ਮਹਾਰਾਸ਼ਟਰ ਵਿੱਚ ਇਮਾਰਤ ਦਾ ਇਕ ਹਿੱਸਾ ਹੋਇਆ ਢਹਿ-ਢੇਰੀ, 6 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ

ਠਾਣੇ, 15 ਮਈ (ਸ.ਬ.) ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਭਿਵੰਡੀ ਸ਼ਹਿਰ ਵਿਚ ਦੋ ਮੰਜ਼ਿਲਾ ਇਮਾਰਤ ਦਾ ਇਕ ਹਿੱਸਾ ਢਹਿ ਗਿਆ। ਨਗਰ ਨਿਗਮ ਦੇ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਇਮਾਰਤ ਨੂੰ ਪਹਿਲਾਂ ਹੀ ਖਤਰਨਾਕ ਐਲਾਨਿਆ ਹੋਇਆ ਸੀ।

ਭਿਵੰਡੀ ਨਿਜ਼ਾਮਪੁਰ ਨਗਰ ਨਿਗਮ ਦੇ ਆਫ਼ਤ ਪ੍ਰਬੰਧਨ ਸੈਲ ਦੇ ਮੁਖੀ ਰਾਜੀ ਵਾਰਲੀਕਰ ਨੇ ਦੱਸਿਆ ਕਿ ਬੀਤੀ ਰਾਤ ਕਰੀਬ 10 ਵਜੇ ਹਾਦਸਾ ਵਾਪਰਿਆ ਸੀ। ਜਿਸ ਤੋਂ ਬਾਅਦ ਇਮਾਰਤ ਵਿੱਚੋਂ ਬਹੁਤ ਹੀ ਮੁਸ਼ਕਲ ਨਾਲ 6 ਵਿਅਕਤੀਆਂ ਨੂੰ ਸੁਰੱਖਿਆ ਬਾਹਰ ਕੱਢਿਆ ਗਿਆ। ਵਾਰਲੀਕਰ ਨੇ ਦੱਸਿਆ ਕਿ ਭੰਡਾਰੀ ਕੰਪਲੈਕਸ ਵਿਚ ਸਥਿਤ 15 ਮਕਾਨਾਂ ਵਾਲੀ ਇਸ ਇਮਾਰਤ ਨੂੰ ਖ਼ਤਰਨਾਕ ਅਤੇ ਨਾ ਰਹਿਣ ਯੋਗ ਕਰਾਰ ਦਿੱਤਾ ਗਿਆ ਸੀ।

ਵਾਰਲੀਕਰ ਨੇ ਦੱਸਿਆ ਕਿ ਇਮਾਰਤ ਦੇ ਮਾਲਕ ਨੂੰ ਇਸ ਨੂੰ ਖਾਲੀ ਕਰਾਉਣ ਦਾ ਨਿਰਦੇਸ਼ ਦਿੱਤਾ ਗਿਆ ਸੀ।

ਘਟਨਾ ਦੀ ਸੂਚਨਾ ਮਿਲਣ ਮਗਰੋਂ ਫਾਇਰ ਵਿਭਾਗ ਦੇ ਸਥਾਨਕ ਕਰਮੀ ਅਤੇ ਆਫ਼ਤ ਪ੍ਰਬੰਧਨ ਦੀ ਟੀਮ ਮੌਕੇ ਤੇ ਪਹੁੰਚੀ। ਭਿਵੰਡੀ ਨਗਰ ਨਿਗਮ ਕਮਿਸ਼ਨਰ ਅਜੇ ਵੈਧ ਨੇ ਰਾਹਤ ਅਤੇ ਬਚਾਅ ਕੰਮ ਦਾ ਨਿਰੀਖਣ ਕੀਤਾ।

ਵਾਰਲੀਕਰ ਮੁਤਾਬਕ ਅੱਜ ਇਮਾਰਤ ਨੂੰ ਜ਼ਮੀਂਦੋਜ ਕਰ ਦਿੱਤਾ ਜਾਵੇਗਾ। ਸਾਨੂੰ ਸਖ਼ਤ ਨਿਰਦੇਸ਼ ਹਨ ਕਿ ਮੀਂਹ ਤੋਂ ਪਹਿਲਾਂ ਖ਼ਤਰਨਾਕ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਜਾਵੇ ਅਤੇ ਉਨ੍ਹਾਂ ਨੂੰ ਜ਼ਮੀਂਦੋਜ ਕਰ ਦਿੱਤਾ ਜਾਵੇ। ਅਸੀਂ ਇਸ ਮਾਮਲੇ ਵਿਚ ਵੀ ਅਜਿਹਾ ਹੀ ਕਰਾਂਗੇ।