Chandigarh
ਅਮਿਤ ਸ਼ਾਹ ਦੇ ਬਿਆਨ ਤੇ ਪੰਜਾਬ ਵਿਧਾਨ ਸਭਾ ਵਿੱਚ ਹੰਗਾਮਾ

ਨਿੰਦਾ ਪ੍ਰਤਸਾਵ ਲਿਆਉਣ ਦੀ ਮੰਗ
ਚੰਡੀਗੜ੍ਹ, 24 ਮਾਰਚ (ਸ.ਬ.) ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਰਾਜ ਸਭਾ ਵਿਚ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦਾ ਨਾਂ ਲਏ ਬਗੈਰ ਦਿੱਤੇ ਗਏ ਬਿਆਨ ਦੇ ਮਾਮਲੇ ਤੇ ਪੰਜਾਬ ਦੀ ਵਿਧਾਨ ਸਭਾ ਵਿਚ ਕਾਫ਼ੀ ਹੰਗਾਮਾ ਹੋਇਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਰਲੀਮੈਂਟ ਵਿਚ ਕਿਹਾ ਸੀ ਕਿ ਕੁੱਝ ਲੋਕ ਪੰਜਾਬ ਵਿਚ ਭਿਡਰਾਂਵਾਲਾ ਬਣਨਾ ਚਾਹੁੰਦੇ ਸੀ, ਪਰ ਅਸੀਂ ਉਨ੍ਹਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਵਿਚ ਭੇਜ ਦਿੱਤਾ, ਜਿੱਥੇ ਉਹ ਸ਼ਾਂਤੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਹਨ।
ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ ਬਿਆਨ ਦਾ ਹਵਾਲਾ ਦਿੰਦਿਆਂ ਆਖ਼ਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਇਲਮ ਨਹੀਂ ਕਿ ਜੇਲ੍ਹ ਦੇ ਕਿਸੇ ਸੈਲ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤੇ ਬਗੈਰ ਪਾਠ ਕਿਵੇਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹਾਊਸ ਨੂੰ ਇਸ ਗੱਲ ਦਾ ਨੋਟਿਸ ਲੈਣ ਦੀ ਲੋੜ ਹੈ। ਬਾਜਵਾ ਨੇ ਕਿਹਾ ਕਿ ਜੇ ਕਿਸੇ ਨੂੰ ਕਿਸੇ ਧਰਮ ਦੀਆਂ ਧਾਰਮਿਕ ਮਾਨਤਾਵਾਂ ਬਾਰੇ ਨਹੀਂ ਪਤਾ, ਤਾਂ ਉਸ ਨੂੰ ਉਸ ਬਾਰੇ ਨਹੀਂ ਬੋਲਣਾ ਚਾਹੀਦਾ। ਬਾਜਵਾ ਨੇ ਕਿਹਾ ਕਿ ਇਹ ਇਤਰਾਜ਼ਯੋਗ ਗੱਲ ਹੈ ਤੇ ਵਿਧਾਨ ਸਭਾ ਵਿਚ ਇਸ ਬਾਰੇ ਨਿੰਦਾ ਪ੍ਰਸਤਾਵ ਪੇਸ਼ ਕੀਤਾ ਜਾਣਾ ਚਾਹੀਦਾ ਹੈ।
ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਇਸ ਬਾਰੇ ਕਿਹਾ ਕਿ ਰਾਜਨੀਤਕ ਭਾਸ਼ਣਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਨਾਂ ਬਹੁਤ ਸੋਚ ਸਮਝ ਕੇ ਲਿਆਉਣਾ ਚਾਹੀਦਾ ਹੈ। ਇਸ ਬਾਰੇ ਧਾਰਮਿਕ ਮਾਮਲਿਆਂ ਦੇ ਮਾਹਿਰਾਂ ਤੋਂ ਰਾਏ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਤਾਂ ਉਸ ਨੂੰ ਦੱਸਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿਰਫ਼ ਸਿੱਖਾਂ ਦੇ ਹੀ ਗੁਰੂ ਨਹੀਂ ਸਗੋਂ ਸਾਰਿਆਂ ਦੇ ਸਾਂਝੇ ਹਨ, ਉਨ੍ਹਾਂ ਦਾ ਸਨਮਾਨ ਬਹਾਲ ਰੱਖਣਾ ਚਾਹੀਦਾ ਹੈ।
ਇਸ ਤੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਬਾਜਵਾ ਸਾਹਿਬ ਪੰਜਾਬ ਦੇ ਵਾਤਾਵਰਣ ਨੂੰ ਖ਼ਰਾਬ ਨਾ ਕਰਨ। ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਭਾਵਨਾਵਾਂ ਭਟਕਾ ਕੇ ਪੰਜਾਬ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਿਆ ਹੈ। ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਤੋੜ ਕੇ ਬੁਲਡੋਜ਼ਰ ਚਲਾਏ, ਉਹ ਅੱਜ ਸਮਾਜ ਨੂੰ ਗਿਆਨ ਨਾ ਦੇਣ।
ਇਸ ਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅਸ਼ਵਨੀ ਸ਼ਰਮਾ ਨੂੰ ਕਿਹਾ ਕਿ ਜਿਹੜੇ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਨਹੀਂ ਪਤਾ, ਉਨ੍ਹਾਂ ਨੂੰ ਦੱਸ ਦਿਓ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਾਜਨੀਤੀ ਤੋਂ ਉੱਪਰ ਰੱਖਿਆ ਜਾਵੇ, ਤੇ ਰਾਜਨੀਤਕ ਭਾਸ਼ਣਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਾਂ ਬਹੁਤ ਸੋਚ ਸਮਝ ਕੇ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ (ਅਮਿਤ ਸ਼ਾਹ) ਕਿਸੇ ਹੋਰ ਤਰੀਕੇ ਨਾਲ ਵੀ ਇਹ ਗੱਲ ਕਰ ਸਕਦੇ ਸਨ। ਸੰਧਵਾਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਨਮਾਨ ਬਹਾਲ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ।
Chandigarh
ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਅਧੀਨ 20 ਕਰੋੜ ਰੁਪਏ ਦੀ ਰਾਸ਼ੀ ਜਾਰੀ

3922 ਲਾਭਪਾਤਰੀ ਪਰਿਵਾਰਾਂ ਨੂੰ ਮਿਲੇਗਾ ਲਾਭ : ਡਾ. ਬਲਜੀਤ ਕੌਰ
ਚੰਡੀਗੜ੍ਹ, 29 ਮਾਰਚ (ਸ.ਬ.) ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਅਸ਼ੀਰਵਾਦ ਸਕੀਮ ਅਧੀਨ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀ ਪਰਿਵਾਰਾਂ ਲਈ 20 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਹ ਪ੍ਰਗਟਾਵਾ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ ਬਲਜੀਤ ਕੌਰ ਨੇ ਕੀਤਾ। ਡਾ ਬਲਜੀਤ ਕੌਰ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ 2024-25 ਦੌਰਾਨ ਅਸ਼ੀਰਵਾਦ ਸਕੀਮ ਤਹਿਤ 12 ਜ਼ਿਲ੍ਹਿਆਂ ਤੋਂ ਪ੍ਰਾਪਤ ਹੋਈਆਂ 3922 ਅਰਜ਼ੀਆਂ ਤੇ ਕਾਰਵਾਈ ਕਰਦਿਆਂ 20 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਸ਼ੀਰਵਾਦ ਸਕੀਮ ਅਧੀਨ ਘੱਟ ਆਮਦਨੀ ਵਾਲੇ ਪਰਿਵਾਰ ਨਾਲ ਸਬੰਧਤ ਲੜਕੀ ਦੇ ਵਿਆਹ ਲਈ 51000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
ਡਾ. ਬਲਜੀਤ ਕੌਰ ਨੇ ਦੱਸਿਆ ਕਿ ਜਿਨ੍ਹਾਂ 12 ਜ਼ਿਲ੍ਹਿਆਂ ਦੇ ਲਾਭਪਾਤਰੀਆਂ ਲਈ ਰਾਸ਼ੀ ਜਾਰੀ ਕੀਤੀ ਗਈ ਹੈ, ਉਨ੍ਹਾਂ ਵਿੱਚ ਅੰਮ੍ਰਿਤਸਰ ਦੇ 1476, ਬਰਨਾਲਾ ਦੇ 56, ਫਰੀਦਕੋਟ ਦੇ 111, ਫਿਰੋਜ਼ਪੁਰ ਦੇ 389, ਸ੍ਰੀ ਫਤਹਿਗੜ੍ਹ ਸਾਹਿਬ ਦੇ 84, ਫਾਜ਼ਿਲਕਾ ਦੇ 188, ਕਪੂਰਥਲਾ ਦੇ 216, ਲੁਧਿਆਣਾ ਦੇ 767, ਮਾਨਸਾ ਦੇ 96, ਸ੍ਰੀ ਮੁਕਤਸਰ ਸਾਹਿਬ ਦੇ 152, ਰੂਪਨਗਰ ਦੇ 89 ਅਤੇ ਐਸ.ਬੀ.ਐਸ. ਨਗਰ ਦੇ 298 ਲਾਭਪਾਤਰੀ ਸ਼ਾਮਲ ਹਨ।
ਉਹਨਾਂ ਕਿਹਾ ਕਿ ਅਸ਼ੀਰਵਾਦ ਸਕੀਮ ਦਾ ਲਾਭ ਲੈਣ ਲਈ ਬਿਨੈਕਾਰ ਦਾ ਪੰਜਾਬ ਦਾ ਸਥਾਈ ਨਿਵਾਸੀ ਹੋਣਾ, ਪਰਿਵਾਰ ਦੀ ਸਾਲਾਨਾ ਆਮਦਨ 32,790 ਰੁਪਏ ਤੋਂ ਘੱਟ ਹੋਣਾ ਅਤੇ ਬਿਨੈਕਾਰ ਦਾ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਜਾਂ ਹੋਰ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਨਾਲ ਸਬੰਧਤ ਹੋਣਾ ਲਾਜ਼ਮੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਕੀਮ ਅਧੀਨ ਇਕ ਪਰਿਵਾਰ ਦੀਆਂ ਦੋ ਧੀਆਂ ਲਾਭਪਾਤਰੀ ਹੋ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਲਾਭਪਾਤਰੀਆਂ ਨੂੰ ਵਿੱਤੀ ਸਹਾਇਤਾ ਡੀ.ਬੀ.ਟੀ ਰਾਹੀਂ ਸਿੱਧਾ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾਂਦੀ ਹੈ।
Chandigarh
ਸਰਕਾਰੀ ਸਕੂਲ ਦੀਆਂ ਲੜਕੀਆਂ ਨੂੰ ਮਿਲੇਗੀ ਨਿਸ਼ਾ ਸਕਾਲਰਸ਼ਿਪ
ਚੰਡੀਗੜ੍ਹ, 29 ਮਾਰਚ (ਸ.ਬ.) ਚੰਡੀਗੜ੍ਹ ਦੀ ਸੇਵਾਮੁਕਤ ਸਰਕਾਰੀ ਕਰਮਚਾਰੀ ਸ੍ਰੀਮਤੀ ਜਤਿੰਦਰ ਕੌਰ ਵਲੋਂ ਸਰਕਾਰੀ ਸੈਕੰਡਰੀ ਮਾਡਲ ਸਕੂਲ 37 ਡੀ ਚੰਡੀਗੜ੍ਹ 5 ਲੜਕੀਆਂ ਨੂੰ ਇੱਕ ਸਾਲ ਵਾਸਤੇ ਨਿਸ਼ਾ ਸਕਾਲਰਸ਼ਿਪ ਦੇਣ ਦਾ ਵਾਅਦਾ ਕੀਤਾ ਹੈ।
ਇਸ ਸੰਬੰਧੀ ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਦੇ ਚੇਅਰਮੈਨ ਸ਼੍ਰੀ ਕੇ ਕੇ ਸੈਣੀ ਨੇ ਦੱਸਿਆ ਕਿ ਪਹਿਲਾਂ 11ਵੀਂ ਦੀਆਂ 5 ਲੜਕੀਆਂ ਨੂੰ ਦਿੱਤੀ ਗਈ ਸੀ ਅਤੇ ਹੁਣ ਉਹਨਾਂ ਦੀ ਪ੍ਰੋਗਰੈਸ ਰਿਪੋਰਟ ਅਤੇ ਰਿਜਲਟ ਤੋਂ ਬਾਅਦ ਸਮਾਜਸੇਵੀ ਸੰਸਥਾ ਸੋਸ਼ਲ ਸਬਸਟਾਂਸ ਦੇ ਮੈਂਬਰਾਂ ਵਲੋਂ ਫੈਸਲਾ ਕੀਤਾ ਗਿਆ ਕਿ ਇਹਨਾਂ ਲੜਕੀਆਂ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਵਾਸਤੇ ਮਦਦ ਦਿੱਤੀ ਜਾਵੇ।
ਇਸ ਮੌਕੇ ਸ੍ਰੀਮਤੀ ਜਤਿੰਦਰ ਕੌਰ ਨੇ ਲੜਕੀਆਂ ਨੂੰ ਇੱਕ ਸਾਲ ਵਾਸਤੇ ਸਕਾਲਰਸ਼ਿਪ ਦੇਣ ਦਾ ਵਾਅਦਾ ਕੀਤਾ। ਇਸ ਵਿੱਚ ਲੜਕੀਆਂ ਦੀ ਸਕੂਲ ਦੀ ਸਲਾਨਾ ਅਤੇ ਪੇਪਰਾਂ ਦੀ ਫੀਸ, ਸਟੇਸ਼ਨਰੀ, ਹੈਲਥ ਚੈੱਕਅਪ ਅਤੇ ਲੋੜੀਂਦੀ ਦਵਾਈਆਂ ਦੇਣ ਦਾ ਪ੍ਰਬੰਧ ਕੀਤਾ ਜਾਵੇਗਾ।
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਆਸ਼ਾ ਰਾਣੀ, ਟੀਚਰ ਗੀਤਾ, ਡਾਕਟਰ ਅਰੁਣ ਬਾਂਸਲ, ਮੋਨਿਕਾ, ਪਾਰੁਲ, ਖੁਸ਼ੀ, ਹਰਿਸਤਾ, ਰੀਆ ਅਤੇ ਲੜਕੀਆਂ ਦੇ ਮਾਤਾ ਪਿਤਾ ਹਾਜ਼ਰ ਸਨ।
Chandigarh
ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ ਵਿੱਚ ਚੁੱਕਿਆ ਐਸ. ਏ.ਐਸ. ਨਗਰ ਵਿਖੇ ਵਰਕਿੰਗ ਵੂਮਨ ਹੋਸਟਲ ਬਣਾਉਣ ਦਾ ਮੁੱਦਾ

ਥਾਣਿਆਂ ਵਿੱਚ ਪਏ ਦੁਰਘਟਨਾ ਗ੍ਰਸਤ ਵਾਹਨਾਂ ਦੀ ਨਿਲਾਮੀ ਦਾ ਮੁੱਦਾ ਵੀ ਚੁੱਕਿਆ
ਚੰਡੀਗੜ੍ਹ, 28 ਮਾਰਚ, (ਸ.ਬ.) ਐਸ. ਏ. ਐਸ ਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ. ਕੁਲਵੰਤ ਸਿੰਘ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਐਸ.ਏ.ਐਸ. ਨਗਰ ਵਿਖੇ ਵਰਕਿੰਗ ਵੂਮਨ ਹੋਸਟਲ ਬਣਾਉਣ ਅਤੇ ਥਾਣਿਆਂ ਵਿੱਚ ਪਏ ਦੁਰਘਟਨਾ ਗ੍ਰਸਤ ਵਾਹਨਾਂ ਦੀ ਨਿਲਾਮੀ ਦੇ ਮੁੱਦੇ ਚੁੱਕੇ ਗਏ।
ਵਰਕਿੰਗ ਵੂਮਨ ਹੋਸਟਲ ਬਣਾਉਣ ਸੰਬੰਧੀ ਮੁੱਦਾ ਚੁੱਕਦਿਆਂ ਉਹਨਾਂ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀਆਂ, ਸਮਾਜਿਕ ਸਰੁੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੂੰ ਸਵਾਲ ਪੁੱਛਿਆ ਗਿਆ ਕਿ ਐਸ. ਏ. ਐਸ. ਨਗਰ ਵਿੱਚ ਵਰਕਿੰਗ ਵੂਮਨ ਹੋਸਟਲ ਬਣਾਉਣ ਲਈ ਕੀਤੀ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮੁਹਾਲੀ ਐਜੂਸਿਟੀ, ਮੈਡੀਸਿਟੀ, ਆਈ.ਟੀ.ਆਈ. ਸਿਟੀ ਦੇ ਤੌਰ ਤੇ ਵਿਕਸਿਤ ਹੋ ਰਿਹਾ ਹੈ ਅਤੇ ਇਥੇ ਬਹੁਤ ਸਾਰੀਆਂ ਇਸਤਰੀਆਂ ਕੰਮ ਕਰ ਰਹੀਆਂ ਹਨ। ਇਥੇ ਲੁੱਟ ਖਸੁੱਟ ਦਾ ਵੀ ਖਤਰਾ ਬਣਿਆ ਰਹਿੰਦਾ ਹੈ ਅਤੇ ਇਸ ਦੇ ਮੱਦੇਨਜ਼ਰ ਇੱਥੇ ਕੋਈ ਵਰਿਕੰਗ ਵੂਮੈਨ ਹੋਸਟਲ ਬਣਾਉਣ ਦੀ ਬਹੁਤ ਜ਼ਰੂਰਤ ਹੈ। ਉਹਨਾਂ ਸਵਾਲ ਕੀਤਾ ਕਿ ਕੀ ਅਜਿਹੀ ਕੋਈ ਤਜਵੀਜ਼ ਸਰਕਾਰ ਦੇਵਿਚਾਰ ਅਧੀਨ ਹੈ? ਜੇਕਰ ਹੈ ਤਾਂ ਕਦੋਂ ਤੱਕ ਤਿਆਰ ਹੋ ਜਾਵੇਗਾ?
ਇਸਦੇ ਜਵਾਬ ਵਿੱਚ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਐਸ.ਏ.ਐਸ. ਨਗਰ ਵਿਖੇ 3 ਵਰਿਕੰਗ ਵੂਮੈਨ ਹੋਸਟਲ ਬਣਾਉਣ ਦੀ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਹੈ। ਮੁਹਾਲੀ ਦੇ ਸੈਕਟਰ 79 ਵਿੱਚ 0.98 ਏਕੜ ਦੇ ਪਲਾਟ ਵਿੱਚ 100 ਕੰਮਕਾਜੀ ਔਰਤਾਂ ਲਈ 12.57 ਕਰੋੜ ਦੀ ਲਾਗਤ ਨਾਲ ਵਰਿਕੰਗ ਵੂਮੈਨ ਹੋਸਟਲ ਬਣਾਇਆ ਜਾਣਾ ਹੈ। ਉਨ੍ਹਾਂ ਕਿਹਾ ਕਿ ਇਸ ਹੋਸਟਲ ਦੀ ਉਸਾਰੀ ਦਾ ਕੇਸ ਨਿਰਭਯਾ ਫੰਡ ਅਧੀਨ ਪ੍ਰਵਾਨ ਹੋ ਚੁੱਕਾ ਹੈ। ਇਸ ਰਾਸ਼ੀ ਦਾ 60 ਫੀਸਦੀ (ਰੁ: 7.54 ਕਰੋੜ) ਭਾਰਤ ਸਰਕਾਰ ਵੱਲੋਂ ਨਿਰਭਯਾ ਫੰਡ ਵਿੱਚੋਂ ਦਿੱਤਾ ਜਾਵੇਗਾ ਅਤੇ 40 ਫੀਸਦੀ (ਰੁ: 5.03 ਕਰੋੜ) ਰਾਜ ਸਰਕਾਰ ਵੱਲੋਂ ਦਿੱਤਾ ਜਾਵੇਗਾ। ਭਾਰਤ ਸਰਕਾਰ ਤੋਂ ਰਾਸ਼ੀ ਜਲਦ ਪ੍ਰਾਪਤ ਹੋਣ ਦੀ ਸੰਭਾਵਨਾ ਹੈ, ਜਿਸ ਉਪਰੰਤ ਇਸ ਹੋਸਟਲ ਦੀ ਉਸਾਰੀ ਸ਼ੁਰੂ ਕਰ ਦਿੱਤੀ ਜਾਵੇਗੀ।
ਉਹਨਾਂ ਕਿਹਾ ਕਿ ਮੁਹਾਲੀ ਦੇ ਸੈਕਟਰ 66 ਵਿੱਚ ਗਮਾਡਾ ਵੱਲੋਂ 5 ਏਕੜ ਦੇ ਪਲਾਟ ਦੀ ਸ਼ਨਾਖਤ ਇਸ ਮੰਤਵ ਲਈ ਕੀਤੀ ਗਈ ਹੈ। ਇਸ ਪਲਾਟ ਵਿੱਚ 3.5 ਏਕੜ ਵਿੱਚ 350 ਕੰਮਕਾਜੀ ਔਰਤ ਲਈ ਰੁਪਏ 73.85 ਕਰੋੜ ਦੀ ਲਾਗਤ ਨਾਲ ਵਰਕਿੰਗ ਵੂਮੈਨ ਹੋਸਟਲ ਬਣਾਉਣ ਦਾ ਕੇਸ ਪੂੰਜੀ ਨਿਵੇਸ਼ ਲਈ ਰਾਜਾਂ ਨੂੰ ਵਿਸ਼ੇਸ਼ ਸਹਾਇਤਾ (ਐਸ ਏ ਐਸ ਸੀ ਏ) ਸਕੀਮ ਅਧੀਨ ਫੰਡਿੰਗ ਲਈ ਭਾਰਤ ਸਰਕਾਰ ਤੋਂ ਮੰਨਜ਼ੂਰੀ ਪ੍ਰਾਪਤ ਹੋ ਗਈ ਹੈ। ਇਸੇ ਤਰ੍ਹਾਂ ਮੁਹਾਲੀ ਦੇ ਫੇਜ਼-1 ਵਿੱਚ ਨੈਸ਼ਨਲ ਇਸਟੀਚਿਊਟ ਆਫ ਫੈਸ਼ਨ ਟੈਕਨੋਲਜੀ ਵਿੱਚ 150 ਕੰਮਕਾਜੀ ਔਰਤਾਂ ਲਈ ਰੁਪਏ 25.26 ਕਰੋੜ ਦੀ ਲਾਗਤ ਨਾਲ ਵਰਿਕੰਗ ਵੂਮੈਨ ਹੋਸਟਲ ਬਣਾਉਣ ਦਾ ਕੇਸ ਪੂੰਜੀ ਨਿਵੇਸ਼ ਲਈ ਰਾਜਾਂ ਨੂੰ ਵਿਸ਼ੇਸ਼ ਸਹਾਇਤਾ ਸਕੀਮ ਅਧੀਨ ਫਡਿੰਗ ਲਈ ਮੰਜ਼ੂਰੀ ਭਾਰਤ ਸਰਕਾਰ ਤੋਂ ਪ੍ਰਾਪਤ ਹੋ ਗਈ ਹੈ। ਉਹਨਾਂ ਕਿਹਾ ਕਿ ਉਕਤ 3 ਹੋਸਟਲਾਂ ਦਾ ਐਸਟੀਮੇਟ ਲਗਾ ਕੇ ਅਤੇ ਟੈਂਡਰ ਲਗਾ ਕੇ ਉਸਾਰੀ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਹਨਾਂ ਹੋਸਟਲਾਂ ਦੀ ਉਸਾਰੀ ਸਾਲ 2026 ਦੇ ਅੰਤ ਤੱਕ ਪੂਰੀ ਹੋਣ ਦੀ ਸੰਭਾਵਨਾ ਹੈ।
ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨਸਭਾ ਵਿੱਚ ਸਭਾ ਵਿੱਚ ਥਾਣਿਆਂ ਵਿੱਚ ਪਏ ਦੁਰਘਟਨਾ ਗ੍ਰਸਤ ਵਾਹਨਾਂ ਦੀ ਨਿਲਾਮੀ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਥਾਣਿਆਂ ਦੇ ਚਾਰੇ ਪਾਸੇ ਦੁਰਘਟਨਾ ਗ੍ਰਸਤ ਵਾਹਨ ਪਏ ਹੁੰਦੇ ਹਨ ਜੋ ਕਿ ਬੜਾ ਗੰਭੀਰ ਮਾਮਲਾ ਹੈ। ਵਾਹਨਾਂ ਦੇ ਬਹੁਤ ਵੱਡੇ ਢੇਰ/ਗਿਣਤੀ ਹੋਣ ਕਾਰਨ ਇਨ੍ਹਾਂ ਵਿੱਚ ਮੱਛਰ ਅਤੇ ਹੋਰ ਜਾਨਵਰਾਂ ਦੇ ਪੈਦਾ ਹੋਣ ਨਾਲ ਬਿਮਾਰੀਆਂ ਲੱਗਣ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਥਾਣਿਆਂ ਅੰਦਰ 39,000 ਹਜ਼ਾਰ ਦੇ ਕਰੀਬ ਦੁਰਘਟਨਾ ਗ੍ਰਸਤ ਵਾਹਨ ਪਏ ਨੇ, ਜਿਨ੍ਹਾਂ ਦੀ ਬਹੁਤ ਜਲਦੀ ਨਿਲਾਮੀ ਕਰ ਦਿੱਤੀ ਜਾਣੀ ਚਾਹੀਦੀ ਹੈ। ਜੇਕਰ ਇਹ 39,000 ਹਜ਼ਾਰ ਵਾਹਨ ਵੇਚ ਦਿੱਤੇ ਜਾਣ, ਤਾਂ ਇਨ੍ਹਾਂ ਦੀ ਕੁੱਲ ਕੀਮਤ 125 ਕਰੋੜ ਤੋਂ ਲੈ ਕੇ 150 ਕਰੋੜ ਰੁਪਏ ਬਣਦੀ ਹੈ ਜਿਸ ਨਾਲ ਅਸੀਂ 200 ਏਕੜ ਜਮੀਨ ਖਰੀਦ ਸਕਦੇ ਹਾਂ। ਉਹਨਾਂ ਕਿਹਾ ਕਿ ਸੂਬੇ ਵਿੱਚ ਸਾਡੇ 23 ਜ਼ਿਲ੍ਹੇ ਅਤੇ 97 ਤਹਿਸੀਲਾਂ ਹਨ ਅਤੇ ਜੇਕਰ ਹਰ ਤਹਿਸੀਲ ਨੂੰ 2 ਏਕੜ ਜਗ੍ਹਾਂ ਵੀ ਦੇ ਦਿੱਤੀ ਜਾਵੇ ਤਾਂ ਥਾਣਿਆਂ ਅੰਦਰ ਪਏ ਕਬਾੜ ਦੀ ਸਮੱਸਿਆ ਦਾ ਪੱਕੇ ਤੌਰ ਤੇ ਹੱਲ ਹੋ ਜਾਵੇਗਾ ਅਤੇ ਤਹਿਸੀਲ ਵਿੱਚ ਇੱਕ ਸਾਂਝਾ ਡੰਪ ਬਣ ਜਾਵੇਗਾ। ਜਦੋਂ ਵੀ ਕੋਈ ਕਾਨੂੰਨੀ ਕਾਰਵਾਈ ਪੂਰੀ ਹੋਈ ਥਾਣੇ ਵਿੱਚੋਂ ਉਹ ਵਹੀਕਲ ਚੁੱਕ ਕੇ ਉਸ ਡੰਪ ਵਿੱਚ ਪਹੁੰਚਾ ਦਿੱਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਜਿੰਨੀ ਜਲਦੀ ਹੋ ਸਕੇ ਇਹਨਾਂ ਵਾਹਨਾਂ ਦੀ ਨਿਲਾਮੀ ਕਰ ਦਿੱਤੀ ਜਾਵੇ ਅਤੇ ਇਸ ਨਿਲਾਮੀ ਦਾ ਪੈਸਾ ਕੇਂਦਰੀ ਪੂਲ ਵਿੱਚ ਪਾ ਕੇ ਜਮੀਨ ਖਰੀਦੀ ਜਾਵੇ ਅਤੇ ਜਮੀਨ ਖਰੀਦ ਕੇ ਤਹਿਸੀਲ ਵਾਈਜ਼ ਦਿੱਤੀ ਜਾਵੇ ਤਾਂ ਕਿ ਇਹ ਸਹੀ ਜਗ੍ਹਾਂ ਤੇ ਖੜ੍ਹ ਸਕਣ ਅਤੇ ਲੋਕਾਂ ਨੂੰ ਬਿਮਾਰੀਆਂ ਤੋਂ ਵੀ ਬਚਾਇਆ ਜਾ ਸਕੇ।
-
International2 months ago
ਛੇ ਅਮਰੀਕੀ ਸੰਸਦ ਮੈਂਬਰਾਂ ਨੇ ਅਡਾਨੀ ਖਿਲਾਫ਼ ਮੁਕੱਦਮੇ ਲਈ ਨਵੇਂ ਅਟਾਰਨੀ ਜਨਰਲ ਨੂੰ ਪੱਤਰ ਲਿਖਿਆ
-
Editorial2 months ago
ਆਰਥਿਕ ਤਬਾਹੀ ਤੋਂ ਬਚਣ ਲਈ ਆਪਣੇ ਖਰਚੇ ਘੱਟ ਕਰਨ ਪੰਜਾਬੀ
-
National2 months ago
ਸਾਬਰਮਤੀ ਬੁਲੇਟ ਟਰੇਨ ਸਟੇਸ਼ਨ ਤੇ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
-
Chandigarh1 month ago
ਅਨੁਰਾਗ ਰਸਤੋਗੀ ਹਰਿਆਣਾ ਦੇ ਮੁੱਖ ਸਕੱਤਰ ਨਿਯੁਕਤ
-
National2 months ago
ਖੁਦ ਨੂੰ ਚੁਣੌਤੀ ਦੇਣ ਪਰ ਪ੍ਰੀਖਿਆ ਦਾ ਦਬਾਅ ਨਾ ਲੈਣ ਵਿਦਿਆਰਥੀ : ਨਰਿੰਦਰ ਮੋਦੀ
-
National2 months ago
ਦੋ ਵਾਹਨਾਂ ਦੀ ਟੱਕਰ ਦੌਰਾਨ ਦੋ ਵਿਅਕਤੀਆਂ ਦੀ ਮੌਤ, ਸੱਤ ਜ਼ਖਮੀ
-
Mohali2 months ago
ਵੱਖ ਵੱਖ ਸਕੂਲਾਂ ਵਿੱਚ ਮੈਗਾ ਐਸ.ਐਮ.ਸੀ. ਮੀਟਿੰਗ ਕਰਵਾਈ
-
Mohali2 months ago
ਗੁ ਸਿੰਘ ਸ਼ਹੀਦਾਂ ਵਿਖੇ 12 ਫਰਵਰੀ ਨੂੰ ਮਨਾਇਆ ਜਾਵੇਗਾ ਸ਼੍ਰੋਮਣੀ ਭਗਤ ਰਵਿਦਾਸ ਜੀ ਜਨਮ ਦਿਹਾੜਾ