ਕੇ. ਵਾਈ. ਸੀ ਐਪ ਰਾਹੀਂ ਪੰਜਾਬ ਦੇ ਕਿਸੇ ਵੀ ਉਮੀਦਵਾਰ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ : ਮੁੱਖ ਚੋਣ ਅਧਿਕਾਰੀ

ਚੰਡੀਗੜ੍ਹ, 15 ਮਈ (ਸ.ਬ.) ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਵੱਲੋਂ ਚਲਾਏ ਜਾ ਰਹੇ ਪੋਡਕਾਸਟ ਦਾ ਚੌਥਾ ਐਪੀਸੋਡ ਸੋਸ਼ਲ ਮੀਡੀਆ ਦੇ ਅਧਿਕਾਰਤ ਪੇਜ਼ਾਂ (ਫੇਸਬੁੱਕ, ਇੰਸਟਾਗ੍ਰਾਮ, ਐਕਸ ਅਤੇ ਯੂ ਟਿਊਬ) ਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਐਪੀਸੋਡ ਵਿੱਚ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕੇ. ਵਾਈ. ਸੀ, ਸਕਸ਼ਮ, ਵੋਟਰ ਹੈਲਪਲਾਈਨ ਅਤੇ ਚੋਣ ਕਮਿਸ਼ਨ ਦੇ ਵੱਖ-ਵੱਖ ਮੋਬਾਇਲ ਐਪਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਕਿਸੇ ਵੀ ਉਮੀਦਵਾਰ ਦੇ ਵੇਰਵੇ ਅਤੇ ਜਮ੍ਹਾਂ ਕਰਵਾਏ ਐਫੀਡੈਵਟਾਂ ਬਾਬਤ ਕੇ. ਵਾਈ. ਸੀ ਐਪ (ਨੋ ਯੂਅਰ ਕੈਂਡੀਡੇਟ-ਆਪਣੇ ਉਮੀਦਵਾਰ ਨੂੰ ਜਾਣੋ) ਤੋਂ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਇਸ ਐਪ ਨੂੰ ਐਨਡਰਾਇਡ/ ਆਈਫੋਨ ਮੋਬਾਇਲ ਵਿਚ ਡਾਊਨਲੋਡ ਕਰਕੇ ਆਸਾਨ ਤਰੀਕੇ ਨਾਲ ਉਮੀਦਵਾਰਾਂ ਦੇ ਵੇਰਵੇ ਹਾਸਲ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਮੁੱਖ ਚੋਣ ਅਧਿਕਾਰੀ ਨੇ ਹੋਰ ਐਪਾਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਸਿਬਿਨ ਸੀ ਨੇ ਇਸ ਐਪੀਸੋਡ ਵਿਚ ਆਈ. ਟੀ. ਖੇਤਰ ਦੀਆਂ ਕਈ ਪਹਿਲਕਦਮੀਆਂ ਬਾਬਤ ਵੀ ਜਾਣਕਾਰੀ ਸਾਂਝੀ ਕੀਤੀ ਹੈ ਜੋ ਮੁੱਖ ਚੋਣ ਅਧਿਕਾਰੀ ਦਫਤਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਹਨ।