Punjab
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੀ ਧੁਆਈ ਦੀ ਸੇਵਾ ਸ਼ੁਰੂ, 10-12 ਦਿਨ ਜਾਰੀ ਰਹੇਗੀ ਸੇਵਾ

ਅੰਮ੍ਰਿਤਸਰ, 17 ਮਾਰਚ (ਸ.ਬ.) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੇ ਸੋਨੇ ਦੀ ਧੁਆਈ ਅਤੇ ਸਾਫ-ਸਫਾਈ ਦੀ ਸੇਵਾ ਅਰਦਾਸ ਉਪਰੰਤ ਆਰੰਭ ਕੀਤੀ ਗਈ। ਸ਼੍ਰੋਮਣੀ ਕਮੇਟੀ ਵੱਲੋਂ ਇਹ ਸੇਵਾ ਭਾਈ ਮਹਿੰਦਰ ਸਿੰਘ ਮੁਖੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਨੂੰ ਸੌਂਪੀ ਗਈ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉਪਰ ਗੁੰਬਦਾਂ ਤੇ ਲੱਗੇ ਸੋਨੇ ਦੀ ਧੁਆਈ ਦੇ ਕਾਰਜ ਦੀ ਆਰੰਭਤਾ ਕੀਤੀ ਗਈ। ਇਸ ਮੌਕੇ ਗੁਰਦਿਆਲ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੇ ਸੋਨੇ ਦੀ ਸਾਫ-ਸਫਾਈ ਅਤੇ ਸਾਂਭ-ਸੰਭਾਲ ਨੂੰ ਮੁੱਖ ਰੱਖਦਿਆਂ ਸਮੇਂ- ਸਮੇਂ ਇਸ ਦੀ ਧੁਆਈ ਦਾ ਕਾਰਜ ਕੀਤਾ ਜਾਂਦਾ ਹੈ, ਜਿਸ ਦੀ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਾ ਜਥਾ ਬਰਮਿੰਘਮ ਦੇ ਮੁਖੀ ਭਾਈ ਮਹਿੰਦਰ ਸਿੰਘ ਬਰਮਿੰਘਮ ਵਾਲਿਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਬਾਰਿਸ਼ ਅਤੇ ਪ੍ਰਦੂਸ਼ਣ ਆਦਿ ਕਰਕੇ ਸੋਨੇ ਦੀ ਚਮਕ ਸਮਾਂ ਪਾ ਕੇ ਘੱਟ ਜਾਂਦੀ ਹੈ, ਜਿਸ ਦੀ ਸਾਫ-ਸਫਾਈ ਜ਼ਰੂਰੀ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਨਿਸ਼ਕਾਮ ਸੇਵਕ ਜਥਾ ਇਹ ਸੇਵਾ ਨਿਸ਼ਕਾਮ ਰੂਪ ਵਿਚ ਕਰਦਾ ਹੈ। ਸੇਵਕ ਜਥੇ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰਲੇ ਹਿੱਸੇ ਵਿਚ ਲੱਗੇ ਸੁਨਹਿਰੀ ਪੱਤਰਿਆਂ ਅਤੇ ਮੀਨਾਕਾਰੀ ਦੀ ਲੋੜ ਅਨੁਸਾਰ ਮੁਰੰਮਤ ਦਾ ਕਾਰਜ ਵੀ ਆਰੰਭਿਆ ਗਿਆ ਹੈ, ਜੋ ਨਿਰੰਤਰ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਥੇ ਵੱਲੋਂ ਹਰ ਸਾਲ ਸੋਨੇ ਦੀ ਧੁਆਈ ਦਾ ਕਾਰਜ ਕੀਤਾ ਜਾਂਦਾ ਹੈ। ਇਸੇ ਤਹਿਤ ਹੀ ਇਸ ਵਾਰ ਵੀ ਸੰਗਤਾਂ ਸੋਨੇ ਦੀ ਧੁਆਈ ਦੀ ਸੇਵਾ ਵਾਸਤੇ ਵਿਸ਼ੇਸ਼ ਤੌਰ ਤੇ ਆਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਸੇਵਾ ਕਰੀਬ 10-12 ਦਿਨ ਜਾਰੀ ਰਹੇਗੀ, ਜਿਸ ਤਹਿਤ ਪਾਵਨ ਅਸਥਾਨ ਦੇ ਬਾਹਰੀ ਹਿੱਸੇ ਤੇ ਲੱਗੇ ਸੋਨੇ ਦੀ ਧੁਆਈ ਕੁਦਰਤੀ ਢੰਗ ਨਾਲ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸੋਨੇ ਦੀ ਧੁਆਈ ਲਈ ਰੀਠੇ ਨੂੰ ਉਬਾਲ ਕੇ ਉਸ ਦਾ ਪਾਣੀ ਅਤੇ ਨਿੰਬੂ ਦਾ ਰਸ ਵਰਤਿਆ ਜਾਂਦਾ ਹੈ। ਇਹ ਬਿਲਕੁਲ ਕੁਦਰਤੀ ਤਰੀਕਾ ਹੈ ਅਤੇ ਇਸ ਵਿਚ ਕਿਸੇ ਵੀ ਰਸਾਇਣ ਦੀ ਵਰਤੋਂ ਨਹੀਂ ਕੀਤੀ ਜਾਂਦੀ। ਸੇਵਾ ਆਰੰਭ ਕਰਨ ਮੌਕੇ ਸ਼੍ਰੋਮਣੀ ਕਮੇਟੀ ਦੇ ਨਿਸ਼ਕਾਮ ਸੇਵਕ ਜਥੇ ਵੱਲੋਂ ਭਾਈ ਇੰਦਰਜੀਤ ਸਿੰਘ, ਭਾਈ ਗੁਰਦਿਆਲ ਸਿੰਘ, ਭਾਈ ਸੁਖਬੀਰ ਸਿੰਘ, ਭਾਈ ਇਕਬਾਲ ਸਿੰਘ ਸਮੇਤ ਸੰਗਤਾਂ ਮੌਜੂਦ ਸਨ।
Mohali
ਨਸ਼ਾ ਤਸਕਰੀ ਦੇ ਤਿੰਨ ਵੱਖ ਵੱਖ ਮੁਕੱਦਮਿਆਂ ਵਿੱਚ 3 ਨੌਜਵਾਨ ਗ੍ਰਿਫਤਾਰ

ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਕਰਦੇ ਸੀ ਸਪਲਾਈ, ਪਹਿਲਾਂ ਵੀ ਦਰਜ ਹਨ ਨਸ਼ਾ ਤਸਕਰੀ ਦੇ ਮਾਮਲੇ
ਐਸ ਏ ਐਸ ਨਗਰ, 18 ਮਾਰਚ (ਪਰਵਿੰਦਰ ਕੌਰ ਜੱਸੀ) ਮੁਹਾਲੀ ਪੁਲੀਸ ਵਲੋਂ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁਧ’ ਦੇ ਤਹਿਤ 3 ਨੌਜਵਾਨਾਂ ਨੂੰ ਨਸ਼ੇ ਸਮੇਤ ਕਾਬੂ ਕੀਤਾ ਗਿਆ ਹੈ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਰਵਪ੍ਰੀਤ ਸਿੰਘ ਵਾਸੀ ਪਿੰਡ ਕਾਨਗੜ੍ਹ ਜਿਲਾ ਮਾਨਸਾ (ਹਾਲ ਵਾਸੀ ਜਗਤਪੁਰਾ), ਗੌਤਮ ਮਸੀਹ ਵਾਸੀ ਪਿੰਡ ਮਸਾਣੀਆ ਜਿਲਾ ਗੁਰਦਾਸਪੁਰ (ਹਾਲ ਵਾਸੀ ਮੌਲੀ ਬੈਦਵਾਣ) ਅਤੇ ਹਰਦੀਪ ਸਿੰਘ ਵਾਸੀ ਪਿੰਡ ਸੋਹਾਣਾ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਵਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਸਭ ਤੋਂ ਪਹਿਲਾਂ ਜਗਤਾਰ ਸਿੰਘ ਕਾਲਾ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਸੀ, ਜਿਸ ਦੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਉਹ ਉਕਤ ਹੈਰੋਇਨ ਰਵਪ੍ਰੀਤ ਸਿੰਘ ਕੋਲੋਂ ਖਰੀਦ ਕੇ ਲਿਆਉਂਦਾ ਹੈ। ਪੁਲੀਸ ਨੇ ਰਵਪ੍ਰੀਤ ਸਿੰਘ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕਰਕੇ ਉਸ ਦੀ ਗ੍ਰਿਫਤਾਰੀ ਪਾਈ।
ਉਹਨਾਂ ਦੱਸਿਆ ਕਿ ਦੂਜੇ ਮਾਮਲੇ ਵਿੱਚ ਗੁਪਤ ਸੂਚਨਾ ਮਿਲਣ ਤੇ ਐਸ. ਐਚ. ਓ ਸਿਮਰਨ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਗੌਤਮ ਮਸੀਹ (ਜੋ ਕਿ ਪਿੰਡ ਮੌਲੀ ਬੈਦਵਾਣ ਵਿਖੇ ਇਕ ਪੀ.ਜੀ ਵਿਚ ਰਹਿੰਦਾ ਹੈ) ਨੂੰ ਕਾਬੂ ਕਰਕੇ ਉਸ ਕੋਲੋਂ 11 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਉਸ ਵਿਰੁਧ ਐਨ. ਡੀ. ਪੀ. ਐਸ ਐਕਟ ਦੇ ਤਹਿਤ ਮਾਮਲਾ ਦਰਜ ਕਰਨ ਉਪਰੰਤ ਉਸਦੀ ਗ੍ਰਿਫਤਾਰੀ ਪਾਈ ਗਈ ਹੈ।
ਡੀ. ਐਸ. ਪੀ ਬੱਲ ਨੇ ਦੱਸਿਆ ਕਿ ਤੀਜਾ ਮਾਮਲਾ ਪਿੰਡ ਸੋਹਾਣਾ ਦਾ ਹੈ, ਜਿਸ ਵਿਚ ਪੁਲੀਸ ਨੇ ਹਰਦੀਪ ਸਿੰਘ ਨਾਂ ਦੇ ਵਿਅਕਤੀ ਕੋਲੋਂ 100 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਪੁਲੀਸ ਇਸ ਮਾਮਲੇ ਵਿੱਚ ਹਰਦੀਪ ਸਿੰਘ ਖਿਲਾਫ ਐਨ. ਡੀ. ਪੀ.ਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਉਹਨਾਂ ਦੱਸਿਆ ਕਿ ਇਹਨਾਂ ਮਾਮਲਿਆਂ ਵਿੱਚ ਗ੍ਰਿਫਤਾਰ ਮੁਲਜਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਮਾਣਯੋਗ ਅਦਾਲਤ ਵਲੋਂ ਤਿੰਨਾ ਮੁਲਜਮਾਂ ਨੂੰ 1 ਦਿਨ ਦੇ ਪੁਲੀਸ ਰਿਮਾਂਡ ਤੇ ਭੇਜ ਦਿੱਤਾ ਹੈ। ਉਹਨਾਂ ਕਿਹਾ ਕਿ ਤਿੰਨਾਂ ਮੁਲਜਮਾਂ ਦੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਮੁਲਜਮ ਰਵਪ੍ਰੀਤ ਸਿੰਘ ਖਿਲਾਫ ਅਪ੍ਰੈਲ 2024 ਵਿੱਚ ਥਾਣਾ ਜ਼ੀਰਕਪੁਰ ਵਿਖੇ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ। ਇਸੇ ਤਰ੍ਹਾਂ ਦੂਜੇ ਮੁਲਜਮ ਗੌਤਮ ਮਸੀਹ ਖਿਲਾਫ ਅਕਤੂਬਰ 2024 ਵਿੱਚ ਥਾਣਾ ਬਸੀ ਪਠਾਣਾ ਵਿਖੇ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ, ਜਦੋਂ ਕਿ ਤੀਜੇ ਮੁਲਜਮ ਹਰਦੀਪ ਸਿੰਘ ਖਿਲਾਫ ਫਰਵਰੀ 2019 ਵਿੱਚ ਥਾਣਾ ਜ਼ੀਰਕਪੁਰ ਵਿਖੇ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ।
Punjab
ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਨਵੀਨੀਕਰਨ ਮਗਰੋਂ ਲੁਧਿਆਣਾ ਦਾ ਸਿਵਲ ਹਸਪਤਾਲ ਲੋਕਾਂ ਨੂੰ ਸਮਰਪਿਤ

ਲੋਕਾਂ ਨੂੰ ਮਿਆਰੀ ਸਿਹਤ ਸੰਭਾਲ ਸੇਵਾਵਾਂ ਮੁਹੱਈਆ ਕਰਨ ਦੀ ਵਚਨਬੱਧਤਾ ਦੁਹਰਾਈ
ਲੁਧਿਆਣਾ, 18 ਮਾਰਚ (ਸ.ਬ.) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਨਵੀਂ ਦਿੱਖ ਮਿਲਣ ਮਗਰੋਂ ਸਿਵਲ ਹਸਪਤਾਲ ਲੋਕਾਈ ਨੂੰ ਸਮਰਪਿਤ ਕੀਤਾ। ਲੁਧਿਆਣਾ ਦੇ ਸਿਵਲ ਹਸਪਤਾਲ ਦੀ ਕਾਇਆ-ਕਲਪ ਦੌਰਾਨ ਨਾ ਸਿਰਫ਼ ਹਸਪਤਾਲ ਦੇ ਬੁਨਿਆਦੀ ਢਾਂਚੇ ਦਾ ਨਵੀਨੀਕਰਨ ਹੋਇਆ ਹੈ ਬਲਕਿ ਇੱਥੇ ਆਧੁਨਿਕ ਸਹੂਲਤਾਂ ਮੁਹਈਆ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ। ਲੋਕਾਂ ਦੀ ਸਹੂਲਤ ਲਈ ਤਕਰੀਬਨ ਇਕ ਕਰੋੜ ਰੁਪਏ ਦੀ ਲਾਗਤ ਨਾਲ ਅਤਿ-ਆਧੁਨਿਕ ਆਰਥੋਪੈਡਿਕ ਅਪਰੇਸ਼ਨ ਥੀਏਟਰ ਬਣਾਇਆ ਗਿਆ ਹੈ, ਜਿਸ ਨਾਲ ਹਸਪਤਾਲ ਵਿੱਚ ਅਪਰੇਸ਼ਨ ਕਰਨ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹਸਪਤਾਲ ਦੇ ਨਵੀਨੀਕਰਨ ਦੌਰਾਨ ਓ.ਪੀ.ਡੀ., ਐਮਰਜੈਂਸੀ ਯੂਨਿਟ ਅਤੇ ਇਨਪੇਸ਼ੈਂਟ ਵਾਰਡਾਂ ਵਿਚਲੇ ਸਾਰੇ ਪਖ਼ਾਨਿਆਂ ਨੂੰ ਨਵੀਂ ਦਿੱਖ ਦਿੱਤੀ ਗਈ ਹੈ। ਇਨ੍ਹਾਂ ਪਖ਼ਾਨਿਆਂ ਵਿੱਚ ਸਾਰੀ ਫਿਟਿੰਗਜ਼ ਬਦਲਣ ਤੋਂ ਇਲਾਵਾ ਫ਼ਰਸ਼ ਨੂੰ ਤਿਲਕਣ ਰਹਿਤ ਅਤੇ ਕੁਸ਼ਲ ਡਰੇਨੇਜ਼ ਸਿਸਟਮ ਨਾਲ ਲੈਸ ਕੀਤਾ ਗਿਆ ਹੈ ਤਾਂ ਕਿ ਇੱਥੇ ਸਾਫ਼-ਸਫ਼ਾਈ ਦੇ ਉੱਚ ਮਾਪਦੰਡ ਬਰਕਰਾਰ ਰੱਖੇ ਜਾਣ। ਹਸਪਤਾਲ ਨੂੰ ਬਿਹਤਰੀਨ ਮਿਆਰ ਵਾਲੀਆਂ 500 ਨਵੀਆਂ ਚਾਂਦਰਾਂ ਸਪਲਾਈ ਕੀਤੀਆਂ ਗਈਆਂ ਹਨ ਅਤੇ ਪੀਣ ਯੋਗ ਪਾਣੀ ਲਈ ਹਸਪਤਾਲ ਵਿੱਚ ਅਹਿਮ ਥਾਵਾਂ ਉਤੇ 80 ਲਿਟਰ ਦੀ ਸਮਰੱਥਾ ਵਾਲੇ ਪੰਜ ਆਧੁਨਿਕ ਵਾਟਰ ਕੂਲਰ ਲਗਾਏ ਗਏ ਹਨ। ਹਸਪਤਾਲ ਦੇ ਪੂਰੇ ਅਹਾਤੇ ਵਿੱਚ ਪੰਜ ਫੁੱਟ ਦੀ ਉਚਾਈ ਤੱਕ ਦੀਵਾਰਾਂ ਤੇ ਨਵੀਆਂ ਟਾਈਲਾਂ ਲਗਾਈਆਂ ਗਈਆਂ ਹਨ।
ਇਸਦੇ ਨਾਲ ਨਾਲ ਹਸਪਤਾਲ ਦੀਆਂ 12 ਸਾਲਾਂ ਤੋਂ ਬੰਦ ਪਈਆਂ ਦੋ ਪੁਰਾਣੀਆਂ ਲਿਫ਼ਟਾਂ ਨੂੰ ਤਬਦੀਲ ਕੀਤਾ ਗਿਆ ਹੈ ਅਤੇ ਬੰਦ ਪਏ ਪੱਖਿਆਂ ਤੇ ਲਾਈਟਾਂ ਨੂੰ ਬਦਲਿਆ ਗਿਆ ਹੈ। ਰਾਤ ਨੂੰ ਹਸਪਤਾਲ ਵਿੱਚ ਰੌਸ਼ਨੀ ਰੱਖਣ ਲਈ ਹਸਪਤਾਲ ਦੇ ਸਮੁੱਚੀ ਲਾਈਟਿੰਗ ਪ੍ਰਣਾਲੀ ਨੂੰ ਦਰੁਸਤ ਕੀਤਾ ਗਿਆ ਹੈ ਅਤੇ ਵਾਹਨਾਂ ਦੀ ਸੁਚਾਰੂ ਗਤੀਵਿਧੀ ਯਕੀਨੀ ਬਣਾਉਣ ਅਤੇ ਪੈਦਲ ਆਉਣ ਵਾਲਿਆਂ ਦੀ ਸਹੂਲਤ ਲਈ ਹਸਪਤਾਲ ਦੇ ਅੰਦਰ ਵਾਲੀਆਂ ਸਾਰੀਆਂ ਖ਼ਸਤਾ ਹਾਲ ਸੜਕਾਂ ਨੂੰ ਤੋੜ ਕੇ ਨਵੇਂ ਸਿਰੇ ਤੋਂ ਬਣਾਇਆ ਗਿਆ ਹੈ। ਪਾਰਕਿੰਗ ਖ਼ੇਤਰ ਵਿੱਚ ਉੱਚ ਮਿਆਰ ਵਾਲੇ ਪੇਵਰ ਬਲਾਕ ਲਗਾਏ ਗਏ ਹਨ ਅਤੇ ਮਰੀਜ਼ਾਂ ਨੂੰ ਇੰਤਜ਼ਾਰ ਵੇਲੇ ਠਹਿਰ ਦੇਣ ਲਈ ਪੰਜ ਹਜ਼ਾਰ ਸਕੁਏਰ ਫੁੱਟ ਦੇ ਸ਼ੈੱਡ ਦਾ ਨਿਰਮਾਣ ਕੀਤਾ ਗਿਆ ਹੈ, ਜਿਸ ਨਾਲ ਮਰੀਜ਼ਾਂ ਤੇ ਉਨ੍ਹਾਂ ਨਾਲ ਆਉਣ ਵਾਲੇ ਵਿਅਕਤੀਆਂ ਨੂੰ ਖ਼ਰਾਬ ਮੌਸਮ ਵਿੱਚ ਸਿਰ ਢਕਣ ਲਈ ਛੱਤ ਮਿਲੇਗੀ।
ਬੁਲਾਰੇ ਨੇ ਦੱਸਿਆ ਕਿ ਹਸਪਤਾਲ ਦੇ ਬਾਹਰੀ ਖ਼ੇਤਰ ਨੂੰ ਵਧੀਆ ਦਿੱਖ ਦੇਣ ਲਈ ਸਮੁੱਚੇ ਲੈਂਡਸਕੇਪ ਨੂੰ ਹਰੀ-ਭਰੀ ਦਿੱਖ ਦਿੱਤੀ ਗਈ ਹੈ। ਹਸਪਤਾਲ ਦੇ ਮੁੱਖ ਗੇਟ ਨੂੰ ਮਜ਼ਬੂਤ ਕਰਦਿਆਂ ਇਸ ਨੂੰ ਨਵਾਂ ਰੂਪ ਦਿੱਤਾ ਗਿਆ ਹੈ। ਅਵਾਰਾ ਪਸ਼ੂਆਂ ਨੂੰ ਰੋਕਣ ਲਈ ਹਸਪਤਾਲ ਦੇ ਮੁੱਖ ਗੇਟ ਉਤੇ ਗਰਿੱਲਾਂ ਲਾਈਆਂ ਗਈਆਂ ਹਨਤਾਂ ਕਿ ਕੋਈ ਵੀ ਜਾਨਵਰ ਹਸਪਤਾਲ ਅੰਦਰ ਦਾਖ਼ਲ ਨਾ ਹੋ ਸਕੇ।
Punjab
ਅਸਤੀਫ਼ਾ ਵਾਪਸ ਲੈਣ ਲਈ ਰਾਜ਼ੀ ਹੋਏ ਹਰਜਿੰਦਰ ਸਿੰਘ ਧਾਮੀ

ਸੁਖਬੀਰ ਬਾਦਲ ਨਾਲ ਬੰਦ ਕਮਰਾ ਮੀਟਿੰਗ ਤੋਂ ਬਾਅਦ ਕੀਤਾ ਐਲਾਨ, ਤਿੰਨ ਚਾਰ ਦਿਨਾਂ ਅੰਦਰ ਸ਼੍ਰੋਮਣੀ ਕਮੇਟੀ ਪ੍ਰਧਾਨ ਵਜੋਂ ਸੰਭਾਲਣਗੇ ਸੇਵਾ
ਹੁਸ਼ਿਆਰਪੁਰ, 18 ਮਾਰਚ (ਸ.ਬ.) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਆਪਣਾ ਅਸਤੀਫ਼ਾ ਵਾਪਸ ਲੈਣ ਲਈ ਰਾਜ਼ੀ ਹੋ ਗਏ ਹਨ। ਧਾਮੀ ਨੇ ਕਿਹਾ ਕਿ ਉਹ ਅਗਲੇ ਤਿੰਨ ਚਾਰ ਦਿਨਾਂ ਵਿਚ ਐਸਜੀਪੀਸੀ ਪ੍ਰਧਾਨ ਵਜੋਂ ਅਹੁਦਾ ਸੰਭਾਲ ਲੈਣਗੇ। ਧਾਮੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਇਥੇ ਆਪਣੀ ਰਿਹਾਇਸ਼ ਤੇ ਬੰਦ ਕਮਰਾ ਮੀਟਿੰਗ ਮਗਰੋਂ ਇਹ ਗੱਲ ਕਹੀ।
ਇਸ ਤੋਂ ਪਹਿਲਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਵਜੋਂ ਸੁਖਬੀਰ ਸਿੰਘ ਬਾਦਲ ਅੱਜ ਉਨ੍ਹਾਂ ਦੇ ਘਰ ਪੁੱਜੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵੀ ਉਨ੍ਹਾਂ ਦੇ ਨਾਲ ਹਨ। ਇਸ ਮੌਕੇ ਸ੍ਰੀ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਗੁਰੇਜ਼ ਕੀਤਾ ਅਤੇ ਸਿੱਧੇ ਹੀ ਅੰਦਰ ਚਲੇ ਗਏ। ਸ੍ਰੀ ਧਾਮੀ ਦੀ ਸੁਖਬੀਰ ਬਾਦਲ ਨਾਲ ਬੰਦ ਕਮਰਾ ਮੀਟਿੰਗ ਹੋਈ।
ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਸz ਧਾਮੀ ਨੇ ਕਿਹਾ ਕਿ ਅੰਤਰਿਗ ਕਮੇਟੀ ਵਲੋਂ ਅਸਤੀਫਾ ਰੱਦ ਕਰ ਦੇਣ ਉਪਰੰਤ ਸਮੁੱਚੀ ਅਕਾਲੀ ਲੀਡਰਸ਼ਿਪ ਦੇ ਆਖਣ ਤੇ ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਵਜੋਂ ਅਹੁਦਾ ਮੁੜ ਸੰਭਾਲਣ ਦਾ ਫੈਸਲਾ ਕੀਤਾ ਹੈ ਅਤੇ ਉਹ ਦੋ ਚਾਰ ਦਿਨਾਂ ਅੰਦਰ ਇਹ ਸੇਵਾ ਸੰਭਾਲ ਲੈਣਗੇ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਨੇ ਬੀਤੇ ਦਿਨ ਚੰਡੀਗੜ੍ਹ ਵਿਚ ਕੀਤੀ ਆਪਣੀ ਮੀਟਿੰਗ ਵਿੱਚ ਧਾਮੀ ਦੇ ਅਸਤੀਫ਼ੇ ਨੂੰ ਨਾਮਨਜ਼ੂਰ ਕਰਦਿਆਂ ਹੁਸ਼ਿਆਰਪੁਰ ਸਥਿਤ ਉਨ੍ਹਾਂ ਦੀ ਰਿਹਾਇਸ਼ ਤੇ ਜਾ ਕੇ ਧਾਮੀ ਨੂੰ ਮਨਾਉਣ ਦੀ ਗੱਲ ਆਖੀ ਸੀ।
-
International1 month ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
-
International1 month ago
ਉੱਤਰੀ ਸੀਰੀਆ ਵਿੱਚ ਕਾਰ ਵਿੱਚ ਬੰਬ ਧਮਾਕਾ ਹੋਣ ਕਾਰਨ 15 ਵਿਅਕਤੀਆਂ ਦੀ ਮੌਤ
-
International2 months ago
ਅਮਰੀਕਾ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 6 ਵਿਅਕਤੀਆਂ ਦੀ ਮੌਤ
-
International1 month ago
ਹਸੀਨਾ ਦੇ ਨਜ਼ਦੀਕੀਆਂ ਦੇ ਘਰ ਨੂੰ ਅੱਗ ਲਗਾਉਣ ਤੋਂ ਬਾਅਦ ਅਵਾਮੀ ਲੀਗ ਦੇ ਨੇਤਾਵਾਂ ਦੇ ਘਰਾਂ ਦੀ ਭੰਨਤੋੜ
-
International2 months ago
ਅਮਰੀਕੀ ਏਅਰਲਾਈਨ ਦੇ ਜਹਾਜ਼ ਦੀ ਫੌਜ ਦੇ ਹੈਲੀਕਾਪਟਰ ਨਾਲ ਟੱਕਰ, 18 ਵਿਅਕਤੀਆਂ ਦੀ ਮੌਤ
-
International1 month ago
ਛੇ ਅਮਰੀਕੀ ਸੰਸਦ ਮੈਂਬਰਾਂ ਨੇ ਅਡਾਨੀ ਖਿਲਾਫ਼ ਮੁਕੱਦਮੇ ਲਈ ਨਵੇਂ ਅਟਾਰਨੀ ਜਨਰਲ ਨੂੰ ਪੱਤਰ ਲਿਖਿਆ
-
Mohali1 month ago
ਜਗਤਪੁਰਾ ਵਿੱਚ ਹੋਏ ਝਗੜੇ ਸੰਬੰਧੀ ਦੋ ਨਿਹੰਗਾਂ ਸਮੇਤ ਤਿੰਨ ਵਿਅਕਤੀ ਕਾਬੂ
-
Editorial2 months ago
ਪੰਜਾਬ ਵਿੱਚ ਦਿਨੋਂ ਦਿਨ ਵੱਧ ਰਹੀ ਹੈ ਆਵਾਰਾ ਖੂੰਖਾਰ ਕੁੱਤਿਆਂ, ਪਸ਼ੂਆਂ ਅਤੇ ਬਾਂਦਰਾਂ ਦੀ ਸਮੱਸਿਆ