ਅੰਮ੍ਰਿਤਪਾਲ ਸਿੰਘ ਦਾ ਨਾਮਜ਼ਦਗੀ ਪੱਤਰ ਮਨਜ਼ੂਰ

ਚੰਡੀਗੜ੍ਹ, 15 ਮਈ (ਸ.ਬ.) ਲੋਕਸਭਾ ਹਲਕਾ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਆਜ਼ਾਦ ਚੋਣ ਲੜ ਰਹੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਹਨ। ਅਮ੍ਰਿਤ ਪਾਲ ਸਿੰਘ ਦੇ ਚੋਣ ਪੱਤਰ ਸਹੀ ਪਾਏ ਜਾਣ ਤੋਂ ਬਾਅਦ ਹੁਣ ਉਹ ਜੇਲ੍ਹ ਵਿਚ ਹੋਣ ਦੇ ਬਾਵਜੂਦ ਚੋਣ ਲੜ ਸਕਦੇ ਹਨ।

ਇੱਥੇ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਖਡੂਰ ਸਾਹਿਬ ਤੋਂ ਹਰਪਾਲ ਸਿੰਘ ਬਲੇਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ। ਉਹਨਾਂ ਵਲੋਂ ਕਿਹਾ ਗਿਆ ਸੀ ਕਿ ਜੇਕਰ ਅੰਮ੍ਰਿਤਪਾਲ ਦੇ ਕਾਗਜ਼ ਰੱਦ ਹੋ ਗਏ ਤਾਂ ਪਾਰਟੀ ਵਲੋਂ ਹਰਪਾਲ ਸਿੰਘ ਬਲੇਰ ਤੋਂ ਚੋਣ ਲੜਾਈ ਜਾਵੇਗੀ ਅਤੇ ਜੇਕਰ ਅੰਮ੍ਰਿਤਪਾਲ ਸਿੰਘ ਦੇ ਕਾਗਜ਼ ਮੰਜੂਰ ਹੋ ਗਏ ਤਾਂ ਹਰਪਾਲ ਸਿੰਘ ਬਲੇਰ ਦਾ ਨਾਮ ਵਾਪਸ ਲੈ ਲਿਆ ਜਾਵੇਗਾ, ਅਤੇ ਹੁਣ ਅੰਮ੍ਰਿਤਪਾਲ ਸਿੰਘ ਦਾ ਨਾਮਜ਼ਦਗੀ ਪੱਤਰ ਮਨਜ਼ੂਰ ਹੋ ਗਿਆ ਹੈ।

ਇਸ ਦੌਰਾਨ ਅੰਮ੍ਰਿਤਪਾਲ ਸਿੰਘ ਖਾਲਸਾ ਨਾਮ ਦੇ ਇੱਕ ਹੋਰ ਵਿਅਕਤੀ (ਜਿਸ ਵਲੋਂ ਵੀ ਆਜਾਦ ਉਮੀਦਵਾਰ ਵਜੋਂ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ ਸਨ) ਦੇ ਕਾਗਜ ਵੀ ਮਨਜੂਰ ਹੋ ਗਏ ਹਨ। ਦੱਸਿਆ ਕਿ ਜਾ ਰਿਹਾ ਹੈ ਕਿ ਮੋਗੇ ਨਾਲ ਸੰਬੰਧਿਤ ਇਹ ਨੌਜਵਾਨ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਹੈ ਅਤੇ ਉਸਨੂੰ ਅਮ੍ਰਿਤਪਾਲ ਸਿੰਘ ਦੀਆਂ ਵੋਟਾਂ ਕੱਟਣ ਲਈ ਚੋਣ ਵਿੱਚ ਖੜ੍ਹਾ ਕੀਤਾ ਗਿਆ ਹੈ।

ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਵਲੋਂ ਕੁਲਬੀਰ ਸਿੰਘ ਜੀਰਾ, ਅਕਾਲੀ ਦਲ ਵਲੋਂ ਵਿਰਸਾ ਸਿੰਘ ਵਲਟੋਹਾ, ਆਮ ਆਦਮੀ ਪਾਰਟੀ ਵਲੋਂ ਲਾਲਜੀਤ ਸਿਘ ਭੁੱਲਰ, ਭਾਜਪਾ ਵਲੋਂ ਮਨਜੀਤ ਸਿੰਘ ਮੰਨਾ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਸਤਨਾਮ ਸਿਘ ਨੂੰ ਉਮੀਦਵਾਰ ਬਣਾਇਆ ਗਿਆ ਹੈ ਅਤੇ ਇਹਨਾਂ ਸਾਰਿਆਂ ਦੇ ਨਾਮਜਦਗੀ ਪੱਤਰ ਵੀ ਮੰਜੂਰ ਹੋ ਗਏ ਹਨ।