ਵਿਰੋਧੀ ਪਾਰਟੀਆਂ ਨੇ ਕਿਸਾਨਾਂ ਨੂੰ ਮੋਹਰਾ ਬਣਾਇਆ : ਸੁਨੀਲ ਜਾਖੜ

ਜੇ ਕਿਸਾਨਾਂ ਨੇ ਭਾਜਪਾ ਦਾ ਵਿਰੋਧ ਕਰਨਾ ਹੈ ਤਾਂ ਕਿਸੇ ਹੋਰ ਪਾਰਟੀ ਦਾ ਸਮਰਥਨ ਕਰਨ ਜੋ ਸੰਸਦ ਵਿਚ ਉਨ੍ਹਾਂ ਦੇ ਮੁੱਦੇ ਚੁੱਕ ਸਕੇ

ਚੰਡੀਗੜ੍ਹ, 15 ਮਈ (ਸ.ਬ.) ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਲਈ ਵਿਰੋਧੀ ਪਾਰਟੀਆਂ ਨੂੰ ਜਿੰਮੇਵਾਰ ਠਹਿਰਾਉਂਦਿਆਂ ਕਿਹਾ ਹੈ ਕਿ ਵਿਰੋਧੀਆਂ ਨੇ ਕਿਸਾਨਾਂ ਨੂੰ ਮੋਹਰਾ ਬਣਾਇਆ ਹੈ ਅਤੇ ਉਨ੍ਹਾਂ ਦਾ ਸਿਆਸੀ ਇਸਤੇਮਾਲ ਕੀਤਾ ਗਿਆ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਹੁਣ ਮੰਡੀਆਂ ਵਿੱਚ ਕਣਕ ਦੀ ਫ਼ਸਲ ਆ ਚੁੱਕੀ ਹੈ, ਜਿਹੜੀ ਘੱਟੋ-ਘੱਟ ਸਮਰਥਨ ਮੁੱਲ ਤੇ ਖਰੀਦੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵਾਰ 1 ਕਰੋੜ 30 ਲੱਖ ਟਨ ਫ਼ਸਲ ਆਈ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਤੋਂ ਘੱਟੋ ਘੱਟ ਸਮਰਥਨ ਮੁੱਲ ਦਾ ਭੁਗਤਾਨ ਬਿਨਾਂ ਰੁਕਾਵਟ ਕੀਤਾ ਜਾ ਰਿਹਾ ਹੈ ਪਰ ਕਿਸਾਨ ਅਜੇ ਵੀ ਧਰਨਿਆਂ ਤੇ ਬੈਠੇ ਹੋਏ ਹਨ।

ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਬਾਰੇ ਉਨ੍ਹਾਂ ਕਿਹਾ ਕਿ ਅਸਲ ਵਿੱਚ ਇਹ ਦੋਵੇਂ ਇੱਕ ਹਨ। ਚੰਡੀਗੜ੍ਹ ਵਿੱਚ ਦੋਵੇਂ ਇੱਕਠੀਆਂ ਚੋਣ ਮੈਦਾਨ ਵਿੱਚ ਹਨ, ਜਦਕਿ ਪੰਜਾਬ ਵਿਚ ਵਿਜੀਲੈਂਸ ਵਿਭਾਗ ਭਾਰੀ ਪੈ ਰਿਹਾ ਹੈ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਗਲਤੀ ਕਾਰਨ ਕਿਸਾਨਾਂ ਨੂੰ ਨੁਕਸਾਨ ਸਹਿਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਕਿਸਾਨ ਸਨਮਾਨ ਨਿਧੀ ਤਹਿਤ ਦੇਸ਼ ਭਰ ਵਿਚ 11 ਕਰੋੜ ਕਿਸਾਨ ਰਜਿਸਟਰਡ ਸਨ, ਜਦਕਿ ਪੰਜਾਬ ਦੇ ਕਿਸਾਨਾਂ ਦੀ ਗਿਣਤੀ 23 ਲੱਖ ਸੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਗਲਤੀ ਕਾਰਨ ਇਹ ਰਾਸ਼ੀ ਰੋਕ ਦਿਤੀ ਗਈ ਹੈ ਅਤੇ ਪੰਜਾਬ ਸਰਕਾਰ ਨੇ ਇਸ ਰਕਮ ਦੀ ਪ੍ਰਾਪਤੀ ਲਈ ਕੁੱਝ ਨਹੀਂ ਕੀਤਾ। ਇਸ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਹਰ ਸਾਲ 900 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਪੰਜਾਬ ਸਰਕਾਰ ਇਸ ਦਿਸ਼ਾ ਵਿਚ ਕਦਮ ਕਿਉਂ ਨਹੀਂ ਚੁੱਕ ਰਹੀ? ਪੰਜਾਬ ਦੇ ਸਾਢੇ 8 ਲੱਖ ਕਿਸਾਨਾਂ ਨੂੰ 6000 ਰੁਪਏ ਦੀ ਰਕਮ ਮਿਲ ਜਦਕਿ ਬਾਕੀ 15 ਲੱਖ ਕਿਸਾਨ ਵਾਂਝੇ ਰਹਿ ਗਏ ਹਨ ਪਰੰਤੂ ਕਿਸੇ ਨੇ ਆਵਾਜ਼ ਨਹੀਂ ਚੁੱਕੀ।

ਜਾਖੜ ਨੇ ਕਿਸਾਨ ਅੰਦੋਲਨ ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਕਿਸਾਨ ਹੁਣ ਸਿਆਸੀ ਹੋ ਗਏ ਹਨ। ਇਸ ਸਿਆਸਤ ਕਾਰਨ ਸ਼ੁਭਕਰਨ ਦੀ ਜਾਨ ਚਲੀ ਗਈ। ਉਨ੍ਹਾਂ ਕਿਹਾ ਕਿ ਮੁੱਦਿਆਂ ਨੂੰ ਉਠਾਉਣਾ ਆਗੂਆਂ ਦਾ ਕੰਮ ਹੈ। ਇਹ ਹੁਣ ਕਿਸਾਨ ਆਗੂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਮੁੱਦੇ ਉਠਾਏ ਜਾ ਰਹੇ ਹਨ, ਉਨ੍ਹਾਂ ਦਾ ਹੱਲ ਸੜਕਾਂ ਅਤੇ ਚੌਰਾਹਿਆਂ ਤੇ ਨਹੀਂ ਹੋਵੇਗਾ। ਇਸ ਦੇ ਲਈ ਸਾਨੂੰ ਸੰਸਦ ਜਾਣਾ ਹੋਵੇਗਾ। ਉਨ੍ਹਾਂ ਕਿਸਾਨ ਆਗੂਆਂ ਨੂੰ ਕਿਹਾ ਕਿ ਜੇਕਰ ਉਹ ਭਾਜਪਾ ਦਾ ਵਿਰੋਧ ਕਰਦੇ ਹਨ ਤਾਂ ਕਿਸੇ ਇਕ ਪਾਰਟੀ ਦੀ ਚੋਣ ਵੀ ਕਰਨ, ਜੋ ਸੰਸਦ ਵਿਚ ਉਨ੍ਹਾਂ ਦੀ ਆਵਾਜ਼ ਚੁੱਕ ਸਕੇ।