ਚੀਨ ਵਿੱਚ ਟਰੱਕ ਤੇ ਯਾਤਰੀ ਵੈਨ ਵਿਚਾਲੇ ਟੱਕਰ ਵਿੱਚ 9 ਵਿਅਕਤੀਆਂ ਦੀ ਮੌਤ

ਬੀਜਿੰਗ, 9 ਮਈ (ਸ.ਬ.) ਉੱਤਰੀ-ਪੱਛਮੀ ਚੀਨ ਦੇ ਨਿੰਗਜ਼ੀਆ ਖੇਤਰ ਵਿੱਚ ਅੱਜ ਇਕ ਹਾਈਵੇਅ ਤੇ ਇਕ ਯਾਤਰੀ ਵੈਨ ਨਾਲ ਇਕ ਟਰੱਕ ਦੀ ਟੱਕਰ ਹੋ ਗਈ, ਜਿਸ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕਿੰਗਟੋਂਗਜ਼ੀਆ ਸ਼ਹਿਰ ਦੇ ਬਾਹਰ ਸਵੇਰੇ ਕਰੀਬ 7:40 ਵਜੇ ਵਾਪਰੀ।

ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਵਿੱਚ ਵੈਨ ਡਰਾਈਵਰ ਦੀ ਮੌਤ ਹੋ ਗਈ, ਜਦਕਿ ਟਰੱਕ ਡਰਾਈਵਰ ਜ਼ਖਮੀ ਹੋ ਗਿਆ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਘਟਨਾ ਦੀ ਫੁਟੇਜ ਸਥਾਨਕ ਮੀਡੀਆ ਚੈਨਲਾਂ ਤੇ ਦਿਖਾਈ ਗਈ ਜਿਸ ਵਿਚ ਵੈਨ ਦਾ ਅਗਲਾ ਹਿੱਸਾ ਨੁਕਸਾਨਿਆ ਹੋਇਆ ਦਿਖਾਈ ਦੇ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਹ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।