Punjab
ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤਾ
ਇਲਜਾਮਾਂ ਬਾਰੇ 15 ਦਿਨਾਂ ਦੇ ਅੰਦਰ ਮੰਗਿਆ ਸਪੱਸ਼ਟੀਕਰਨ
ਅੰਮ੍ਰਿਤਸਰ, 15 ਜੁਲਾਈ (ਸ.ਬ.) ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਲੱਗੇ ਦੋਸ਼ਾਂ ਸਬੰਧੀ 15 ਦਿਨਾਂ ਦੇ ਅੰਦਰ ਸਪੱਸ਼ਟੀਕਰਨ ਦੇਣ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਪੰਜ ਸਿੰਘ ਸਾਹਿਬਾਨ ਵਲੋਂ ਲਏ ਫੈਸਲੇ ਅਨੁਸਾਰ ਦਿੱਤੇ ਗਏ ਹੁਕਮ ਵਿੱਚ ਕਿਹਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਸੀਨੀਅਰ ਆਗੂਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੁੱਜੀ ਸ਼ਿਕਾਇਤ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕੀਤੀ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਪੰਦਰਾਂ ਦਿਨ ਦੇ ਅੰਦਰ-ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿੱਜੀ ਤੌਰ ਤੇ ਪੇਸ਼ ਹੋ ਕੇ ਲਿਖਤੀ ਰੂਪ ਵਿੱਚ ਦੋਸ਼ਾਂ ਦਾ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ। ਇਸਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ 90 ਲੱਖ ਦੇ ਇਸ਼ਤਿਹਾਰ ਦੇਣ ਦੇ ਕੁਝ ਅਕਾਲੀ ਆਗੂਆਂ ਵੱਲੋਂ ਲਾਏ ਦੋਸ਼ਾਂ ਸਬੰਧੀ ਸਪੱਸ਼ਟੀਕਰਨ ਮੰਗਿਆ ਗਿਆ ਹੈ।
ਪੰਜ ਸਿੰਘ ਸਾਹਿਬਾਨ ਦੀ ਇਕਤਰਤਾ ਦੌਰਾਨ ਗੁਰਦੁਆਰਾ ਸਾਹਿਬਾਨਾਂ ਵਿੱਚ ਆਏ ਦਿਨ ਵੱਧ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਹਰੇਕ ਗੁਰਦੁਆਰਾ ਸਾਹਿਬ ਵਿੱਚ 24 ਘੰਟੇ ਲਈ ਪੱਕੇ ਤੌਰ ਤੇ ਸੇਵਾਦਾਰਾਂ ਦੀ ਡਿਊਟੀ ਯਕੀਨੀ ਬਣਾਈ ਜਾਵੇ। ਇਸ ਵਿਚ ਕੁਤਾਹੀ ਪਾਈ ਜਾਣ ਤੇ ਜਾਂ ਬੇਅਦਬੀ ਹੋਣ ਦੀ ਸੂਰਤ ਵਿਚ ਸਬੰਧਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੋਵੇਗੀ ਅਤੇ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਕਤਰਤਾ ਦੌਰਾਨ ਬਾਬਾ ਦਯਾ ਸਿੰਘ ਮੁਖੀ ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਸੁਰ ਸਿੰਘ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਸੇਵਕ ਦਾ ਵਿਸ਼ੇਸ਼ ਸਨਮਾਨ ਦੇਣ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਆਲਮੀ ਤਪਸ਼ ਅਤੇ ਜਲਵਾਯੂ ਵਿਚ ਵਿਸ਼ਵ ਪੱਧਰ ਤੇ ਆ ਰਹੀਆਂ ਖ਼ਤਰਨਾਕ ਤਬਦੀਲੀਆਂ ਦੇ ਮੱਦੇਨਜ਼ਰ ਵਾਤਾਵਰਣ ਅਤੇ ਪਾਣੀ ਦੀ ਸਾਂਭ-ਸੰਭਾਲ, ਪੰਛੀਆਂ ਦੀਆਂ ਖ਼ਤਮ ਹੋ ਰਹੀਆਂ ਨਸਲਾਂ ਤੇ ਚਿੰਤਾ ਜ਼ਾਹਰ ਕਰਦਿਆਂ ਹੁਕਮ ਦਿੱਤਾ ਗਿਆ ਹਰੇਕ ਸਿੱਖ ਆਪਣੇ ਜੀਵਨ ਵਿਚ ਘੱਟੋ-ਘੱਟ ਇੱਕ ਪੌਦਾ ਜ਼ਰੂਰ ਲਾਵੇ, ਪਾਣੀ ਦੀ ਸਾਂਭ-ਸੰਭਾਲ ਕੀਤੀ ਜਾਵੇ ਤਾਂ ਜੋ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।
ਇਕਤਰਤਾ ਵਿੱਚ ਕੀਤੇ ਗਏ ਫੈਸਲੇ ਤਹਿਤ ਸ੍ਰੀ ਹਰਮਿੰਦਰ ਸਾਹਿਬ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ ਨੂੰ ਤਨਖਾਹ ਲਗਾਈ ਗਈ ਹੈ। ਇਕਬਾਲ ਸਿੰਘ ਉੱਪਰ ਇਲਜਾਮ ਹੈ ਕਿ ਉਨ੍ਹਾਂ ਨੇ ਤਖਤ ਪਟਨਾ ਸਾਹਿਬ ਵਿਖੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ। ਇਕਬਾਲ ਸਿੰਘ ਵੱਲੋਂ ਆਪਣਾ ਦੋਸ਼ ਕਬੂਲਦਿਆਂ ਕਿਹਾ ਗਿਆ ਕਿ ਉਹ ਹਰ ਤਰ੍ਹਾਂ ਦੀ ਤਨਖਾਹ ਲਈ ਤਿਆਰ ਹਨ। ਪੰਜ ਸਿੰਘ ਸਾਹਿਬਾਨਾਂ ਵੱਲੋਂ ਇਕਬਾਲ ਸਿੰਘ ਨੂੰ 11 ਦਿਨ ਜੁਪਜੀ ਸਾਹਿਬ ਦੇ ਰੋਜ਼ਾਨਾ ਪਾਠ ਕਰਨ ਦੀ ਸੇਵਾ ਲਗਾਈ ਗਈ ਹੈ। ਗਿਆਨੀ ਰਘਬੀਰ ਸਿੰਘ ਨੇ ਸੇਵਾ ਲਗਾਉਣ ਸਮੇਂ ਕਿਹਾ ਕਿ ਨਿੱਤ ਨੇਮ ਤੋਂ ਇਲਾਵਾ ਜੁਪਜੀ ਸਾਹਿਬ ਦਾ ਇਕ ਪਾਠ ਰੋਜ਼ਾਨਾ ਕੀਤਾ ਜਾਵੇ। ਸਿੰਘ ਸਾਹਿਬ ਨੇ ਕਿਹਾ ਕਿ ਪਾਠ ਕਰਨ ਦੇ ਨਾਲ-ਨਾਲ 11 ਦਿਨ ਇਕ ਘੰਟਾ ਕਿਸੇ ਵੀ ਗੁਰਦੁਆਰੇ ਵਿੱਚ ਕੀਰਤਨ ਸਰਵਨ ਕਰਨਾ ਹੈ ਅਤੇ ਸੇਵਾ ਪੂਰੀ ਕਰਨ ਉਪਰੰਤ 500 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਅਕਾਲ ਤਖਤ ਸਾਹਿਬ ਵਿਖੇ ਕਰਵਾਉਣੀ ਹੈ। ਸੇਵਾ ਪੂਰੀ ਹੋਣ ਤੋਂ ਬਾਅਦ ਅਰਦਾਸ ਕਰਵਾਉਣੀ ਹੈ। ਇਸ ਤੋਂ ਬਾਅਦ ਅਕਾਲ ਤਖਤ ਸਾਹਿਬ ਨੂੰ ਲਿਖ ਦੇ ਦੱਸਣਾ ਹੈ ਕਿ ਲਗਾਈ ਗਈ ਸੇਵਾ ਪੂਰੀ ਕਰ ਲਈ ਗਈ ਹੈ।
ਇਸ ਦੇ ਨਾਲ ਹੀ ਜਗਜੀਤ ਸਿੰਘ ਨੂੰ ਵੀ ਧਾਰਮਿਕ ਸਜ਼ਾ ਦਿੱਤੀ ਗਈ ਹੈ। ਜਗਜੀਤ ਸਿੰਘ ਉੱਪਰ ਦੋਸ਼ ਸੀ ਕਿ ਉਸਨੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਉਲਟ ਜਾ ਕੇ ਆਪਣੇ ਨਿੱਜੀ ਸਵਾਰਥ ਲਈ ਦੁਨੀਆਵੀ ਅਦਾਲਤ ਵਿੱਚ ਪਹੁੰਚ ਕੀਤੀ ਹੈ। ਜਗਜੀਤ ਸਿੰਘ ਨੂੰ 11 ਦਿਨ ਜੁਪਜੀ ਸਾਹਿਬ ਦੇ ਰੋਜ਼ਾਨਾ ਪਾਠ ਕਰਨ ਦੀ ਸੇਵਾ ਲਗਾਈ ਜਾਂਦੀ ਹੈ। ਹੁਕਮ ਅਨੁਸਾਰ ਨਿੱਤ ਨੇਮ ਤੋਂ ਇਲਾਵਾ ਰੋਜ਼ਾਨਾ ਇਕ ਪਾਠ ਹੋਰ ਜੁਪਜੀ ਸਾਹਿਬ ਦਾ ਕਰਨਾ ਹੈ ਅਤੇ ਕਿਸੇ ਵੀ ਗੁਰਦੁਆਰੇ ਵਿੱਚ 11 ਦਿਨ ਇਕ ਘੰਟਾ ਕੀਰਤਨ ਸਰਵਨ ਕਰਨਾ ਅਤੇ ਲੰਗਰ ਦੇ ਭਾਂਡੇ ਮਾਂਜਣੇ ਹਨ। ਸੇਵਾ ਭੁਗਤਨ ਤੋਂ ਬਾਅਦ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿਖੇ 1000 ਰੁਪਏ ਦੀ ਦੇਗ ਅਤੇ ਅਰਦਾਸ ਕਰਵਾਉਣੀ ਹੈ। ਇਸ ਉਪਰੰਤ ਇਸ ਦੀ ਸਾਰੀ ਲਿਖਤੀ ਜਾਣਕਾਰੀ ਅਕਾਲ ਤਖਤ ਸਾਹਿਬ ਨੂੰ ਭੇਜਣੀ ਹੈ।
ਇਕਤਰਤਾ ਵਿੱਚ ਜੰਮੂ ਕਸ਼ਮੀਰ ਤੋਂ ਪੰਜ ਸਿੱਖਾਂ ਰਣਜੀਤ ਸਿੰਘ, ਜਗਪਾਲ ਸਿੰਘ, ਸੋਮਨਾਥ ਸਿੰਘ, ਗੁਰਮੀਤ ਸਿੰਘ ਅਤੇ ਜਗਜੀਤ ਸਿੰਘ ਨੂੰ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਸਾਰਿਆਂ ਉੱਪਰ ਦੋਸ਼ ਹੈ ਕਿ ਇਨ੍ਹਾਂ ਨੇ ਪੰਥ ਵਿੱਚੋਂ ਛੇਕੇ ਗਏ ਦਰਸ਼ਨ ਸਿੰਘ ਰਾਗੀ ਕੋਲੋ ਕੀਰਤਨ ਕਰਵਾਇਆ ਹੈ। ਇਸ ਉੱਤੇ ਜਦੋਂ ਗਿਆਨੀ ਰਘਬੀਰ ਸਿੰਘ ਨੇ ਪੁੱਛਿਆ ਕਿ ਤੁਸੀਂ ਆਪਣੀ ਗਲਤੀ ਮੰਨਦੇ ਹੋ ਕਿ ਨਹੀਂ, ਤਾਂ ਉਨ੍ਹਾਂ ਨੇ ਆਪਣਾ ਪੱਖ ਪੇਸ਼ ਕਰਨ ਦੀ ਬੇਨਤੀ ਕੀਤੀ। ਜਿਸ ਤੇ ਪੰਜ ਸਿੰਘ ਸਾਹਿਬਾਨਾਂ ਨੇ ਪੰਜਾਂ ਸਿੱਖਾਂ ਨੂੰ ਅਕਾਲ ਤਖਤ ਸਾਹਿਬ ਤੇ ਲਿਖਤੀ ਸਪੱਸ਼ਟੀਕਰਨ ਦੇਣ ਦਾ ਹੁਕਮ ਕੀਤਾ। ਸਪੱਸ਼ਟੀਕਰਨ ਦੇਣ ਤੋਂ ਬਾਅਦ ਉਨ੍ਹਾਂ ਨੂੰ ਫਿਰ ਬੁਲਾਇਆ ਜਾਵੇਗਾ।
Chandigarh
ਪੰਜਾਬ ਵਿਧਾਨਸਭਾ ਦੀ ਜਿਮਣੀ ਚੋਣ ਵਿੱਚ ਆਮ ਆਦਮੀ ਪਾਰਟੀ ਨੇ ਤਿੰਨ ਅਤੇ ਕਾਂਗਰਸ ਨੇ ਇੱਕ ਸੀਟ ਜਿੱਤੀ
ਵੜਿੰਗ ਅਤੇ ਰੰਧਾਵਾ ਦੀ ਪਤਨੀਆਂ ਹਾਰੀਆਂ, ਮਨਪ੍ਰੀਤ ਬਾਦਲ ਅਤੇ ਕੇਵਲ ਢਿੱਲੋਂ ਵੀ ਹਾਰੇ
ਚੰਡੀਗੜ੍ਹ, 23 ਨਵੰਬਰ (ਸ.ਬ.) ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਤੇ ਹੋਈਆਂ ਜ਼ਿਮਨੀ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਤੋਂ ਬਾਅਦ ਆਏ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ 3 ਸੀਟਾਂ (ਚੱਬੇਵਾਲ, ਗਿੱਦੜਬਾਹਾ ਅਤੇ ਡੇਰਾ ਬਾਬਾ ਨਾਨਕ) ਵਿੱਚ ਜਿੱਤ ਹਾਸਲ ਕੀਤੀ ਹੈ ਜਦੋਂਕਿ ਬਰਨਾਲਾ ਸੀਟ ਤੇ ਕਾਂਗਰਸ ਪਾਰਟੀ ਦੀ ਜਿੱਤ ਹੋਈ ਹੈ।
ਅੱਜ ਆਏ ਨਤੀਜਿਆਂ ਵਿੱਚ ਚੱਬੇਵਾਲ ਤੋਂ ਡਾ. ਇਸ਼ਾਂਕ ਕੁਮਾਰ, ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ, ਗਿੱਦੜਬਾਹਾ ਸੀਟ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਬਰਨਾਲਾ ਤੋਂ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਜਿੱਤ ਹਾਸਿਲ ਕੀਤੀ ਹੈ।
ਵਿਧਾਨ ਸਭਾ ਹਲਕਾ ਚੱਬੇਵਾਲ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਸ਼ਾਂਕ ਕੁਮਾਰ ਚੱਬੇਵਾਲ 28690 ਵੋਟਾਂ ਦੇ ਫਰਕ ਨਾਲ ਚੋਣ ਜਿੱਤ ਗਏ ਹਨ, ਉਥੇ ਕਾਂਗਰਸ ਦੇ ਉਮੀਦਵਾਰ ਰਣਜੀਤ ਕੁਮਾਰ ਦੂਜੇ ਨੰਬਰ ਤੇ ਰਹੇ। ਡੇਰਾ ਬਾਬਾ ਨਾਨਕ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ 5,699 ਵੋਟਾਂ ਦੇ ਫਰਕ ਨਾਲ ਚੋਣ ਜਿੱਤ ਗਏ ਹਨ। ਕਾਂਗਰਸ ਦੇ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਦੂਜੇ ਨੰਬਰ ਤੇ ਰਹੇ। ਗਿੱਦੜਬਾਹਾ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ 21801 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੇ ਹਨ। ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਦੂਜੇ ਨੰਬਰ ਤੇ ਰਹੇ। ਬਰਨਾਲਾ ਹਲਕੇ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ 2157 ਵੋਟਾਂ ਨਾਲ ਜੇਤੂ ਰਹੇ ਹਨ। ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਧਾਲੀਵਾਲ ਦੂਜੇ ਨੰਬਰ ਤੇ ਰਹੇ ਹਨ।
Mohali
ਮੁਹਾਲੀ ਪੁਲੀਸ ਵੱਲੋਂ ਲੋਕਾਂ ਨਾਲ ਠੱਗੀਆਂ ਮਾਰਨ ਵਾਲਾ ਟ੍ਰੈਵਲ ਏਜੰਟ ਕਾਬੂ
ਫੇਜ਼ 5 ਵਿੱਚ ਬਿਨਾ ਲਾਈਸੰਸ ਤੋਂ ਚੱਲ ਰਿਹਾ ਸੀ ਇਮੀਗੇ੍ਰਸ਼ਨ ਸਲਾਹਕਾਰ ਦਾ ਦਫਤਰ
ਐਸ ਏ ਐਸ ਨਗਰ, 23 ਨਵੰਬਰ (ਸ.ਬ.) ਮੁਹਾਲੀ ਪੁਲੀਸ ਨੇ ਭੋਲੇ ਭਾਲੇ ਲੋਕਾਂ ਨੂੰ ਬੇਵਕੂਫ ਬਣਾ ਕੇ ਵਿਦੇਸ਼ਾਂ ਵਿੱਚ ਭੇਜਣ ਦਾ ਸੁਪਨਾ ਦਿਖਾ ਕੇ ਠੱਗੀ ਮਾਰਨ ਵਾਲੇ ਇਮੀਗਰੇਸ਼ਨ ਮਾਲਕ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਫੇਜ਼ ਇੱਕ ਦੇ ਠਾਣੇ ਦੇ ਐਸਐਚ ਓ ਸੁਖਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਐਸ ਸੀ ਐਫ ਇੱਕ ਪਹਿਲੀ ਮੰਜ਼ਿਲ, ਫੇਜ਼-5 ਵਿਖੇ ਵੀਜ਼ਾ ਟੂਰ ਇਮੀਗ੍ਰੇਸ਼ਨ ਕੰਸਲਟੈਂਟੀ ਤੇ ਨਾਮ ਤੇ ਦਫਤਰ ਖੁੱਲਿਆ ਹੋਇਆ ਹੈ ਜਿਸਦਾ ਮਾਲਕ ਜਸਵਿੰਦਰ ਸਿੰਘ ਵਾਸੀ ਭਿੱਖੀ ਜਿਲ੍ਹਾ ਮਾਨਸਾ ਹੈ। ਪੁਲੀਸ ਨੂੰ ਜਾਣਕਾਰੀ ਮਿਲੀ ਸੀ ਕਿ ਇਸ ਵਿਅਕਤੀ ਕੋਲ ਇਮੀਗਰੇਸ਼ਨ ਦਾ ਦਫਤਰ ਚਲਾਉਣ ਲਈ ਕੋਈ ਲਾਈਸੈਂਸ ਨਹੀਂ ਹੈ ਅਤੇ ਉਸ ਵਲੋਂ ਆਪਣਾ ਕੰਮ ਚਲਾਉਣ ਲਈ ਪੰਜ ਛੇ ਲੜਕੀਆਂ ਰੱਖੀਆਂ ਹੋਈਆਂ ਹਨ ਜੋ ਕਿਸੇ ਨਾ ਕਿਸੇ ਤਰੀਕੇ ਆਮ ਲੋਕਾਂ ਦੇ ਮੋਬਾਈਲ ਫੋਨ ਨੰਬਰ ਹਾਸਿਲ ਕਰਕੇ ਉਹਨਾਂ ਨੂੰ ਆਪਣੇ ਦਫਤਰਾਂ ਦੇ ਨੰਬਰਾਂ ਤੋਂ ਫੋਨ ਕਰਦੀਆਂ ਸਨ ਅਤੇ ਭੋਲੇ ਭਾਲੇ ਲੋਕਾਂ ਨੂੰ ਬਾਹਰਲੇ ਦੇਸ਼ ਭੇਜਣ ਅਤੇ ਕਈ ਮੁਲਕਾਂ ਦੀ ਸੈਰ ਕਰਾਉਣ ਦਾ ਲਾਲਚ ਦੇ ਕੇ ਉਹਨਾਂ ਪਾਸੋਂ ਮੋਟੀ ਰਕਮ ਵਸੂਲ ਕਰਦੇ ਹਨ। ਇਹਨਾਂ ਵੱਲੋਂ ਬਿਨਾਂ ਕਿਸੇ ਅਧਿਕਾਰ ਦੇ ਆਮ ਲੋਕਾਂ ਦੇ ਪਾਸਪੋਰਟ ਵੀ ਲੈ ਕੇ ਰੱਖੇ ਹੋਏ ਹਨ ਜਦਕਿ ਉਸ ਪਾਸ ਅਜਿਹਾ ਕੋਈ ਅਧਿਕਾਰ ਨਹੀਂ ਹੈ।
ਉਹਨਾਂ ਦੱਸਿਆ ਕਿ ਜਾਣਕਾਰੀ ਹਾਸਿਲ ਹੋਣ ਤੇ ਪੁਲੀਸ ਨੇ ਉਕਤ ਦਫਤਰ ਵਿੱਚ ਛਾਪੇਮਾਰੀ ਕਰਕੇ ਇਸ ਕੰਪਨੀ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸਦੇ ਖਿਲਾਫ ਲੋਕਾਂ ਨਾਲ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਸਦਾ ਰਿਮਾਂਡ ਲਿਆ ਜਾਵੇਗਾ ਅਤੇ ਇਸਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਕਿੰਨੀ ਦੇਰ ਤੋਂ ਠੱਗੀ ਦਾ ਅੱਡਾ ਚਲਾ ਰਿਹਾ ਸੀ ਅਤੇ ਹੁਣ ਤੱਕ ਕਿੰਨੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਚੁੱਕਿਆ ਹੈ। ਪੁਲੀਸ ਇਹ ਵੀ ਪਤਾ ਲਗਾਏਗੀ ਕਿ ਇਸ ਤੋਂ ਪਹਿਲਾਂ ਉਸ ਦੇ ਹੋਰ ਕਿੰਨੇ ਦਫਤਰ ਚੱਲ ਰਹੇ ਹਨ ਜਾਂ ਇਸ ਤੋਂ ਪਹਿਲਾਂ ਹੋਰ ਕਿਹੜੇ ਸ਼ਹਿਰਾਂ ਵਿੱਚ ਇਹ ਠੱਗੀ ਮਾਰ ਕੇ ਮੁਹਾਲੀ ਵਿੱਚ ਆ ਕੇ ਦਫਤਰ ਖੋਲ੍ਹਿਆ ਹੈ।
Mohali
ਨਗਰ ਨਿਗਮ ਦੀ ਟੀਮ ਨੇ ਸੋਹਾਣਾ ਵਿਖੇ ਮੁੱਖ ਸੜਕ ਦੇ ਕਿਨਾਰੇ ਦੁਕਾਨਦਾਰਾਂ ਦੇ ਨਾਜਾਇਜ਼ ਕਬਜ਼ੇ ਚੁਕਵਾਏ
ਐਸ ਏ ਐਸ ਨਗਰ, 23 ਨਵੰਬਰ (ਸ.ਬ.) ਨਗਰ ਨਿਗਮ ਐਸ ਏ ਐਸ ਨਗਰ ਦੇ ਨਾਜਾਇਜ਼ ਕਬਜ਼ੇ ਹਟਾਉਣ ਵਾਲੀ ਟੀਮ ਵਲੋਂ ਸੁਪਰਡੈਂਟ ਅਨਿਲ ਕੁਮਾਰ ਦੀ ਅਗਵਾਈ ਹੇਠ ਸੋਹਾਣਾ ਵਿੱਚ ਦੁਕਾਨਦਾਰਾਂ ਵਲੋਂ ਮੁੱਖ ਸੜਕ ਦੇ ਕਿਨਾਰੇ ਕੀਤੇ ਗਏ ਨਾਜਾਇਜ਼ ਕਬਜ਼ੇ ਚੁਕਵਾ ਦਿੱਤੇ। ਇਸ ਮੌਕੇ ਨਗਰ ਨਿਗਮ ਦੇ ਕੌਂਸਲਰਸz. ਹਰਜੀਤ ਸਿੰਘ ਭੋਲੂ ਅਤੇ ਸਿੰਘ ਸ਼ਹੀਦਾਂ ਮਾਰਕੀਟ ਕਮੇਟੀ ਦੇ ਅਹੁਦੇਦਾਰਾਂ ਵਲੋਂ ਨਿਗਮ ਦੀ ਟੀਮ ਦਾ ਸਾਥ ਦਿੱਤਾ ਗਿਆ ਅਤੇ ਨਾਲ ਲੱਗ ਕੇ ਕਬਜ਼ੇ ਦੂਰ ਕਰਵਾਏ ਗਏ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਕੌਂਸਲਰ ਸz. ਹਰਜੀਤ ਸਿੰਘ ਭੋਲੂ ਨੇ ਦੱਸਿਆ ਕਿ ਮਾਰਕੀਟ ਦੇ ਕੁੱਝ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਦੇ ਸਾਮ੍ਹਣੇ ਸੜਕ ਦੀ ਥਾਂ ਵਿੱਚ 15-15 ਫੁੱਟ ਤਕ ਕਬਜ਼ੇ ਕਰਕੇ ਸ਼ੈਡ ਪਾ ਦਿੱਤੇ ਗਏ ਸਨ ਅਤੇ ਉਸਤੋਂ ਵੀ ਅੱਗੇ ਤਕ ਸਾਮਾਨ ਖਿਲਾਰ ਕੇ ਰੱਖਿਆ ਜਾਂਦਾ ਹੈ। ਉਹਨਾਂ ਕਿਹਾ ਕਿ ਇੱਕ ਦੁਕਾਨਦਾਰ ਵਲੋਂ ਤਾਂ ਸੜਕ ਦੀ ਥਾਂ ਤੋਂ ਹੀ ਪੌੜੀਆਂ ਬਣਾ ਦਿੱਤੀਆਂ ਗਈਆਂ ਹਨ।
ਉਹਨਾਂ ਕਿਹਾ ਕਿ ਇਹਨਾਂ ਕਬਜ਼ਿਆਂ ਕਾਰਨ ਇੱਥੇ ਆਵਾਜਾਈ ਦੀ ਗੰਭੀਰ ਸਮੱਸਿਆ ਆਉਂਦੀ ਹੈ ਅਤੇ ਅਕਸਰ ਜਾਮ ਲੱਗਣ ਦੀ ਨੌਬਤ ਹੋ ਜਾਂਦੀ ਹੈ। ਮਾਰਕੀਟ ਕਮੇਟੀ ਦੇ ਅਹੁਦੇਦਾਰਾਂ ਵਲੋਂ ਵੀ ਇਹਨਾਂ ਕਬਜ਼ਿਆਂ ਦਾ ਵਿਰੋਧ ਕੀਤਾ ਗਿਆ ਸੀ ਪਰੰਤੂ ਅੜੀਅਲ ਦੁਕਾਨਦਾਰ ਕਿਸੇ ਦੀ ਨਹੀਂ ਸੁਣਦੇ ਸਨ ਜਿਸਤੇ ਨਗਰ ਨਿਗਮ ਦੀ ਟੀਮ ਬੁਲਾ ਕੇ ਇਹ ਕਬਜ਼ੇ ਦੂਰ ਕਰਵਾਏ ਗਏ ਹਨ। ਇਸ ਮੌਕੇ ਉਹਨਾਂ ਦੇ ਨਾਲ ਮਾਰਕੀਟ ਕਮੇਟੀ ਦੇ ਪ੍ਰਧਾਨ ਸ੍ਰੀ ਜਸ਼ਨ ਅਤੇ ਹੋਰ ਅਹੁਦੇਦਾਰ ਅਤੇ ਮੈਂਬਰ ਹਾਜਿਰ ਸਨ।
-
International2 months ago
ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ਨੇੜੇ ਧਮਾਕਾ, 3 ਵਿਅਕਤੀਆਂ ਦੀ ਮੌਤ
-
Ropar1 month ago
ਜਨਮਦਿਨ ਮੌਕੇ ਬੂਟੇ ਲਗਾਏ
-
International2 months ago
ਇਜ਼ਰਾਈਲ ਨੇ ਉੱਤਰੀ ਲੇਬਨਾਨ ਦੇ ਤ੍ਰਿਪੋਲੀ ਸ਼ਹਿਰ ਤੇ ਕੀਤਾ ਹਮਲਾ
-
International1 month ago
ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਲਾਓਸ ਪੁੱਜੇ ਪ੍ਰਧਾਨ ਮੰਤਰੀ ਮੋਦੀ
-
International1 month ago
ਫਲੋਰਿਡਾ ਵਿੱਚ ਮਿਲਟਨ ਤੂਫਾਨ ਕਾਰਨ 9 ਵਿਅਕਤੀਆਂ ਦੀ ਮੌਤ
-
Mohali1 month ago
ਪਿੰਡ ਮੌਲੀ ਵੈਦਵਾਨ ਦੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਕਾਪੀ ਤੇ ਪੈਨਸਲਾਂ ਵੰਡੀਆਂ
-
National1 month ago
ਸੁਪਰੀਮ ਕੋਰਟ ਦੇ ਨਵੇਂ ਚੀਫ ਜਸਟਿਸ ਹੋਣਗੇ ਸੰਜੀਵ ਖੰਨਾ
-
National1 month ago
ਉੱਤਰ ਪ੍ਰਦੇਸ਼ ਦੇ ਬਹਿਰਾਇਚ ਵਿੱਚ ਮੁੜ ਹਿੰਸਾ