਦਿਵਸ ਮਨਾਉਣ ਦਾ ਸਹੀ ਤਰੀਕਾ ਹੈ।

ਚਾਨਣ ਦੀਪ ਸਿੰਘ ਔਲਖ

ਸੰਪਰਕ 9876888177

Continue Reading

Editorial

ਸੂਬੇ ਦੇ ਨੌਜਵਾਨਾਂ ਲਈ ਰੁਜਗਾਰ ਦਾ ਪ੍ਰਬੰਧ ਕਰਨਾ ਸਰਕਾਰ ਦੀ ਜਿੰਮੇਵਾਰੀ

Published

on

By

 

ਤਿੰਨ ਸਾਲ ਪਹਿਲਾਂ ਪੰਜਾਬੀ ਨੌਜਵਾਨਾਂ ਦੇ ਵਿਦੇਸ਼ਾਂ ਵੱਲ ਹੁੰਦੇ ਪ੍ਰਰਵਾਸ ਨੂੰ ਰੋਕਣ ਲਈ ਪੰਜਾਬ ਵਿੱਚ ਹੀ ਰੁਜਗਾਰ ਦੇ ਲੋੜੀਂਦੇ ਪ੍ਰਬੰਧ ਕਰਨ ਦਾ ਦਾਅਵਾ ਕਰਕੇ ਸੱਤਾ ਹਾਸਿਲ ਕਰਨ ਵਾਲੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬੇ ਦੇ ਨੌਜਵਾਨਾਂ ਨੂੰ ਰੁਜਗਾਰ ਮੁਹਈਆ ਕਰਵਾਉਣ ਦੇ ਮੋਰਚੇ ਤੇ ਹੁਣ ਤਕ ਕਾਗਜੀ ਦਾਅਵੇ ਤਾਂ ਬਹੁਤ ਕੀਤੇ ਗਏ ਹਨ, ਪਰੰਤੂ ਜਮੀਨੀ ਹਾਲਾਤ ਦੀ ਗੱਲ ਕਰੀਏ ਤਾਂ ਇਹ ਗੱਲ ਕਾਫੀ ਹੱਦ ਤਕ ਬਿਆਨਬਾਜੀ ਤਕ ਹੀ ਸੀਮਿਤ ਦਿਖਦੀ ਹੈ ਅਤੇ ਬੇਰੁਜਗਾਰੀ ਦੇ ਮੁੱਦੇ ਤੇ ਸਰਕਾਰ ਦੇ ਖਿਲਾਫ ਹੁੰਦੇ ਪ੍ਰਦਰਸ਼ਨ ਸਰਕਾਰ ਦੀ ਨਾਕਾਮੀ ਦੀ ਕਹਾਣੀ ਖੁਦ ਬਿਆਨ ਕਰਦੇ ਹਨ।

ਪੰਜਾਬ ਦੀ ਸੱਤਾ ਤੇ ਕਾਬਜ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਹਜਾਰਾਂ ਦੀ ਗਿਣਤੀ ਵਿੱਚ ਸਰਕਾਰੀ ਨੌਕਰੀਆਂ ਦੇਣ ਦੇ ਦਾਅਵੇ ਤਾਂ ਕੀਤੇ ਜਾਂਦੇ ਹਨ ਪਰੰਤੂ ਇਸ ਸੰਬੰਧੀ ਵੀ ਵਿਰੋਧੀ ਪਾਰਟੀਆਂ ਵਲੋਂ ਇਹ ਇਲਜਾਮ ਲਗਾਇਆ ਜਾਂਦਾ ਹੈ ਕਿ ਸਰਕਾਰ ਵਲੋਂ ਦਿੱਤੀਆਂ ਗਈਆਂ ਨੌਕਰੀਆਂ ਵਿੱਚ ਵੀ ਪੰਜਾਬੀ ਨੌਜਵਾਨਾਂ ਦੇ ਮੁਕਾਬਲੇ ਹੋਰਨਾਂ ਸੂਬਿਆਂ ਦੇ ਨੌਜਵਾਨਾਂ ਨੂੰ ਵੱਧ ਨੌਕਰੀਆਂ ਮਿਲੀਆਂ ਹਨ। ਅਸਲੀਅਤ ਇਹੀ ਹੈ ਕਿ ਪੰਜਾਬ ਸਰਕਾਰ ਨਾ ਤਾਂ ਸੂਬੇ ਦੇ ਨੌਜਵਾਨਾਂ ਨੂੰ ਲੋੜੀਂਦਾ ਰੁਜਗਾਰ ਮੁਹਈਆ ਕਰਵਾਉਣ ਵਿੱਚ ਕਾਮਯਾਬ ਹੋ ਪਾਈ ਹੈ ਅਤੇ ਨਾ ਹੀ ਪੰਜਾਬ ਤੋਂ ਵਿਦੇਸ਼ਾਂ ਵੱਲ ਹੁੰਦੇ ਪਰਵਾਸ ਤੇ ਕੋਈ ਰੋਕ ਲੱਗ ਪਾਈ ਹੈ।

ਇਸ ਦੌਰਾਨ ਸਰਕਾਰ ਦੇ ਹਿਮਾਇਤੀ ਇਹ ਤਰਕ ਦਿੰਦੇ ਦਿਖਦੇ ਹਨ ਕਿ ਨਵੀਂ ਸਰਕਾਰ ਵਲੋਂ ਸੱਤਾ ਸੰਭਾਲਣ ਤੋਂ ਬਾਅਦ ਪਿਛਲੀਆਂ ਸਾਰੀਆਂ ਸਰਕਾਰਾਂ ਦੇ ਮੁਕਾਬਲੇ ਕਈ ਗੁਨਾ ਵੱਧ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਸਰਕਾਰ ਦੀ ਕਾਰਗੁਜਾਰੀ ਦਾ ਲੇਖਾ ਜੋਖਾ ਕਰਨ ਵੇਲੇ ਇਸ ਗੱਲ ਨੂੰ ਵੀ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਪਰੰਤੂ ਜਦੋਂ ਮਾਨ ਸਰਕਾਰ ਵਲੋਂ ਆਪਣੇ ਹੁਣ ਤਕ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਦਾ ਬਖਾਨ ਕਰਨ ਵਾਲੀ ਇਸ਼ਤਿਹਾਰੀ ਮੁਹਿੰਮ ਚਲਾਉਂਦੀ ਹੈ ਤਾਂ ਫਿਰ ਉਸਦੀ ਕਾਰਗੁਜਾਰੀ ਬਾਰੇ ਗੱਲ ਤਾਂ ਹੋਣੀ ਹੀ ਹੈ।

ਆਪਣੇ ਹੁਣ ਤਕ ਦੇ ਕਾਰਜਕਾਲ ਦੌਰਾਨ ਨਵੀਂ ਸਰਕਾਰ ਵਲੋਂ ਨਾ ਤਾਂ ਪੰਜਾਬੀ ਨੌਜਵਾਨਾਂ ਵਾਸਤੇ ਨਵੇਂ ਰੁਜਗਾਰ ਸਿਰਜਨ ਵਾਸਤੇ ਕੋਈ ਪਾਲਸੀ ਸਾਮ੍ਹਣੇ ਲਿਆਂਦੀ ਗਈ ਹੈ ਅਤੇ ਨਾ ਹੀ ਇਸ ਸੰਬੰਧੀ ਕੋਈ ਮੁੱਢਲੀ ਕਾਰਵਾਈ ਹੋਈ ਹੈ। ਉੱਪਰੋਂ ਸਰਕਾਰ ਵਲੋਂ ਕੀਤੇ ਜਾਂਦੇ ਹਵਾ ਹਵਾਈ ਦਾਅਵਿਆਂ ਕਾਰਨ ਲੋਕਾਂ ਦਾ ਭਰੋਸਾ ਵੀ ਡਗਮਗਾਉਣ ਲੱਗ ਗਿਆ ਹੈ। ਇਸ ਦੌਰਾਨ ਨੌਜਵਾਨਾਂ ਨੂੰ ਲੋੜੀਂਦਾ ਰੁਜਗਾਰ ਨਾ ਮਿਲਣ ਕਾਰਨ ਜਿੱਥੇ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਦੀ ਕਤਾਰ ਲਗਾਤਾਰ ਲੰਬੀ ਅਤੇ ਹੋਰ ਲੰਬੀ ਹੁੰਦੀ ਜਾ ਰਹੀ ਹੈ ਉੱਥੇ ਸੂਬੇ ਵਿੱਚ ਬੇਰੁਜਗਾਰ ਨੌਜਵਾਨਾਂ ਦੀ ਗਿਣਤੀ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਸਰਕਾਰ ਦੀ ਕਾਰਗੁਜਾਰੀ ਦੀ ਹਾਲਤ ਇਹ ਹੈ ਕਿ ਉਸ ਵਲੋਂ ਸਰਕਾਰੀ ਨੌਕਰੀਆਂ ਵਿੱਚ ਕਟੌਤੀ ਕੀਤੀ ਜਾ ਰਹੀ ਹੈ ਅਤੇ ਨਿੱਜੀ ਖੇਤਰ ਵਿੱਚ ਵੀ ਨੌਕਰੀਆਂ ਨਾ ਮਿਲਣ ਕਾਰਨ ਬੇਰੁਜਗਾਰਾਂ ਦੀ ਕਤਾਰ ਵੀ ਲਗਾਤਾਰ ਲੰਬੀ ਹੁੰਦੀ ਜਾ ਰਹੀ ਹੈ।

ਪੰਜਾਬ ਸਰਕਾਰ ਵਲੋਂ ਸੂਬੇ ਦੇ ਨੌਜਵਾਨਾਂ ਨੂੰ ਲੋੜੀਂਦਾ ਰੁਜਗਾਰ ਮੁਹਈਆ ਕਰਵਾਉਣ ਵਿੱਚ ਨਾਕਾਮ ਰਹਿਣ ਕਾਰਨ ਜਿਆਦਾਤਰ ਨੌਜਵਾਨ ਨਾ ਸਿਰਫ ਸਰਕਾਰ ਤੋਂ ਨਿਰਾਸ਼ ਦਿਖਦੇ ਹਨ ਬਲਕਿ ਬੇਰੁਜਗਾਰੀ ਵਿੱਚ ਹੋਣ ਵਾਲੇ ਇਸ ਵਾਧੇ ਕਾਰਨ ਵਿਹਲੇ ਘੁੰਮਣ ਵਾਲੇ ਸਾਡੇ ਨੌਜਵਾਨ ਸਮਾਜ ਲਈ ਵੱਡੀ ਸਿਰਦਰਦੀ ਬਣ ਰਹੇ ਹਨ। ਪੰਜਾਬ ਵਿੱਚ ਲੰਬਾਂ ਸਮਾਂ ਅੱਤਵਾਦ ਰਹਿਣ ਦਾ ਇਕ ਕਾਰਨ ਵੀ ਬੇਰੁਜਗਾਰੀ ਹੀ ਸੀ ਕਿਉਂਕਿ ਉਸ ਸਮੇਂ ਵੀ ਪੜੇ ਲਿਖੇ ਵਿਹਲੇ ਫਿਰਦੇ ਨੌਜਵਾਨ ਪੈਸੇ ਜਾਂ ਕਿਸੇ ਹੋਰ ਲਾਲਚ ਵਿੱਚ ਗਲਤ ਰਾਹ ਤੁਰ ਪਏ ਸਨ। ਹੁਣ ਤਾਂ ਪੰਜਾਬ ਵਿੱਚ ਨੌਜਵਾਨ ਪੀੜੀ ਨਸ਼ੇ ਦੀ ਆਦੀ ਹੋ ਚੁੱਕੀ ਹੈ ਜਿਸ ਦਾ ਇਕ ਵੱਡਾ ਕਾਰਨ ਨੌਜਵਾਨਾਂ ਕੋਲ ਰੁਜਗਾਰ ਦਾ ਨਾ ਹੋਣਾ ਵੀ ਹੈ।

ਜਮੀਨੀ ਹਾਲਾਤ ਇਹ ਹਨ ਕਿ ਸੂਬੇ ਦੇ ਵੱਡੀ ਗਿਣਤੀ ਨੌਜਵਾਨ ਬੇਰੁਜਗਾਰ ਹਨ। ਸਾਡੇ ਪੜ੍ਹੇ ਲਿਖੇ ਨੌਜਵਾਨਾਂ ਦੇ ਵਿਹਲੇ ਹੋਣ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਚੰਗੀ ਨੌਕਰੀ ਉਹਨਾਂ ਨੂੰ ਮਿਲਦੀ ਨਹੀਂ ਹੈ ਅਤੇ ਛੋਟਾ ਮੋਟਾ ਕੰਮ ਕਰਨ ਲਈ ਉਹ ਤਿਆਰ ਨਹੀਂ ਹੁੰਦੇ ਅਤੇ ਜਿਸਨੂੰ ਵੀ ਵੇਖੋ ਉਹ ਵਿਦੇਸ਼ ਜਾਣ ਦੀ ਤਿਆਰੀ ਵਿੱਚ ਦਿਖਦਾ ਹੈ। ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੇ ਇਸ ਵੱਧਦੇ ਰੁਝਾਨ ਦਾ ਸਭ ਤੋਂ ਵੱਧ ਨੁਕਸਾਨ ਪੰਜਾਬ ਨੂੰ ਹੀ ਹੋ ਰਿਹਾ ਹੈ ਜਿਸਦੇ ਪੜੇ ਲਿਖੇ ਨੌਜਵਾਨ ਵਿਦੇਸ਼ ਜਾ ਰਹੇ ਹਨ।

ਪੰਜਾਬ ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸੂਬੇ ਦੇ ਨੌਜਵਾਨਾਂ ਲਈ ਰੁਜਗਾਰ ਦੇ ਨਵੇਂ ਮੌਕੇ ਮੁਹਈਆ ਕਰਵਾਏ ਅਤੇ ਵਿਹਲੇ ਘੁੰਮ ਰਹੇ ਨੌਜਵਾਨਾਂ ਨੂੰ ਬਣਦਾ ਰੁਜਗਾਰ ਮੁਹਈਆ ਕਰਵਾਏ ਤਾਂ ਜੋ ਸਾਡੇ ਨੌਜਵਾਨ ਵਿਦੇਸ਼ ਜਾਣ ਦਾ ਮੋਹ ਤਿਆਗ ਕੇ ਸੂਬੇ ਦੀ ਤਰੱਕੀ ਵਿੱਚ ਹਿੱਸੇਦਾਰ ਬਣਨ।

 

Continue Reading

Editorial

ਅੰਤਰਰਾਸ਼ਟਰੀ ਮਹਿਲਾ ਦਿਵਸ

Published

on

By

 

8 ਮਾਰਚ ਦਾ ਦਿਨ ਮਹਿਲਾਵਾਂ ਨੂੰ ਸਮਰਪਿਤ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ, ਜਿਸ ਦਾ ਮੁੱਖ ਉਦੇਸ਼ ਮਹਿਲਾਵਾਂ ਨੂੰ ਸਸ਼ੱਕਤ ਕਰਨਾ ਹੈ। ਇਸ ਵਾਰ ਮਹਿਲਾ ਦਿਵਸ ਦਾ ਥੀਮ ‘ਸਥਾਈ ਕੱਲ੍ਹ ਲਈ ਅੱਜ ਲਿੰਗ ਸਮਾਨਤਾ’ ਜ਼ਰੂਰੀ ਹੈ।

ਅੱਜ ਔਰਤਾਂ ਸਮਾਜ ਦਾ ਅਹਿਮ ਹਿੰਸਾ ਹਨ ਤੇ ਲਗਪਗ ਹਰ ਖੇਤਰ ਵਿੱਚ ਮਹਿਲਾਵਾਂ ਦਾ ਪੁਰਸ਼ਾਂ ਦੇ ਬਰਾਬਰ ਦਾ ਯੋਗਦਾਨ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ ਔਰਤਾਂ ਦੇ ਇਸ ਯੋਗਦਾਨ ਨੂੰ ਵਧਾਉਣ ਤੇ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ, ਉਨ੍ਹਾਂ ਦੇ ਜੀਵਨ ਨੂੰ ਬਿਹਤਰ ਬਨਾਉਣ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। 1908 ਵਿੱਚ ਅਮਰੀਕਾ ਵਿੱਚ ਇੱਕ ਮਜ਼ਦੂਰ ਅੰਦੋਲਨ ਹੋਇਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਮਜ਼ਦੂਰ ਔਰਤਾ ਸ਼ਾਮਲ ਹੋਈਆਂ। ਲਗਪਗ 15,000 ਮਹਿਲਾਵਾਂ ਨੇ ਨਿਊਯਾਰਕ ਦੀਆਂ ਸੜਕਾਂ ਤੇ ਮਾਰਚ ਕੀਤਾ ਤੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ। ਮਜ਼ਦੂਰ ਔਰਤਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਕੰਮ ਦੇ ਘੰਟੇ ਘਟਾਏ ਜਾਣ ਅਤੇ ਤਨਖਾਹ ਸਕੇਲ ਵਿੱਚ ਵੀ ਵਾਧਾ ਕੀਤਾ ਜਾਵੇ। ਔਰਤਾਂ ਨੇ ਵੋਟ ਦੇ ਅਧਿਕਾਰ ਦੀ ਵੀ ਮੰਗ ਕੀਤੀ। ਇੰਨੀ ਵੱਡੀ ਗਿਣਤੀ ਵਿਚ ਔਰਤਾਂ ਦੇ ਆਪਣੇ ਅਧਿਕਾਰਾਂ ਨੂੰ ਲੈ ਕੇ ਬੁਲੰਦ ਆਵਾਜ਼ ਕਰਨ ਦੇ ਇਕ ਸਾਲ ਬਾਅਦ 1909 ਵਿਚ ਸੋਸ਼ਲਿਸਟ ਪਾਰਟੀ ਆਫ ਅਮਰੀਕਾ ਨੇ ਮਹਿਲਾ ਦਿਵਸ ਮਨਾਉਣ ਦਾ ਐਲਾਨ ਕੀਤਾ।

1910 ਵਿੱਚ ਕਲਾਰਾ ਜੈਟਕਿਨ ਨੇ ਕੋਪਨਹੇਗਨ ਵਿੱਚ ਕੰਮਕਾਜੀ ਔਰਤਾਂ ਦੀ ਇੱਕ ਕੌਮਾਂਤਰੀ ਕਾਨਫਰੰਸ ਦੌਰਾਨ ਇਸ ਦਿਨ ਨੂੰ ਵਿਸ਼ਵ ਪੱਧਰ ਤੇ ਮਨਾਉਣ ਦਾ ਸੁਝਾਅ ਦਿੱਤਾ। ਉਸ ਸਮੇਂ ਉੱਥੇ 17 ਦੇਸ਼ਾਂ ਦੀਆਂ 100 ਔਰਤਾਂ ਹਾਜ਼ਰ ਸਨ। ਸਾਰੀਆਂ ਨੇ ਇਸ ਮਤੇ ਦੀ ਹਮਾਇਤ ਕੀਤੀ। ਉਨ੍ਹਾਂ ਨੂੰ ਮਿਲੇ ਅਧਿਕਾਰਾਂ ਦੇ ਮੱਦੇਨਜ਼ਰ ਯੂਰਪ ਦੀਆਂ ਔਰਤਾਂ ਨੇ ਵੀ ਕੁਝ ਦਿਨਾਂ ਬਾਅਦ 8 ਮਾਰਚ ਨੂੰ ਸ਼ਾਂਤੀ ਕਾਰਕੁਨਾਂ ਦੀ ਹਮਾਇਤ ਵਿੱਚ ਰੈਲੀਆਂ ਕੱਢੀਆਂ। ਬਾਅਦ ਵਿੱਚ 1975 ਵਿੱਚ ਸੰਯੁਕਤ ਰਾਸ਼ਟਰ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਮਾਨਤਾ ਦਿੱਤੀ।

ਦੁਨੀਆ ਭਰ ਵਿੱਚ ਔਸਤਨ 33.3ਫੀਸਦੀ ਮਹਿਲਾ ਖੋਜਕਾਰਾਂ ਹਨ ਅਤੇ ਸਿਰਫ 35 ਫੀਸਦੀ ਮਹਿਲਾ ਖੋਜਕਾਰ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ਨਾਲ ਸਬੰਧਤ ਖੇਤਰਾਂ ਦਾ ਅਧਿਐਨ ਕਰਦੀਆਂ ਹਨ। 2016 ਵਿੱਚ ਜਿਨ੍ਹਾਂ ਦੇਸ਼ਾਂ ਦੇ ਰਿਕਾਰਡ ਉਪਲਬਧ ਸਨ, ਉਨ੍ਹਾਂ ਵਿੱਚੋਂ ਸਿਰਫ਼ 30ਫੀਸਦੀ ਦੇਸ਼ਾਂ ਵਿੱਚ ਮਰਦ ਅਤੇ ਔਰਤ ਖੋਜਕਾਰਾਂ ਦੀ ਗਿਣਤੀ ਬਰਾਬਰ ਸੀ। ਹਾਲਾਂਕਿ, ਜੇਕਰ ਅਸੀਂ ਨਤੀਜਿਆਂ ਦੀ ਗੱਲ ਕਰੀਏ, ਤਾਂ ਇਨ੍ਹਾਂ ਵਿਸ਼ਿਆ ਵਿੱਚ ਮੁੰਡਿਆਂ ਅਤੇ ਕੁੜੀਆਂ ਦੇ ਨਤੀਜੇ ਲਗਭਗ ਇੱਕੋ ਜਿਹੇ ਹਨ ਪਰ ਫਿਰ ਵੀ ਸਮਾਜ ਵਿੱਚ ਇੱਕ ਲਿੰਗਕ ਧਾਰਨਾ ਹੈ ਕਿ ਕੁੜੀਆਂ ਇਨ੍ਹਾਂ ਖੇਤਰਾਂ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦੀਆਂ ਅਤੇ ਇਸ ਕਾਰਨ ਉਨ੍ਹਾਂ ਦਾ ਪਰਿਵਾਰ ਅਤੇ ਸਮਾਜ ਉਨ੍ਹਾਂ ਨੂੰ ਇਨ੍ਹਾਂ ਵਿਸ਼ਿਆਂ ਵੱਲ ਘੱਟ ਉਤਸ਼ਾਹਿਤ ਕਰਦਾ ਹੈ।

ਕਿਸੇ ਵੀ ਖੇਤਰ ਵਿੱਚ ਉੱਚ ਪ੍ਰਬੰਧਨ ਅਹੁਦਿਆਂ ਤੇ ਔਰਤਾਂ ਦੀ ਗਿਣਤੀ ਬਹੁਤ ਘੱਟ ਹੈ। ਭਾਵੇਂ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਸੁਧਾਰ ਹੋਇਆ ਹੈ, ਪਰ ਫਿਰ ਵੀ ਅੱਜ ਤੱਕ ਵਿਗਿਆਨ ਦੇ ਖੇਤਰ ਵਿੱਚ ਸਿਰਫ਼ 22 ਔਰਤਾਂ ਨੂੰ ਹੀ ਨੋਬਲ ਪੁਰਸਕਾਰ ਦਿੱਤਾ ਗਿਆ ਹੈ। ਜਿਨ੍ਹਾਂ ਵਿੱਚ ਕਲਪਨਾ ਚਾਵਲਾ, ਸੁਨੀਤਾ ਵਿਲੀਅਮ, ਸੀਤਾ ਕੋਲਮੈਨ-ਕਮੂਲਾ, ਸੁਧਾ ਮੂਰਤੀ, ਨਿਗਾਰ ਸਾਜੀ, ਸੁਧਾ ਭੱਟਾਚਾਰੀਆ ਆਦਿ ਨਾਮ ਪ੍ਰਮੁੱਖ ਹਨ।

8 ਮਾਰਚ ਨੂੰ ਪੂਰੀ ਦੁਨੀਆ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਇਸ ਦੌਰਾਨ ਅਜਿਹੀਆਂ ਔਰਤਾਂ ਨੂੰ ਦੁਨੀਆ ਭਰ ਵਿੱਚ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਸ਼ਾਨਦਾਰ ਕੰਮ ਕੀਤਾ ਹੈ, ਜਾਂ ਆਪਣੀ ਕਾਬਲੀਅਤ ਦੇ ਦਮ ਤੇ ਦੁਨੀਆ ਭਰ ਵਿੱਚ ਆਪਣੀ ਪਛਾਣ ਬਣਾਈ ਹੈ।

ਸਿੱਖ ਇਤਿਹਾਸ ਵਿਚ ਬੀਬੀਆਂ ਦੁਆਰਾ ਇਨਕਲਾਬੀ ਤਬਦੀਲੀ ਲਿਆਉਣ ਅਤੇ ਲੀਡਰਸ਼ਿਪ ਦੀਆਂ ਭੂਮਿਕਾਵਾ ਨਿਭਾਉਣ ਦਾ ਲੰਮਾ ਇਤਿਹਾਸ ਹੈ। ਸਿੱਖੀ ਪਹਿਲਾ ਅਜਿਹਾ ਧਰਮ ਹੈ ਜਿਸ ਵਿਚ ਔਰਤਾਂ ਅਤੇ ਮਰਦਾਂ ਨੂੰ ਬਰਾਬਰ ਸਥਾਨ ਦਿੱਤਾ ਗਿਆ ਹੈ। ਇਹਨਾਂ ਸਿੱਖ ਬੀਬੀਆਂ ਵਿੱਚ ਮਾਤਾ ਖੀਵੀ ਜੀ (ਜਿਹਨਾਂ ਨੂੰ ਲੰਗਰ ਪ੍ਰਥਾ ਦੀ ਸਿਰਜਣਹਾਰੀ ਕਿਹਾ ਜਾਂਦਾ ਹੈ), ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਤਨੀ ਮਾਤਾ ਸੁੰਦਰੀ ਜੀ ਅਤੇ ਖਿਦਰਾਣੇ ਦੀ ਧਰਤੀ ਵਿਖੇ ਜੰਗ ਦੇ ਮੈਦਾਨ ਵਿਚ ਦੁਸ਼ਮਣ ਦੀਆਂ ਫ਼ੌਜਾਂ ਦਾ ਮੁਕਾਬਲਾਕਰਨ ਵਾਲੀ ਮਾਈ ਭਾਗੋ ਜੀ ਦੇ ਨਾਮ ਸਭਤੋਂ ਉੱਪਰ ਹਨ।

ਆਸ਼ਾ ਰਾਣੀ

Continue Reading

Editorial

‘ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ’

Published

on

By

 

ਮੇਰੇ ਪਾਪਾ ਇੱਕ ਸਕੂਲ ਮਾਸਟਰ ਸਨ। ਬਾਅਦ ਵਿੱਚ ਉਹ ਉਸੇ ਸਕੂਲ ਦੇ ਹੈਡਮਾਸਟਰ ਵੀ ਬਣੇ। ਮੈਂ ਉਨ੍ਹਾਂ ਦੇ ਸਕੂਲ ਵਿੱਚ ਹੀ ਪੜ੍ਹਦਾ ਸੀ ਅਤੇ ਸਾਰੀ ਛੁੱਟੀ ਤੋਂ ਬਾਅਦ ਉਨ੍ਹਾਂ ਦੇ ਨਾਲ਼ ਹੀ ਘਰ ਆਉਂਦਾ ਸੀ। ਉਹ ਇੱਕ ਕਾਬਲ ਅਧਿਆਪਕ ਸਨ ਅਤੇ ਚਿੱਟੀ ਧੋਤੀ ਅਤੇ ਚਿੱਟੀ ਕਮੀਜ਼ ਦੇ ਨਾਲ਼ ਨਹਿਰੂ ਟੋਪੀ ਪਾਉਂਦੇ ਸਨ।

ਮੈਨੂੰ ਯਾਦ ਹੈ ਕਿ ਮੇਰੇ ਪਿਤਾ ਜੀ ਹਮੇਸ਼ਾ ਸਿਰ ਉੱਚਾ ਕਰਕੇ ਤੁਰਦੇ ਸਨ, ਪਰ ਜਦੋਂ ਕੋਈ ਔਰਤ ਉਨ੍ਹਾਂ ਦੇ ਨੇੜਿਓਂ ਲੰਘਦੀ ਸੀ, ਤਾਂ ਉਹ ਆਪਣਾ ਸਿਰ ਨਿਮਰਤਾ ਨਾਲ਼ ਝੁਕਾ ਲੈਂਦੇ ਸਨ। ਮੈਂ ਕਦੇ ਇਹ ਪੁੱਛਣ ਦੀ ਹਿੰਮਤ ਨਾ ਕਰ ਸਕਿਆ ਕਿ ਉਹ ਏਦਾਂ ਕਿਉਂ ਕਰਦੇ ਸਨ, ਪਰ ਫਿਰ ਵੀ ਮੇਰੇ ਮਨ ਵਿੱਚ ਬਹੁਤ ਸਾਰੇ ਸਵਾਲ ਉੱਠਦੇ ਰਹਿੰਦੇ ਸਨ। ਇਕ ਦਿਨ ਮੈਂ ਦੇਖਿਆ ਕਿ ਪਿੰਡ ਦੀਆਂ ਕੁਝ ਔਰਤਾਂ ਮੇਰੀ ਮਾਂ ਦੇ ਕੋਲ ਬੈਠੀਆਂ ਗੱਲਾਂ ਕਰ ਰਹੀਆਂ ਸਨ। ਜਦੋਂ ਮੈਂ ਨੇੜੇ ਆਇਆ, ਤਾਂ ਮੈਂ ਸੁਣਿਆ ਕਿ ਉਹ ਸਾਰੀਆਂ ਮੇਰੇ ਪਿਤਾ ਦੀ ਪ੍ਰਸੰਸਾ ਕਰ ਰਹੀਆਂ ਸਨ। ਉਹ ਕਹਿ ਰਹੀਆਂ ਸਨ, ‘ਮਾਸਟਰ ਜੀ ਬਹੁਤ ਚੰਗੇ ਹਨ। ਅਸਾਂ ਕਦੇ ਵੀ ਉਹਨਾਂ ਨੂੰ ਕਿਸੇ ਔਰਤ ਵੱਲ ਝਾਕਦਿਆਂ ਨਹੀਂ ਵੇਖਿਆ। ਸਾਹਮਣੇ ਆਉਂਦਿਆਂ ਹੀ ਉਹ ਨਜ਼ਰ ਝੁਕਾ ਲੈਂਦੇ ਹਨ। ਗੰਗਾਮਨਾ ਮਾਗਾ ਆਵਾਰੂ’ (ਉਹ ਕਿਸੇ ਪਵਿੱਤਰ ਔਰਤ ਦੇ ਪੁੱਤਰ ਹਨ)।

ਉਨ੍ਹਾਂ ਔਰਤਾਂ ਦੀਆਂ ਗੱਲਾਂ ਤੋਂ ਮੈਨੂੰ ਪਤਾ ਲੱਗਿਆ ਕਿ ਮੇਰੇ ਪਿਤਾ ਜੀ ਔਰਤਾਂ ਦਾ ਬਹੁਤ ਸਤਿਕਾਰ ਕਰਦੇ ਸਨ ਅਤੇ ਇਹੀ ਕਾਰਨ ਸੀ ਕਿ ਜਦੋਂ ਰਾਹ ਵਿੱਚ ਉਹਨਾਂ ਨੂੰ ਕੋਈ ਔਰਤ ਦਿਸਦੀ ਸੀ ਤਾਂ ਉਹ ਸਿਰ ਝੁਕਾ ਕੇ ਤੁਰਨ ਲੱਗ ਪੈਂਦੇ ਸਨ। ਮੇਰੇ ਪਿਤਾ ਜੀ ਨੇ ਉਸ ਸਮੇਂ ਮੇਰੀਆਂ ਚਾਰ ਭੈਣਾਂ ਨੂੰ ਪੜ੍ਹਾਇਆ ਅਤੇ ਉਨ੍ਹਾਂ ਦਾ ਵਿਆਹ ਪੜ੍ਹੇ-ਲਿਖੇ ਘਰਾਂ ਵਿੱਚ ਕੀਤਾ। ਏਨਾ ਹੀ ਨਹੀਂ, ਕੁੜੀਆਂ ਦੀ ਸਿੱਖਿਆ ਨੂੰ ਉਤਸ਼ਾਹ ਦੇਣ ਲਈ ਉਨ੍ਹਾਂ ਨੇ ਵੱਖਰਾ ਸਕੂਲ ਵੀ ਖੁਲਵਾ ਦਿੱਤਾ ਸੀ, ਜਿੱਥੇ ਕਿਸੇ ਕਾਰਨ ਸਕੂਲ ਛੱਡ ਚੁੱਕੀਆਂ ਕੁੜੀਆਂ ਨੂੰ ਪੜ੍ਹਾਇਆ ਜਾਂਦਾ ਸੀ। ਜਦੋਂ ਮੈਨੂੰ ਚੰਡੀਗੜ੍ਹ ਦੇ ਇੱਕ ਗਰਲਜ਼ ਕਾਲਜ ਵਿੱਚ ਨਿਯੁਕਤੀ ਮਿਲ਼ ਗਈ, ਤਾਂ ਘਰੋਂ ਤੁਰਨ ਲੱਗਿਆਂ ਉਹਨਾਂ ਮੈਨੂੰ ਨਸੀਹਤ ਦਿੱਤੀ ਸੀ ਕਿ ਔਰਤਾਂ ਨੂੰ ਸਤਿਕਾਰ ਦੇਣਾ ਸਾਡਾ ਮੁਢਲਾ ਤੇ ਸਭ ਤੋਂ ਵੱਡਾ ਫਰਜ਼ ਹੈ।

ਮੇਰੇ ਪਿਤਾ ਜੀ ਹਮੇਸ਼ਾ ਔਰਤਾਂ ਦੀ ਭਲਾਈ ਬਾਰੇ ਸੋਚਦੇ ਸਨ। ਇਹੀ ਕਾਰਨ ਸੀ ਕਿ ਆਪਣੀ ਹੈੱਡਮਾਸਟਰੀ ਦੌਰਾਨ ਉਨ੍ਹਾਂ ਨੇ ਆਪਣੀ ਜੱਦੀ ਜਾਇਦਾਦ ਵਿਚੋਂ ਚਾਰ ਏਕੜ ਜ਼ਮੀਨ ਸਰਕਾਰ ਨੂੰ ਦੇ ਦਿੱਤੀ ਅਤੇ ਉਥੇ ਕੁੜੀਆਂ ਲਈ ਵੱਖਰਾ ਸਕੂਲ ਖੁਲਵਾ ਦਿੱਤਾ ਤਾਂ ਜੋ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਧੀਆਂ ਆਸਾਨੀ ਨਾਲ਼ ਪੜ੍ਹ ਸਕਣ। ਉਹ ਸਕੂਲ ਅਜੇ ਵੀ ਮੇਰੇ ਖੇਤਾਂ ਵਿੱਚ ਚੱਲ ਰਿਹਾ ਹੈ ਜਿੱਥੇ 30 ਤੋਂ ਵੱਧ ਕੁੜੀਆਂ ਪੜ੍ਹ ਰਹੀਆਂ ਹਨ।

ਆਪਣੇ ਪਿਤਾ ਤੋਂ ਔਰਤਾਂ ਦਾ ਸਤਿਕਾਰ ਕਰਨ ਦੀ ਨਸੀਹਤ ਲੈ ਕੇ ਮੈਂ ਪੰਜਾਬ ਨੂੰ ਆਪਣਾ ਕਰਮ ਖੇਤਰ ਬਣਾਇਆ। ਜਦੋਂ ਮੈਂ ਇੱਥੇ ਆਇਆ ਅਤੇ ਪੰਜਾਬੀ ਭਾਸ਼ਾ ਸਿੱਖੀ, ਤਾਂ ਪੰਜਾਬੀ ਗੀਤਾਂ ਵਿੱਚ ਔਰਤਾਂ ਵਿਰੁੱਧ ਲਿਖੀ ਜਾ ਰਹੀ ਅਪਮਾਨਜਨਕ ਸ਼ਬਦਾਵਲੀ ਸੁਣ ਕੇ ਮੇਰੇ ਮਨ ਨੂੰ ਬਹੁਤ ਠੇਸ ਪਹੁੰਚੀ। ਫਿਰ ਮੈਨੂੰ ਆਪਣੇ ਪਿਤਾ ਦਾ ਸਬਕ ਯਾਦ ਆਇਆ ਤੇ ਮੈਂ ਔਰਤਾਂ ਦੀ ਇੱਜ਼ਤ ਬਹਾਲ ਕਰਨ ਦੀ ਲੜਾਈ ਵਿੱਢ ਲਈ। ਮੈਂ ਉਨ੍ਹਾਂ ਲੋਕਾਂ ਵਿਰੁੱਧ ਅਦਾਲਤ ਵਿੱਚ ਗਿਆ ਜਿਹੜੇ ਪੰਜਾਬੀ ਗਾਣਿਆਂ ਵਿੱਚ ਔਰਤਾਂ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਦੀ ਖੁੱਲ੍ਹੇਆਮ ਵਰਤੋਂ ਕਰ ਰਹੇ ਹਨ। ਇੰਨਾ ਹੀ ਨਹੀਂ, ਭੋਜਪੁਰੀ ਗਾਣਿਆਂ ਵਿੱਚ ਔਰਤਾਂ ਬਾਰੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਵਾਲਿਆਂ ਖਿਲਾਫ ਵੀ ਮੈਂ ਬਿਹਾਰ ਦੇ ਮੁੱਖ ਸਕੱਤਰ ਨੂੰ ਕਾਨੂੰਨੀ ਨੋਟਿਸ ਭੇਜਿਆ ਹੋਇਆ ਹੈ। ਇਸ ਦੌਰਾਨ, 15ਵੀਂ ਸਦੀ ਵਿਚ ਜਦੋਂ ਪੰਜਾਬ ਵਿਚ ਔਰਤਾਂ ਲਈ ਕੋਈ ਆਜ਼ਾਦੀ ਨਹੀਂ ਸੀ, ਉਸ ਸਮੇਂ ਖਡੂਰ ਸਾਹਿਬ ਵਿਚ ਦੇਸੀ ਘਿਓ ਵਿਚ ਲੰਗਰ ਪਕਾਉਣ ਤੇ ਵਰਤਾਉਣ ਵਾਲ਼ੀ ਮਾਤਾ ਖੀਵੀ ਜੀ ਦੀ ਜੀਵਨੀ ਤੇ ਇਕ ਕਿਤਾਬ ਵੀ ਮੈਂ ਲਿਖ ਦਿੱਤੀ ਤਾਂ ਜੋ ਉਨ੍ਹਾਂ ਦਾ ਮਨੁੱਖਤਾ ਪ੍ਰਤੀ ਪਿਆਰ ਅਤੇ ਸਾਰੇ ਧਰਮਾਂ ਲਈ ਬਰਾਬਰ ਦੇ ਸਤਿਕਾਰ ਦਾ ਸੰਦੇਸ਼ ਕਰਨਾਟਕ ਤੱਕ ਪਹੁੰਚ ਸਕੇ।

ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸਾਰੀ ਮਨੁੱਖਤਾ ਨੂੰ ਇੱਕ ਮਹਾਨ ਸੰਦੇਸ਼ ਦਿੱਤਾ ਹੈ: ‘ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ’ (ਪੰਨਾ 473) ਜਿਸਦਾ ਮਤਲਬ ਹੈ ਕਿ ਰਾਜੇ ਮਹਾਰਾਜਿਆਂ ਨੂੰ ਜਨਮ ਦੇਣ ਵਾਲੀ ਔਰਤ ਦੇ ਖ਼ਿਲਾਫ਼ ਮੰਦੀ ਭਾਸ਼ਾ ਕਿਵੇਂ ਬੋਲੀ ਜਾ ਸਕਦੀ ਹੈ। ਇਹ ਮਹਾਨ ਵਿਚਾਰ ਗੁਰੂ ਸਾਹਿਬ ਜੀ ਦੀ ਬਾਣੀ ‘ਆਸਾ ਦੀ ਵਾਰ’ ਵਿੱਚ ਦਰਜ ਹੈ ਜਿਸਦਾ ਮੈਂ ਕੰਨੜ ਵਿੱਚ ਅਨੁਵਾਦ ਕੀਤਾ ਹੋਇਆ ਹੈ। ਮੈਂ ਇਹ ਸਾਰੇ ਕਾਰਜ ਕਰਨ ਵਿੱਚ ਤਾਂ ਸਫਲ ਹੋਇਆ ਹਾਂ ਕਿਉਂਕਿ ਮੈਂ ਆਪਣੇ ਪਿਤਾ ਜੀ ਨੂੰ ਬਚਪਨ ਵਿੱਚ ਔਰਤਾਂ ਦਾ ਆਦਰ ਸਤਿਕਾਰ ਕਰਦਿਆਂ ਪ੍ਰਤੱਖ ਦੇਖਿਆ ਹੈ। ਇਸ ਲਈ ਸਾਡਾ ਵੀ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਸਾਹਮਣੇ ਔਰਤਾਂ ਦਾ ਸਤਿਕਾਰ ਕਰੀਏ। ਔਰਤ ਕੋਈ ਵੀ ਹੋਵੇ, ਉਸ ਨਾਲ਼ ਬੜਾ ਸਾਊ ਵਤੀਰਾ ਧਾਰਨ ਕਰੀਏ ਕਿਉਂਕਿ ਜਗਤ ਜਨਨੀ ਔਰਤ ਦੇ ਸਾਹਮਣੇ ਸਿਰ ਉੱਚਾ ਕਰਕੇ ਉੱਚੀ ਆਵਾਜ਼ ਵਿੱਚ ਗੱਲ ਕਰਨ ਦੀ ਔਕਾਤ ਬੰਦੇ ਵਿੱਚ ਨਹੀਂ ਹੈ।

ਪੰਡਿਤਰਾਓ ਧਾਰੇਨਵਰ,

ਸਹਾਇਕ ਪ੍ਰੋਫੈਸਰ

ਸਰਕਾਰੀ ਕਾਲਜ, ਸੈਕਟਰ 46,

ਚੰਡੀਗੜ੍ਹ।

9988351695

Continue Reading

Latest News

Trending