Connect with us

Punjab

ਕਿਰਤੀ ਕਿਸਾਨ ਯੂਨੀਅਨ ਵਲੋਂ ਫੌਜ ਦੇ ਕਰਨਲ ਦੀ ਕੁੱਟਮਾਰ ਕੀਤੇ ਜਾਣ ਦੇ ਮਾਮਲੇ ਵਿੱਚ ਦੋਸ਼ੀ ਪੁਲੀਸ ਕਰਮੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ

Published

on

 

 

ਪਟਿਆਲਾ, 19 ਮਾਰਚ (ਬਿੰਦੂ ਧੀਮਾਨ) ਪਟਿਆਲਾ ਵਿਖੇ ਭਾਰਤੀ ਫੌਜ ਦੇ ਕਰਨਲ ਰੈਂਕ ਦੇ ਅਧਿਕਾਰੀ ਅਤੇ ਉਸਦੇ ਬੇਟੇ ਦੀ ਕੁੱਝ ਪੁਲੀਸ ਕਰਮਚਾਰੀਆਂ ਵਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੇ ਜਾਣ ਅਤੇ ਪੰਜਾਬ ਸਰਕਾਰ ਵਲੋਂ ਇਸ ਕੁੱਟਮਾਰ ਵਿੱਚ ਸ਼ਾਮਿਲ ਪੁਲੀਸ ਕਰਮਚਾਰੀਆਂ ਤੇ ਕੋਈ ਠੋਸ ਕਾਰਵਾਈ ਨਾ ਕੀਤੇ ਜਾਣ ਦੀ ਨਿਖੇਧੀ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਵਿੱਚ ਦੋਸ਼ੀ ਪੁਲੀਸ ਕਰਮੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।

ਜਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਰਮਿੰਦਰ ਸਿੰਘ ਪਟਿਆਲਾ ਅਤੇ ਜਿਲਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ ਨੇ ਇੱਥੇ ਜਾਰੀ ਬਿਆਨ ਵਿੱਚ ਕਿਹਾ ਕਿ ਭਾਰਤੀ ਫੌਜ ਦੇ ਕਰਨਲ ਅਤੇ ਉਸਦੇ ਬੇਟੇ ਦੀ ਪੁਲੀਸ ਵੱਲੋਂ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ ਭਗਵੰਤ ਸਿੰਘ ਮਾਨ ਸਰਕਾਰ ਦੁਆਰਾ ਪੁਲੀਸ ਨੂੰ ਦਿੱਤੀ ਅੰਨ੍ਹੀ ਖੁੱਲ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਬੀਤੇ ਕੁੱਝ ਸਮੇਂ ਤੋਂ ਪੁਲੀਸ ਨੂੰ ਤਾਕਤ ਦੀ ਬੇਲਗਾਮ ਵਰਤੋਂ ਕਰਨ ਦੀ ਖੁੱਲ੍ਹੀ ਛੂਟ ਦਿੱਤੀ ਗਈ ਹੈ। ਕਦੇ ਨਸ਼ਿਆਂ ਨੂੰ ਠੱਲ ਪਾਉਣ ਲਈ ਸੰਵਿਧਾਨਕ ਦਾਇਰੇ ਨੂੰ ਉਲੰਘ ਕੇ ਬੁਲਡੋਜ਼ਰ ਕਾਰਵਾਈਆਂ ਕਦੇ ਸੰਯੁਕਤ ਕਿਸਾਨ ਮੋਰਚਾ ਵਲੋਂ ਚੰਡੀਗੜ੍ਹ ਵਿਖੇ ਲਗਾਏ ਜਾਣ ਵਾਲੇ ਧਰਨੇ ਨੂੰ ਅਸਫਲ ਕਰਨ ਲਈ ਪੰਜਾਬ ਨੂੰ ਖੁੱਲ੍ਹੀ ਜੇਲ ਵਿੱਚ ਤਬਦੀਲ ਕਰਨਾ ਅਤੇ ਹੁਣ ਭਾਰਤੀ ਫੌਜ ਦੇ ਅਧਿਕਾਰੀ ਨਾਲ ਵਾਪਰੀ ਘਟਨਾ ਸੂਬੇ ਵਿਚ ਪੁਲੀਸ ਰਾਜ ਲਾਗੂ ਕਰਨ ਦਾ ਪ੍ਰਤੀਕ ਬਣ ਗਈਆਂ ਹਨ।

ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੀ ਤਰਜ਼ ਤੇ ਸੂਬੇ ਵਿੱਚ ਫਾਸ਼ੀਵਾਦੀ ਪੁਲੀਸ ਰਾਜ ਲਾਗੂ ਕਰਨ ਦੇ ਰਾਹ ਪੈ ਰਹੀ ਹੈ। ਜਿਸਦੇ ਸਿੱਟੇ ਵਜੋਂ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਮਧੋਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਭਾਰਤੀ ਫੌਜ ਵਿੱਚ ਉੱਚ ਅਹੁਦੇ ਤੇ ਬਿਰਾਜਮਾਨ ਇੱਕ ਕਰਨਲ ਨਾਲ ਪੁਲੀਸ ਅਜਿਹਾ ਸਲੂਕ ਕਰ ਸਕਦੀ ਹੈ ਤਾਂ ਆਮ ਇਨਸਾਨ ਪੰਜਾਬ ਵਿੱਚ ਇਨਸਾਫ਼ ਦੀ ਆਸ ਕਿਵੇਂ ਕਰ ਸਕਦਾ ਹੈ। ਉਹਨਾਂ ਆਖਿਆ ਕਿ ਕੁੱਟਮਾਰ ਦੀ ਘਟਨਾ ਤੋਂ ਬਾਅਦ ਐੱਫ਼. ਆਈ. ਆਰ. ਕਰਨ ਵਿੱਚ ਦੇਰੀ ਕੀਤੇ ਜਾਣਾ, ਪੀੜਤ ਦੀ ਬਜਾਏ ਢਾਬੇ ਵਾਲੇ ਦੇ ਬਿਆਨ ਦੇ ਆਧਾਰ ਤੇ ਐੱਫ਼. ਆਈ. ਆਰ. ਦਰਜ ਕੀਤੇ ਜਾਣਾ ਅਤੇ ਐੱਫ. ਆਈ. ਆਰ. ਵਿੱਚ ਦੋਸ਼ੀਆਂ ਦੇ ਨਾਮ ਸ਼ਾਮਿਲ ਨਾ ਕਰਨਾ ਸਾਬਿਤ ਕਰਦਾ ਹੈ ਕਿ ਦੋਸ਼ੀ ਪੁਲੀਸ ਅਫਸਰਾਂ ਨੂੰ ਬਚਾਉਣ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਦੋਸ਼ੀ ਪੁਲੀਸ ਕਰਮੀਆਂ ਵਿਰੁੱਧ ਸਖਤ ਕਾਰਵਾਈ ਯਕੀਨੀ ਬਣਾਈ ਜਾਵੇ।

Continue Reading

Mohali

ਨਗਰ ਨਿਗਮ ਦੀ ਮੀਟਿੰਗ ਵਿੱਚ 211 ਕਰੋੜ 19 ਲੱਖ ਦਾ ਬਜਟ ਪਾਸ

Published

on

By

 

ਵੱਖ ਵੱਖ ਕੌਂਸਲਰਾਂ ਨੇ ਆਪੋ ਆਪਣੇ ਮੁੱਦਿਆਂ ਤੇ ਕੀਤੀ ਭਖਵੀਂ ਬਹਿਸ

ਐਸ ਏ ਐਸ ਨਗਰ, 27 ਮਾਰਚ (ਸ.ਬ.) ਨਗਰ ਨਿਗਮ ਦੀ ਅੱਜ ਹੋਈ ਸਪੈਸ਼ਲ ਮੀਟਿੰਗ ਦੌਰਾਨ ਨਗਰ ਨਿਗਮ ਦੇ ਸਾਲ 2025 ਦੇ ਬਜਟ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਇਸਦੇ ਨਾਲ ਹੀ ਸਾਲ 2024-25 ਦੇ ਰਿਵਾਈਜ਼ ਕੀਤੇ ਬਜਟ ਨੂੰ ਵੀ ਮੰਜੂਰੀ ਦੇ ਦਿੱਤੀ ਗਈ। ਨਗਰ ਨਿਗਮ ਦੇ ਮੇਅਰ ਸz. ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਜਿੱਥੇ ਵੱਖ ਵੱਖ ਕੌਂਸਲਰਾਂ ਵਲੋਂ ਆਪੋ ਆਪਣੇ ਵਾਰਡਾਂ ਦੇ ਮੁੱਦੇ ਚੁੱਕੇ ਗਏ ਉੱਥੇ ਇਸ ਦੌਰਾਨ ਨਗਰ ਨਿਗਮ ਦੇ ਕੌਂਸਲਰ ਅਤੇ ਹਲਕਾ ਵਿਧਾਇਕ ਦੇ ਪੁੱਤਰ ਸਰਬਜੀਤ ਸਿੰਘ ਸਮਾਣਾ ਅਤੇ ਮੇਅਰ ਵਿਚਾਲੇ ਤਲਖ ਕਲਾਮੀ ਵੀ ਹੋਈ।

ਨਗਰ ਨਿਗਮ ਵਲੋਂ ਸਾਲ 2025-26 ਲਈ ਪੇਸ਼ ਕੀਤੇ ਬਜਟ ਵਿੱਚ 21119.00 ਲੱਖ ਰੁਪਏ ਦੀ ਆਮਦਨ ਤਜਵੀਜ ਕੀਤੀ ਗਈ ਹੈ ਅਤੇ ਅਮਲਾ, ਕੰਟੀਜੇਂਸੀ ਅਤੇ ਵਿਕਾਸ ਦੇ ਕੰਮਾਂ ਲਈ ਵੀ 21119.00 ਲੱਖ ਰੁਪਏ ਦਾ ਖਰਚਾ ਤਜ਼ਵੀਜ਼ ਕੀਤਾ ਗਿਆ ਹੈ। ਨਗਰ ਨਿਗਮ ਨੂੰ ਹੋਣ ਵਾਲੀ ਆਮਦਨ ਵਿੱਚੋਂ ਪ੍ਰਾਪਰਟੀ ਟੈਕਸ ਦੀ ਮੱਦ ਅਧੀਨ 5500.00 ਲੱਖ ਰੁਪਏ, ਪੰਜਾਬ ਮਿਉਂਸਪਲ ਫੰਡ ਤਹਿਤ 10000.00 ਲੱਖ ਰੁਪਏ, ਬਿਜਲੀ ਉਪਰ ਚੂੰਗੀ ਤਹਿਤ 1000.00 ਲੱਖ ਰੁਪਏ, ਅਡੀਸ਼ਨਲ ਐਕਸਾਈਜ਼ ਡਿਊਟੀ ਤਹਿਤ 450.00 ਲੱਖ ਰੁਪਏ ਰੈਂਟ ਫੀਸ/ਸਮਝੌਤਾ ਫੀਸ ਤਹਿਤ 50.00 ਲੱਖ ਰੁਪਏ, ਕਮਿਊਨਿਟੀ ਹਾਲ ਬੁਕਿੰਗ ਫੀਸ ਤਹਿਤ 45.00ਲੱਖ ਰੁਪਏ, ਵਿਗਿਆਪਨਾਂ ਤੋਂ ਹੋਣ ਵਾਲੀ ਆਮਦਨ ਤਹਿਤ 2750.00 ਲੱਖ ਰੁਪਏ, ਵਾਟਰ ਸਪਲਾਈ ਅਤੇ ਸੀਵਰੇਜ਼ ਤਹਿਤ 580.00 ਲੱਖ ਰੁਪਏ, ਬਿਲਡਿੰਗ ਐਪਲੀਕੇਸ਼ਨ ਫੀਸ ਤਹਿਤ 35.00 ਲੱਖ ਰੁਪਏ, ਲਾਇਸੈਂਸ ਫੀਸ ਤਹਿਤ 45.00 ਲੱਖ ਰੁਪਏ ਅਤੇ ਹੋਰ ਮਦਾਂ ਜਿਵੇਂ ਕੈਟਲਪਾਉਂਡ, ਸਲਾਟਰ ਹਾਊਸ, ਅਤੇ ਮਿਸਲੇਨਿਅਸ ਇਨਕਮ ਅਧੀਨ 564.00 ਲੱਖ ਰੁਪਏ ਦੀ ਆਮਦਨ ਤਜਵੀਜ ਕੀਤੀ ਗਈ ਹੈ।

ਨਗਰ ਨਿਗਮ ਵਲੋਂ ਕੀਤੇ ਜਾਣ ਵਾਲੇ ਖਰਚੇ ਵਿੱਚ ਅਮਲਾ ਤੇ ਮੱਦ ਅਧੀਨ ਰੈਗੂਲਰ ਅਸਾਮੀਆਂ ਦਾ ਖਰਚਾ, ਰਿਟਾਇਰਮੈਂਟ ਡਿਉਜ, ਦਫ਼ਤਰੀ ਕੰਮ ਲਈ ਸਟਾਫ, ਫਾਇਰ ਸ਼ਾਖਾ, ਹੋਰਟੀਕਲਚਰ, ਬਿਜਲੀ ਸ਼ਾਖਾ, ਕੈਟਲ ਕੈਚਰ, ਫੋਗਿੰਗ ਅਤੇ ਕੰਮਿਉਨਿਟੀ ਹਾਲ ਦੇ ਰੱਖ-ਰਖਾਵ ਵਿੱਚ ਆਉਟ ਸੋਰਸਜ਼ ਰਾਂਹੀ ਭਰੀਆਂ ਗਈਆਂ ਅਸਾਮੀਆਂ ਅਤੇ ਨਵੀਂ ਇੰਨਸੋਰਸ ਦਰਜਾ-4 ਅਸਾਮੀਆਂ ਜਿਵੇਂ ਕਿ ਸਫਾਈ ਸੇਵਕ/ਸੀਵਰਮੈਂਨ ਆਦਿ ਉਪਰ ਲਗਭਗ ਖਰਚਾ 7500.00 ਲੱਖ ਰੁਪਏ ਹੋਣ ਦੀ ਸੰਭਾਵਨਾ ਹੈ। ਕੰਟੀਜੈਂਸੀ ਖਰਚੇ ਅਧੀਨ 719.00 ਲੱਖ ਰੁਪਏ ਅਤੇ ਵਿਕਾਸ ਦੇ ਕੰਮਾਂ ਤੇ ਖਰਚੇ ਦੀ ਮਦ ਵਿੱਚ ਕੁੱਲ ਖਰਚਾ 12900.00 ਲੱਖ ਰੁਪਏ ਤਜਵੀਜ ਕੀਤਾ ਗਿਆ ਹੈ।

ਮੀਟਿੰਗ ਦੌਰਾਨ ਵਾਰਡ ਨੰਬਰ 1 ਦੀ ਕੌਂਸਲ ਵਲੋਂ ਫੇਜ਼ 3 ਏ ਵਿੱਚ ਬਣੇ ਆਰ ਐਮ ਸੀ ਕੇਂਦਰ ਦਾ ਮੁੱਦਾ ਚੁੱਕਿਆ ਗਿਆ। ਉਹਨਾਂ ਕਿਹਾ ਕਿ ਇਸ ਥਾਂ ਤੇ ਗੰਦਗੀ ਦੀ ਭਰਮਾਰ ਹੈ ਅਤੇ ਇੱਥੇ ਭਾਰੀ ਬਦਬੂ ਕਾਰਨ ਆਸਪਾਸ ਦੇ ਵਸਨੀਕਾਂ ਦਾ ਜੀਵਨ ਨਰਕ ਹੋ ਗਿਆ ਹੈ। ਉਹਨਾਂ ਕਿਹਾ ਕਿ ਮੇਅਰ ਸਾਹਿਬ ਕਹਿੰਦੇ ਹਨ ਕਿ ਸ਼ਹਿਰ ਦੇ ਸਾਰੇ ਐਂਟਰੀ ਪਾਇੰਟਾ ਨੂੰ ਖੂਬਸੂਰਤ ਬਣਾਇਆ ਜਾਵੇਗਾ ਪਰੰਤੂ ਇਸ ਐਂਟਰੀ ਪਾਇੰਟ ਤੇ ਹਰ ਵੇਲੇ ਕੂੜੇ ਅਤੇ ਗੰਦਗੀ ਨਾਲ ਭਰੇ ਟਰੱਕ ਖੜ੍ਹੇ ਰਹਿੰਦੇ ਹਨ ਜੋ ਸ਼ਹਿਰ ਦੀ ਖੂਬਸੂਰਤੀ ਤੇ ਦਾਗ ਲਗਾਉਂਦੇ ਹਨ। ਉਹਨਾਂ ਕਿਹਾ ਉਹਨਾਂ ਦੇ ਵਾਰਡ ਦੀਆਂ ਏ ਅਤੇ ਬੀ ਸੜਕਾਂ ਦੀ ਸਫਾਈ ਦਾ ਹਾਲ ਮਾੜਾ ਹੈ ਅਤੇ ਪ੍ਰਾਈਵੇਟ ਠੇਕੇਦਾਰ ਦੇ ਬੰਦੇ ਪੂਰਾ ਕੰਮ ਨਹੀਂ ਕਰ ਰਹੇ ਇਸ ਲਈ ਨਿਗਮ ਦੇ ਅਧਿਕਾਰੀਆਂ ਵਲੋਂ ਇਸ ਪਾਸੇ ਧਿਆਨ ਦਿੱਤਾ ਜਾਵੇ।

ਸੈਕਟਰ 68 ਦੇ ਕੌਂਸਲਰ ਵਿਨੀਤ ਵਰਮਾ ਵਲੋਂ ਸੁਸਾਇਟੀਆਂ ਦੇ ਕੰਮਾਂ ਦਾ ਮੁੱਦਾ ਚੁੱਕਦਿਆਂ ਕਿਹਾ ਗਿਆ ਕਿ ਕਾਂਗਰਸ ਦੀ ਸਰਕਾਰ ਵੇਲੇ ਵਿਸ਼ੇਸ਼ ਮਦ ਦੇ ਤਹਿਤ ਸੁਸਾਇਟੀਆਂ ਦੇ ਕੰਮ ਕਰਵਾਏ ਗਏ ਸੀ ਪਰੰਤੂ ਇਹ ਕੰਮ ਪੂਰੀ ਤਰ੍ਹਾਂ ਰੋਕ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਨਗਰ ਨਿਗਮ ਸੁਸਾਇਟੀਆਂ ਤੋਂ ਪ੍ਰਾਪਰਟੀ ਟੈਕਸ ਦੀ ਵਸੂਲੀ ਕਰਦਾ ਹੈ ਤਾਂ ਨਿਗਮ ਵਲੋਂ ਇਹਨਾਂ ਦੇ ਕੰਮ ਵੀ ਕਰਵਾਏ ਜਾਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਪੰਚਮ ਸੁਸਾਇਟੀ ਦਾ ਇੱਕ ਵੱਡਾ ਮੁੱਦਾ ਹੈ ਜਿਹੜਾ ਭਾਵੇਂ ਨਗਰ ਨਿਗਮ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ ਪਰੰਤੂ ਉਹ ਹਾਊਸ ਰਾਂਹੀ ਹਲਕਾ ਵਿਧਾਇਕ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਨ ਕਿ ਪੰਚਮ ਸੁਸਾਇਟੀ ਦੇ ਫਲੈਟਾਂ ਦੀ ਟ੍ਰਾਂਸਫਰ ਤੇ ਲੱਗੀ ਰੋਕ ਖਤਮ ਕਰਵਾਈ ਜਾਵੇ। ਰੇਹੜੀਆਂ ਫੜੀਆਂ ਦਾ ਮੁੱਦਾ ਚੁੱਕਦਿਆਂ ਉਹਨਾਂ ਕਿਹਾ ਕਿ ਇੱਕ ਪਾਸੇ ਤਾ ਗਮਾਡਾ ਵਲੋਂ 100-100 ਕਰੋੜ ਦੀਆਂ ਕਮਰਸ਼ੀਲ ਸਾਈਟਾਂ ਵੇਚੀਆਂ ਜਾ ਰਹੀਆਂ ਹਨ ਅਤੇ ਦੂਜੇ ਪਾਸੇ ਸ਼ਹਿਰ ਵਿੱਚ ਰੇਹੜੀਆਂ ਫੜੀਆਂ ਦੀ ਭਰਮਾਰ ਹੈ ਫਿਰ ਵਪਾਰੀਆਂ ਦਾ ਕੰਮ ਕਿਵੇ ਫਾਇਦੇ ਵਿੱਚ ਰਹਿ ਸਕਦਾ ਹੈ।

ਮੀਟਿੰਗ ਦੌਰਾਨ ਕੌਂਸਲਰ ਸਰਬਜੀਤ ਸਿੰਘ ਸਮਾਣਾ ਅਤੇ ਸੁਖਦੇਵ ਸਿੰਘ ਪਟਵਾਰੀ ਵਲੋਂ ਫੇਜ਼ 7 ਦੀ ਇੱਕ ਮਹਿਲਾ ਕੌਂਸਲਰ ਦੇ ਪੁਲੀਸ ਵਲੋਂ ਦਰਜ ਕੀਤੇ ਕੇਸ ਦਾ ਮਾਮਲਾ ਚੁੱਕਿਆ ਗਿਆ ਜਿਸ ਤੇ ਮੇਅਰ ਵਲੋਂ ਕਿਹਾ ਗਿਆ ਕਿ ਤੁਸੀਂ ਮਹਿਲਾ ਕੌਂਸਲਰ ਤੇ ਨਾਜਾਇਜ ਪਰਚਾ ਦਰਜ ਕਰਵਾਇਆ ਹੈ ਅਤੇ ਸਾਡੀ ਸਰਕਾਰ ਆਵੇਗੀ ਤਾਂ ਅਸੀਂ ਵੀ ਦੱਸਾਂਗੇ ਕਿ ਕੇਸ ਕਿਵੇਂ ਹੁੰਦੇ ਹਨ। ਇਸ ਮੌਕੇ ਮੇਅਰ ਜੀਤੀ ਸਿੱਧੂ ਅਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਵਿਚਾਲੇ ਤਲਖ ਕਲਾਮੀ ਵੀ ਹੋਈ।

ਕੌਂਸਲਰ ਹਰਜੀਤ ਸਿੰਘ ਭੋਲੂ ਨੇ ਆਪਣੇ ਵਾਰਡ ਦੀਆਂ ਸਮੱਸਿਆਵਾਂ ਦਾ ਜਿਕਰ ਕੀਤਾ ਅਤੇ ਕਿਹਾ ਕਿ ਵਸਨੀਕਾਂ ਨੂੰ ਕਮਿਉਨਿਟੀ ਸੈਂਟਰ ਦੀ ਸੁਵਿਧਾ ਮੁਹਈਆ ਕਰਵਾਈ ਜਾਵੇ। ਕੌਂਸਲਰ ਬਲਜੀਤ ਕੌਰ ਮੁਹਾਲੀ ਅਤੇ ਰੁਪਿੰਦਰ ਕੌਰ ਰੀਨਾ ਵਲੋਂ ਫੇਜ਼ 5 ਅਤੇ ਫੇਜ਼ 4 ਦੇ ਖੇਤਰ ਵਿੱਚ ਹਰ ਸਾਲ ਆਉਂਦੀ ਬਰਸਾਤੀ ਪਾਣੀ ਦੀ ਸਮੱਸਿਆ ਦੇ ਹਲ ਲਈ ਲੋੜੀਂਦੀ ਕਾਰਵਾਈ ਦੀ ਮੰਗ ਕੀਤੀ ਗਈ। ਕੌਂਸਲਰ ਦਵਿੰਦਰ ਕੌਰ ਵਾਲੀਆ ਵਲੋਂ ਉਹਨਾਂ ਦੇ ਵਾਰਡ ਵਿੱਚ ਪੇਸ਼ ਆਉਂਦੀ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਮਸਲਾ ਹਲ ਕਰਨ ਦੀ ਮੰਗ ਕੀਤੀ ਗਈ।

 

Continue Reading

Mohali

ਏ ਵਨ ਕੇਟਰ ਦੇ ਮਾਲਕ ਭਰਾਵਾਂ ਨੂੰ ਸਦਮਾ, ਮਾਤਾ ਦਾ ਅਕਾਲ ਚਲਾਣਾ

Published

on

By

 

ਐਸ ਏ ਐਸ ਨਗਰ, 27 ਮਾਰਚ (ਸ.ਬ.) ਮੁਹਾਲੀ ਦੇ ਮਸ਼ਹੂਰ ਏ ਵਨ ਕੇਟਰ ਦੇ ਮਾਲਕ ਭਰਾਵਾਂ ਰਜਿੰਦਰ ਸਿੰਘ (ਸਤਨਾਮ) ਅਤੇ ਕਮਲਜੀਤ ਸਿੰਘ (ਰਾਜਾ) ਦੇ ਮਾਤਾ ਮਹਿੰਦਰ ਕੌਰ (ਪਤਨੀ ਸਵਰਗੀ ਸz. ਦਲੀਪ ਸਿੰਘ) ਅਕਾਲ ਚਲਾਣਾ ਕਰ ਗਏ ਹਨ। ਉਹ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਸਨ ਅਤੇ ਬੀਤੀ ਰਾਤ ਅਚਾਨਕ ਤਬੀਅਤ ਖਰਾਬ ਹੋਣ ਤੇ ਉਹਨਾਂ ਨੇ ਪ੍ਰਾਣ ਤਿਆਗ ਦਿੱਤੇ।

ਮਾਤਾ ਮਹਿੰਦਰ ਕੌਰ ਦਾ ਅੰਤਮ ਸਸਕਾਰ ਅੱਜ ਸਥਾਨਕ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਜੁੜੇ ਏ ਵਨ ਪਰਿਵਾਰ ਦੇ ਨਜਦੀਕੀਆਂ, ਵੱਖ ਵੱਖ ਸਿਆਸੀ ਪਾਰਟੀਆਂ ਅਤੇ ਸਮਾਜਿਕ ਜੱਥੇਬੰਦੀਆਂ ਦੇ ਨੁਮਇੰਦਿਆਂ, ਫੇਜ਼ 3 ਬੀ 2 ਅਤੇ ਫੇਜ਼ 5ਦੀ ਮਾਰਕੀਟ ਦੇ ਦੁਕਾਨਦਾਰਾਂ, ਨਜਦੀਕੀ ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਅੰਤਮ ਵਿਦਾਇਗੀ ਦਿੱਤੀ ਗਈ।

ਇਸ ਮੌਕੇ ਨਗਰ ਨਿਗਮ ਦੇ ਡਿਪਟੀ ਮੇਅਰ ਸz. ਕੁਲਜੀਤ ਸਿੰਘ ਬੇਦੀ, ਮਿਉਂਸਪਲ ਕੌਂਸਲਰ ਸz. ਜਸਪ੍ਰੀਤ ਸਿੰਘ ਗਿਲ, ਸਮਾਜਸੇਵੀ ਆਗੂ ਰਾਜਾ ਕੰਵਰਜੋਤ ਸਿੰਘ ਮੁਹਾਲੀ, ਲਾਇੰਸ ਕਲੱਬ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਗੁਲਾਟੀ, ਫਕੀਰ ਸਿੰਘ ਖਿੱਲਣ, ਪਰਵਿੰਦਰ ਸਿੰਘ ਬੌਬੀ, ਗੁਰੂਦੁਆਰਾ ਸਾਚਾ ਧੰਨ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਤੇ ਸ਼ਹਿਰ ਦੇ ਪਤਵੰਤਿਆਂ ਵਲੋਂ ਏਵਨ ਕੇਟਰ ਦੇ ਮਾਲਕ ਭਰਾਵਾਂ ਨਾਲ ਦੁਖ ਸਾਂਝਾ ਕੀਤਾ ਗਿਆ।

ਪਰਿਵਾਰ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਮਾਤਾ ਮਹਿੰਦਰ ਕੌਰ ਨਮਿਤ ਅੰਤਮ ਅਰਦਾਸ 31 ਮਾਰਚ ਨੂੰ ਗੁਰੂਦੁਆਰਾ ਸ੍ਰੀ ਸਾਚਾ ਧੰਨ ਸਾਹਿਬ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤਕ ਹੋਵੇਗੀ।

Continue Reading

Mohali

ਏ. ਡੀ. ਸੀ. ਵੱਲੋਂ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਰੋਡ ਸੇਫਟੀ ਕਮੇਟੀ ਦੇ ਮੈਂਬਰਾਂ ਨਾਲ ਸਮੀਖਿਆ ਮੀਟਿੰਗ

Published

on

By

 

 

ਐਸ ਏ ਐਸ ਨਗਰ, 27 ਮਾਰਚ (ਸ.ਬ.) ਵਧੀਕ ਡਿਪਟੀ ਕਮਿਸ਼ਨਰ (ਜ) ਗੀਤਿਕਾ ਸਿੰਘ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਟਰਾਂਸਪੋਰਟ ਵਿਭਾਗ ਅਤੇ ਜ਼ਿਲ੍ਹਾ ਰੋਡ ਸੇਫਟੀ ਕਮੇਟੀ ਨਾਲ ਰੋਡ ਸੇਫਟੀ ਦੇ ਪ੍ਰਬੰਧਾਂ ਬਾਰੇ ਵਿਸੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਵੱਲੋਂ ਅਧਿਕਾਰੀਆਂ ਨੂੰ ਜ਼ਿਲ੍ਹੇ ਦੀਆਂ ਮੁੱਖ ਸੜਕਾਂ ਉੱਪਰ ਬਲੈਕ ਸਪੋਟ (ਦੁਰਘਟਨਾ ਸੰਭਾਵੀ ਥਾਵਾਂ) ਜਿਨ੍ਹਾਂ ਕਾਰਨ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ, ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਠੀਕ ਕਰਨ ਲਈ ਕਿਹਾ।

ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਸ਼ਹਿਰ ਵਿੱਚ ਨਵੀਂ ਸ਼ੁਰੂ ਕੀਤੀ ਗਈ ਸਿਟੀ ਸਰਵੇਲੈਂਸ ਤੇ ਟ੍ਰੈਫ਼ਿਕ ਮੈਨੇਜਮੈਂਟ ਪ੍ਰਣਾਲੀ ਅਧੀਨ ਨਗਰ ਨਿਗਮ ਅਤੇ ਗਮਾਡਾ ਨੂੰ ਹਦਾਇਤ ਕੀਤੀ ਗਈ ਹੈ ਕਿ ਪੁਲੀਸ ਨਾਲ ਮਿਲ ਕੇ ਸੜ੍ਹਕਾਂ ਤੇ ਆਵਾਜਾਈ ਚਿੰਨ੍ਹਾਂ ਜਿਵੇਂ ਕਿ ਜ਼ੈਬਰਾ ਕ੍ਰਾਸਿੰਗ, ਸਟਾਪ ਲਾਈਨਾਂ ਅਤੇ ਸਪੀਡ ਲਿਮਿਟ ਦੀ ਸਪੱਸ਼ਟਤਾ ਆਦਿ ਨੂੰ ਤੁਰੰਤ ਯਕੀਨੀ ਬਣਾਉਣ। ਉਨ੍ਹਾਂ ਵੱਲੋਂ ਜ਼ਿਲ੍ਹੇ ਦੀਆਂ ਸੜਕਾਂ ਤੇ ਬਲੈਕ ਸਪੋਟਾਂ (ਦੁਰਘਟਨਾਵਾਂ ਵਾਲੀਆ ਥਾਵਾਂ) ਨੂੰ ਤੁਰੰਤ ਸਹੀ ਕਰਨ ਲਈ ਜ਼ਿਲ੍ਹੇ ਦੇ ਵੱਖ-ਵੱਖ ਅਦਾਰਿਆਂ ਐਨ. ਐਚ. ਏ. ਆਈ, ਗਮਾਡਾ, ਬੀ ਐਂਡ ਆਰ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਉਨ੍ਹਾਂ ਸ਼ਹਿਰ ਵਿੱਚ ਸੜਕਾਂ ਉੱਪਰ ਬਣੇ ਅਣਅਧਿਕਾਰਤ ਕੱਟਾਂ ਨੂੰ ਬੰਦ ਕਰਨ ਅਤੇ ਸੜਕਾਂ ਦੇ ਆਸੇ ਪਾਸੇ ਲਗਾਈਆਂ ਜਾਂਦੀਆਂ ਰੇੜ੍ਹੀਆਂ, ਫੜ੍ਹੀਆਂ ਅਤੇ ਵਾਹਨਾਂ ਦੀ ਗਲਤ ਪਾਰਕਿੰਗ ਆਦਿ ਨੂੰ ਰੋਕਣ ਲਈ ਲਗਾਤਾਰ ਚੈਕਿੰਗ ਕਰਨ ਲਈ ਕਿਹਾ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਲੋਕਾਂ ਨੂੰ ਸਰਕਾਰ ਦੁਆਰਾ ਚਲਾਈ ਗਈ ਸਕੀਮ ਫਾਰ ਗਰਾਂਟ ਆਫ ਅਵਾਰਡ ਟੂ ਦਾ ਗੁੱਡ ਸਾਮਰੀਟਨ ਬਾਰੇ ਜਾਣੂ ਕਰਵਾਉਣ ਲਈ ਕਿਹਾ ਗਿਆ ਕਿ ਜੇਕਰ ਕੋਈ ਵਿਅਕਤੀ ਕਿਸੇ ਐਕਸੀਡੈਂਟ ਹੋਏ ਵਿਅਕਤੀ ਦੀ ਮਦਦ ਕਰਦਾ ਹੈ ਤਾਂ ਉਸਨੂੰ ਸਰਕਾਰ ਵੱਲੋ 2000 ਰੁਪਏ (ਫ਼ਰਿਸ਼ਤੇ ਸਕੀਮ ਤਹਿਤ) ਦਿੱਤੇ ਜਾਣਗੇ।

ਮੀਟਿੰਗ ਦੌਰਾਨ ਏ. ਡੀ. ਸੀ. ਨੇ ਕਿਹਾ ਕਿ ਸਕੂਲੀ ਬੱਸਾਂ ਵਿੱਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੱਚਿਆਂ ਦੀ ਸੁਰੱਖਿਆ ਸਬੰਧੀ ਪੁਖਤਾ ਪ੍ਰਬੰਧ ਹੋਣੇ ਯਕੀਨੀ ਬਣਾਏ ਜਾਣ। ਬੱਸ ਦੇ ਡਰਾਇਵਰਾਂ ਅਤੇ ਲੇਡੀ ਅਟੈਡੈਂਟ ਨੂੰ ਸੇਫ ਸਕੂਲ ਵਾਹਨ ਸਕੀਮ ਅਨੁਸਾਰ ਸਕੂਲੀ ਬੱਸਾਂ ਦੇ ਰੱਖ-ਰਖਾਓ, ਸੁਰੱਖਿਅਤ ਡਰਾਇਵਿੰਗ ਨਿਯਮਾਂ ਦੀ ਪਾਲਣਾ ਕਰਨ ਹਿੱਤ ਜਾਗਰੂਕ ਕੀਤਾ ਜਾਵੇ ਅਤੇ ਸਾਰੀਆਂ ਸਕੂਲੀ ਬੱਸਾਂ ਵਿੱਚ ਮੌਜੂਦ ਕੈਮਰੇ, ਅੱਗ ਬੁਝਾਊ ਯੰਤਰ ਅਤੇ ਫਾਸਟ ਏਡ ਬਾਕਸ ਆਦਿ ਚੈੱਕ ਕੀਤੇ ਜਾਣ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਜ਼ਿਲ੍ਹੇ ਦੇ ਸਕੂਲਾਂ ਵਿੱਚ ਵੀ ਬੱਚਿਆਂ ਨੂੰ ਵੀ ਟ੍ਹੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਲਈ ਯੋਗ ਪ੍ਰਬੰਧ ਕੀਤੇ ਜਾਣ।

ਇਸ ਮੌਕੇ ਐਸ. ਡੀ. ਐਮ, ਡੇਰਾਬੱਸੀ, ਸ੍ਰੀ ਅਮਿਤ ਗੁਪਤਾ ਆਰ. ਟੀ. ਏ ਸ੍ਰੀ ਪ੍ਰਦੀਪ ਸਿੰਘ ਢਿੱਲੋਂ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

Continue Reading

Trending