Editorial
ਵੈਸਾਖ ਪੱਕੀ ਦਾਖ ਕੱਚੀ ਚੜ੍ਹਿਆ ਮਹੀਨਾ ਵੈਸਾਖ, ਅੰਬੇ ਪੱਕੀ ਦਾਖ
ਘਰਾਂ ਨੂੰ ਕਮਾਈ ਲਿਆਉਣ ਦਾ ਮਹੀਨਾ ਵੈਸਾਖ
ਵੈਸਾਖ ਮਹੀਨੇ ਨਾਲ ਪੂਰੀ ਪੰਜਾਬੀਅਤ ਗੂੜੇ ਰੂਪ ਨਾਲ ਜੁੜੀ ਹੋਈ ਹੈ। ਇਹ ਮਹੀਨਾ ਖੁਸ਼ੀਆਂ ਖੇੜਿਆਂ ਅਤੇ ਸਾਰੇ ਸਾਲ ਦੀ ਮਿਹਨਤ ਤੋਂ ਬਾਅਦ ਘਰ ਪੈਸੇ ਲਿਆਉਣ ਦਾ ਮਹੀਨਾ ਮੰਨਿਆ ਜਾਂਦਾ ਹੈ। ਵੈਸਾਖ ਮਹੀਨੇ ਦੀ ਸੰਗਰਾਂਦ ਨੂੰ ਹੀ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ, ਇਸ ਦਿਨ ਖੇਤਾਂ ਵਿਚ ਪੱਕ ਚੁੱਕੀਆਂ ਕਣਕਾਂ ਨੂੰ ਦਾਤੀ ਪੈਂਦੀ ਹੈ।
ਵੈਸਾਖ ਮਹੀਨਾ ਦੇਸੀ ਸਾਲ ਦੇ ਮਹੀਨਿਆਂ ਵਿਚ ਆਪਣਾ ਵੱਖਰਾ ਅਤੇ ਵਿਸ਼ੇਸ ਮਹੱਤਵ ਰੱਖਦਾ ਹੈ। ਵੈਸਾਖ ਮਹੀਨਾ ਪੂਰੇ 31 ਦਿਨਾਂ ਦਾ ਹੁੰਦਾ ਹੈ। ਵੈਸਾਖ ਮਹੀਨੇ ਖੇਤਾਂ ਵਿਚ ਹਰੇ ਤੋਂ ਸੁਨਿਹਰੀ ਰੰਗ ਵਟਾ ਕੇ ਕਣਕਾਂ ਲਹਿਰਾਉਂਦੀਆਂ ਹਨ, ਜਿਹਨਾਂ ਉਪਰ ਕੁਦਰਤ ਨੱਚਦੀ ਅਤੇ ਗਾਉਂਦੀ ਹੈ। ਪੂਰੇ ਪੰਜਾਬ ਵਿਚ ਹੀ ਸੋਨੇ ਰੰਗੀਆਂ ਕਣਕਾਂ ਵੇਖ ਕੇ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾ ਸਕਦਾ ਹੈ। ਵੈਸਾਖ ਮਹੀਨੇ ਦੀ ਸੰਗਰਾਂਦ ਯਾਨੀ ਇਕ ਵੈਸਾਖ ਨੂੰ ਹੀ ਵਿਸਾਖੀ ਦਾ ਪ੍ਰਸਿੱਧ ਤਿਉਹਾਰ ਹੁੰਦਾ ਹੈ। ਇਸ ਦਿਨ ਵੱਖ-ਵੱਖ ਥਾਂਵਾਂ ਉਪਰ ਧਾਰਮਿਕ ਸਮਾਗਮ ਕੀਤੇ ਜਾਂਦੇ ਹਨ ਅਤੇ ਮੇਲੇ ਲਗਾਏ ਜਾਂਦੇ ਹਨ।
ਵੈਸਾਖ ਨੂੰ ਵਿਸਾਖ ਅਤੇ ਬਸਾਖ ਵੀ ਕਹਿ ਲਿਆ ਜਾਂਦਾ ਹੈ । ਮਾਲਵਾ ਇਲਾਕੇ ਵਿਚ ਵੈਸਾਖ ਮਹੀਨੇ ਨੂੰ ਆਮ ਬੋਲ ਚਾਲ ਵਿਚ ਬਸਾਖ ਹੀ ਕਿਹਾ ਜਾਂਦਾ ਹੈ। ਚੰਦਰਵਰਸ਼ ਅਨੁਸਾਰ ਵੈਸਾਖ ਮਹੀਨੇ ਦੀ ਪੁੰਨਿਆ ਨੂੰ ਚੰਦ ਵਿਸ਼ਾਖਾ ਨਛੱਤਰ ਦੇ ਕੋਲ ਹੁੰਦਾ ਹੈ। ਇਸ ਲਈ ਇਸ ਮਹੀਨੇ ਨੂੰ ਸੰਸਕ੍ਰਿਤ ਵਿਚ ਵੈਸ਼ਾਖਾ ਕਿਹਾ ਜਾਂਦਾ ਹੈ। ਵਿਸ਼ਾਖਾ ਸ਼ਬਦ ਦੋ ਅਖਰਾਂ ਤੋਂ ਬਣਿਆ ਹੈੈ ਵਿ+ ਸ਼ਾਖਾ। ਵਿਸ਼ਾਖਾ ਦਾ ਸ਼ਾਬਦਿਕ ਅਰਥ ਸ਼ਾਖਾਵਾਂ ਵਾਲਾ ਜਾਂ ਕਈ ਟਾਹਣੀਆਂ ਵਾਲਾ ਹੁੰਦਾ ਹੈ। ਵਿਸ਼ਾਖਾ ਸ਼ਬਦ ਹੀ ਪੰਜਾਬੀ ਵਿਚ ਵੈਸਾਖ, ਵਿਸਾਖ ਦੇ ਰੂਪ ਵਿਚ ਮੌਜੂਦ ਹੈ।
ਵੈਸਾਖ ਮਹੀਨੇ ਦਾ ਇਤਿਹਾਸਿਕ ਮਹੱਤਵ ਵੀ ਹੈ, ਕਿਉਂਕਿ ਇਸ ਮਹੀਨੇ ਦੀ ਸ਼ੁਰੂਆਤ ਮੌਕੇ ਸੰਗਰਾਂਦ ਵਾਲੇ ਦਿਨ ਹੀ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਸਿੱਖ ਧਰਮ ਵਿਚ ਵਿਸਾਖੀ ਦਾ ਬਹੁਤ ਮਹੱਤਵ ਹੈ। 1699 ਦੀ ਵਿਸਾਖੀ ਨੂੰ ਸਿੱਖਾਂ ਦੇ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਉਪਰ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਉਦੋਂ ਤੋਂ ਹੀ ਵਿਸਾਖੀ ਦੇ ਤਿਉਹਾਰ ਦੀ ਸਿੱਖ ਧਰਮ ਵਿਚ ਵਿਸ਼ੇਸ ਮਹੱਤਤਾ ਗਿਣੀ ਜਾਂਦੀ ਹੈ।
ਇਤਿਹਾਸ ਦੇ ਵਰਕੇ ਫਰੋਲਦਿਆਂ ਇਹ ਵੀ ਪਤਾ ਚਲਦਾ ਹੈ ਕਿ ਗੁਰੂ ਅਮਰਦਾਸ ਜੀ ਦੇ ਸਮੇਂ ਹੀ ਵਿਸਾਖੀ ਦੇ ਮੇਲੇ ਦੀ ਸ਼ੁਰੂਆਤ ਹੋ ਗਈ ਸੀ। ਪਿੰਡ ਡੱਲਾ ਦੇ ਵਸਨੀਕ ਭਾਈ ਪਾਰੋ ਪਰਮਹੰਸ ਨੇ ਗੁਰੂ ਅਮਰਦਾਸ ਜੀ ਦੀ ਆਗਿਆ ਨਾਲ ਸਭ ਤੋਂ ਪਹਿਲਾਂ ਵਿਸਾਖੀ ਵਾਲਾ ਮੇਲਾ ਲਗਾਇਆ ਸੀ, ਉਥੋਂ ਹੀ ਵਿਸਾਖੀ ਦੇ ਦਿਨ ਮੇਲੇ ਲਾਉਣ ਦੀ ਰੀਤ ਸ਼ੁਰੂੁ ਹੋ ਗਈ।
ਇੱਕ ਮਿਥਿਹਾਸਿਕ ਕਥਾ ਵਿਚ ਵਿਸਾਖੀ ਵਾਲੇ ਦਿਨ ਗੰਗਾ ਨਦੀ ਦੇ ਪਰਗਟ ਹੋਣ ਦਾ ਜ਼ਿਕਰ ਵੀ ਆਉਂਦਾ ਹੈ। ਇਸ ਕਥਾ ਅਨੁਸਾਰ ਹਜ਼ਾਰਾਂ ਸਾਲ ਪਹਿਲਾਂ ਗੰਗਾ ਨਦੀ ਇਕ ਦੇਵੀ ਦੇ ਰੂਪ ਵਿਚ ਇਸ ਧਰਤੀ ਉਪਰ ਪ੍ਰਗਟ ਹੋਈ ਸੀ ਅਤੇ ਸ਼ਰਧਾ ਨਾਲ ਹਿੰਦੂ ਲੋਕਾਂ ਨੇ ਗੰਗਾ ਨਦੀ ਵਿਚ ਇਸ਼ਨਾਨ ਕੀਤਾ ਸੀ। ਇਹ ਹੀ ਕਾਰਨ ਹੈ ਕਿ ਅੱਜ ਵੀ ਹਿੰਦੂ ਧਰਮ ਤੇ ਹੋਰ ਧਰਮਾਂ ਨਾਲ ਸਬੰਧਿਤ ਲੋਕ ਵਿਸਾਖੀ ਵਾਲੇ ਦਿਨ ਗੰਗਾ ਨਦੀ ਅਤੇ ਹੋਰ ਨਦੀਆਂ ਵਿਚ ਇਸ਼ਨਾਨ ਕਰਨ ਦੇ ਨਾਲ ਨਾਲ ਅਰਦਾਸ ਤੇ ਪਾਠ ਪੂਜਾ ਕਰਨ ਨੂੰੂ ਬਹੁਤ ਮਹੱਤਤਾ ਦਿੰਦੇ ਹਨ।
ਵੈਸਾਖ ਮਹੀਨੇ ਦਾ ਗੁਰਬਾਣੀ ਵਿਚ ਵੀ ਜ਼ਿਕਰ ਹੁੰਦਾ ਹੈ
ਵੈਸਾਖੁ ਭਲਾ ਸਾਖਾ ਵੇਸ ਕਰੇ।।
ਧਨ ਦੇਖੈ ਹਰਿ ਦੁਆਰ ਆਵਹੁ ਦਇਆ ਕਰੇ।। (ਗੁਰੂ ਨਾਨਕ ਦੇਵ ਜੀ)
ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ।।
ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ।। (ਗੁਰੂ ਅਰਜਨ ਦੇਵ ਜੀ)
ਕੂੰਜੜੀਆਂ ਵੈਸਾਖ ਵਿਚਿ ਜਿਉ ਜੂਹ ਪਰਾਈਐ।।
ਵਿਣੁ ਗੁਰ ਮੁਕਤਿ ਨ ਹੋਵਈ ਫਿਰਿ ਆਈਐ ਜਾਈਐ।।16।।
(ਭਾਈ ਗੁਰਦਾਸ)
ਸੂਫੀ ਕਾਵਿ, ਪੰਜਾਬੀ ਲੋਕ ਗੀਤਾਂ ਤੇ ਗਾਣਿਆਂ ਵਿਚ ਵੀ ਵੈਸਾਖ ਦਾ ਜ਼ਿਕਰ ਮਿਲਦਾ ਹੈ-
ਬਸਾਖੀ ਦਾ ਦਿਨ ਕਠਨ ਹੈ ਜੋ ਸੰਗ ਮੀਤ ਨਾ ਹੋ।
ਮੈਂ ਕਿਸ ਕੋ ਆਗੇ ਜਾ ਕਹੂੰ ਇਕ ਮੰਡੀ ਭਾ ਦੋ।
ਤਾਂ ਮਨ ਭਾਵਂੇ ਸੁੱਖ ਬਸਾਖ, ਗੁੱਛੀਆਂ ਪਈਆਂ ਪੱਕੀ ਦਾਖ,
ਲਾਖੀ ਘਰ ਲੈ ਆਇਆ ਲਾਖ, ਤਾਂ ਮੈਂ ਬਾਤ ਨਾ ਸੱਕਾਂ ਆਖ,
ਕੌਤਾਂ ਵਾਲੀਆਂ।
ਕੌਤਾਂ ਵਾਲੀਆਂ ਡਾਢਾ ਜ਼ੋਰ, ਹੁਣ ਮੈਂ ਝੁਰ ਝੁਰ ਹੋਈਆਂ ਹੋਰ,
ਕੰਡੇ ਪੁੜੇ ਕਲੇਜੇ ਜ਼ੋਰ, ਬੁੱਲ੍ਹਾ ਸ਼ੌਹ ਬਿਨ ਕੋਈ ਨਾ ਹੋਰ,
ਜਿਨ ਘੱਤ ਗਾਲੀਆਂ।। (ਬਾਬਾ ਬੁੱਲ੍ਹੇ ਸ਼ਾਹ)
ਓ ਟਾਹਲੀ ਦਿਓ ਪੱਤਿਓ! ਚੜ੍ਹਿਆ ਆਣ ਵਿਸਾਖ
ਲਾਜ ਲਗਾਈ ਆਗੂਆਂ, ਗਈ ਕੌਮ ਦੀ ਸਾਖ। (ਮੌਲਾ ਬਖ਼ਸ਼ ਕੁਸ਼ਤਾ )
ਚੜ੍ਹੇ ਜੋ ਬਿਸਾਖ ਆਖੇ ਕਿਸ ਨੂੰ ਅਹਿਵਾਲ ਦੱਸਾਂ,
ਕੌਣ ਸਾਡੇ ਦਿਲ ਦੀਆਂ ਜਾਣੇ ਬਾਝ ਰੱਬ ਦੇ
ਇਕ ਵਾਰ ਆਈ ਹਾਂ ਵਿਸਾਰ ਯਾਰ ਆਪਣੇ ਨੂੰ,
ਫਿਰ ਹੋਊ ਮੇਲਾ ਕਦੇ ਨਾਲ ਹੀ ਸਬੱਬ ਦੇ
ਪੁਛਦੀ ਗੁਆਂਢਣਾਂ ਨੂੰ ਹੀਰ ਪਰੇਸ਼ਾਨ ਹੋਈ,
ਮਾਹੀ ਸਾਨੂੰ ਮਿਲੇ ਕਿਸ ਨਾਲ ਹੀ ਕਰਤੱਬ ਦੇ
ਆਵੀਂ ਭਗਵਾਨ ਸਿੰਘਾ ਮੁਖੜਾ ਦਿਖਾਵੀਂ ਮੈਨੂੰ,
ਜਾਨ ਬਾਝ ਤੇਰੇ ਮੇਰੀ ਹੋਈ ਉਤੇ ਲਬ ਦੇ।੨।
(ਬਾਰਾਂਮਾਹ-ਹੀਰ ਭਗਵਾਨ ਸਿੰਘ)
ਚੜ੍ਹੇ ਵੈਸਾਖ ਮਹੀਨੇ ਮੈਨੂੰ, ਖੁਸ਼ੀ ਨਾ ਕੋਈ ਭਾਂਦੀ ਏ।
ਸੇਜ ਫੁੱਲਾਂ ਦੀ ਸੀਨੇ ਅੰਦਰ, ਸੌ ਸੌ ਸੂਲਾਂ ਲਾਂਦੀ ਏ।
ਸੂਲ ਸੂਲ ਵਿਚ ਸੌ ਸੌ ਸੂਲੀ, ਜਿਗਰੋਂ ਰੱਤ ਚਲਾਂਦੀ ਏ।
ਦਿਨ ਰੋਵੇ ਇਹ ‘ਸ਼ਰਫ਼’ ਵਿਚਾਰੀ ਰਾਤੀਂ ਹਾਲ ਵੰਜਾਂਦੀ ਏ।
(ਬਾਬੂ ਫ਼ਿਰੋਜ਼ਦੀਨ ਸ਼ਰਫ਼)
ਚੜ੍ਹਿਆ ਮਹੀਨਾ ਵਸਾਖ ਅੰਬੇ ਪੱਕੀ ਦਾਖ,
ਅੰਬੇ ਰਸ ਚੋ ਪਿਆ।
ਪੀਆ ਗਿਆ ਪਰਦੇਸ ਕਿ ਜੀਊੜਾ ਰੋ ਪਿਆ।
ਵਿਸਾਖ ਨਾ ਜਾਈਂ ਚੰਨਾ, ਚੰਬਾ ਮੌਲਿਆ
ਵੈਸਾਖ ਪੱਕੀ ਦਾਖ ਕੱਚੀ ਇਕ ਤੋੜ ਨਾ ਸਕਾਂ,
ਜੀ ਲਾਲ ਪ੍ਰਦੇਸ, ਉਸਨੂੰ ਰੱਬ ਦੀਆਂ ਰੱਖਾਂ।।
ਅਸਾਂ ਵੇਖਿਆ ਵਿਸਾਖੀ ਵਾਲਾ ਮੇਲਾ।
ਦਮਦਮਾ ਸਾਹਿਬ ਦੀ ਵਿਸਾਖੀ : ਤਖਤ ਸ੍ਰੀ ਦਮਦਮਾ ਸਾਹਿਬ ਦੀ ਵਿਸਾਖੀ ਜਗਤ ਪ੍ਰਸਿੱਧ ਹੈ। ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹਰ ਸਾਲ ਵਿਸਾਖੀ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਪਵਿੱਤਰ ਗੁਰਧਾਮਾਂ ਵਿੱਚ ਨਤਮਸਤਕ ਹੋਣ ਆਉਂਦੇ ਹਨ।
ਪਿੰਡ ਭਦੌੜ ਦੀ ਵਿਸਾਖੀ : ਬਰਨਾਲਾ ਜ਼ਿਲ੍ਹੇ ਦੇ ਇਤਿਹਾਸਿਕ ਪਿੰਡ ਭਦੌੜ ਨੂੰੂ ਇਹ ਮਾਣ ਪ੍ਰਾਪਤ ਹੈ ਕਿ ਇਸ ਕਰਮਾਂ ਵਾਲੀ ਧਰਤੀ ਉਪਰ ਦੋ ਸਿੱਖ ਗੁਰੂ ਸਾਹਿਬਾਨ ਸ੍ਰੀ ਗੁਰੂ ਹਰਿਗੋਬਿੰਦ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਵਿੱਤਰ ਚਰਨ ਪਾਏ ਹਨ। ਹਰ ਸਾਲ ਇਸ ਇਤਿਹਾਸਿਕ ਪਿੰਡ ਵਿਚ ਵਿਸਾਖੀ ਦਾ ਮੇਲਾ ਬਹੁਤ ਹੀ ਸ਼ਰਧਾ, ਉਤਸ਼ਾਹ ਅਤੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਪਿੰਡ ਦੇ ਬਾਹਰਵਾਰ ਬਣੇ ਜਿਸ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਚ ਇਹ ਧਾਰਮਿਕ ਸਮਾਗਮ ਅਤੇ ਮੇਲਾ ਕਰਵਾਇਆ ਜਾਂਦਾ ਹੈ, ਉਸ ਨੂੰ ਆਮ ਬੋਲ ਚਾਲ ਵਿਚ ਇਲਾਕਾ ਵਾਸੀ ਵਿਸਾਖੀ ਵਾਲਾ ਗੁਰਦੁਆਰਾ ਗੁਰਦੁਆਰਾ ਹੀ ਕਹਿੰਦੇ ਹਨ। ਵਿਸਾਖੀ ਦੇ ਮੌਕੇ ਇਸ ਦਿਨ ਇਸ ਗੁਰਦੁਆਰਾ ਸਾਹਿਬ ਵਿਚ ਆਉਣ ਵਾਲੇ ਸ਼ਰਧਾਲੂ ਕਣਕ ਚੜਾਉਂਦੇ ਹਨ। ਵਿਸਾਖੀ ਵਾਲੇ ਦਿਨ ਦਾਤੀ ਨਾਲ ਕੱਟੀ ਹੋਈ ਪਹਿਲੀ ਕਣਕ ਦੀ ਢੇਰੀ ਲੋਕ ਸ਼ਰਧਾ ਨਾਲ ਗੁਰਦੁਆਰਾ ਸਾਹਿਬ ਵਿਚ ਚੜ੍ਹਾਉਂਦੇ ਹਨ। ਭਦੌੜ ਵਿਖੇ ਲੱਗਦਾ ਵਿਸਾਖੀ ਮੇਲਾ ਵੀ ਪੂੁਰੀ ਦੁਨੀਆਂ ਵਿਚ ਹੀ ਪ੍ਰਸਿੱਧ ਹੈ।
ਬਹਾਦਰਗੜ੍ਹ ਦੀ ਵਿਸਾਖੀ : ਪਟਿਆਲਾ ਤੋਂ ਰਾਜਪੁਰਾ ਜਾਂਦਿਆਂ ਪੰਜਾਬੀ ਯੂਨੀਵਰਸਿਟੀ ਦੇ ਪਰਲੇ ਪਾਸੇ ਵਸੇ ਇਤਿਹਾਸਿਕ ਪਿੰਡ ਬਹਾਦਰਗੜ੍ਹ ਵਿਖੇ ਵੀ ਹਰ ਸਾਲ ਵਿਸਾਖੀ ਦਾ ਮੇਲਾ ਲਗਾਇਆ ਜਾਂਦਾ ਹੈ। ਇਸ ਪਿੰਡ ਨੂੰ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪਵਿੱਤਰ ਛੋਹ ਪ੍ਰਾਪਤ ਹੈ। ਗੁਰੂ ਜੀ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਵਿੱਚ ਹਰ ਸਾਲ ਵਿਸਾਖੀ ਦਾ ਮੇਲਾ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਬਹਾਦਰਗੜ੍ਹ ਕਿਲੇ ਅੰਦਰ ਬਣੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿੱਚ ਵੀ ਵਿਸਾਖੀ ਮੌਕੇ ਵੱਡੀ ਗਿਣਤੀ ਸ਼ਰਧਾਲੂ ਸ਼ਰਧਾ ਨਾਲ ਨਤਮਸਤਕ ਹੁੰਦੇ ਹਨ।
ਵੈਸਾਖ ਮਹੀਨੇ ਬਸੰਤ ਰੁੱਤ ਵੀ ਆਪਣੇ ਪੂਰੇ ਜੋਬਨ ਵਿਚ ਆ ਕੇ ਪੈਲਾਂ ਪਾ ਰਹੀ ਹੁੰਦੀ ਹੈ। ਇਸ ਮਹੀਨੇ ਅੰਬੀਆਂ ਨੂੰ ਪਿਆ ਬੂਰ ਅਤੇ ਪੱਕੀਆਂ ਅੰਬੀਆਂ ਤੇ ਅੰਬਾਂ ਕਾਰਨ ਅੰਬਾਂ ਦੇ ਰੁੱਖਾਂ ਨਾਲ ਖਹਿ ਖਹਿ ਕੇ ਆਉਂਦੀ ਹਵਾ ਵੀ ਖੁਸ਼ਬੋਆਂ ਵੰਡਦੀ ਆਉਂਦੀ ਹੈ। ਅੰਬਾਂ ਦੇ ਰੁੱਖਾਂ ਦੀਆਂ ਡਾਲੀਆਂ ਅਤੇ ਪੱਤਿਆਂ ਨਾਲ ਖਹਿ ਕੇ ਲੰਘੀ ਠੰਡੀ ਵਾਅ ਸਾਡੇ ਘਰਾਂ-ਦਰਾਂ ਅੰਦਰ ਆ ਕੇ ਸਾਡੇ ਘਰਾਂ ਅੰਦਰ ਵਿੱਚ ਵੀ ਮਹਿਕਾਂ ਖਿਲਾਰ ਦਿੰਦੀ ਹੈ। ਇਸ ਮੌਸਮ ਵਿਚ ਹਰ ਪਾਸਾ ਹੀ ਰੁਸ਼ਨਾਇਆ ਲੱਗਦਾ ਹੈ। ਇਸ ਮਹੀਨੇ ਜਿਥੇ ਕਣਕ ਕੱਟਣ ਵੇਲੇ ਕਿਸਾਨਾਂ-ਮਜਦੂਰਾਂ ਦੀਆਂ ਭੀੜਾਂ ਖੇਤਾਂ ਵਿਚ ਵੇਖਣ ਨੂੰ ਮਿਲਦੀਆਂ ਹਨ ਉਥੇ ਹੀ ਵੱਡੀ ਗਿਣਤੀ ਵਿਚ ਪੰਛੀ ਅਤੇ ਜਨੌਰ ਵੀ ਖੇਤਾਂ ਵਿਚ ਹੀ ਉਡਾਰੀਆਂ ਮਾਰਦੇ ਫਿਰਦੇ ਹਨ ਅਤੇ ਮੌਕਾ ਮਿਲਣ ਤੇ ਕਣਕ ਦੇ ਦਾਣੇ ਚੁਗਦੇ ਰਹਿੰਦੇ ਹਨ। ਇਹਨਾਂ ਪੰਛੀਆਂ ਨੂੰ ਵੱਡੀ ਗਿਣਤੀ ਕਿਸਾਨ ਵੀ ਕੁਝ ਨਹੀਂ ਕਹਿੰਦੇ ਅਤੇ ਉਹ ਕਹਿੰਦੇ ਹਨ ਕਿ ਹਰ ਇਕ ਨੇ ਆਪਣੇ ਭਾਗਾਂ ਦਾ ਖਾਣਾ ਹੈ।
ਵੈਸਾਖ ਮਹੀਨੇ ਜਿਥੇ ਰੁੱਖਾਂ ਦੀਆਂ ਨਵੀਆਂ ਟਾਹਣੀਆਂ ਆ ਗਈਆਂ ਹੁੰਦੀਆਂ ਹਨ ਉਥੇ ਹੀ ਨਵੀਆਂ ਟਾਹਣੀਆਂ ਉਪਰ ਲੱਗੇ ਨਵੇਂ ਨਵੇਂ ਤੇ ਕੂਲੇ ਕੂਲੇ ਪੱਤੇ ਵੀ ਹਰ ਇੱਕ ਦਾ ਦਿਲ ਮੋਹ ਲੈਂਦੇ ਹਨ।
ਵੈਸਾਖ ਮਹੀਨੇ ਹੀ ਕਟੀ ਗਈ ਕਣਕ ਦੀ ਫਸਲ ਮੰਡੀਆਂ ਵਿਚ ਆਉਂਦੀ ਹੈ ਅਤੇ ਮੰਡੀਆਂ ਵਿਚ ਵੀ ਰੌਣਕਾਂ ਲੱਗ ਜਾਂਦੀਆਂ ਹਨ। ਫਸਲ ਵੇਚ ਕੇ ਜਦੋਂ ਕਿਸਾਨ ਘਰ ਜਾਂਦੇ ਹਨ ਤਾਂ ਉਹ ਆਪਣੇ ਆਪ ਨੂੰ ਦੁਨੀਆਂ ਦਾ ਬਾਦਸ਼ਾਹ ਹੀ ਸਮਝਦੇ ਹਨ ਕਿਉਂਕਿ ਪੂਰੇ ਸੀਜਣ ਦੀ ਕਮਾਈ ਉਹਨਾਂ ਦੇ ਬੋਝੇ ਵਿਚ ਹੁੰਦੀ ਹੈ। ਪੰਜਾਬ ਵਿਚ ਬਹੁਗਿਣਤੀ ਲੋਕ ਖੇਤੀ ਅਤੇ ਖੇਤੀ ਨਾਲ ਸਬੰਧਿਤ ਕਿੱਤਿਆਂ ਨਾਲ ਜੁੜੇ ਹੋਏ ਹਨ, ਇਸ ਕਰਕੇ ਜਦੋਂ ਕਿਸਾਨਾਂ ਕੋਲ ਫਸਲ ਵੇਚ ਕੇ ਪੈਸੇ ਆਉਂਦੇ ਹਨ ਤਾਂ ਉਹ ਆੜਤੀਆਂ ਤੋਂ ਬਾਅਦ ਤਰਖਾਣਾਂ, ਰਾਜ ਮਿਸਤਰੀਆਂ, ਲੋਹਾਰਾਂ, ਕਰਿਆਣੇ ਦੇ ਦੁਕਾਨਦਾਰਾਂ ਅਤੇ ਹੋਰ ਕੰਮਾਂ ਕਾਰਾਂ ਵਾਲਿਆਂ ਨਾਲ ਆਪਣਾ ਸਾਲ ਭਰ ਦਾ ਹਿਸਾਬ ਨਿਬੇੜਦੇ ਹਨ, ਇਸ ਤਰਾਂ ਕਿਸਾਨਾਂ ਦੇ ਨਾਲ ਨਾਲ ਹੋਰਨਾਂ ਵਰਗਾਂ ਨਾਲ ਸਬੰਧਿਤ ਲੋਕਾਂ ਦੇ ਘਰ ਵਿਚ ਵੈਸਾਖ ਮਹੀਨੇ ਦੌਰਾਨ ਪੂਰੇ ਸਾਲ ਭਰ ਦੀ ਕਮਾਈ ਆ ਜਾਂਦੀ ਹੈ। ਇਸ ਤਰਾਂ ਵੈਸਾਖ ਮਹੀਨੇ ਨੂੰ ਕਮਾਈ ਘਰ ਲਿਆਉਣ ਦਾ ਮਹੀਨਾ ਵੀ ਕਿਹਾ ਜਾਂਦਾ ਹੈ।
ਜਗਮੋਹਨ ਸਿੰਘ ਲੱਕੀ
ਮੋਬਾਇਲ :9463819174
Editorial
ਦੇਸ਼ ਦੀਆਂ ਅਦਾਲਤਾਂ ਵਿੱਚ ਜੜ੍ਹਾਂ ਮਜਬੂਤ ਕਰਦੇ ਭ੍ਰਿਸ਼ਟਾਚਾਰ ਨੂੰ ਕਾਬੂ ਕੀਤਾ ਜਾਣਾ ਜਰੂਰੀ
ਸਾਡੇ ਦੇਸ਼ ਵਿੱਚ ਅਦਾਲਤਾਂ ਨੂੰ ਇਨਸਾਫ ਦੇ ਮੰਦਰਾਂ ਦਾ ਦਰਜਾ ਹਾਸਿਲ ਹੈ ਪਰੰਤੂ ਇਸ ਵੇਲੇ ਹਾਲਤ ਕਮੋਬੇਸ਼ ਅਜਿਹੇ ਹੀ ਹਨ ਕਿ ਅਦਾਲਤਾਂ ਵਿੱਚ ਵੀ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਲਗਾਤਾਰ ਪੱਕੀਆਂ ਹੋ ਰਹੀਆਂ ਹਨ ਅਤੇ ਅਦਾਲਤਾਂ ਵਿੱਚ ਕੰਮ ਕਰਨ ਵਾਲੇ ਜਿਆਦਾਤਰ ਅਧਿਕਾਰੀ, ਕਰਮਚਾਰੀ ਸਮੇਤ ਵਕੀਲ ਅਤੇ ਉਹਨਾਂ ਦੇ ਸਹਿਯੋਗੀ ਕਰਮਚਾਰੀ ਭ੍ਰਿਸ਼ਟਾਚਾਰ ਦੀ ਇਸ ਨਦੀ ਵਿੱਚ ਗੋਤੇ ਲਗਾਉਂਦੇ ਦਿਖਦੇ ਹਨ ਜਿਸ ਕਾਰਨ ਆਮ ਜਨਤਾ ਬੁਰੀ ਤਰ੍ਹਾਂ ਤ੍ਰਸਤ ਹੈ। ਲੋਕਾਂ ਦੀ ਸਭਤੋਂ ਵੱਡੀ ਸਮੱਸਿਆ ਇਹ ਹੈ ਕਿ ਜੇਕਰ ਇਨਸਾਫ ਦੇ ਇਹਨਾਂ ਮੰਦਰਾਂ ਵਿੱਚ ਵੀ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋ ਜਾਵੇ ਤਾਂ ਉਹ ਕਿੱਥੇ ਜਾ ਕੇ ਫਰਿਆਦ ਕਰਨ। ਹਾਲਾਂਕਿ ਅਦਾਲਤਾਂ ਵਿੱਚ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਤਾਂ ਬਹੁਤ ਪੁਰਾਣੀਆਂ ਹਨ ਪਰੰਤੂ ਹੁਣ ਇਹਨਾਂ ਵਿੱਚ ਵਾਧਾ ਹੋਣ ਕਾਰਨ ਲੋਕ ਇਸਦੀ ਖੁੱਲ੍ਹੇਆਮ ਸ਼ਿਕਾਇਤ ਕਰਨ ਲੱਗ ਗਏ ਹਨ।
ਜੇਕਰ ਅਦਾਲਤਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਜਾਵੇ ਤਾਂ ਇਸਦੀ ਸ਼ੁਰੂਆਤ ਅਰਜੀ ਨਵੀਸਾਂ, ਅਸਟਾਮ ਫਰੋਸਾਂ ਅਤੇ ਟਾਈਪਿਸਟਾਂ ਤੋਂ ਹੁੰਦੀ ਹੈ, ਜਿਹੜਾ ਵਕੀਲਾਂ ਦੇ ਕੈਬਿਨ ਤੋਂ ਹੁੰਦਾ ਹੋਇਆ ਹੌਲੀ ਹੌਲੀ ਜੱਜ ਸਾਹਿਬ ਦੇ ਅਦਾਲਤੀ ਕਮਰੇ ਤਕ ਜਾ ਪਹੁੰਚਦਾ ਹੈ। ਅਰਜੀ ਨਵੀਸ, ਅਸਟਾਮ ਫਰੋਸ ਅਤੇ ਟਾਈਪਿਸਟ ਜਿੱਥੇ ਲੋਕਾਂ ਤੋਂ ਆਮ ਕਾਗਜ ਤਕ ਟਾਈਪ ਕਰਨ ਅਤੇ ਉਸਨੂੰ ਫੋਟੋਸਟੇਟ ਕਰਨ ਦੇ ਮੂੰਹ ਮੰਗੇ ਪੈਸੇ ਵਸੂਲਦੇ ਹਨ ਉੱਥੇ ਮਹਿੰਗੇ ਰੇਟ ਤੇ ਅਸ਼ਟਾਮ ਵੇਚੇ ਜਾਣ ਦੀਆਂ ਖਬਰਾਂ ਵੀ ਆਮ ਹਨ। ਇਸੇ ਤਰ੍ਹਾਂ ਜਿਆਦਾਤਾਰ ਵਕੀਲਾਂ ਦੇ ਮੁਨਸ਼ੀ, ਚਪੜਾਸੀ, ਟੇ੍ਰਨਿੰਗ ਕਰ ਰਹੇ ਛੋਟੇ ਵਕੀਲ ਵੀ ਹਰ ਵਾਰ ਮੁਕਦਮੇ ਦੀ ਪੇਸ਼ੀ ਭੁਗਤਣ ਆਏ ਵਿਅਕਤੀ ਤੋਂ ਆਪਣਾ ਚਾਹ ਪਾਣੀ ਵੱਖਰਾ ਵਸੂਲਦੇ ਹਨ। ਇਹਨਾਂ ਸਾਰੇ ਪੜਾਵਾਂ ਨੂੰ ਪਾਰ ਕਰਨ ਤੋਂ ਬਾਅਦ ਜਦੋਂ ਮੁਕਦਮਾ ਲੜ ਰਿਹਾ ਵਿਅਕਤੀ ਅਦਾਲਤ ਦੇ ਕਮਰੇ ਤਕ ਪਹੁੰਚਦਾ ਹੈ ਤਾਂ ਉੱਥੇ ਪੇਸ਼ੀ ਲਈ ‘ਹਾਜਰ ਹੋ’ ਦੀਆਂ ਆਵਾਜਾਂ ਮਾਰਨ ਵਾਲਾ ਵਿਅਕਤੀ ਹੋਵੇ ਜਾਂ ਅਦਾਲਤ ਵਿੱਚ ਜੱਜ ਸਾਹਿਬ ਦੇ ਕਮਰੇ ਵਿੱਚ ਬੈਠੇ ਜਿਆਦਾਤਰ ਕਰਮਚਾਰੀ (ਟਾਈਪਿਸਟ, ਨਾਇਬ ਕੋਰਟ ਅਤੇ ਹੋਰ ਮੁਲਾਜਮ), ਮੌਕਾ ਮਿਲਣ ਤੇ ਪੇਸ਼ੀ ਭੁਗਤਣ ਆਏ ਲੋਕਾਂ ਤੋਂ ਕੁਝ ਨਾ ਕੁਝ ਝਾੜ ਲੈਂਦੇ ਹਨ।
ਇਸ ਦੌਰਾਨ ਅਦਾਲਤ ਦੇ ਹੀ ਕਿਸੇ ਕਰਮਚਾਰੀ ਵਲੋਂ ਜੱਜ ਸਾਹਿਬ ਦੇ ਨਾਮ ਤੇ ਮੁਕਦਮਾ ਲੜ ਰਹੇ ਵਿਅਕਤੀਆਂ ਨੂੰ ਫੈਸਲਾ ਉਹਨਾਂ ਦੇ ਪੱਖ ਵਿੱਚ ਕਰਵਾਉਣ ਦੇ ਨਾਮ ਹੇਠ ਮੋਟੀ ਰਕਮ ਲੈਣ ਦੇ ਮਾਮਲੇ ਵੀ ਅਕਸਰ ਸਾਮ੍ਹਣੇ ਆਉਂਦੇ ਹਨ। ਸਿਰਫ ਸਰਕਾਰੀ ਕਰਮਚਾਰੀ ਹੀ ਨਹੀਂ ਬਲਕਿ ਮੁਕਦਮਾ ਲੜ ਰਹੇ ਵਕੀਲਾਂ ਤੇ ਵੀ ਜੱਜ ਨਾਲ ਸਿੱਧੀ ਗੱਲ ਹੋਣ ਅਤੇ ਮੁਕਦਮੇ ਦਾ ਫੈਸਲਾ ਆਪਣੇ ਪੱਖ ਵਿੱਚ ਕਰਵਾਉਣ ਦਾ ਦਾਅਵਾ ਕਰਨ ਦੇ ਇਲਜਾਮ ਲੱਗਦੇ ਹਨ, ਜਿਹੜੇ ਆਪਣੇ ਮੁਵੱਕਿਲ ਤੋਂ ਮੋਟੀ ਫੀਸ ਤਾਂ ਵਸੂਲਦੇ ਹੀ ਹਨ, ਜੱਜ ਨੂੰ ਦੇਣ ਦੇ ਨਾਮ ਤੇ ਵੀ ਮੋਟੀ ਰਕਮ ਲੈਂਦੇ ਹਨ। ਗਨੀਮਤ ਇਹ ਹੈ ਕਿ ਹੁਣ ਵੀ ਸਾਡੀਆਂ ਅਦਾਲਤਾਂ ਦੇ ਮਾਣਯੋਗ ਜੱਜ ਆਮ ਤੌਰ ਤੇ ਇਮਾਨਦਾਰ ਹਨ। ਹਾਲਾਂਕਿ ਸਮੇਂ ਸਮੇਂ ਤੇ ਜੱਜਾਂ ਉਪਰ ਵੀ ਰਿਸ਼ਵਤ ਲੈਣ ਦੇ ਦੋਸ਼ ਲੱਗਦੇ ਹਨ ਪਰੰਤੂ ਫਿਰ ਵੀ ਕਿਹਾ ਜਾ ਸਕਦਾ ਹੈ ਕਿ ਇੱਕਾ ਦੁੱਕਾ ਮਾਮਲਿਆਂ ਨੂੰ ਛੱਡ ਕੇ ਸਾਡੇ ਦੇਸ਼ ਦੀਆਂ ਅਦਾਲਤਾਂ ਦੇ ਵੱਡੀ ਗਿਣਤੀ ਜੱਜ ਇਮਾਨਦਾਰ ਹਨ।
ਦੇਸ਼ ਦੀਆਂ ਅਦਾਲਤਾਂ ਵਿੱਚ ਆਪਣੀਆਂ ਜੜ੍ਹਾਂ ਮਜਬੂਤ ਕਰ ਰਹੇ ਭ੍ਰਿਸ਼ਟਾਚਾਰ ਕਾਰਨ ਲੋਕਾਂ ਦਾ ਦੇਸ਼ ਦੀ ਨਿਆਂ ਵਿਵਸਥਾ ਤੋਂ ਭਰੋਸਾ ਉਠਦਾ ਹੈ ਅਤੇ ਇਹ ਵੀ ਇੱਕ ਕਾਰਨ ਹੈ ਕਿ ਲੋਕ ਕਿਸੇ ਮੁਕੱਦਮੇਬਾਜੀ ਵਿੱਚ ਉਲਝਣ ਦੀ ਥਾਂ ਵਿਰੋਧੀਆਂ ਨਾਲ ਸਮਝੌਤਾ ਕਰਨ ਦਾ ਰਾਹ ਅਪਣਾਉਂਦੇ ਹਨ ਤਾਂ ਜੋ ਅਦਾਲਤਾਂ ਦੀ ਖੱਜਲ ਖੁਆਰੀ ਤੋਂ ਬਚਿਆ ਜਾ ਸਕੇ। ਕੁੱਝ ਠੱਗ ਕਿਸਮ ਦੇ ਲੋਕ ਆਮ ਲੋਕਾਂ ਦੇ ਇਸ ਡਰ ਦਾ ਪੂਰਾ ਫਾਇਦਾ ਚੁੱਕਦੇ ਹਨ ਅਤੇ ਕਈ ਵਾਰ ਅਜਿਹਾ ਵੀ ਵੇਖਣ ਵਿੱਚ ਆਉਂਦਾ ਹੈ ਕਿ ਅਜਿਹੇ ਲੋਕ ਕਿਸੇ ਨਾ ਕਿਸੇ ਸ਼ਰੀਫ ਵਿਅਕਤੀ ਨੂੰ ਮੁਕਦਮੇਬਾਜੀ ਵਿੱਚ ਉਲਝਾ ਲੈਂਦੇ ਹਨ ਅਤੇ ਫਿਰ ਉਸ ਵਿਅਕਤੀ ਵਲੋਂ ਅਦਾਲਤ ਵਿੱਚ ਹੋਣ ਵਾਲੀ ਖੱਜਲ ਖੁਆਰੀ ਤੋਂ ਬਚਣ ਲਈ ਮੁਕਦਮਾ ਭੁਗਤਣ ਦੀ ਥਾਂ, ਕੁਝ ਲੈ ਦੇ ਕੇ ਸਮਝੌਤਾ ਕਰਨ ਦਾ ਰਾਹ ਅਖਤਿਆਰ ਕਰਦਾ ਹੈ।
ਦੇਸ਼ ਦੀਆਂ ਅਦਾਲਤਾਂ ਵਿੱਚ ਲਗਾਤਾਰ ਵੱਧਦੇ ਭ੍ਰਿਸ਼ਟਾਚਾਰ ਦੇ ਇਸ ਕੋਹੜ ਤੇ ਕਾਬੂ ਕਰਨ ਲਈ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ ਅਤੇ ਇਸ ਵਿੱਚ ਸ਼ਾਮਿਲ ਲੋਕਾਂ ਦੇ ਖਿਲਾਫ ਸਖਤ ਕਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਸੰਬੰਧੀ ਅਦਾਲਤਾਂ ਵਿੱਚ ਤੈਨਾਤ ਮਾਣਯੋਗ ਜੱਜਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਕੋਲ ਆਉਣ ਵਾਲੇ ਮੁਕੱਦਮਿਆਂ ਦੀ ਸੁਣਵਾਈ ਦੇ ਨਾਲ ਨਾਲ ਆਪਣੇ ਦਫਤਰੀ ਅਮਲੇ ਫੈਲੇ ਵਲੋਂ ਕੀਤੇ ਜਾਂਦੇ ਭ੍ਰਿਸ਼ਟਾਚਾਰ ਤੇ ਕਾਬੂ ਕਰਨ ਲਈ ਸਖਤ ਕਦਮ ਚੁੱਕਣ ਅਤੇ ਅਜਿਹੇ ਕਰਮਚਾਰੀਆਂ ਨੂੰ ਬਰਖਾਸਤ ਕੀਤਾ ਜਾਵੇ, ਜਿਹੜੇ ਰਿਸ਼ਵਤ ਦੇ ਨਾਮ ਤੇ ਇਨਸਾਫ ਦੀ ਆਸ ਵਿੱਚ ਅਦਾਲਤ ਵਿੱਚ ਪਹੁੰਚਣ ਵਾਲੇ ਮਜਲੂਮਾਂ ਦੀ ਹੀ ਲੁੱਟ ਕਰਦੇ ਹਨ। ਸਾਡੀ ਨਿਆਂ ਵਿਵਸਥਾ ਵਿੱਚ ਆਮ ਲੋਕਾਂ ਦਾ ਭਰੋਸਾ ਕਾਇਮ ਰੱਖਣ ਲਈ ਅਜਿਹਾ ਕੀਤਾ ਜਾਣਾ ਜਰੂਰੀ ਹੈ ਅਤੇ ਇਸ ਲਈ ਤੁਰੰਤ ਕਾਰਵਾਈ ਜਰੂਰੀ ਹੈ ਅਤੇ ਇਸ ਸੰਬੰਧੀ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ।
Editorial
ਪੰਜਾਬ ਬੰਦ ਦਾ ਸੱਦਾ ਦੇਣ ਲਈ ਕਿਉਂ ਮਜਬੂਰ ਹੁੰਦੀਆਂ ਹਨ ਸੰਘਰਸ਼ਸ਼ੀਲ ਜਥੇਬੰਦੀਆਂ
ਪਿਛਲੇ ਦਿਨੀਂ ਪੰਜਾਬ ਦੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਪੰਜਾਬ ਬੰਦ ਰਿਹਾ। ਇਸ ਬੰਦ ਦਾ ਸੱਦਾ ਪਰਵਿੰਦਰ ਸਿੰਘ ਦੇ ਪਰਿਵਾਰ ਅਤੇ ਵੱਖ- ਵੱਖ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਸੀ। ਇਸ ਦੌਰਾਨ ਕਈ ਥਾਵਾਂ ਤੇ ਧਰਨਾਕਾਰੀਆਂ ਵੱਲੋਂ ਮੁੱਖ ਸੜਕਾਂ ਤੇ ਧਰਨੇ ਲਗਾ ਕੇ ਕਈ ਘੰਟੇ ਆਵਾਜਾਈ ਵੀ ਠੱਪ ਕੀਤੀ ਗਈ, ਜਿਸ ਕਾਰਨ ਜਿੱਥੇ ਆਮ ਲੋਕ ਖੱਜਲ ਖੁਆਰ ਹੋਏ, ਉਥੇ ਅਨੇਕਾਂ ਥਾਵਾਂ ਤੇ ਆਵਾਜਾਈ ਠੱਪ ਕਰਨ ਵਾਲਿਆਂ ਅਤੇ ਰਾਹਗੀਰਾਂ, ਵਾਹਨ ਚਾਲਕਾਂ ਵਿਚਾਲੇ ਬਹਿਸ ਵੀ ਹੋਈ।
ਇਸ ਦੌਰਾਨ ਪਟਿਆਲਾ ਜ਼ਿਲ੍ਹੇ ਵਿੱਚ ਬੰਦ ਦਾ ਅਸਰ ਘੱਟ ਰਿਹਾ। ਪਟਿਆਲਾ ਜ਼ਿਲ੍ਹੇ ਦੀ ਵਪਾਰ ਜਥੇਬੰਦੀ ਦੇ ਪ੍ਰਧਾਨ ਨੇ ਸੋਸ਼ਲ ਮੀਡੀਆ ਅਤੇ ਟੀ. ਵੀ. ਚੈਨਲਾਂ ਤੇ ਲਾਈਵ ਹੋ ਕੇ ਕਿਹਾ ਸੀ ਕਿ ਉਹ ਪੰਜਾਬ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਨਿਖੇਧੀ ਕਰਦੇ ਹਨ ਅਤੇ ਪੀੜਤ ਪਰਿਵਾਰ ਦਾ ਦੁੱਖ ਸਮਝਦੇ ਹਨ ਪਰ ਪਟਿਆਲਾ ਜ਼ਿਲ੍ਹੇ ਦੇ ਵਪਾਰੀ ਅਤੇ ਦੁਕਾਨਦਾਰ ਦੁਕਾਨਾਂ ਬੰਦ ਨਹੀਂ ਕਰਨਗੇ ਕਿਉਂਕਿ ਇਸ ਵੇਲੇ ਤਿਉਹਾਰੀ ਸੀਜਨ ਚੱਲ ਰਿਹਾ ਹੈ ਅਤੇ ਦੁਕਾਨਦਾਰਾਂ ਨੇ ਆਪਣੀ ਰੋਜ਼ੀ ਰੋਟੀ ਦੁਕਾਨਾਂ ਖੋਲ੍ਹ ਕੇ ਹੀ ਕਮਾਉਣੀ ਹੁੰਦੀ ਹੈ।
ਬੰਦ ਦੌਰਾਨ ਕਈ ਥਾਵਾਂ ਨੇ ਸੰਘਰਸ਼ ਸ਼ੀਲ ਜਥੇਬੰਦੀਆਂ ਵੱਲੋਂ ਜਬਰਦਸਤੀ ਦੁਕਾਨਾਂ ਬੰਦ ਕਰਵਾਈਆਂ ਗਈਆਂ, ਜਿਸ ਕਾਰਨ ਮਾਹੌਲ ਤਨਾਓ ਪੂਰਨ ਰਿਹਾ। ਵੱਡੀ ਗਿਣਤੀ ਲੋਕਾਂ ਨੇ ਡਰ ਅਤੇ ਸਹਿਮ ਕਾਰਨ ਆਪਣੀਆਂ ਦੁਕਾਨਾਂ ਬੰਦ ਰਖੀਆਂ ਤਾਂ ਕਿ ਸ਼ਰਾਰਤੀ ਅਨਸਰ ਉਹਨਾਂ ਨਾਲ ਕੋਈ ਅਣਸੁਖਾਂਵੀ ਘਟਨਾ ਨੂੰ ਅੰਜਾਮ ਨਾ ਦੇਣ।
ਕਿਸੇ ਜਥੇਬੰਦੀ ਜਾਂ ਜਥੇਬੰਦੀਆਂ ਵੱਲੋਂ ‘ਪੰਜਾਬ ਬੰਦ’ ਦਾ ਦਿੱਤਾ ਗਿਆ ਇਹ ਸੱਦਾ ਪਹਿਲੀ ਵਾਰ ਨਹੀਂ ਸੀ ਬਲਕਿ ਇਸ ਤੋਂ ਪਹਿਲਾਂ ਵੀ ਵੱਖ- ਵੱਖ ਜਥੇਬੰਦੀਆਂ ‘ਪੰਜਾਬ ਬੰਦ’ ਦਾ ਸੱਦਾ ਦੇ ਚੁੱਕੀਆਂ ਹਨ ਅਤੇ ਉਹਨਾਂ ਦੇ ਬੰਦ ਦੇ ਸੱਦੇ ਨੂੰ ਹੁੰਗਾਰਾ ਵੀ ਮਿਲਦਾ ਰਿਹਾ ਹੈ। ਪਿਛਲੇ ਮਹੀਨੇ ਕੌਮੀ ਇਨਸਾਫ਼ ਮੋਰਚੇ ਵੱਲੋਂ 15 ਅਗਸਤ ਨੂੰ ਚੰਡੀਗੜ੍ਹ ਵੱਲ ਕੂਚ ਕਰ ਰਹੀ ਸੰਗਤ ਤੇ ਅਥਰੂ ਗੈਸ ਦੇ ਗੋਲੇ ਵਰ੍ਹਾਉਣ ਅਤੇ ਪਾਣੀ ਦੀਆਂ ਬੁਛਾੜਾਂ ਮਾਰਨ ਖ਼ਿਲਾਫ਼ ‘ਪੰਜਾਬ ਬੰਦ’ ਦਾ ਸੱਦਾ ਦਿੱਤਾ ਗਿਆ ਸੀ। ਇਸ ਮੌਕੇ ਇਨਸਾਫ਼ ਮੋਰਚੇ ਦੇ ਆਗੂਆਂ ਵੱਲੋਂ ਵੱਖ- ਵੱਖ ਥਾਵਾਂ ਤੇ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਆਵਾਜਾਈ, ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਕਰਵਾਉਣ ਦਾ ਯਤਨ ਕੀਤਾ ਗਿਆ। ਇਸ ਤੋਂ ਵੀ ਕੁਝ ਦਿਨ ਪਹਿਲਾਂ ਦਲਿਤ ਜਥੇਬੰਦੀਆਂ ਵੱਲੋਂ ਵੀ ‘ਪੰਜਾਬ ਬੰਦ’ ਦਾ ਸੱਦਾ ਦਿੱਤਾ ਗਿਆ ਸੀ। ਕਿਸਾਨ ਜਥੇਬੰਦੀਆਂ ਵੀ ਪਿਛਲੇ ਸਮੇਂ ਦੌਰਾਨ ‘ਪੰਜਾਬ ਬੰਦ’ ਕਰ ਚੁੱਕੀਆਂ ਹਨ। ਜਿਸ ਕਰਕੇ ਇਹ ਮਹਿਸੂਸ ਹੋ ਰਿਹਾ ਹੈ ਕਿ ਸੂਬੇ ਵਿੱਚ ‘ਪੰਜਾਬ ਬੰਦ’ ਦੀ ਰਾਜਨੀਤੀ ਇੱਕ ਵਾਰ ਮੁੜ ਸ਼ੁਰੂ ਹੋ ਗਈ ਹੈ।
ਪੰਜਾਬੀਆਂ ਨੂੰ ਉਹ ਲੰਘਿਆ ਸਮਾਂ ਅਜੇ ਵੀ ਚੰਗੀ ਤਰ੍ਹਾਂ ਯਾਦ ਹੈ, ਜਦੋਂ ਸੂਬੇ ਵਿੱਚ ਹਰ ਤੀਜੇ ਦਿਨ ‘ਪੰਜਾਬ ਬੰਦ’ ਦਾ ਸੱਦਾ ਦੇ ਦਿੱਤਾ ਜਾਂਦਾ ਸੀ। ਉਸ ਸਮੇਂ ਪੰਜਾਬ ਦਾ ਮਾਹੌਲ ਠੀਕ ਨਹੀਂ ਸੀ ਅਤੇ ਡਰਦੇ ਹੋਏ ਲੋਕ ਕੁਝ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਦਿੱਤੇ ਜਾਂਦੇ ‘ਪੰਜਾਬ ਬੰਦ’ ਦੇ ਸੱਦੇ ਦੌਰਾਨ ਆਪਣੀਆਂ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਰੱਖਦੇ ਸਨ। ਇਸ ਦੇ ਨਾਲ ਹੀ ਵਿਦਿਅਕ ਅਦਾਰੇ ਵੀ ਅਕਸਰ ਬੰਦ ਰਹਿੰਦੇ ਸਨ। ਉਸ ਸਮੇਂ ਅਕਸਰ ਰੇਲ ਅਤੇ ਬੱਸ ਆਵਾਜਾਈ ਵੀ ਠੱਪ ਕਰ ਦਿੱਤੀ ਜਾਂਦੀ ਸੀ। ਪੰਜਾਬ ਵਿੱਚ ਅਮਨ-ਸ਼ਾਂਤੀ ਪਰਤ ਆਉਣ ਤੋਂ ਬਾਅਦ ਇਹ ‘ਬੰਦ ਦੀ ਰਾਜਨੀਤੀ’ ਵੀ ਇੱਕ ਤਰ੍ਹਾਂ ਸਮਾਪਤ ਹੋ ਗਈ ਸੀ।
ਪਰੰਤੂ ਹੁਣ ਪੰਜਾਬ ਵਿੱਚ ਮੁੜ ‘ਬੰਦ’ ਦੀ ਰਾਜਨੀਤੀ ਦੀ ਸ਼ੁਰੂੁਆਤ ਹੋ ਚੁੱਕੀ ਹੈ। ਇਸ ਤਰੀਕੇ ਦੀ ਸਿਆਸਤ ਦੀ ਸ਼ੁਰੂਆਤ ਭਾਵੇਂ ਸਿਆਸੀ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਜਾਂਦੀ ਮੰਨੀ ਜਾਂਦੀ ਹੈ ਪਰ ਕਿਸਾਨ ਜਥੇਬੰਦੀਆਂ ਜਦੋਂ ਵੀ ਕਿਸੇ ਥਾਂ ਧਰਨਾ ਲਗਾਉਂਦੀਆਂ ਹਨ ਤਾਂ ਪੂਰੇ ਅਨੁਸ਼ਾਸਨ ਵਿੱਚ ਰਹਿੰਦੀਆਂ ਹਨ ਅਤੇ ਉਥੇ ਇਹਨਾਂ ਜਥੇਬੰਦੀਆਂ ਵੱਲੋਂ ‘ਲੰਗਰ’ ਵੀ ਲਗਾਏ ਜਾਂਦੇ ਹਨ। ਇਹਨਾਂ ‘ਲੰਗਰਾਂ’ ਵਿੱਚ ਕੋਈ ਵੀ ਵਿਅਕਤੀ ਬਿਨਾਂ ਕਿਸੇ ਭੇਦਭਾਵ ਦੇ ਖਾਣਾ ਖਾ ਸਕਦਾ ਹੈ। ਕੁਝ ਕਿਸਾਨ ਆਗੂ ਕਹਿੰਦੇ ਹਨ ਕਿ ਉਹਨਾਂ ਦੀ ਲੜਾਈ ਸਰਕਾਰਾਂ ਨਾਲ ਹੈ ਅਤੇ ਉਹ ਆਮ ਲੋਕਾਂ ਦੀਆਂ ਸਮੱਸਿਆਵਾਂ ਸਮਝਦੇ ਹਨ।
ਪੰਜਾਬ ਵਿੱਚ ਵੱਡੀ ਗਿਣਤੀ ਲੋਕ ਅਜਿਹੇ ਹਨ, ਜੋਕਿ ਹਰ ਦਿਨ ਦਿਹਾੜੀ ਲਗਾਉਂਦੇ ਹਨ ਜਾਂ ਰੇਹੜੀਆਂ ਫੜੀਆਂ ਲਗਾਉਂਦੇ ਹਨ। ਇਸ ਤੋਂ ਇਲਾਵਾ ਦੁਕਾਨਦਾਰਾਂ ਨੇ ਵੀ ਹਰ ਦਿਨ ਕਮਾਈ ਕਰਨੀ ਹੁੰਦੀ ਹੈ, ਕਿਉਂਕਿ ਹਰ ਦੁਕਾਨ ਦਾ ਹਰ ਦਿਨ ਖਰਚਾ ਪੈਂਦਾ ਰਹਿੰਦਾ ਹੈ। ਪ੍ਰਾਈਵੇਟ ਅਦਾਰਿਆਂ ਵਿੱਚ ਕੰਮ ਕਰਦੇ ਮੁਲਾਜਮ ਵੀ ਇੱਕ ਤਰ੍ਹਾਂ ਦਿਹਾੜੀਦਾਰਾਂ ਵਰਗੇ ਹੁੰਦੇ ਹਨ। ਜਦੋਂ ਵੀ ਕਿਸੇ ਥਾਂ ਆਵਾਜਾਈ ਠੱਪ ਹੁੰਦੀ ਹੈ ਜਾਂ ‘ਬੰਦ’ ਹੁੰਦਾ ਹੈ ਤਾਂ ਅਕਸਰ ਆਮ ਲੋਕਾਂ ਦੇ ਕੰਮ ਕਾਰ ਬੰਦ ਹੋ ਜਾਂਦੇ ਹਨ ਅਤੇ ਪ੍ਰਾਈਵੇਟ ਮੁਲਾਜਮ ਆਪਣੇ ਦਫਤਰਾਂ ਵਿੱਚ ਸਮੇਂ ਸਿਰ ਨਹੀਂ ਪਹੁੰਚ ਸਕਦੇ। ਜਿਸ ਕਾਰਨ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਕੋਈ ਵੀ ਸਿਆਸੀ ਪਾਰਟੀ ਬੰਦੀ ਸਿੰਘਾਂ, ਕਿਸਾਨਾਂ ਦੇ ਮਸਲਿਆਂ, ਪਾਣੀਆਂ ਦਾ ਮਸਲਾ, ਨਸ਼ੇ ਦੇ ਕਹਿਰ ਅਤੇ ਪੰਜਾਬੀਆਂ ਦੀਆਂ ਹੋਰ ਮੁੱਖ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਇਹੋ ਕਾਰਨ ਹੈ ਕਿ ਇਹਨਾਂ ਮੰਗਾਂ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ‘ਪੰਜਾਬ ਬੰਦ’ ਵਰਗੇ ਸੱਦੇ ਦੇਣ ਲਈ ਮਜ਼ਬੂਰ ਹੁੰਦੀਆਂ ਹਨ। ‘ਪੰਜਾਬ ਬੰਦ’ ਦੇ ਸੱਦੇ ਦੇਣ ਤੋਂ ਪਹਿਲਾਂ ਜਥੇਬੰਦੀਆਂ ਨੂੰ ਇਸ ਬੰਦ ਕਾਰਨ ਆਮ ਲੋਕਾਂ ਦੇ ਹੁੰਦੇ ਆਰਥਿਕ, ਸਮਾਜਿਕ ਤੇ ਮਾਨਸਿਕ ਨੁਕਸਾਨ ਬਾਰੇ ਸੋਚਣਾ ਚਾਹੀਦਾ ਹੈ।
ਬਿਊਰੋ
Editorial
ਕੱਤਕ ਮਹੀਨੇ ਆਵਣ ਕੂੰਜਾਂ
ਘਰਾਂ ਨੂੰ ਪਰਤਣ ਦਾ ਮਹੀਨਾ ਕੱਤਕ
ਕੱਤਕ ਮਹੀਨੇ ਨੂੰ ਕੱਤਾ ਅਤੇ ਕੱਤੇ ਵੀ ਕਹਿ ਲਿਆ ਜਾਂਦਾ ਹੈ। ਕੱਤਕ ਮਹੀਨੇ ਨੂੰ ਹਿੰਦੀ ਅਤੇ ਹੋਰਨਾਂ ਭਾਸ਼ਾਵਾਂ ਵਿਚ ‘ਕਾਰਤਿਕ ‘ ਵੀ ਕਿਹਾ ਜਾਂਦਾ ਹੈ। ਕੱਤਕ ਮਹੀਨੇ ਨੂੰ ਇੰਗਲਿਸ਼ ਵਿਚ ‘ਪਲੀਅਡੀਜ’ ਕਹਿੰਦੇ ਹਨ, ਇਸੇ ਤਰਾਂ ਫਾਰਸੀ ਵਿਚ ਕੱਤਕ ਮਹੀਨੇ ਨੂੰ ‘ਪਰਵੀਨ’ ਅਤੇ ਅਰਬੀ ਭਾਸ਼ਾ ਵਿੱਚ ‘ਸੋਰਯਾ’ ਕਹਿੰਦੇ ਹਨ।
ਜਦੋਂ ਪੰਜਾਬ ਦੇ ਹਰ ਇਲਾਕੇ ਵਿੱਚ ਭਰ ਜਵਾਨ ਹੋਇਆ ਝੋਨਾ, ਮਾਲਵਾ ਇਲਾਕੇ ਵਿੱਚ ਕਪਾਹ ਅਤੇ ਨਰਮੇ ਨੂੰ ਖਿੜੇ ਚਿੱਟੇ ਚਿੱਟੇ ਫੁੱਲ ਅਤੇ ਇਹਨਾਂ ਚਿੱਟੇ ਦੁੱਧ ਵਰਗੇ ਫੁੱਲਾਂ ਤੇ ਪਈ ਤਰੇਲ ਦੀਆਂ ਬੂੰਦਾਂ, ਕਪਾਹ ਅਤੇ ਨਰਮਾ ਚੁਗਦੀਆਂ ਹੋਈਆਂ ਪੰਜਾਬ ਦੀਆਂ ਮੁਟਿਆਰਾਂ, ਗਵਾਰ ਅਤੇ ਮੂੰਗੀ ਦੀਆਂ ਫਸਲਾਂ ਭਰ ਜੋਬਨ ਤੇ ਆ ਕੇ ਪੈਲਾਂ ਪਾਉਣ ਲੱਗ ਪੈਣ ਤਾਂ ਹਰ ਆਮ ਤੇ ਖਾਸ ਨੂੰ ਪਤਾ ਚਲ ਜਾਂਦਾ ਹੈ ਕਿ ਕੱਤਕ ਮਹੀਨੇ ਨੇ ਦਸਤਕ ਦੇ ਦਿੱਤੀ ਹੈ।
ਕੱਤਕ ਮਹੀਨੇ ਕੂੰਜਾਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਹੋਰ ਪਰਵਾਸੀ ਪੰਛੀਆਂ ਦੇ ਆਉਣ ਦੇ ਨਾਲ ਹੀ ਉਹਨਾਂ ਵਿਆਹੁਤਾ ਮੁਟਿਆਰਾਂ ਨੂੰ ਆਪਣੇ ਕੰਤ ਦੇ ਆਉਣ ਦੀ ਉਡੀਕ ਵੀ ਸ਼ੁਰੂ ਹੋ ਜਾਂਦੀ ਹੈ, ਜਿਹਨਾਂ ਦੇ ਕੰਤ ਰੋਜ਼ੀ ਰੋਟੀ ਦੇ ਜੁਗਾੜ ਲਈ ਸੱਤ ਸਮੁੰਦਰ ਪਾਰ ਪਰਦੇਸ਼ ਉਡਾਰੀ ਮਾਰ ਗਏ ਹੁੰਦੇ ਹਨ। ਅਕਸਰ ਹੀ ਵੱਡੀ ਗਿਣਤੀ ਪਰਵਾਸੀ ਪੰਜਾਬੀ ਦਿਵਾਲੀ ਮੌਕੇ ਆਪਣੇ ਵਤਨ ਪੰਜਾਬ ਗੇੜਾ ਮਾਰਦੇ ਹਨ। ਬਿਰਹੋਂ ਦੀ ਅਗਨੀ ਵਿੱਚ ਤੜਫਦੀਆਂ ਜੋਬਨਵੰਤੀਆਂ ਮੁਟਿਆਰਾਂ ਦੇ ਕੰਤ ਜਦੋਂ ਕੱਤਕ ਮਹੀਨੇ ਉਹਨਾਂ ਦੇ ਕੋਲ ਆ ਜਾਂਦੇ ਹਨ ਤਾਂ ਉਹਨਾਂ ਦੀ ਜਿੰਦਗੀ ਵਿੱਚ ਲੱਖਾਂ ਬਲਬਾਂ ਤੇੇ ਕਰੋੜਾਂ ਟਿਊਬ ਲਾਈਟਾਂ ਦੀ ਰੌਸ਼ਨੀ ਹੋ ਜਾਂਦੀ ਹੈ।
ਕੱਤਕ ਮਹੀਨੇ ਮਾਲਵਾ ਇਲਾਕੇ ਦੇ ਅਬੋਹਰ ਅਤੇ ਹੋਰ ਇਲਾਕਿਆਂ ਵਿੱਚ ਮੌਸਮੀ (ਮੁਸੰਮੀ) ਦੇ ਪੌਦਿਆਂ ਨੂੰ ਭਰਪੂਰ ਫਲ ਲੱਗਿਆ ਹੁੰਦਾ ਹੈ, ਇਸ ਦੇ ਨਾਲ ਕਿੰਨੂੰ ਦੇ ਪੌਦਿਆਂ ਨੂੰ ਕੱਤਕ ਮਹੀਨੇ ਫਲ ਪੈਣਾ ਸ਼ੁਰੂ ਹੋ ਜਾਂਦਾ ਹੈ, ਜੋ ਕਿ ਅਗਲੇ ਮਹੀਨਿਆਂ ਦੌਰਾਨ ਵੱਡਾ ਹੁੰਦਾ ਜਾਂਦਾ ਹੈ। ਕੱਤਕ ਮਹੀਨੇ ਗੰਨੇ ਦੀ ਫਸਲ ਵੀ ਪੈਲਾਂ ਪਾਉਂਦੀ ਆਪਣੀ ਜਵਾਨੀ ਦਾ ਜਲਵਾ ਦਿਖਾਉਂਦੀ ਪ੍ਰਤੀਤ ਹੁੰਦੀ ਹੈ। ਅੱਧੇ ਕੱਤੇ ਤੋਂ ਭਾਵ ਕੱਤਕ ਮਹੀਨੇ ਦੇ ਅੱਧ ਵਿਚਕਾਰ ਜਾ ਕੇ ਪੰਜਾਬ ਦੇ ਖੇਤਾਂ ਵਿੱਚ ਹਾੜੀ ਦੀ ਫਸਲ ਕਣਕ ਅਤੇ ਸਰ੍ਹੋਂ ਦੀ ਬਿਜਾਈ ਸ਼ੁਰੂ ਹੋ ਜਾਂਦੀ ਹੈ।
ਕੁਝ ਸਾਲ ਪਹਿਲਾਂ ਤੱਕ ਪੰਜਾਬ ਵਿੱਚ ਗੰਨਾ ਬਹੁਤ ਵੱਡੇ ਪੱਧਰ ਉਪਰ ਬੀਜਿਆ ਜਾਂਦਾ ਸੀ ਪਰ ਹੁਣ ਗੰਨੇ ਦੀ ਫਸਲ ਹੇਠ ਰਕਬਾ ਬਹੁਤ ਹੀ ਘੱਟ ਗਿਆ ਹੈ। ਗੰਨੇ ਦੀ ਫਸਲ ਨੂੰ ਕਮਾਦ ਵੀ ਕਿਹਾ ਜਾਂਦਾ ਹੈ। ਗੰਨੇ ਤੋਂ ਹੀ ਗੁੜ ਅਤੇ ਸ਼ੱਕਰ ਬਣਾਏ ਜਾਂਦੇ ਹਨ। ਇਹੀ ਕਾਰਨ ਹੈ ਕਿ ਕੱਤਕ ਮਹੀਨੇ ਵਿੱਚ ਅਨੇਕਾਂ ਹੀ ਥਾਂਵਾਂ ਉਪਰ ਗੁੜ ਤੇ ਸ਼ੱਕਰ ਬਣਾਉਣ ਵਾਲੇ ਵੇਲਣੇ ਅਤੇ ਘੁਲਾੜੀਆਂ ਨਜ਼ਰ ਆਉਂਦੇ ਹਨ। ਮਿਥਿਹਾਸ ਅਨੁਸਾਰ ਗੰਨੇ ਦੀ ਉਤਪਤੀ ਭਾਰਤ ਵਿੱਚ ਹੀ ਹੋਈ ਅਤੇ ਇਥੋਂ ਹੀ ਗੰਨਾ ਸਾਰੀ ਦੁਨੀਆ ਵਿੱਚ ਪਹੁੰਚਿਆ। ਇਹ ਵੀ ਕਿਹਾ ਜਾਂਦਾ ਹੈ ਕਿ ਸਿਕੰਦਰ ਦੇ ਫ਼ੌਜੀ ਵਾਪਸ ਮੁੜਦੇ ਸਮੇਂ ਆਪਣੇ ਨਾਲ ਗੰਨਾ ਵੀ ਯੂਰੋਪ ਵਿੱਚ ਲੈ ਗਏ। ਕੱਤਕ ਮਹੀਨੇ ਗੰਨੇ ਚੂਪਦੇ ਬੱਚੇ ਅਤੇ ਜਵਾਨ ਅੱਜ ਵੀ ਨਜ਼ਰ ਆ ਜਾਂਦੇ ਹਨ।
ਕੱਤਕ ਮਹੀਨੇ ਨੂੰ ਖਾਣ ਪੀਣ ਦਾ ਮਹੀਨਾ ਵੀ ਕਿਹਾ ਜਾਂਦਾ ਹੈ। ਕੱਤਕ ਮਹੀਨੇ ਦੀ ਮੱਸਿਆ ਨੂੰ ਰੌਸ਼ਨੀਆਂ ਦਾ ਪ੍ਰਸਿੱਧ ਤਿਉਹਾਰ ਦਿਵਾਲੀ ਮਨਾਇਆ ਜਾਂਦਾ ਹੈ। ਕੱਤਕ ਦੀ ਪੂਰਨਮਾਸੀ ਨੂੰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ। ਆਮ ਤੌਰ ਤੇ ਸਿੱਖ ਭਾਈਚਾਰੇ ਦੇ ਘਰਾਂ ਵਿੱਚ ਦਿਵਾਲੀ ਮੌਕੇ ਲਗਾਈਆਂ ਗਈਆਂ ਰੰਗ ਬਿਰੰਗੇ ਬਲਬਾਂ ਦੀ ਲੜੀਆਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੱਕ ਚਲਦੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਕਰਵਾ ਚੌਥ, ਚੱਕਰੀਆਂ (ਮਾਤਾ ਦਾ ਵਰਤ) ਵਰਗੇ ਤਿਉਹਾਰ ਵੀ ਇਸੇ ਕੱਤਕ ਮਹੀਨੇ ਵਿੱਚ ਆਉਂਦੇ ਹਨ। ਇਹਨਾਂ ਤਿਉਹਾਰਾਂ ਮੌਕੇ ਵੱਡੀ ਗਿਣਤੀ ਔਰਤਾਂ ਵੱਲੋਂ ਵਰਤ ਵੀ ਰੱਖੇ ਜਾਂਦੇ ਹਨ ।
ਕੱਤਕ ਮਹੀਨੇ ਹੀ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ, ਜੋ ਕਿ ਦਿਵਾਲੀ ਵਾਲੇ ਦਿਨ ਹੀ ਹੁੰਦਾ ਹੈ। ਦਿਵਾਲੀ ਦੇ ਦਿਨ ਹੀ ਸਿੱਖਾਂ ਦੇ ਛੇਵੇਂ ਗੁਰੂ , ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿਚੋਂ ਆਪਣੇ ਨਾਲ 52 ਰਾਜਿਆਂ ਨੂੰ ਛੁੱਡਵਾ ਕੇ ਅੰਮ੍ਰਿਤਸਰ ਪਹੁੰਚੇ ਸਨ, ਇਹ ਹੀ ਕਾਰਨ ਹੈ ਕਿ ਦਿਵਾਲੀ ਨੂੰ ਘਰਾਂ ਨੂੰ ਪਰਤਣ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ ਅਤੇ ਕੱਤਕ ਨੂੰ ਘਰਾਂ ਨੂੰ ਪਰਤਣ ਦਾ ਮਹੀਨਾ। ਇਸੇ ਕਾਰਨ ਦੁਨੀਆ ਦੇ ਵੱਖ ਵੱਖ ਮੁਲਕਾਂ ਵਿੱਚ ਵਸੇ ਹੋਏ ਪਰਵਾਸੀ ਪੰਜਾਬੀ ਦਿਵਾਲੀ ਮੌਕੇ ਆਪਣੇ ਪਿੰਡ ਵਾਲੇ ਜੱਦੀ ਘਰ ਗੇੜਾ ਮਾਰਦੇ ਹਨ। ਪਰਿਵਾਰ ਨੂੰ ਮਿਲ ਕੇ ਪਰਵਾਸੀ ਪੰਜਾਬੀਆਂ ਦੇ ਨਾਲ ਨਾਲ ਪਰਿਵਾਰ ਵਾਲਿਆਂ ਦੀ ਖੁਸ਼ੀ ਵੀ ਵੇਖਣ ਵਾਲੀ ਹੁੰਦੀ ਹੈ।
ਹੁਣ ਨਾ ਤਾਂ ਪਹਿਲਾਂ ਵਰਗਾ ਵਾਤਾਵਰਣ ਰਿਹਾ ਹੈ ਤੇ ਨਾ ਸ਼ੁੱਧ ਪੌਣ ਪਾਣੀ। ਨਾ ਹੁਣ ਪਹਿਲਾਂ ਵਰਗਾ ਅੰਮ੍ਰਿਤ ਵੇਲਾ ਤੇ ਸਰਘੀ ਵੇਲਾ ਰਿਹਾ ਹੈ ਤੇ ਨਾ ਛਾਹ ਵੇਲਾ। ਹਰ ਪਾਸੇ ਫੈਲੀ ਆਪਾ-ਧਾਪੀ ਦੇ ਇਸ ਦੌਰ ਵਿੱਚ ਕਿਸੇ ਕੋਲ ਏਨਾ ਕੁ ਸਮਾਂ ਨਹੀਂ ਕਿ ਉਹ ਆਪਣੇ ਪਿੰਡ ਵਾਸੀਆਂ, ਸ਼ਹਿਰ ਵਾਸੀਆਂ ਨਾਲ ਬਹਿ ਕੇ ਕੁਝ ਸਮਾਂ ਕੁਦਰਤ ਦੀ ਗੋਦ ਵਿੱਚ ਗੁਜ਼ਾਰ ਸਕੇ। ਹਰ ਕੋਈ ਹੁਣ ਕੰਕਰੀਟ ਦੇ ਜੰਗਲਾਂ ਵਿੱਚ ਬਣਾਏ ਕੋਠੀ ਨੁਮਾ ਘੁਰਨਿਆਂ ਵਿੱਚ ਵੜ ਕੇ ਆਪਣੇ ਆਪ ਤਕ ਸੀਮਿਤ ਜਿਹਾ ਹੋ ਗਿਆ ਹੈ, ਜਿਸ ਕਰਕੇ ਅਨੇਕਾਂ ਲੋਕਾਂ ਨੂੰ ਹੁਣ ਕੱਤਕ ਮਹੀਨੇ ਦੀਆਂ ਮੌਜਾਂ ਮਾਨਣ ਦੀ ਵਿਹਲ ਨਹੀਂ ਮਿਲਦੀ।
ਕੱਤਕ ਮਹੀਨੇ ਦੀ ਸ਼ੁਰੂਆਤ ਮੌਕੇ ਸਾਰੇ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਖੁਦ ਵੀ ਆਪਣੇ ਵਿਰਸੇ ਅਤੇ ਕੁਦਰਤ ਨਾਲ ਜੁੜਨ ਅਤੇ ਆਪਣੇ ਬੱਚਿਆਂ ਨੂੰ ਵੀ ਪੰਜਾਬ ਦੇ ਅਮੀਰ ਵਿਰਸੇ ਅਤੇ ਕੁਦਰਤ ਨਾਲ ਜੋੜਨ। ਕੱਤਕ ਮਹੀਨੇ ਦੌਰਾਨ ਸਮੂਹ ਪੰਜਾਬੀਆਂ ਨੂੰ ਪੰਜਾਬ ਵਿੱਚ ਵਹਿ ਰਹੇ ਪਰਵਾਸ ਦੇ ਸੱਤਵੇਂ ਦਰਿਆ ਨੂੰ ਠੱਲਖ਼ ਪਾਉਣ ਲਈ ਵੀ ਸਿਰ ਜੋੜ ਕੇ ਮੰਥਨ ਕਰਨ ਦੀ ਲੋੜ ਹੈ ਤਾਂ ਕਿ ਸੱਤ ਸਮੁੰਦਰ ਪਾਰ ਗਏ ਉਹਨਾਂ ਦੇ ਬੱਚੇ ਆਪਣੇ ਵਤਨ, ਆਪਣੀ ਮਾਂ ਬੋਲੀ, ਆਪਣੇ ਅਮੀਰ ਵਿਰਸੇ ਅਤੇ ਆਪਣੀ ਜੱਦੀ ਜ਼ਮੀਨ ਨਾਲ ਜੁੜੇ ਰਹਿ ਸਕਣ।
ਕੱਤਕ ਮਹੀਨੇ ਦੂਰ ਦੇ ਦੇਸ਼ਾਂ ਦੇਸਾਂਤਰਾਂ ਤੋਂ ਆਉਂਦੀਆਂ ਕੂੰਜਾਂ ਵਾਂਗ ਪੰਜਾਬੀਆਂ ਦੇ ਸੱਤ ਸਮੁੰਦਰ ਪਾਰ ਗਏ ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਕੱਤਕ ਮਹੀਨੇ ਆਪਣੇ ਵਤਨਾਂ ਨੂੰ ਗੇੜਾ ਮਾਰਨ ਤਾਂ ਕਿ ਪੰਜਾਬ ਦੇ ਪਿੰਡਾਂ ਵਿੱਚ ਉਹਨਾਂ ਬਿਨਾਂ ਸੁੰਨੇ ਪਏ ਉਹਨਾਂ ਦੇ ਮਹੱਲ ਮੁਨਾਰਿਆਂ ਅਤੇ ਜੱਦੀ ਘਰਾਂ ਵਿੱਚ ਮੁੜ ਰੌਣਕਾਂ ਲੱਗਣ।
ਜਗਮੋਹਨ ਸਿੰਘ ਲੱਕੀ
ਮੋ: 9463819174
-
International1 month ago92 ਸਿੱਖ ਸ਼ਰਧਾਲੂਾਂ ਨੂੰ ਫੈਸਲਾਬਾਦ ਹਵਾਈ ਅੱਡੇ ਤੇ 12 ਘੰਟਿਆਂ ਲਈ ਰੋਕਿਆ
-
International4 weeks ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
International4 weeks ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
National1 month agoਤਾਇਕਵਾਂਡੋ ਮੁਕਾਬਲਿਆਂ ਵਿੱਚ ਬੱਚਿਆਂ ਨੇ ਦਿਖਾਏ ਜੌਹਰ
-
Punjab1 month agoਪੰਜਾਬ ਪੁਲੀਸ ਵਲੋਂ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਵਿਅਕਤੀ ਕਾਬੂ
-
International2 months ago
ਮੇਲਾ ਪੰਜਾਬਣਾਂ ਦਾ 6 ਸਤੰਬਰ ਨੂੰ
-
National1 month agoਤੇਜ਼ ਰਫ਼ਤਾਰ ਕਾਰ ਡਿਵਾਈਡਰ ਨਾਲ ਟਕਰਾਈ, 3 ਵਿਅਕਤੀਆਂ ਦੀ ਮੌਤ
-
International1 month ago
ਇਰਾਨ ਵੱਲੋਂ ਜਾਰਡਨ ਵਿੱਚ ਅਮਰੀਕੀ ਏਅਰਬੇਸ ਤੇ ਮਿਜ਼ਾਈਲ ਹਮਲਾ, ਕਈ ਲੜਾਕੂ ਜਹਾਜ਼ ਨੁਕਸਾਨੇ
