ਚੋਣ ਪ੍ਰਚਾਰ ਦੇ ਮੰਚ ਵਜੋਂ ਧਾਰਮਿਕ ਸਥਾਨਾਂ ਦੀ ਕਿਸੇ ਵੀ ਤਰ੍ਹਾਂ ਦੀ ਵਰਤੋਂ ਨਾ ਹੋਵੇ : ਡੀ ਸੀ ਆਸ਼ਿਕਾ ਜੈਨ

ਐਸ. ਏ. ਐਸ. ਨਗਰ, 15 ਮਈ (ਸ.ਬ.) ਜ਼ਿਲ੍ਹਾ ਚੋਣ ਅਫ਼ਸਰ, ਆਸ਼ਿਕਾ ਜੈਨ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਸਿਆਸੀ ਪ੍ਰਚਾਰ ਵਿੱਚ ਸਰਗਰਮ ਉਮੀਦਵਾਰਾਂ/ ਰਾਜਨੀਤਿਕ ਪਾਰਟੀਆਂ ਨੂੰ ਧਾਰਮਿਕ ਸੰਸਥਾਵਾਂ ਜਾਂ ਧਾਰਮਿਕ ਸੰਸਥਾਵਾਂ ਦੇ ਫੰਡਾਂ ਦੀ ਰਾਜਨੀਤਿਕ ਵਿਚਾਰਾਂ ਜਾਂ ਰਾਜਨੀਤਿਕ ਗਤੀਵਿਧੀ ਦੇ ਪ੍ਰਚਾਰ ਜਾਂ ਕਿਸੇ ਰਾਜਨੀਤਿਕ ਪਾਰਟੀ ਦੇ ਫਾਇਦੇ ਲਈ ਪ੍ਰਚਾਰ ਪ੍ਰਸਾਰ ਲਈ ਵਰਤੋਂ ਤੇ ਪਾਬੰਦੀ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਤੇ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਦੇ ਮਾਰਗ ਦਰਸ਼ਨ ਲਈ ਆਦਰਸ਼ ਚੋਣ ਜ਼ਾਬਤੇ ਦੀਆਂ ਮੌਜੂਦਾ ਵਿਵਸਥਾਵਾਂ, ਕਿਸੇ ਵੀ ਸਮੇਂ ਧਾਰਮਿਕ ਸਥਾਨਾਂ ਨੂੰ ਚੋਣ ਪ੍ਰਚਾਰ ਲਈ ਮੰਚ ਵਜੋਂ ਵਰਤਣ ਦੀ ਮਨਾਹੀ ਕਰਦੀਆਂ ਹਨ।

ਇਸ ਤੋਂ ਇਲਾਵਾ, ਧਾਰਮਿਕ ਸੰਸਥਾਵਾਂ (ਦੁਰਵਰਤੋਂ ਦੀ ਰੋਕਥਾਮ) ਐਕਟ, 1988 (1988 ਦਾ ਨੰਬਰ 14) ਦੀ ਧਾਰਾ 3, 5 ਅਤੇ 6 ਰਾਜਨੀਤਿਕ ਵਿਚਾਰਾਂ ਜਾਂ ਰਾਜਨੀਤਿਕ ਗਤੀਵਿਧੀਆਂ ਦੇ ਪ੍ਰਚਾਰ ਜਾਂ ਪ੍ਰਸਾਰ ਜਾਂ ਕਿਸੇ ਸਿਆਸੀ ਪਾਰਟੀ ਦੇ ਫਾਇਦੇ ਲਈ ਕਿਸੇ ਵੀ ਧਾਰਮਿਕ ਸੰਸਥਾ ਜਾਂ ਧਾਰਮਿਕ ਸੰਸਥਾ ਦੇ ਫੰਡਾਂ ਦੀ ਵਰਤੋਂ ਤੇ ਪਾਬੰਦੀ ਲਗਾਉਂਦੀਆਂ ਹਨ। ਇਹਨਾਂ ਧਾਰਾਵਾਂ ਦੇ ਕਿਸੇ ਵੀ ਉਪਬੰਧ ਦੀ ਉਲੰਘਣਾ 5 ਸਾਲ ਤੱਕ ਦੀ ਕੈਦ ਅਤੇ ਜੁਰਮਾਨੇ ਨਾਲ ਸਜ਼ਾਯੋਗ ਹੈ।

ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਇਨ੍ਹਾਂ ਵਿਵਸਥਾਵਾਂ ਦੀ ਕਿਸੇ ਵੀ ਉਲੰਘਣਾ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ ਅਤੇ ਧਾਰਮਿਕ ਸੰਸਥਾਵਾਂ (ਦੁਰਵਰਤੋਂ ਦੀ ਰੋਕਥਾਮ), ਐਕਟ 1988 ਦੀਆਂ ਉਕਤ ਧਾਰਾਵਾਂ ਤਹਿਤ ਕਿਸੇ ਵੀ ਅਪਰਾਧ ਦੀ ਸੂਰਤ ਵਿੱਚ ਸਬੰਧਤ ਧਾਰਾਵਾਂ ਤਹਿਤ ਐਫ. ਆਈ. ਆਰ ਅਤੇ ਸ਼ਿਕਾਇਤਾਂ ਦਰਜ ਕੀਤੀਆਂ ਜਾਣਗੀਆਂ।