ਨਰਮਦਾ ਵਿੱਚ ਪਰਿਵਾਰ ਦੇ 7 ਜੀਅ ਡੁੱਬੇ, ਭਾਲ ਜਾਰੀ

ਨਰਮਦਾ, 15 ਮਈ (ਸ.ਬ.) ਗੁਜਰਾਤ ਵਿੱਚ ਨਰਮਦਾ ਜ਼ਿਲ੍ਹੇ ਦੇ ਪੋਇਚਾ ਪਿੰਡ ਵਿੱਚ 6 ਬੱਚਿਆਂ ਨਾਲ 45 ਸਾਲਾ ਇਕ ਵਿਅਕਤੀ ਦੇ ਨਰਮਦਾ ਨਦੀ ਵਿੱਚ ਡੁੱਬ ਜਾਣ ਦਾ ਖ਼ਦਸ਼ਾ ਹੈ। ਪੁਲੀਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਲੋਕ ਨਦੀ ਵਿਚ ਨਹਾਉਣ ਲਈ ਉਤਰੇ ਸਨ ਪਰ ਲਾਪਤਾ ਹੋ ਗਏ। ਨਰਮਦਾ ਸ਼ਹਿਰ ਪੁਲੀਸ ਥਾਣੇ ਦੇ ਇਕ ਅਧਿਕਾਰੀ ਨੇ ਕਿਹਾ ਕਿ 6 ਬੱਚਿਆਂ ਅਤੇ ਇਕ ਵਿਅਕਤੀ ਦਾ ਪਤਾ ਲਾਉਣ ਲਈ ਤਲਾਸ਼ੀ ਮੁਹਿੰਮ ਜਾਰੀ ਹੈ। ਬੱਚਿਆਂ ਦੀ ਉਮਰ 7 ਤੋਂ 15 ਸਾਲ ਦਰਮਿਆਨ ਹੈ ਅਤੇ ਵਿਅਕਤੀ 45 ਸਾਲ ਦਾ ਹੈ। ਅਧਿਕਾਰੀ ਨੇ ਕਿਹਾ ਕਿ ਉਹ ਸਰੂਤ ਤੋਂ ਆਏ 17 ਲੋਕਾਂ ਦੇ ਇਕ ਸਮੂਹ ਦਾ ਹਿੱਸਾ ਸਨ, ਜੋ ਕਿ ਪਿਕਨਿਕ ਮਨਾਉਣ ਲਈ ਆਏ ਸਨ। ਇਹ ਸਾਰੇ ਲੋਕ ਇਕ ਮੰਦਰ ਵਿਚ ਪੂਜਾ ਕਰਨ ਮਗਰੋਂ ਨਰਮਦਾ ਨਦੀ ਵਿਚ ਇਸ਼ਨਾਨ ਕਰਨ ਲਈ ਪੋਇਚਾ ਪਿੰਡ ਗਏ ਸਨ। ਪੁਲੀਸ ਨੇ ਦੱਸਿਆ ਕਿ ਰਾਜਪੀਪਲਾ ਸ਼ਹਿਰ ਦੇ ਫਾਇਰ ਬ੍ਰਿਗੇਡ ਕਰਮੀ ਅਤੇ ਸਥਾਨਕ ਤੈਰਾਕ ਉਨ੍ਹਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਿਸ਼ਤੀਆਂ ਰਾਹੀਂ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਨਗਰ ਆਫ਼ਤ ਪ੍ਰਬੰਧਨ ਟੀਮ ਵੱਲੋਂ ਰਾਜਪੀਪਲਾ ਪੁਲੀਸ ਦੀ ਨਿਗਰਾਨੀ ਹੇਠ ਲਾਪਤਾ ਲੋਕਾਂ ਦੀ ਭਾਲ ਲਈ ਮੁਹਿੰਮ ਚਲਾਈ ਜਾ ਰਹੀ ਹੈ।