ਜਲੰਧਰ ਪੁਲੀਸ ਵਲੋਂ ਗੈਂਗਸਟਰ ਵਿੱਕੀ ਗੌਂਡਰ ਗੈਂਗ ਦਾ ਮੁੱਖ ਸਰਗਨਾ ਕਾਬੂ

5 ਪਿਸਤੌਲ, ਚਾਰ ਮੈਗਜ਼ੀਨ ਅਤੇ ਕਈ ਜ਼ਿੰਦਾ ਕਾਰਤੂਸ ਬਰਾਮਦ ਕੀਤੇ

ਚੰਡੀਗੜ੍ਹ, 15 ਮਈ (ਸ.ਬ.) ਜਲੰਧਰ ਪੁਲੀਸ ਨੇ ਵਿੱਕੀ ਗੌਂਡਰ ਗੈਂਗ ਦੇ ਮੁੱਖ ਸਰਗਨਾ ਨਵੀਨ ਸੈਣੀ ਉਰਫ਼ ਚਿੰਟੂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਉਸ ਦੇ ਕਬਜ਼ੇ ਵਿੱਚੋਂ 5 ਪਿਸਤੌਲ, ਚਾਰ ਮੈਗਜ਼ੀਨ ਅਤੇ ਕਈ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਪੰਜਾਬ ਦੇ ਡੀ ਜੀ ਪੀ ਸ੍ਰੀ ਗੌਰਵ ਯਾਦਵ ਨੇ ਦੱਸਿਆ ਕਿ ਜਲੰਧਰ ਕਮਿਸ਼ਨਰੇਟ ਪੁਲੀਸ ਨੇ ਸੰਗਠਿਤ ਅਪਰਾਧ ਵਿਰੁੱਧ ਚੱਲ ਰਹੀ ਕਾਰਵਾਈ ਦੇ ਤਹਿਤ ਚਿੰਟੂ ਨੂੰ ਗ੍ਰਿਫਤਾਰ ਕੀਤਾ ਹੈ।

ਉਹਨਾਂ ਦੱਸਿਆ ਕਿ ਚਿੰਟੂ 9 ਮਹੀਨਿਆਂ ਤੋਂ ਫਰਾਰ ਸੀ। ਜਲੰਧਰ ਸਿਟੀ ਪੁਲੀਸ ਕਾਫੀ ਸਮੇਂ ਤੋਂ ਦੋਸ਼ੀ ਦਾ ਪਿੱਛਾ ਕਰ ਰਹੀ ਸੀ। ਬੀਤੇ ਦਿਨ ਗੁਪਤ ਸੂਚਨਾ ਦੇ ਆਧਾਰ ਤੇ ਪੁਲੀਸ ਨੇ ਉਸ ਨੂੰ ਜਲੰਧਰ ਸ਼ਹਿਰ ਤੋਂ ਕਾਬੂ ਕੀਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਵਿੱਕੀ ਗੌਂਡਰ ਗੈਂਗ ਦਾ ਸਰਗਨਾ ਦੱਸਿਆ ਜਾਂਦਾ ਨਵੀਨ ਸੈਣੀ ਉਰਫ਼ ਚਿੰਟੂ ਗੈਂਗ ਦੀ ਅਹਿਮ ਕੜੀ ਹੈ। ਉਹ ਗਿਰੋਹ ਲਈ ਹਥਿਆਰਾਂ ਦੀ ਤਸਕਰੀ ਅਤੇ ਨਸ਼ਾ ਤਸਕਰੀ ਦੇ ਪੂਰੇ ਨੈਟਵਰਕ ਨੂੰ ਸੰਭਾਲਦਾ ਸੀ। ਇਸ ਤੋਂ ਇਲਾਵਾ ਹੁਣ ਤੱਕ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਚਿੰਟੂ ਤੇ ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਅਤੇ ਹੋਰ ਵਰਗੇ ਕਈ ਘਿਨਾਉਣੇ ਅਪਰਾਧ ਦੇ ਮਾਮਲੇ ਦਰਜ ਹਨ। ਪੁਲੀਸ ਚਿੰਟੂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਤੇ ਲਵੇਗੀ। ਉਸ ਤੋਂ ਪੁੱਛ-ਪੜਤਾਲ ਕੀਤੀ ਜਾਵੇਗੀ ਕਿ ਉਹ ਹਥਿਆਰ ਕਿਥੋਂ ਲੈ ਕੇ ਆਇਆ ਸੀ ਅਤੇ ਕਿਸ ਨੂੰ ਦੇਣੇ ਸਨ।