Connect with us

Chandigarh

ਸਹਿਕਾਰਤਾ ਵਿਭਾਗ ਦੇ ਵੱਖ ਵੱਖ ਅਦਾਰਿਆਂ ਵਿਚਲੇ ਭ੍ਰਿਸ਼ਟਾਚਾਰ ਤੇ ਕਾਬੂ ਕਰੇ ਸਰਕਾਰ : ਬਲਬੀਰ ਸਿੰਘ ਰਾਜੇਵਾਲ

Published

on

 

ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਦੋਸ਼ੀ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ

ਚੰਡੀਗੜ੍ਹ, 20 ਮਈ (ਸ.ਬ.) ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਸz. ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਪੰਜਾਬ ਵਿੱਚ ਇਸ ਵੇਲੇ ਸਹਿਕਾਰਤਾ ਵਿਭਾਗ ਦੇ ਵੱਖ ਵੱਖ ਅਦਾਰਿਆਂ ਦਾ ਜੋ ਬੁਰਾ ਹਾਲ ਹੈ, ਉਸਨੂੰ ਮੁੱਖ ਰੱਖਦਿਆਂ ਕਿਹਾ ਜਾ ਸਕਦਾ ਹੈ ਕਿ ਜੇ ਫੌਰੀ ਕਦਮ ਨਾ ਚੁੱਕੇ ਗਏ ਤਾਂ ਇਹ ਪੰਜਾਬ ਵਿੱਚੋਂ ਇਹ ਬਿਲਕੁੱਲ ਖਤਮ ਹੋ ਜਾਵੇਗੀ। ਉਹਨਾਂ ਮੰਗ ਕੀਤੀ ਹੈ ਕਿ ਸਹਿਕਾਰਤਾ ਵਿਭਾਗ ਦੇ ਵੱਖ ਵੱਖ ਅਦਾਰਿਆਂ ਵਿੱਚ ਵੱਡੇ ਪੱਧਰ ਤੇ ਹੁੰਦੇ ਭ੍ਰਿਸ਼ਟਾਚਾਰ ਤੇ ਕਾਬੂ ਕਰਨ ਲਈ ਤੁਰੰਤ ਕਦਮ ਚੁੱਕੇ ਜਾਣ ਅਤੇ ਇਸ ਸੰਬੰਧੀ ਜਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਸੰਬੰਧੀ ਉਹਨਾਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਲੋੜੀਂਦੀ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਉਹਨਾਂ ਕਿਹਾ ਕਿ ਉਹਨਾਂ ਵਲੋਂ ਬੀਤੀ 30 ਜੁਲਾਈ 2024 ਨੂੰ ਸਹਿਕਾਰਤਾ ਵਿਭਾਗ ਦੇ ਵੱਖ ਵੱਖ ਅਦਾਰਿਆਂ ਵਿੱਚ ਹੋਏ ਵੱਡੇ ਘਪਲਿਆਂ ਦਾ ਜਿਕਰ ਕਰਦਾ ਇੱਕ ਮੈਮੋਰੰਡਮ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਨੂੰ ਦਿੱਤਾ ਗਿਆ ਸੀ ਪਰੰਤੂ ਉਦੋਂ ਵੀ ਸਥਿਤੀ ਇਹੀ ਸੀ ਅਤੇ ਅੱਜ ਵੀ ਸਥਿਤੀ ਉਹੋ ਹੈ।

ਉਹਨਾਂ ਕਿਹਾ ਕਿ ਸਹਿਕਾਰਤਾ ਵਿਭਾਗ ਦੇ ਹਾਊਸਫੈਡ, ਸਪਿੰਨ ਫੈਡ, ਵੀਵਕੋ ਬਿਲਕੁੱਲ ਡੁੱਬ ਚੁੱਕੇ ਹਨ। ਸਹਿਕਾਰੀ ਬੈਂਕ ਦੀਆਂ ਘੱਟੋ ਘੱਟ 68 ਬਰਾਚਾਂ ਘਾਟੇ ਵਿੱਚ ਹਨ, ਲੈਂਡ ਮਾਰਟਗੇਜ ਬੈਂਕ ਜਿਸਦਾ ਕੰਮ ਕਿਸਾਨਾਂ ਨੂੰ ਖੇਤੀ ਲਈ ਕਰਜੇ ਦੇਣਾ ਹੁੰਦਾ ਹੈ, ਉਹੋ ਦੋ ਸਾਲ ਤੋਂ ਵੱਧ ਸਮੇਂ ਤੋਂ ਬੰਦ ਹੈ। ਸ਼ੂਗਰਫੈਡ ਘਾਟੇ ਵਿੱਚ ਹੈ। ਸਾਰੀਆਂ ਖੰਡ ਮਿੱਲਾਂ ਡੁੱਬਣ ਕਿਨਾਰੇ ਹਨ। ਮਾਰਕਫੈਡ ਵੀ ਘਾਟੇ ਵਿੱਚ ਹੈ ਅਤੇ ਇਹ ਕਿਸਾਨਾਂ ਲਈ ਠੀਕ ਤਰ੍ਹਾਂ ਡੀ. ਏ. ਪੀ. ਵਰਗੀਆਂ ਖਾਦਾਂ ਦਾ ਪ੍ਰਬੰਧ ਵੀ ਸਮੇਂ ਸਿਰ ਨਹੀਂ ਕਰ ਸਕਦੀ। ਮਿਲਕਫੈਡ ਵੀ ਡੁੱਬ ਚੁੱਕੀ ਹੈ। ਪੰਜਾਬ ਦੇ 12 ਵਿੱਚੋਂ 10 ਮਿਲਕ ਪਲਾਂਟ ਬੁਰੀ ਤਰ੍ਹਾਂ ਘਾਟੇ ਵਿੱਚ ਹਨ।

ਉਹਨਾਂ ਕਿਹਾ ਕਿ ਤਿੰਨ ਮਾਰਚ ਨੂੰ ਕਿਸਾਨ ਜਥੇਬੰਦੀਆਂ ਨਾਲ ਹੋਈ ਮੀਟਿੰਗ ਵਿੱਚ ਰਜਿਸਟਰਾਰ ਨੂੰ 30 ਜੁਲਾਈ 2024 ਨੂੰ ਦਿੱਤੇ ਮੈਮੋਰੰਡਮ ਦੀ ਕਾਪੀ ਦੇ ਕੇ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਪਰ ਹੋਇਆ ਕੁਝ ਵੀ ਨਹੀਂ। ਮਾਮਲਾ ਉੱਥੇ ਹੀ ਨਹੀਂ ਖੜ੍ਹਾ ਹੈ ਬਲਕਿ ਹੋਰ ਵਿਗੜਦਾ ਜਾ ਰਿਹਾ ਹੈ। ਉਸਤੋਂ ਬਾਅਦ ਦੇ ਕੁਝ ਹੋਰ ਘਪਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਮਿਲਕ ਪਲਾਂਟ ਲੁਧਿਆਣਾ ਵਿੱਚ ਆਡਿਟ ਵਿਭਾਗ ਨੇ ਇੱਕ ਕਰੋੜ ਗਿਆਰਾਂ ਲੱਖ ਦਾ ਘਪਲਾ ਫੜਿਆ। ਇਹ ਮੁੱਦਾ ਉਠਾਉਣ ਉੱਤੇ ਸ੍ਰੀ ਵੀ. ਸੀ. ਗੁਪਤਾ (ਰਿਟਾਇਰਡ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ) ਨੇ ਜਾਂਚ ਅਧਿਕਾਰੀ ਵਜੋਂ ਸ੍ਰੀ ਸੁਰਜੀਤ ਸਿੰਘ ਜਨਰਲ ਮੈਨੇਜਰ ਨੂੰ ਦੋਸ਼ੀ ਠਹਿਰਾ ਕੇ ਇੱਕ ਕਰੋੜ ਗਿਆਰਾਂ ਲੱਖ ਦੀ ਵਸੂਲੀ ਦੀ ਰਿਪੋਰਟ ਦਿੱਤੀ। ਇਸ ਅਧਿਕਾਰੀ ਨੂੰ 2024 ਵਿੱਚ ਚਾਰਜਸ਼ੀਟ ਵੀ ਕਰ ਦਿੱਤਾ ਗਿਆ, ਪਰ ਉਸ ਉੱਤੇ ਇੱਕ ਸਾਲ ਤੋਂ ਵੱਧ ਬੀਤ ਜਾਣ ਉੱਤੇ ਵੀ ਕੋਈ ਕਾਰਵਾਈ ਨਹੀਂ ਹੋਈ।

ਉਨ੍ਹਾਂ ਕਿਹਾ ਕਿ ਸਹਿਕਾਰੀ ਮਿਲਕ ਪਲਾਟਾਂ ਵਿੱਚ ਇੱਕ ਅਜੀਬ ਪ੍ਰਥਾ ਚੱਲ ਰਹੀ ਹੈ। ਮਿਲਕ ਪਲਾਂਟ ਦਾ ਜਨਰਲ ਮੈਨੇਜਰ ਇੱਕ ਗੈਰਕਾਨੂੰਨੀ ਗਿੱਦੜ ਪਰਚੀ ਲਿਖ ਕੇ ਸਟੋਰ/ਮਿਲਕ ਬਾਰ ਦੀ ਜਿੰਮੇਵਾਰੀ ਨਿਭਾਉਣ ਵਾਲੇ ਛੋਟੇ ਕਰਮਚਾਰੀ ਨੂੰ ਹੁਕਮ ਕਰ ਦਿੰਦਾ ਹੈ ਕਿ ਇੰਨੇ ਟੀਨ ਦੇਸੀ ਘਿਓ ਜਾਂ ਹੋਰ ਦੁੱਧ ਪਦਾਰਥ ਵਗਾਰ ਵਜੋਂ ਕਿਸੇ ਅਧਿਕਾਰੀ ਜਾਂ ਵੱਡੇ ਆਗੂ ਦੇ ਘਰ ਭੇਜ ਦਿਉ। ਰਿਕਾਰਡ ਕੋਈ ਨਹੀਂ। ਇਹ ਹਰ ਪਲਾਂਟ ਵਿੱਚ ਚੱਲਦਾ ਹੈ। ਸਿੱਟੇ ਵਜੋਂ ਲੁਧਿਆਣਾ ਮਿਲਕ ਪਲਾਂਟ ਵਿੱਚ 45 ਲੱਖ, ਮੁਹਾਲੀ ਵਿੱਚ 10 ਲੱਖ, ਪਟਿਆਲਾ ਵਿੱਚ 30 ਕੁ ਲੱਖ ਦਾ ਸਟਾਕ ਘੱਟ ਹੈ, ਜੋ ਵਗਾਰ ਵਿੱਚ ਚਲਾ ਗਿਆ। ਰਿਕਾਰਡ ਅਨੁਸਾਰ ਜਿੰਮੇਵਾਰੀ ਸਟੋਰ /ਮਿਲਕ ਬਾਰ ਦੇ ਇੰਚਾਰਜ ਦੀ ਹੈ, ਪਰ ਹੁਕਮ ਜੀ. ਐਮ. ਸਾਹਿਬ ਦਾ। ਇਹ ਹਰ ਮਿਲਕ ਪਲਾਂਟ ਵਿੱਚ ਚੱਲਦਾ ਹੈ।

ਉਹਨਾਂ ਕਿਹਾ ਕਿ ਲੁਧਿਆਣਾ ਮਿਲਕ ਪਲਾਂਟ ਵਿੱਚ ਦੁੱਧ ਦੀ ਮਾਤਰਾ, ਇਸ ਵਿਚਲੀ ਫੈਟ ਅਤੇ ਐਸ. ਐਨ. ਐਫ. ਵਿੱਚ ਸਾਲ 2023- 24 ਅਤੇ 2024-25 ਵਿੱਚ 66 ਲੱਖ ਰੁਪਏ ਦਾ ਘਪਲਾ ਕੀਤਾ ਗਿਆ। ਮੁਹਾਲੀ ਮਿਲਕ ਪਲਾਂਟ ਵਿੱਚ ਸੈਪ ਸਾਫਟ ਵੇਅਰ ਗਾਇਬ ਕਰਕੇ 10 ਤੋਂ 12 ਕਰੋੜ ਰੁਪਏ ਦਾ ਘਪਲਾ ਵੀ ਲਟਕ ਰਿਹਾ ਹੈ। ਮੁਹਾਲੀ ਪਲਾਂਟ ਦੀਆਂ 83 ਹਜਾਰ ਟਰੇਆਂ ਗਾਇਬ ਹੋਣ ਨਾਲ ਇੱਕ ਕਰੋੜ 68 ਲੱਖ ਰੁਪਏ ਦਾ ਨੁਕਸਾਨ ਹੋਇਆ ਅਤੇ ਇਨ੍ਹਾਂ ਵਿੱਚ 5 ਕਰੋੜ ਦਾ ਦੁੱਧ ਵੀ ਗਾਇਬ ਹੋਇਆ। ਮਿਲਕ ਪਲਾਂਟ ਲੁਧਿਆਣਾ ਦੇ 74 ਲੱਖ ਦੇ ਵਾਈਟ ਵਟਰ ਦੇ ਸਟਾਕ ਦਾ ਗਾਇਬ ਹੋਣਾ ਵੀ ਕਿਸੇ ਜਾਂਚ ਅਧੀਨ ਨਹੀਂ।

ਉਹਨਾਂ ਕਿਹਾ ਕਿ ਜੇ ਵਿਭਾਗ ਅਤੇ ਸਰਕਾਰ ਨੇ ਇਸੇ ਤਰ੍ਹਾਂ ਚੁੱਪੀ ਵੱਟ ਕੇ ਘਪਲਿਆਂ ਉੱਤੇ ਪਰਦਾ ਪਾਈ ਰੱਖਣਾ ਹੈ ਤਾਂ ਸਹਿਕਾਰਤਾ ਲਹਿਰ ਦਾ ਪੰਜਾਬ ਵਿੱਚ ਭੋਗ ਪੈਣ ਵਿੱਚ ਬਹੁਤੀ ਦੇਰ ਨਹੀਂ ਲੱਗਣੀ। ਮੁੱਖ ਮਤਰੀ ਨੂੰ ਲਿਖੇ ਪੱਤਰ ਵਿੱਚ ਉਹਨਾਂ ਕਿਹਾ ਹੈ ਕਿ ਤੁਸੀਂ ਵੀ ਪੰਜਾਬ ਦੇ ਕਸਟੋਡੀਅਨ ਹੋ, ਤੁਹਾਡੀ ਪਾਰਟੀ ਦਾ ਹਮੇਸ਼ਾ ਕੱਟੜ ਇਮਾਨਦਾਰ ਹੋਣ ਦਾ ਦਾਅਵਾ ਰਿਹਾ ਹੈ। ਉਹਨਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਨਿੱਜੀ ਦਿਲਚਸਪੀ ਲੈ ਕੇ ਦੋਸ਼ੀਆਂ ਨੂੰ ਕਟਿਹਿਰੇ ਵਿੱਚ ਖੜ੍ਹਾ ਕੀਤਾ ਜਾਵੇ ਅਤੇ ਸਹਿਕਾਰੀ ਲਹਿਰ ਨੂੰ ਬਚਾ ਕੇ ਲੀਹ ਉੱਤੇ ਪਾਉਣ ਲਈ ਠੋਸ ਕਦਮ ਚੁੱਕੋ ਜਾਣ।

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਨਰਲ ਸਕੱਤਰ ਪ੍ਰਵਿੰਦਰ ਸਿੰਘ ਚਾਲਾਕੀ, ਸਕੱਤਰ ਪਰਮਦੀਪ ਸਿੰਘ ਬੈਦਵਾਣ, ਮੁਹਾਲੀ ਦੇ ਜਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਓ, ਗੁਰਵਿੰਦਰ ਸਿੰਘ ਈਸੜੂ, ਬਲਦੀਪ ਸਿੰਘ ਸੰਗਤਪੁਰਾ ਬਲਦੇਵ ਸਿੰਘ ਚਕਲ, ਰਾਜਵਿੰਦਰ ਸਿੰਘ ਦੇਸੂਮਾਜਰਾ ਵੀ ਹਾਜ਼ਰ ਸਨ।

 

Continue Reading

Chandigarh

ਈ ਡੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਅਮਰਦੀਪ ਸਿੰਘ ਗਰੇਵਾਲ ਨੂੰ ਹਿਰਾਸਤ ਵਿੱਚ ਲਿਆ

Published

on

By

ਪੰਜ ਕਰੋੜ ਰੁਪਏ ਦੇ ਕਥਿਤ ਰਿਸ਼ਵਤ ਮਾਮਲੇ ਵਿੱਚ ਹੋਈ ਕਾਰਵਾਈ

ਚੰਡੀਗੜ੍ਹ, 17 ਅਕਤੂਬਰ (ਸ.ਬ.) ਪੰਜਾਬ ਵਿੱਚ ਤਬਾਦਲਿਆਂ ਨਾਲ ਸਬੰਧਤ 5 ਕਰੋੜ ਰੁਪਏ ਦੀ ਕਥਿਤ ਰਿਸ਼ਵਤ ਦੇ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਅਮਰਦੀਪ ਸਿੰਘ ਗਰੇਵਾਲ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਅਮਰਦੀਪ ਗਰੇਵਾਲ ਨੂੰ ਕੈਨੇਡਾ ਤੋਂ ਭਾਰਤ ਪਰਤਣ ਮਗਰੋਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ। ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਰੀਬੀ ਦੱਸਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਅਮਰਦੀਪ ਸਿੰਘ ਗਰੇਵਾਲ ਪੰਜਾਬੀ ਫ਼ਿਲਮ ਜਗਤ ਦੀ ਇੱਕ ਜਾਣੀ-ਪਛਾਣੀ ਹਸਤੀ ਹੈ ਅਤੇ ਉਹ ‘ਮੈਸਰਜ਼ ਈਸਟ ਸਨਸ਼ਾਈਨ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ’ ਨਾਲ ਜੁੜਿਆ ਹੋਇਆ ਹੈ। ਅਮਰਦੀਪ ਸਿੰਘ ਗਰੇਵਾਲ ਦੇ ਵਿਦੇਸ਼ਾਂ ਵਿੱਚ ਫ਼ਿਲਮ ਨਿਰਮਾਣ ਅਤੇ ਰਿਲੀਜ਼ ਨਾਲ ਸਬੰਧਿਤ ਕਾਰੋਬਾਰੀ ਸੰਪਰਕ ਹਨ ਅਤੇ ਉਹ ਕਈ ਪੰਜਾਬੀ ਫ਼ਿਲਮਾਂ ਨਾਲ ਜੁੜੇ ਰਹੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਮਾਮਲੇ ਵਿੱਚ ਗਰੇਵਾਲ ਨੂੰ ਤਲਬ ਕੀਤਾ ਗਿਆ ਹੈ, ਉਸ ਵਿੱਚ ਮੁੱਖ ਮੰਤਰੀ ਦੀ ਪਤਨੀ ਦਾ ਨਾਂ ਵੀ ਸਾਹਮਣੇ ਆਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਈ ਡੀ ਨੇ ਗਰੇਵਾਲ ਨੂੰ ਮਾਮਲੇ ਵਿੱਚ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ ਅਤੇ ਉਨ੍ਹਾਂ ਨੂੰ ਜਾਂਚ ਏਜੰਸੀ ਦੇ ਦਫ਼ਤਰ ਲਿਜਾਇਆ ਗਿਆ ਹੈ। ਈ ਡੀ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਅਮਰਦੀਪ ਸਿੰਘ ਗਰੇਵਾਲ ਦੇ ਖਿਲਾਫ ਪਹਿਲਾਂ ਹੀ ਲੁੱਕ-ਆਊਟ ਸਰਕੂਲਰ ਜਾਰੀ ਕੀਤਾ ਹੋਇਆ ਸੀ ਜਿਸ ਕਾਰਨ ਭਾਰਤ ਪਰਤਣ ਸਮੇਂ ਉਨ੍ਹਾਂ ਨੂੰ ਰੋਕਿਆ ਗਿਆ।

ਇਹ ਮਾਮਲਾ ਪੰਜਾਬ ਵਿੱਚ ਤਬਾਦਲਿਆਂ ਨਾਲ ਜੁੜੀ ਕਥਿਤ 5 ਕਰੋੜ ਰੁਪਏ ਦੀ ਰਿਸ਼ਵਤ ਦੇ ਦੋਸ਼ਾਂ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਈਡੀ ਵੱਲੋਂ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਗਰੇਵਾਲ ਨੂੰ ਪਹਿਲਾਂ ਵੀ ਜਾਂਚ ਵਿੱਚ ਸ਼ਾਮਲ ਹੋਣ ਲਈ ਸੰਮਨ ਭੇਜੇ ਜਾਣ ਦੀ ਗੱਲ ਸਾਹਮਣੇ ਆਈ ਸੀ।

Continue Reading

Chandigarh

ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

Published

on

By

ਚੰਡੀਗੜ੍ਹ, 17 ਅਕਤੂਬਰ (ਸ.ਬ.) ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, 37- ਡੀ, ਚੰਡੀਗੜ੍ਹ ਵਿੱਚ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਵਿਦਿਆਰਥੀਆਂ ਨੂੰ ਸਾਈਬਰ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।

ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਇੰਟਰਨੈਟ ਦੀ ਸੁਰੱਖਿਅਤ ਵਰਤੋਂ, ਆਨਲਾਈਨ ਧੋਖਾਧੜੀ ਤੋਂ ਬਚਾਅ ਅਤੇ ਆਪਣੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ ਸਾਈਬਰ ਸੁਰੱਖਿਆ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੂੰ ਮਜ਼ਬੂਤ ਪਾਸਵਰਡ ਬਣਾਉਣ, ਓਟੀਪੀ ਕਿਸੇ ਨਾਲ ਸਾਂਝਾ ਨਾ ਕਰਨ, ਸ਼ੱਕੀ ਲਿੰਕਾਂ ਤੇ ਕਲਿੱਕ ਨਾ ਕਰਨ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਸਾਵਧਾਨੀ ਨਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ, ਸਾਈਬਰ ਧੱਕੇਸ਼ਾਹੀ, ਫਰਜ਼ੀ ਖਾਤਿਆਂ ਅਤੇ ਆਨਲਾਈਨ ਠੱਗੀ ਤੋਂ ਬਚਣ ਦੇ ਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ।

Continue Reading

Chandigarh

ਮੁੱਖ ਮੰਤਰੀ ਦੇ ਓ ਐਸ ਡੀ ਰਾਜਬੀਰ ਘੁੰਮਣ ਸੀ ਬੀ ਆਈ ਅੱਗੇ ਪੇਸ਼

Published

on

By

ਚੰਡੀਗੜ੍ਹ, 16 ਅਕਤੂਬਰ (ਸ.ਬ.) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ ਐਸ ਡੀ ਰਾਜਬੀਰ ਸਿੰਘ ਘੁੰਮਣ ਅੱਜ ਸੀ ਬੀ ਆਈ ਅੱਗੇ ਪੇਸ਼ ਹੋਏ ਹਨ। ਉਹ ਆਪਣੇ ਵਕੀਲ ਜੀ ਪੀ ਐਸ ਘੁੰਮਣ ਨਾਲ ਸੀ ਬੀ ਆਈ ਦਫ਼ਤਰ ਪਹੁੰਚੇ। ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਪੁੱਛਗਿੱਛ ਵਿੱਚ ਸ਼ਾਮਲ ਹੋਣ ਲਈ ਕਿਹਾ ਸੀ।

ਸੀ ਬੀ ਆਈ ਵੱਲੋਂ ਬੀਤੇ ਦਿਨ ਰਾਜਬੀਰ ਘੁੰਮਣ ਨੂੰ ਵਟਸਐਪ ਜ਼ਰੀਏ ਨੋਟਿਸ ਭੇੇਜਿਆ ਸੀ, ਜਿਸਦੀ ਪਾਲਣਾ ਕਰਦੇ ਹੋਏ ਉਹ ਆਪਣੇ ਵਕੀਲਾਂ ਸਣੇ ਅੱਜ ਢਾਈ ਵਜੇ ਪੇਸ਼ ਹੋਏ। ਇਸ ਮੌਕੇ ਉਨ੍ਹਾਂ ਦੇ ਵਕੀਲਾਂ ਨੇ ਕਿਹਾ ਕਿ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅੱਜ ਉਹ ਸੀ ਬੀ ਆਈ ਅੱਗੇ ਪੇਸ਼ ਹੋਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸੀ ਬੀ ਆਈ ਵੱਲੋਂ ਇਸ ਮਾਮਲੇ ਨਾਲ ਸਬੰਧਤ ਜਿਨ੍ਹਾਂ ਹੋਰ ਵਿਅਕਤੀਆਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ, ਉਨ੍ਹਾਂ ਵੱਲੋਂ ਵੀ ਇਸੇ ਤਰ੍ਹਾਂ ਹੁਕਮਾਂ ਦੀ ਪਾਲਣਾ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ ਸੀ ਬੀ ਆਈ ਵੱਲੋਂ ਉਨ੍ਹਾਂ ਨੂੰ ਦੋ ਵਾਰ ਸੰਮਨ ਭੇਜੇ ਗਏ ਸਨ, ਪਰ ਉਹ ਪੇਸ਼ ਨਹੀਂ ਹੋਏ ਸਨ। ਸੁਪਰੀਮ ਕੋਰਟ ਨੇ ਪਹਿਲਾਂ ਹੀ ਓ ਐਸ ਡੀ ਰਾਜਬੀਰ ਸਿੰਘ ਘੁੰਮਣ ਖ਼ਿਲਾਫ਼ ਦਰਜ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸੀ ਬੀ ਆਈ ਨੂੰ ਕੋਈ ਵੀ ਸਖ਼ਤ ਕਾਰਵਾਈ ਕਰਨ ਤੋਂ ਰੋਕ ਦਿੱਤਾ ਹੈ। ਅਦਾਲਤ ਨੇ ਮਾਮਲੇ ਦੀ ਜਾਂਚ ਅਤੇ ਦਰਜ ਐਫ ਆਈ ਆਰ ਤੇ ਰੋਕ ਲਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 5 ਅਕਤੂਬਰ ਨੂੰ ਇਸ ਭ੍ਰਿਸ਼ਟਾਚਾਰ ਮਾਮਲੇ ਦੀ ਸੀ ਬੀ ਆਈ ਜਾਂਚ ਦੇ ਹੁਕਮ ਦਿੱਤੇ ਸਨ ਅਤੇ ਦੋ ਮਹੀਨਿਆਂ ਵਿੱਚ ਰਿਪੋਰਟ ਮੰਗੀ ਸੀ। ਇਸ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਨੇ 6 ਅਕਤੂਬਰ ਨੂੰ ਹੀ ਸੁਪਰੀਮ ਕੋਰਟ ਵਿੱਚ ਸਪੈਸ਼ਲ ਲੀਵ ਪਟੀਸ਼ਨ (ਐਸਐਲਪੀ) ਦਾਇਰ ਕਰ ਦਿੱਤੀ ਸੀ।

ਇੱਥੇ ਜਿਕਰਯੋਗ ਹੈ ਕਿ ਹਾਈ ਕੋਰਟ ਦੇ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਬੈਂਚ ਨੇ 5 ਅਕਤੂਬਰ ਨੂੰ ਜਾਂਚ ਸੀ ਬੀ ਆਈ ਦੇ ਹਵਾਲੇ ਕਰਦਿਆਂ ਪੰਜਾਬ ਪੁਲਿਸ ਨੂੰ ਸੀ ਬੀ ਆਈ ਨਾਲ ਸਹਿਯੋਗ ਕਰਨ ਲਈ ਕਿਹਾ ਸੀ। ਸੀ ਬੀ ਆਈ ਨੇ 5 ਅਕਤੂਬਰ ਦੀ ਰਾਤ ਨੂੰ ਹੀ ਰਾਜਬੀਰ ਘੁੰਮਣ ਸਮੇਤ ਅੱਧੀ ਦਰਜਨ ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਸੀ। ਇਸ ਮਾਮਲੇ ਵਿੱਚ ਤਬਾਦਲਿਆਂ, ਤਾਇਨਾਤੀਆਂ ਅਤੇ ਟੈਂਡਰਾਂ ਵਿੱਚ ਗੜਬੜ ਦੇ ਗੰਭੀਰ ਦੋਸ਼ ਲੱਗੇ ਹਨ।

Continue Reading

Latest News

Trending