ਸਮਾਣਾ ਪੁਲੀਸ ਵਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 4 ਵਿਅਕਤੀ ਗ੍ਰਿਫਤਾਰ

ਵੱਖ ਵੱਖ ਥਾਵਾਂ ਤੇ ਚੋਰੀ ਕੀਤੇ 8 ਮੋਟਰਸਾਇਕਲ ਅਤੇ 10 ਮੋਬਾਇਲ ਫੋਨ ਬ੍ਰਾਮਦ ਕਰਵਾਏ

ਪਟਿਆਲਾ, 15 ਮਈ (ਬਿੰਦੂ ਧੀਮਾਨ) ਸਮਾਣਾ ਪੁਲੀਸ ਵਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਵੱਖ ਵੱਖ ਥਾਵਾ ਤੇ ਚੋਰੀ ਕੀਤੇ 8 ਮੋਟਰਸਾਇਕਲ ਅਤੇ 10 ਮੋਬਾਇਲ ਫੋਨ ਬ੍ਰਾਮਦ ਕੀਤੇ ਹਨ। ਜਿਲ੍ਹਾ ਪੁਲੀਸ ਮੁਖੀ ਸ੍ਰੀ ਵਰੁਣ ਸ਼ਰਮਾ ਨੇ ਦੱਸਿਆ ਕਿ ਪੁਲੀਸ ਵਲੋਂ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਡੀ ਐਸ ਪੀ ਸਮਾਣਾ ਨੇਹਾ ਅਗਰਵਾਲ ਅਤੇ ਇੰਸ: ਤਜਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਸਮਾਣਾ ਦੀ ਅਗਵਾਈ ਹੇਠ ਪੁਲੀਸ ਪਾਰਟੀ ਵਲੋਂ ਵੱਖ ਵੱਖ ਥਾਵਾ ਤੇ ਨਾਕੇਬੰਦੀ ਕਰਕੇ ਹੈਪੀ ਕੁਮਾਰ ਉਰਫ ਮੂੰਗਾ ਵਾਸੀ ਮਲਕਾਣਾ ਪੱਤੀ ਸਮਾਣਾ, ਸਾਹਿਲ ਪੁਰੀ ਵਾਸੀ ਨੇੜੇ ਗੁਰੂਦੁਆਰਾ ਰਾਮਗੜੀਆ ਘੜਾਮਾ ਪੱਤੀ ਸਮਾਣਾ, ਫਤਿਹ ਸਿੰਘ ਵਾਸੀ ਬਾਲਮੀਕ ਮੁਹੱਲਾ ਸਮਾਣਾ ਅਤੇ ਗੁਰਦੀਪ ਸਿੰਘ ਉਰਫ ਗੁਰਦੀਪ ਮਹਿਰਾ ਵਾਸੀ ਨਾਭਾ ਕਲੋਨੀ ਸਮਾਣਾ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹਨਾਂ ਕਿਹਾ ਕਿ ਇਹਨਾਂ ਵਿਅਕਤੀਆਂ ਵਲੋਂ ਪਟਿਆਲਾ ਅਤੇ ਹੋਰ ਵੱਖ ਵੱਖ ਥਾਵਾਂ ਤੋ ਚੋਰੀ, ਖੋਹ ਕੀਤੇ 10 ਮੋਬਾਇਲ ਫੋਨ ਅਤੇ 8 ਮੋਟਰਸਾਇਕਲ ਵੀ ਬ੍ਰਾਮਦ ਕਰਵਾਏ ਗਏ ਹਨ। ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਪੁੱਛ ਗਿੱਛ ਕੀਤੀ ਜਾਵੇਗੀ।